ਮੈਕਸੀਕੋ ਸਿਟੀ— ਬ੍ਰਾਜ਼ੀਲ ਦੇ ਦੱਖਣੀ-ਪੂਰਬੀ ਮਿਨਾਸ ਗੇਰਾਇਸ ਸੂਬੇ ‘ਚ ਖਾਨ ਦਾ ਪੁਲ ਢਹਿ ਜਾਣ ਕਾਰਨ ਹੁਣ ਤਕ 99 ਲੋਕਾਂ ਦੇ ਮਰਨ ਦੀ ਪੁਸ਼ਟੀ ਹੋਈ ਹੈ ਜਦਕਿ 259 ਲੋਕ ਅਜੇ ਵੀ ਲਾਪਤਾ ਹੀ ਹਨ। ਇਸ ਤੋਂ ਪਹਿਲਾਂ ਮ੍ਰਿਤਕਾਂ ਦੀ ਗਿਣਤੀ 84 ਸੀ। ਹੁਣ ਤਕ 57 ਲਾਸ਼ਾਂ ਦੀ ਪਛਾਣ ਹੋ ਚੁੱਕੀ ਹੈ।ਸਥਾਨਕ ਪ੍ਰਸ਼ਾਸਨ ਨੇ ਕਿਹਾ ਕਿ ਉਹ ਅਜੇ ਵੀ ਲਾਪਤਾ ਲੋਕਾਂ ਦੀ ਭਾਲ ਕਰ ਰਹੇ ਹਨ। ਪਥਰਾਈਆਂ ਅੱਖਾਂ ਆਪਣੇ ਰਿਸ਼ਤੇਦਾਰਾਂ ਨੂੰ ਲੱਭ ਰਹੀਆਂ ਹਨ। ਭਾਵੇਂ ਉਮੀਦ ਨਾ ਦੇ ਬਰਾਬਰ ਹੈ ਪਰ ਫਿਰ ਵੀ ਭਾਲ ਜਾਰੀ ਹੈ।
ਜ਼ਿਕਰਯੋਗ ਹੈ ਕਿ 25 ਜਨਵਰੀ ਨੂੰ ਦੇਸ਼ ਦੀ ਸਭ ਤੋਂ ਵੱਡੀ ਖਾਨ ਕੰਪਨੀ ਬ੍ਰਾਜ਼ੀਲੀਅਨ ਮਾਈਨਿੰਗ ਕਾਰਪੋਰੇਸ਼ਨ ਵੇਲੇ ਦਾ ਇਹ ਪੁਲ ਢਹਿ ਗਿਆ ਸੀ। ਇਸ ਦੀ ਲਪੇਟ ‘ਚ ਮਜ਼ਦੂਰ ਅਤੇ ਨੇੜਲੇ ਇਲਾਕੇ ‘ਚ ਰਹਿਣ ਵਾਲੇ ਲੋਕ ਆ ਗਏ। ਜਿਸ ਸਮੇਂ ਇਹ ਹਾਦਸਾ ਵਾਪਰਿਆ, ਉਸ ਸਮੇਂ ਮਜ਼ਦੂਰ ਖਾਣਾ ਖਾ ਰਹੇ ਸਨ। ਲਾਪਤਾ ਲੋਕਾਂ ਦੇ ਰਿਸ਼ਤੇਦਾਰਾਂ ਦੀ ਚਿੰਤਾ ਵਧਦੀ ਜਾ ਰਹੀ ਹੈ ਕਿਉਂਕਿ ਇੰਨੇ ਦਿਨਾਂ ਬਾਅਦ ਕਿਸੇ ਦੇ ਜਿਊਂਦੇ ਬਚਣ ਦੀ ਉਮੀਦ ਨਹੀਂ ਹੈ।