ਮੈਲਬਰਨ: ਭਾਰਤ ਸਣੇ ਵੱਖ-ਵੱਖ ਦੇਸ਼ਾਂ ਤੋਂ ਆਏ ਵਿਦਿਆਰਥੀ ਜਿਨ੍ਹਾਂ ਨੂੰ ਕਰੋਨਾਵਾਇਰਸ ਮਹਾਮਾਰੀ ਕਾਰਨ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਨੂੰ ਆਸਟਰੇਲੀਆ ਸਰਕਾਰ ਨੇ ਰਾਹਤ ਦਿੱਤੀ ਹੈ। ਆਸਟਰੇਲੀਆ ਸਰਕਾਰ ਨੇ ਐਲਾਨ ਕੀਤਾ ਹੈ ਕਿ ਉਹ ਵਿਦੇਸ਼ੀ ਵਿਦਿਆਰਥੀ ਜੋ ਇਸ ਦੇਸ਼ ਵਿੱਚ ਇਕ ਸਾਲ ਤੋਂ ਵੱਧ ਸਮੇਂ ਤੋਂ ਰਹਿ ਰਹੇ ਹਨ, ਵਿੱਤੀ ਸਹਾਇਤਾ ਲੈਣ ਦੇ ਹੱਕਦਾਰ ਹੋਣਗੇ।
ਇਸ ਤੋਂ ਪਹਿਲਾਂ ਆਸਟਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਕਿਹਾ ਸੀ ਕਿ ਵਿਦੇਸ਼ੀ ਵਿਦਿਆਰਥੀ ਕਿਸੇ ਵੀ ਤਰ੍ਹਾਂ ਦੀ ਆਰਥਿਕ ਸਹਾਇਤਾ ਦੇ ਹੱਕਦਾਰ ਨਹੀਂ ਹੋਣਗੇ ਕਿਉਂਕਿ ਉਨ੍ਹਾਂ ਦੀਆਂ ਵੀਜ਼ਾ ਸ਼ਰਤਾਂ ਵਿੱਚ ਇਹ ਦਰਜ ਹੈ ਕਿ ਉਹ ਆਸਟਰੇਲੀਆ ਵਿਚ ਇਕ ਸਾਲ ਤੱਕ ਆਪਣਾ ਖਰਚਾ ਆਪ ਉਠਾਉਣਗੇ।
ਹਾਲਾਂਕਿ, ਐਕਟਿੰਗ ਇਮੀਗਰੇਸ਼ਨ ਮੰਤਰੀ ਐਲਨ ਟਰੁੱਜ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਹੈ ਕਿ ਵਿਦੇਸ਼ੀ ਵਿਦਿਆਰਥੀ ਜੋ ਇਕ ਸਾਲ ਤੋਂ ਵੱਧ ਸਮੇਂ ਤੋਂ ਆਸਟਰੇਲੀਆ ਵਿੱਚ ਰਹਿ ਰਹੇ ਹਨ ਤੇ ਇਸ ਵੇਲੇ ਵਿੱਤੀ ਮੁਸ਼ਕਿਲ ਵਿੱਚ ਹਨ, ਆਸਟਰੇਲੀਆ ਦੀ ਵਿੱਤੀ ਸਹਾਇਤਾ ਲੈਣ ਦੇ ਹੱਕਦਾਰ ਹੋਣਗੇ।
ਉਨ੍ਹਾਂ ਕਿਹਾ ਕਿ ਸਰਕਾਰ ਕੌਮਾਂਤਰੀ ਸਿੱਖਿਆ ਖੇਤਰ ਨਾਲ ਸਬੰਧਤ ਸੰਗਠਨਾਂ ਨਾਲ ਗੱਲ ਕਰੇਗੀ ਜੋ ਪਹਿਲਾਂ ਵੀ ਵਿੱਤੀ ਤੰਗੀ ਦਾ ਸਾਹਮਣਾ ਕਰ ਰਹੇ ਵਿਦੇਸ਼ੀ ਵਿਦਿਆਰਥੀਆਂ ਦੀ ਮਦਦ ਕਰਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਉਦਹਾਰਨ ਵਜੋਂ ਕੁਝ ਅਜਿਹੀਆਂ ਸਿੱਖਿਆ ਸੰਸਥਾਵਾਂ ਹਨ ਜੋ ਵਿਦੇਸ਼ੀ ਵਿਦਿਆਰਥੀਆਂ ਨੂੰ ਫੀਸ ਵਿੱਚ ਛੋਟ ਦੇ ਰਹੀਆਂ ਹਨ।