ਮੈਲਬੌਰਨ — ਆਸਟ੍ਰੇ੍ਰਲੀਆ ਦੇ ਸ਼ਹਿਰ ਮੈਲਬੌਰਨ ਵਿਚ ਐਤਵਾਰ ਤੜਕਸਾਰ ਇਕ ਨਾਈਟਕਲੱਬ ਦੇ ਬਾਹਰ ਗੋਲੀਬਾਰੀ ਹੋਈ। ਇਸ ਗੋਲੀਬਾਰੀ ਵਿਚ 37 ਸਾਲਾ ਇਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਕਈ ਲੋਕ ਜ਼ਖਮੀ ਹੋਏ ਹਨ। ਜ਼ਖਮੀਆਂ ਨੂੰ ਨੇੜਲੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਜ਼ਖਮੀਆਂ ਵਿਚੋਂ ਦੋ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਗੋਲੀਬਾਰੀ ਸਵੇਰੇ 3:20 ‘ਤੇ ਹੋਈ।
ਵਿਕਟੋਰੀਆ ਪੁਲਸ ਨੇ ਦੱਸਿਆ ਕਿ ਇਹ ਗੋਲੀਬਾਰੀ ਚੈਪਲ ਸਟ੍ਰੀਟ ਅਤੇ ਲਾਰਵਰਨ ਰੋਡ ‘ਤੇ ਹੋਈ ਹੈ। ਰਿਪੋਰਟ ਮੁਤਾਬਕ ਇਸ ਗੋਲੀਬਾਰੀ ਵਿਚ 3-4 ਲੋਕ ਜ਼ਖਮੀ ਹੋਏ ਹਨ ਜਿਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਜ਼ਖਮੀਆਂ ਦੀ ਉਮਰ 29 ਤੋਂ 50 ਸਾਲ ਦੇ ਵਿਚਕਾਰ ਦੱਸੀ ਜਾ ਰਹੀ ਹੈ, ਚੌਥੇ ਵਿਅਕਤੀ ਦੀ ਉਮਰ ਦਾ ਹਾਲੇ ਪਤਾ ਨਹੀਂ ਚੱਲ ਪਾਇਆ ਹੈ।
ਮੈਲਬੌਰਨ ਪੁਲਸ ਮੁਤਾਬਕ ਇਹ ਘਟਨਾ ਅੱਤਵਾਦੀ ਨਹੀਂ ਹੈ। ਜ਼ਖਮੀਆਂ ਵਿਚ ਇਕ ਗਾਰਡ ਵੀ ਹੈ ਜਿਸੇ ਦੇ ਚਿਹਰੇ ‘ਤੇ ਗੋਲੀ ਲੱਗੀ ਹੈ। ਪੁਲਸ ਘਟਨਾ ਦੀ ਜਾਂਚ ਕਰ ਰਹੀ ਹੈ। ਹਾਲੇ ਤੱਕ ਇਸ ਸਬੰਧ ਵਿਚ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ ਹੈ।