ਗੁਰੂਹਰਸਹਾਏ / ਫਿਰੋਜ਼ਪੁਰ 5 ਅਪਰੈਲ ; ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫਰੀਦਕੋਟ ਵਿਖੇ ਇਲਾਜ ਅਧੀਨ ਮਰ ਗਈ ਪਿੰਡ ਜੁਆਏ ਸਿੰਘ ਵਾਲਾ ਦੀ 14 ਸਾਲਾ ਲੜਕੀ ਦਾ ਅੰਤਿਮ ਸਸਕਾਰ ਸਿਹਤ ਵਿਭਾਗ ਦੀ ਟੀਮ ਵੱਲੋਂ ਪੁਲਿਸ ਦੀ ਮੌਜੂਦਗੀ ਵਿੱਚ ਕਰਵਾਇਆ ਗਿਆ ।
ਸਿਹਤ ਵਿਭਾਗ ਦੇ ਅਧਿਕਾਰੀਆਂ ਦਾ ਇਸ ਸਬੰਧੀ ਕਹਿਣਾ ਹੈ ਕਿ ਚਾਹੇ ਇਸ ਮਰੀਜ਼ ਵਿੱਚ ਕਰੋਨਾ ਵਾਇਰਸ ਵਾਲੀਆਂ ਨਿਸ਼ਾਨੀਆਂ ਨਹੀਂ ਸਨ ਫਿਰ ਵੀ ਉਸ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਗਏ ਹਨ ।
ਜੁਆਏ ਸਿੰਘ ਵਾਲਾ ਵਾਸੀ ਪ੍ਰਵੀਨ ਰਾਣੀ ਪੁੱਤਰੀ ਦਲੀਪ ਸਿੰਘ ਉਮਰ ਕਰੀਬ 14 ਸਾਲ ਨੂੰ ਬੁਖਾਰ ਅਤੇ ਉਲਟੀਆਂ ਦੀ ਸ਼ਿਕਾਇਤ ਹੋਣ ਤੇ ਆਸਥਾ ਹਸਪਤਾਲ ਗੁਰੂ ਹਰਸਹਾਏ ਵਿਖੇ ਦਾਖਲ ਕਰਵਾਇਆ ਗਿਆ ਸੀ ।
ਦੋ ਦਿਨ ਦੇ ਇਲਾਜ ਮਗਰੋਂ ਡਾਕਟਰਾਂ ਵੱਲੋਂ ਉਸ ਨੂੰ ਅੱਗੇ ਲੈ ਕੇ ਜਾਣ ਲਈ ਕਿਹਾ ਤਾਂ ਮਰੀਜ਼ ਨੂੰ ਸਿਵਲ ਹਸਪਤਾਲ ਗੁਰੂ ਹਰਸਹਾਏ ਵਿਖੇ ਲਿਆਂਦਾ ਗਿਆ ।
ਇੱਥੋਂ ਮਰੀਜ਼ ਨੂੰ ਮੈਡੀਕਲ ਕਾਲਜ ਫ਼ਰੀਦਕੋਟ ਲਈ ਰੈਫ਼ਰ ਕੀਤਾ ਗਿਆ ਪਰ ਉਹ ਇਲਾਜ ਲਈ ਅਨਿਲ ਬਾਗੀ ਹਸਪਤਾਲ ਫਿਰੋਜ਼ਪੁਰ ਵਿਖੇ ਪੁੱਜੇ ।
ਇਥੇ ਪ੍ਰਵੀਨ ਰਾਣੀ ਦਾ ਐਚ ਬੀ ਘੱਟ ਹੋਣ ਅਤੇ ਸਾਹ ਦੀ ਤਕਲੀਫ ਹੋਣ ਤੇ ਪਰਵੀਨ ਰਾਣੀ ਦੇ ਸੈਂਪਲ ਲੈਣ ਤੋਂ ਬਾਅਦ ਉਸ ਨੂੰ ਸਿਵਲ ਹਸਪਤਾਲ ਫਿਰੋਜ਼ਪੁਰ ਭੇਜਿਆ ਗਿਆ ।
ਫਿਰੋਜ਼ਪੁਰ ਤੋਂ ਇਸ ਮਰੀਜ਼ ਨੂੰ ਮੈਡੀਕਲ ਕਾਲਜ ਅਤੇ ਹਸਪਤਾਲ ਫ਼ਰੀਦਕੋਟ ਰੈਫ਼ਰ ਕੀਤਾ ਗਿਆ ।
