ਪੁਣੇ- ਭਾਰਤ ਦੇ 5 ਵਾਰ ਦੇ ਵਿਸ਼ਵ ਸ਼ਤਰੰਜ ਚੈਂਪੀਅਨ ਵਿਸ਼ਵਨਾਥਨ ਆਨੰਦ ਨੇ ਸਾਬਕਾ ਵਿਸ਼ਵ ਚੈਂਪੀਅਨ ਅਤੇ ਉਸ ਦੇ ਚੰਗੇ ਦੋਸਤ ਵਲਾਦੀਮੀਰ ਕ੍ਰਾਮਨਿਕ ਦੇ ਸੰਨਿਆਸ ‘ਤੇ ਬੋਲਦੇ ਹੋਏ ਕਿਹਾ ਕਿ ਉਸ ਦੇ ਸੰਨਿਆਸ ਲੈਣ ਦੇ ਫੈਸਲੇ ਤੋਂ ਮੈਂ ਹੈਰਾਨ ਹੋ ਗਿਆ ਸੀ ਕਿਉਂਕਿ ਮੈਨੂੰ ਇਸ ਦੀ ਉਮੀਦ ਨਹੀਂ ਸੀ।
ਉਸ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਇਕ ਦਿਨ ਤੁਸੀਂ ਸੌਂ ਕੇ Àੁੱਠੋਗੇ ਅਤੇ ਤੁਹਾਨੂੰ ਪਤਾ ਹੋਵੇਗਾ ਕਿ ਚੀਜ਼ਾਂ ਹੁਣ ਓਨੀਆਂ ਆਸਾਨ ਨਹੀਂ ਰਹੀਆਂ ਅਤੇ ਇਹ ਇਕ ਇਸ਼ਾਰਾ ਹੋਵੇਗਾ। ਜਿਥੋਂ ਤਕ ਮੇਰੇ ਖੇਡਣ ਦਾ ਸਵਾਲ ਹੈ, ਮੈਂ ਹੁਣ ਇਸ ਸਾਲ ਖੇਡਣ ਲਈ ਉਤਸੁਕ ਹਾਂ ਅਤੇ ਕਦੇ 5 ਜਾਂ 10 ਸਾਲਾਂ ਬਾਰੇ ਯੋਜਨਾ ਨਹੀਂ ਬਣਾਉਂਦਾ। ਆਨੰਦ ਪੁਣੇ ਦੇ ਜਿਮਖਾਨਾ ‘ਚ 3 ਦਿਨਾ ਸ਼ਤਰੰਜ ਟ੍ਰੇਨਿੰਗ ਕੈਂਪ ‘ਚ ਚੈੱਸਬੇਸ ਇੰਡੀਆ ਦੇ ਸਵਾਲਾਂ ਦੇ ਜਵਾਬ ਦੇ ਰਿਹਾ ਸੀ। ਇਸ ਤੋਂ ਪਹਿਲਾਂ ਉਥੇ ਆਨੰਦ ਨੇ ਬੱਚਿਆਂ ਨਾਲ ਸਮਾਂ ਬਿਤਾਇਆ ਅਤੇ ਉਨ੍ਹਾਂ ਨੂੰ ਸ਼ਤਰੰਜ ਦੇ ਗੁਰ ਵੀ ਸਿਖਾਏ। ਆਨੰਦ ਨੇ ਮਹਾਰਾਸ਼ਟਰ ਦੇ ਕਈ ਨਾਮਵਰ ਸ਼ਤਰੰਜ ਖਿਡਾਰੀਆਂ, ਜਿਵੇਂ ਵਿਦਿਤ ਗੁਜਰਾਤੀ, ਅਭਿਜੀਤ ਕੁੰਟੇ, ਅਭਿਮੰਨਿਊ ਪੌਰਾਣਿਕ ਅਤੇ ਸਾਗਰ ਸ਼ਾਹ ਨੂੰ ਸ਼ਤਰੰਜ ‘ਚ ਉਨ੍ਹਾਂ ਦੇ ਯੋਗਦਾਨ ਲਈ ਸਨਮਾਨਿਤ ਵੀ ਕੀਤਾ।
ਵਿਸ਼ਵ ਟਾਪ-10 ‘ਚ ਸਭ ਤੋਂ ਵੱਧ ਉਮਰ ਵਾਲਾ ਖਿਡਾਰੀ ਹੈ ਆਨੰਦ
ਭਾਰਤ ਦਾ ਆਨੰਦ 49 ਸਾਲ ਦੀ ਉਮਰ ‘ਚ ਵੀ ਆਪਣੇ ਚੰਗੇ ਪ੍ਰਦਰਸ਼ਨ ਨਾਲ ਸਾਰਿਆਂ ਨੂੰ ਲਗਾਤਾਰ ਹੈਰਾਨ ਕਰਦਾ ਹੈ। ਆਨੰਦ ਵਿਸ਼ਵ ਦੇ ਟਾਪ-10 ‘ਚ ਸ਼ਾਮਲ ਸਭ ਤੋਂ ਜ਼ਿਆਦਾ ਉਮਰ ਦਾ ਖਿਡਾਰੀ ਹੈ। ਆਨੰਦ ਫਿਲਹਾਲ ਵਿਸ਼ਵ ਰੈਂਕਿੰਗ ‘ਚ 2779 ਅੰਕਾਂ ਨਾਲ 6ਵੇਂ ਸਥਾਨ ‘ਤੇ ਹੈ, ਜਦਕਿ ਭਾਰਤ ਦਾ 32 ਸਾਲਾ ਹਰਿਕ੍ਰਿਸ਼ਣਾ 26ਵੇਂ ਤੇ 24 ਸਾਲ ਦਾ ਗਿਆਤ 35ਵੇਂ ਸਥਾਨ ‘ਤੇ ਹੈ। ਵਿਸ਼ਵ ਦੇ ਟਾਪ-10 ਖਿਡਾਰੀਆਂ ਦੀ ਗੱਲ ਕਰੀਏ ਤਾਂ ਵਿਸ਼ਵ ਚੈਂਪੀਅਨ ਨਾਰਵੇ ਦਾ ਮੈਗਨਸ ਕਾਰਲਸਨ ਹੁਣ 28 ਸਾਲ ਦਾ ਹੈ, ਜਦਕਿ ਦੂਜੇ ਨੰਬਰ ਦੇ ਫੇਬੀਆਨੋ ਕਾਰੂਆਨਾ ਸਿਰਫ 26 ਸਾਲ ਦਾ ਹੈ ਅਤੇ ਜੇਕਰ ਆਨੰਦ ਨੂੰ ਹਟਾ ਕੇ ਹੋਰ 9 ਖਿਡਾਰੀਆਂ ਦੀ ਔਸਤ ਉਮਰ ਵੇਖੋ ਤਾਂ ਉਹ 28 ਸਾਲ ਹੈ।