ਚੰਡੀਗਡ਼੍ਹ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਵਿੱਦਿਅਕ ਅਦਾਰਿਆਂ ਵਿਚ ਪਡ਼੍ਹਨ ਵਾਲੇ ਅੰਮ੍ਰਿਤਧਾਰੀ ਵਿਦਿਆਰਥੀਆਂ ਨੂੰ ਵਜ਼ੀਫ਼ੇ ਦੇਵੇਗੀ। ਇਹ ਫੈਸਲਾ ਅੱਜ ਇਥੇ ਐੱਸ. ਜੀ. ਪੀ. ਸੀ. ਦੀ ਹੋਈ ਅੰਤਰਿੰਗ ਕਮੇਟੀ ਦੀ ਮੀਟਿੰਗ ਵਿਚ ਲਿਆ ਗਿਆ। ਇਸ ਤੋਂ ਇਲਾਵਾ ਮੀਟਿੰਗ ਨੂੰ 30 ਮਾਰਚ ਨੂੰ ਸ਼੍ਰੋਮਣੀ ਕਮੇਟੀ ਦਾ ਬਜਟ ਅਜਲਾਸ ਸੱਦਣ ਦਾ ਵੀ ਫੈਸਲਾ ਲਿਆ ਹੈ, ਜੋ ਕਿ ਸ੍ਰੀ ਅੰਮ੍ਰਿਤਸਰ ਸਥਿਤ ਮੁੱਖ ਦਫ਼ਤਰ ਦੇ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਹੋਵੇਗਾ।
ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨੂੰ ਫੈਸਲਿਆਂ ਦੀ ਜਾਣਕਾਰੀ ਦਿੰਦਿਆਂ ਐੱਸ.ਜੀ.ਪੀ.ਸੀ. ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਦੱਸਿਆ ਕਿ ਵਜ਼ੀਫ਼ੇ ਉਨ੍ਹਾਂ ਵਿਦਿਆਰਥੀਆਂ ਨੂੰ ਦਿੱਤੇ ਜਾਣਗੇ, ਜਿਨ੍ਹਾਂ ਦੇ ਮਾਤਾ-ਪਿਤਾ ਵੀ ਅੰਮ੍ਰਿਤਧਾਰੀ ਹੋਣਗੇ। ਵਜ਼ੀਫਾ ਰਾਸ਼ੀ ਛੇਵੀਂ ਤੋਂ ਦਸਵੀਂ ਤੱਕ 3500 ਰੁਪਏ, 11ਵੀਂ ਤੋਂ 12ਵੀਂ ਤਕ 5000 ਰੁਪਏ, ਗ੍ਰੈਜੂਏਟ ਲਈ 8000 ਰੁਪਏ ਤੇ ਪੋਸਟ- ਗ੍ਰੈਜੂਏਟ ਪੱਧਰ ਲਈ 10000 ਰੁਪਏ ਸਾਲਾਨਾ ਰੱਖੀ ਹੈ। ਇਸ ਤੋਂ ਇਲਾਵਾ ਵੱਖ-ਵੱਖ ਖੇਡਾਂ ’ਚ ਪ੍ਰਾਪਤੀ ਕਰਨ ਵਾਲੇ ਗੁਰਸਿੱਖ ਖਿਡਾਰੀਆਂ ਨੂੰ ਵਿਸ਼ੇਸ਼ ਸਨਮਾਨ ਵੀ ਦਿੱਤੇ ਜਾਣਗੇ। ਅੱਜ ਦੀ ਮੀਟਿੰਗ ਵਿਚ ਸ਼੍ਰੋਮਣੀ ਕਮੇਟੀ ਦੀਆਂ ਤਿੰਨ ਪ੍ਰੈੱਸਾਂ ਨੂੰ ਇਕ ਥਾਂ ਕਰਨ ਦੀ ਪ੍ਰਵਾਨਗੀ ਦਿੰਦਿਆਂ ਇਥੇ ਲੋਡ਼ ਅਨੁਸਾਰ ਕਾਗਜ਼ ਅਤੇ ਹੋਰ ਸਮੱਗਰੀ ਲਈ ਇਕ ਕੇਂਦਰੀ ਸਟੋਰ ਸਥਾਪਤ ਕਰਨ ਦਾ ਵੀ ਫੈਸਲਾ ਕੀਤਾ ਗਿਆ। ਇਸ ਦੇ ਨਾਲ ਹੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼ਰਧਾਲੂਆਂ ਵਲੋਂ ਭੇਟ ਕੀਤੇ ਜਾਂਦੇ ਰਾਸ਼ਨ ਲਈ ਦੋ ਸਟੋਰ ਕਾਇਮ ਕੀਤੇ ਜਾਣਗੇ। ਜੰਮੂ-ਕਸ਼ਮੀਰ ਅੰਦਰ ਪੈਂਦੇ ਤਿੰਨ ਗੁਰਦੁਆਰਿਆਂ ਗੁਰਦੁਆਰਾ ਸਿੰਘ ਸਭਾ ਪੰਗਧੋਰ ਸਾਂਬਾ, ਸ੍ਰੀ ਗੁਰੂ ਸਿੰਘ ਸਭਾ ਖਾਲਸਾ ਕਾਲੋਨੀ ਕਰਥੋਲੀ ਬਡ਼ੀ ਬ੍ਰਾਹਮਣਾਂ ਜੰਮੂ ਅਤੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਗੋਵਾਲੀ ਆਰ.ਐੱਸ. ਪੁਰਾ ਜੰਮੂ ਦੀਆਂ ਇਮਾਰਤਾਂ ਲਈ ਇਕ-ਇਕ ਲੱਖ ਰੁਪਏ ਦੀ ਸਹਾਇਤਾ ਨੂੰ ਪ੍ਰਵਾਨਗੀ ਵੀ ਦਿੱਤੀ ਗਈ। ਇਕ ਸ਼ੋਕ ਮਤਾ ਪਾਸ ਕਰਕੇ ਪ੍ਰਸਿੱਧ ਸਿੱਖ ਇਤਿਹਾਸਕਾਰ ਗਿਆਨੀ ਬਲਵੰਤ ਸਿੰਘ ਕੋਠਾ ਗੁਰੂ ਨੂੰ ਵੀ ਸ਼ਰਧਾਂਜਲੀ ਦਿੱਤੀ ਗਈੇ।