ਓਟਾਵਾ – ਕੈਨੇਡਾ ਡੇਅ ਮੌਕੇ ਜਿੱਥੇ ਮੁਲਕ ਵਿਚ ਜਸ਼ਨ ਮਨਾਏ ਜਾ ਰਹੇ ਸਨ। ਉਥੇ ਹੀ ਇਕ ਪ੍ਰੋਗਰਾਮ ਵਿਚ ਸ਼ਿਰਕਤ ਕਰਨ ਪਹੁੰਚੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦੇਸ਼ ਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਕੈਨੇਡਾ ਡੇਅ ਦੀਆਂ ਮੁਬਾਰਕਾਂ ਦਿੱਤੀਆਂ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਇਕ ਮੁਲਕ ਹੋਣ ਨਾਤੇ ਇਹ ਲਾਜ਼ਮੀ ਹੈ ਕਿ ਅਸੀਂ ਆਪਣੀਆਂ ਸਫਲਤਾਵਾਂ ਦੀ ਖੁਸ਼ੀ ਮਨਾਈਏ। ਉਨ੍ਹਾਂ ਕਿਹਾ ਕਿ ਅੱਜ ਅਸੀਂ ਇਥੋਂ ਤੱਕ ਪਹੁੰਚ ਗਏ ਜਿਸ ਦਾ ਸਾਨੂੰ ਮਾਣ ਹੋਣਾ ਚਾਹੀਦਾ ਹੈ। ਪਰ ਸਾਨੂੰ ਇਹ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਕਿ ਕੈਨੇਡਾ ਡੇਅ ਅਚਾਨਕ ਨਹੀਂ ਬਣਿਆ ਅਤੇ ਇਸ ਨੂੰ ਬਿਨਾਂ ਕੋਸ਼ਿਸ਼ਾਂ ਤੇ ਮਿਹਨਤ ਸਦਕਾ ਅੱਗੇ ਜਾਰੀ ਨਹੀਂ ਰੱਖਿਆ ਜਾ ਸਕਦਾ। ਅਸੀਂ ਆਪਣੇ ਮੁਲਕ ਨੂੰ ਹੋਰ ਬਿਹਤਰ ਬਣਾ ਸਕਦੇ ਹਾਂ ਅਤੇ ਬਣਾਉਣਾ ਵੀ ਚਾਹੀਦਾ ਹੈ।
ਅਸੀਂ ਦੇਣਦਾਰ ਹਾਂ ਉਨ੍ਹਾਂ ਮਾਂ-ਪਿਓ ਦਾ, ਜਿਨ੍ਹਾਂ ਦੇ ਬੱਚਿਆਂ ਨੂੰ ਵਧੀਆ ਜ਼ਿੰਦਗੀ ਦੇਣ ਲਈ ਵਾਧੂ ਸ਼ਿਫਟਾਂ ਲਗਾਉਂਦੇ ਹਨ। ਉਸ ਨਵੇਂ ਆਉਣ ਵਾਲੇ ਵਿਅਕਤੀ ਦਾ ਜੋ ਇਥੇ ਆ ਕੇ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਦਾ ਹੈ। ਉਨ੍ਹਾਂ ਅਧਿਆਪਕਾਂ ਦਾ ਜੋ ਬੱਚਿਆਂ ਨੂੰ ਚੰਗੀ ਸਿੱਖਿਆ ਦਿੰਦੇ ਹਨ ਅੱਗੇ ਵੱਧਣ ਦੀ। ਉਨ੍ਹਾਂ ਸਮੂਹਕ ਲੀਡਰਾਂ ਦਾ ਜੋ ਕਿ ਬਦਲਾਅ ਲਿਆਉਣਾ ਚਾਹੁੰਦੇ ਹਨ। ਕੈਨੇਡਾ ਰਹਿੰਦੇ ਹਰ ਇਕ ਵਿਅਕਤੀ ਦਾ ਜੋ ਆਪਣੀ ਮਿਹਨਤ, ਦਿਆਲਤਾ ਅਤੇ ਹਿੰਮਤ ਨਾਲ ਛੋਟੇ-ਵੱਡੇ ਕਾਰਜਾਂ ਨਾਲ ਇਸ ਦੇਸ਼ ਨੂੰ ਹੋਰ ਮਜ਼ਬੂਤ ਬਣਾਉਂਦੇ ਹਨ। ਮੈਨੂੰ ਇਸ ਵਿਚ ਕੋਈ ਸ਼ੱਕ ਨਹੀਂ ਕਿ ਅਸੀਂ ਇਸੇ ਤਰ੍ਹਾਂ ਇਕੱਠੇ ਮਿਲ ਕੇ ਇਸ ਦੇਸ਼ ਨੂੰ ਹੋਰ ਬਿਹਤਰ ਬਣਾਉਂਦੇ ਰਹਾਂਗੇ। ਜਿਸ ਨੂੰ ਅਸੀਂ ਮਾਣ ਨਾਲ ਆਪਣਾ ਘਰ ਕਹਿੰਦੇ ਹਾਂ। ਚਲੋ ਅਸੀਂ ਇਸ ਦਿਨ ਦਾ ਭਰਪੂਰ ਫਾਇਦਾ ਚੁੱਕੀਏ। ਕੈਨੇਡਾ ਦੇ ਨਾਲ-ਨਾਲ ਕੈਨੇਡੀਅਨ ਲੋਕਾਂ ਦਾ ਜਸ਼ਨ ਮਨਾਉਣ ਲਈ ਕਿਉਂਕਿ ਉਹ ਤੁਸੀਂ ਹੀ ਹੋ, ਜੋ ਇਸ ਦੇਸ਼ ਨੂੰ ਇਸ ਦੁਨੀਆ ਦਾ ਸਭ ਤੋਂ ਵਧੀਆ ਦੇਸ਼ ਬਣਾਉਂਦੇ ਹੋ। ਸਾਰਿਆਂ ਨੂੰ ਕੈਨੇਡਾ ਡੇਅ ਦੀਆਂ ਮੁਬਾਰਕਾਂ।