ਇਸ ਜਗ੍ਹਾਂ ਇਲਾਜ਼ ਦੌਰਾਨ ਹੀ ਪ੍ਰਵੀਨ ਰਾਣੀ ਦੀ ਮੌਤ ਹੋ ਗਈ ।
ਇਸ ਸਬੰਧੀ ਐੱਸ ਐੱਮ ਓ ਗੁਰੂਹਰਸਹਾਏ ਡਾਕਟਰ ਬਲਵੀਰ ਚੰਦ ਦਾ ਕਹਿਣਾ ਹੈ ਕਿ ਮਰੀਜ਼ ਦੀ ਕਰੋਨਾ ਵਾਇਰਸ ਕਾਰਨ ਮੌਤ ਹੋਣ ਦੀ ਸੰਭਾਵਨਾ ਘੱਟ ਹੈ ।
ਟਾਇਫਾਇਡ ਅਤੇ ਕਰੋਨਿਕ ਫੀਵਰ ਹੋਣ ਕਾਰਨ ਮਰੀਜ਼ ਦੇ ਖੂਨ ਦਾ ਐੱਚ ਬੀ ਘੱਟ ਜਾਣਾ ਅਤੇ ਛਾਤੀ ਜਾਮ ਹੋਣ ਤੇ ਸਾਹ ਦੀ ਤਕਲੀਫ਼ ਹੋ ਜਾਂਦੀ ਹੈ ।
ਫਿਰ ਵੀ ਇਸ ਮਰੀਜ਼ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਗਏ ਹਨ ।
ਅੰਤਿਮ ਸੰਸਕਾਰ ਮੌਕੇ ਸਿਹਤ ਵਿਭਾਗ ਦੀ ਤਰਫ਼ੋਂ
ਪ੍ਰੀਤਮ ਸਿੰਘ ਸੈਨੇਟਰੀ ਇੰਸਪੈਕਟਰ, ਇੰਦਰਜੀਤ ਥਿੰਦ , ਵਰਿੰਦਰ ਸਿੰਘ ਸੀ ਐੱਚ ਓ ਮੌਜੂਦ ਰਹੇ ਜਦਕਿ ਰਿਸ਼ਤੇਦਾਰਾਂ ਵਿੱਚ ਸਿਰਫ਼ ਘਰ ਦੇ ਚਾਰ ਮੈਂਬਰ ਅਤੇ ਪਿੰਡ ਦਾ ਸਰਪੰਚ ਸ਼ਮਸ਼ਾਨ ਘਾਟ ਤੱਕ ਪੁੱਜੇ । ਜਿਨ੍ਹਾਂ ਵਿੱਚ ਮ੍ਰਿਤਕ ਦੀ ਮਾਂ , ਬਾਪ , ਚਾਚਾ , ਚਾਚੀ ਅਤੇ ਪਿੰਡ ਦੇ ਸਰਪੰਚ ਮਹਿੰਦਰ ਕੌਰ ਦਾ ਪਤੀ ਹੀ ਸਨ ।
ਸਿਹਤ ਵਿਭਾਗ ਅਤੇ ਪੰਜਾਬ ਪੁਲਿਸ ਵੱਲੋਂ ਮਰੀਜ਼ ਦੇ ਨਾਲ ਰਹੇ ਰਿਸ਼ਤੇਦਾਰਾਂ ਨੂੰ ਤਦ ਤੱਕ ਅਲੱਗ ਰਹਿਣ ਲਈ ਕਿਹਾ ਗਿਆ ਹੈ ਜਦ ਤੱਕ ਭੇਜੇ ਗਏ ਸੈਂਪਲਾਂ ਦੀ ਰਿਪੋਰਟ ਨਹੀਂ ਆ ਜਾਂਦੀ ।
ਪਿੰਡ ਦੇ ਗੁਰਦੁਆਰਾ ਸਾਹਿਬ ਦੇ ਸਪੀਕਰ ਤੋਂ ਅਨਾਊਂਸਮੈਂਟ ਕਰਕੇ ਪਿੰਡ ਵਾਸੀਆਂ ਨੂੰ ਵੀ ਬਾਹਰ ਨਾ ਨਿਕਲਣ ਅਤੇ ਬਾਹਰੋਂ ਕਿਸੇ ਵੀ ਵਿਅਕਤੀ ਨੂੰ ਪਿੰਡ ਅੰਦਰ ਨਾ ਆਉਣ ਲਈ ਕਿਹਾ ਗਿਆ ਹੈ ।