ਨਵੀਂ ਦਿੱਲੀ : ਰੇਲ ਮੰਤਰੀ ਪੀਯੂਸ਼ ਗੋਇਲ ਨੇ ਕਈ ਗੈਰ-ਭਾਜਪਾ ਸ਼ਾਸਿਤ ਰਾਜ ਸਰਕਾਰਾਂ ‘ਤੇ ਪਰਵਾਸੀ ਮਜ਼ਦੂਰਾਂ ਦੀ ਵਾਪਸੀ ਲਈ ਸਮਰਥਨ ਨਾ ਮਿਲਣ ਦਾ ਦੋਸ਼ ਲਗਾਇਆ ਹੈ।
ਪੀਯੂਸ਼ ਗੋਇਲ ਨੇ ਕਿਹਾ ਕਿ ਮੈਂ ਦੁਖੀ ਹਾਂ ਕਿ ਪੱਛਮੀ ਬੰਗਾਲ, ਰਾਜਸਥਾਨ, ਛੱਤੀਸਗੜ ਅਤੇ ਝਾਰਖੰਡ ਵਰਗੇ ਬਹੁਤ ਸਾਰੇ ਸੂਬੇ ਆਪਣੇ ਸੂਬਿਆਂ ਚ ਲੋੜੀਂਦੀ ਲੇਬਰ ਸਪੈਸ਼ਲ ਟ੍ਰੇਨਾਂ ਦੀ ਆਗਿਆ ਨਹੀਂ ਦੇ ਰਹੇ ਹਨ।
ਰੇਲਵੇ ਮੰਤਰੀ ਨੇ ਅੱਗੇ ਕਿਹਾ, ਪੱਛਮੀ ਬੰਗਾਲ ਸਰਕਾਰ ਨੇ ਸਿਰਫ 2 ਰੇਲ ਗੱਡੀਆਂ ਦੀ ਆਗਿਆ ਦਿੱਤੀ, ਪਰ ਗ੍ਰਹਿ ਮੰਤਰਾਲੇ ਦੇ ਪੱਤਰ ਲਿਖਣ ਤੋਂ ਬਾਅਦ ਮੁੱਖ ਮੰਤਰੀ ਮਮਤਾ ਬੈਨਰਜੀ ਨੇ 8 ਹੋਰ ਟ੍ਰੇਨਾਂ ਦੀ ਆਗਿਆ ਦੇ ਦਿੱਤੀ ਹੈ। ਹਾਲਾਂਕਿ ਅੱਜ ਦੁਪਹਿਰ ਤੱਕ ਪੱਛਮੀ ਬੰਗਾਲ ਸਰਕਾਰ ਨੇ 8 ਵਿੱਚੋਂ 5 ਗੱਡੀਆਂ ਦੀ ਹੀ ਆਗਿਆ ਦਿੱਤੀ।
ਗੋਇਲ ਨੇ ਕਿਹਾ, “ਇੱਕ ਵਾਰ ਫਿਰ ਮੈਂ ਪੱਛਮੀ ਬੰਗਾਲ ਸਰਕਾਰ ਨੂੰ ਅਪੀਲ ਕਰਦਾ ਹਾਂ ਕਿ 30 ਦਿਨਾਂ ਚ 105 ਰੇਲ ਗੱਡੀਆਂ ਦੀ ਆਗਿਆ ਦੇਣ ਦੀ ਬਜਾਏ ਹਰ ਰੋਜ਼ 105 ਗੱਡੀਆਂ ਦੀ ਆਗਿਆ ਦਿੱਤੀ ਜਾਵੇ। ਅਸੀਂ ਪੱਛਮੀ ਬੰਗਾਲ ਚ ਫਸੇ ਸਾਰੇ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰਾਂ ਤਕ ਪਹੁੰਚਾ ਦੇਵਾਂਗੇ ਜਿੱਥੇ ਉਹ ਜਾਣਾ ਚਾਹੁੰਦੇ ਹਨ।”