ਲੰਡਨ- ਜੀਵਨ ਦੇ ਵੱਖ-ਵੱਖ ਪੜਾਅ ‘ਚ ਦੁੱਧ ਅਤੇ ਡੇਅਰੀ ਉਤਪਾਦਾਂ ਦਾ ਭਰਪੂਰ ਸੇਵਨ ਕਰਨ ਨਾਲ ਕਈ ਪੁਰਾਣੀਆਂ ਅਤੇ ਗੰਭੀਰ ਬੀਮਾਰੀਆਂ ਨੂੰ ਰੋਕਣ ਵਿਚ ਮਦਦ ਮਿਲ ਸਕਦੀ ਹੈ। ਇਕ ਅਧਿਐਨ ਮੁਤਾਬਕ ਇਹ ਜਾਣਕਾਰੀ ਸਾਹਮਣੇ ਆਈ ਹੈ। ਖੋਜਕਰਤਾਵਾਂ ਨੇ ਕਿਹਾ ਕਿ ਗਰਭ ਧਾਰਨ ਦੌਰਾਨ ਦੁੱਧ ਦੇ ਹਲਕੇ ਸੇਵਨ ਅਤੇ ਬੱਚਿਆਂ ਦੇ ਜਨਮ ਵੇਲੇ ਭਾਰ, ਲੰਬਾਈ ਅਤੇ ਹੱਡੀਆਂ ਵਿਚ ਖਣਿਜ ਸਮੱਗਰੀ ਦਰਮਿਆਨ ਇਕ ਹਾਂ-ਪੱਖੀ ਸਬੰਧ ਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਬਜ਼ੁਰਗ ਲੋਕਾਂ ਵਿਚ ਦੁੱਧ ਅਤੇ ਡੇਅਰੀ ਉਤਪਾਦਾਂ ਦੇ ਰੋਜ਼ਾਨਾ ਸੇਵਨ ਨਾਲ ਕਮਜ਼ੋਰੀ ਅਤੇ ਸਰਕੋਪੇਨੀਆ ਦਾ ਖਤਰਾ ਘੱਟ ਹੋ ਸਕਦਾ ਹੈ। ਐਵਸਾਂਸਿਜ਼ ਇਨ ਨਿਊਟ੍ਰੀਸ਼ਨ ਨਾਮਕ ਮੈਗਜ਼ੀਨ ਵਿਚ ਪ੍ਰਕਾਸ਼ਿਤ ਇਹ ਅਧਿਐਨ ਵੱਖ-ਵੱਖ ਸਪੈਨਿਸ਼, ਯੂਰਪੀ ਅਤੇ ਅਮਰੀਕੀ ਯੂਨੀਵਰਸਿਟੀਆਂ ਦੇ ਵਿਗਿਆਨੀਆਂ ਵਲੋਂ ਕੀਤਾ ਗਿਆ ਹੈ।
ਯੂਨੀਵਰਸਿਟੀ ਆਫ ਗ੍ਰੇਨਾਡਾ (ਯੂ.ਜੀ.ਆਰ.) ਦੇ ਪ੍ਰੋਫੈਸਰ ਏਂਜਲ ਗਿੱਲ ਅਤੇ ਕੰਪਲੂਟੈਂਸ ਯੂਨੀਵਰਸਿਟੀ ਆਫ ਮੈਡ੍ਰਿਡ ਦੇ ਰੋਜ਼ਾ ਐਮ ਓਰਟੇਗਾ ਨੇ ਇਸ ਦਾ ਤਾਲਮੇਲ ਕੀਤਾ ਹੈ। ਇਸ ਅਧਿਐਨ ਵਿਚ ਲੋਕਾਂ ਦੀ ਸਿਹਤ ਅਤੇ ਪੁਰਾਣੀ ਤੇ ਗੰਭੀਰ ਬੀਮਾਰੀਆਂ (ਦਿਲ ਸਬੰਧੀ ਬੀਮਾਰੀ, ਕੈਂਸਰ, ਸ਼ੂਗਰ ਆਦਿ) ਦੀ ਰੋਕਥਾਮ ਵਿਚ ਡੇਅਰੀ ਉਤਪਾਦਾਂ ਦੇ ਯੋਗਦਾਨ ‘ਤੇ ਪੂਰੇ ਵਿਸ਼ਵ ਦੀ ਵਿਗਿਆਨਕ ਖੋਜ ਸਮੱਗਰੀ ਦੀ ਸਮੀਖਿਆ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਦੁੱਧ ਅਤੇ ਡੇਅਰੀ ਉਤਪਾਦਾਂ ਵਿਚ ਕਈ ਪੋਸ਼ਕ ਤੱਤ ਹੁੰਦੇ ਹਨ ਅਤੇ ਪੋਸ਼ਣ ਲਈ ਜ਼ਰੂਰੀ ਪ੍ਰੋਟੀਨ, ਕੈਲਸ਼ੀਅਮ, ਮੈਗਨੀਸ਼ੀਅਮ, ਫਾਸਫੋਰਸ, ਪੋਟੇਸ਼ੀਅਮ, ਜ਼ਿੰਕ, ਸੇਲੇਨੀਅਮ, ਵਿਟਾਮਿਨ ਏ, ਰਾਈਬੋਫਲੇਵਿਨ, ਵਿਟਾਮਿਨ ਬੀ12 ਅਤੇ ਪੈਂਟੋਥੇਨਿਕ ਐਸਿਡ ਦੀ ਕਮੀ ਨੂੰ ਪੂਰਾ ਕਰਨ ਵਿਚ ਮਦਦ ਕਰਦਾ ਹੈ।