ਅੱਜ ਬਠਿੰਡੇ ਜ਼ਿਲ੍ਹੇ ਦੇ ਪਿੰਡ ਸੇਖੂ ‘ਚ ਕਬੂਤਰਬਾਜ਼ੀ ਦਾ ਮੁਕਾਬਲਾ ਹੋਰਨਾਂ ਕਈਆਂ ਕਾਰਨਾਂ ਤੋਂ ਇਲਾਵਾ ਇਸ ਪੋਸਟਰ ਦੀ ਦੂਜੀ ਸ਼ਰਤ ਕਰਕੇ ਨਿਵੇਕਲਾ ਹੈ । ਸ਼ਰਤ ਮੁਤਾਬਕ ਕੋਈ ਵੀ ਕਬੂਤਰਬਾਜ਼ ਕੈਪਰੀ (ਅੰਗਰੇਜ਼ੀ ਕੱਛਾ) ਪਾ ਕੇ ਕਬੂਤਰ ਨਹੀਂ ਉਡਾ ਸਕਦਾ । ਨਸ਼ੇ ਤੋਂ ਪਹਿਲਾਂ ਕੈਪਰੀ ਦੀ ਪਾਬੰਧੀ ਦੀ ਤਕੀਦ ਕੀਤੀ ਗਈ ਏ ।
ਇਸ ਸਬੰਧੀ ਜਦੋਂ ਮੁਕਾਬਲੇ ਦੇ ਕਰਤਾ ਧਰਤਾ ਬਾਈ ਅਰਸ਼ ਨਾਲ ਗੱਲ ਕੀਤੀ ਗਈ ਤਾਂ ਉਹਨੇ ਕਿਹਾ , ” ਬਾਈ ਲੋਕ ਗੰਦੀਆਂ ਜਿਹਿਆਂ ਨੀਕਰਾਂ ਪਾ ਕੇ ਆ ਜਾਂਦੇ ਆ, ਪਿੰਡ ਦੇ ਬੰਦੇ ਇਤਰਾਜ਼ ਕਰਦੇ ਨੇ। ਕਈ ਤਾਂ ਨੰਗੇ ਹੋਈ ਜਾਂਦੇ ਹੁੰਦੇ ਆ, ਉਹ ਤਾਂ ਸ਼ਰਮ ਨਹੀਂ ਮੰਨਦੇ । ਬੇਸ਼ਰਮੀ ਅੱਜਕੱਲ ਫੈਸ਼ਨ ਬਣ ਚੁੱਕੀ ਆ । ਇਸ ਲਈ ਪਾਬੰਦੀ ਲਾਉਣੀ ਪਈ ।”
ਕੈਪਰੀ ਸਬੰਧੀ ਕੁਝ ਇਕ ਗੁਰਦੁਆਰਿਆਂ ਨੇ ਵੀ ਅਜਿਹੇ ਫ਼ੈਸਲੇ ਲਏ ਸਨ ਪਰ ਅਧੁਨਿਕਤਾ ਪ੍ਰੇਮੀ ਕੈਪਰੀ ਦਾ ਮੁਕਾਬਲਾ ਕਛਹਿਰੇ ਨਾਲ ਕਰਨ ਲਗ ਜਾਂਦੇ ਹਨ । ਇਸ ਸਬੰਧੀ ਜਦੋਂ ਨਿਹੰਗ ਅਰਵਿੰਦਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਕਛਹਿਰਾ ਮਹਾਰਾਜ ਦੀ ਬਖਸ਼ਿਸ਼, ਸਾਡੀ ਰਵਾਇਤੀ ਤੇ ਜੰਗੀ ਪੋਸ਼ਾਕ ਹੈ ਜੋ ਕਿ ਜਤ ਸਤ ਦਾ ਪ੍ਰਤੀਕ ਹੈ । ਕਸ਼ਿਹਰੇ ਦੇ ਪੌਚੇ ਨੂੰ ਲੱਗੀ ਫੱਟੀ ਨੰਗੇਜ ਢੱਕਦੀ ਹੈ । ਜਦੋਂ ਕਿ ਕੈਪਰੀ ਦਾ ਪੌਚੇ ਥੱਲਿਉ ਖੁੱਲੇ ਹੁੰਦੇ ਨੇ ਤੇ ਲਾਸ਼ਟਕ ਢਿੱਲੀ ਹੋਣ ਤੇ ਨਿਕਰ ਡਿਗਦੀ ਰਹਿੰਦੀ ਹੈ ।
ਦੂਜੇ ਪਾਸੇ ਕੈਪਰੀ ਦੇ ਹੱਕ ‘ਚ ਦਲੀਲ ਦੇਣ ਵਾਲੇ ਇਸ ਹਰਕਤ ਤੋਂ ਨਰਾਜ਼ ਨੇ ਤੇ ਕੈਪਰੀ ਨੂੰ ਬਿਨਾ ਵਜਾ ਨਿਸ਼ਾਨਾ ਬਣਾਉਣ ਦੀ ਗੱਲ ਕਰ ਰਹੇ ਹਨ।
ਇਸ ਕਬੂਤਰਬਾਜ਼ੀ ਮੁਕਾਬਲੇ ਵਿੱਚ ਪੰਜਾਹ ਕਬੂਤਰ ਉਡਾਏ ਗਏ । ਬਾਈ ਅਰਸ਼ ਨੇ ਪਹੁੰਚੇ ਕਬੂਤਰਬਾਜਾਂ ਦਾ ਧੰਨਵਾਦ ਕੀਤਾ ।