ਅਮਰੀਕਾ ‘ਚ ਕੋਰੋਨਾ ਕਰਕੇ ਹੁਣ ਤੱਕ 40 ਹਜ਼ਾਰ ਤੋਂ ਵੱਧ ਮੌਤਾਂ

ਕੋਰੋਨਾ ਵਾਇਰਸ ਨੇ ਦੁਨੀਆ ਭਰ ‘ਚ ਸੱਭ ਤੋਂ ਵੱਧ ਅਮਰੀਕਾ ਨੂੰ ਪ੍ਰਭਾਵਿਤ ਕੀਤਾ ਹੈ। ਅਮਰੀਕਾ ‘ਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 40 ਹਜ਼ਾਰ ਤੋਂ ਪਾਰ ਪਹੁੰਚ ਗਈ ਹੈ। ਇਸ ਤੋਂ ਇਲਾਵਾ ਸਾਢੇ 7 ਲੱਖ ਤੋਂ ਵੱਖ ਲੋਕ ਕੋਰੋਨਾ ਦੀ ਲਪੇਟ ‘ਚ ਆ ਚੁੱਕੇ ਹਨ। ਜੋਨ ਹਾਪਕਿਨਜ਼ ਯੂਨੀਵਰਸਿਟੀ ਦੇ ਅੰਕੜਿਆਂ ਅਨੁਸਾਰ ਅਮਰੀਕਾ ‘ਚ ਹੁਣ ਤੱਕ 40,585 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਿਨ੍ਹਾਂ ਵਿੱਚੋਂ ਅੱਧੇ ਮਾਮਲੇ ਨਿਊਯਾਰਕ ਤੋਂ ਹਨ।
ਇਸ ਦੇ ਨਾਲ ਹੀ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਭਾਰਤ ਸਮੇਤ 10 ਹੋਰ ਦੇਸ਼ਾਂ ‘ਚ ਕੋਰੋਨਾ-19 ਦੀ ਜਿੰਨੀ ਜਾਂਚ ਹੋਈ ਹੈ, ਉਸ ਤੋਂ ਕਿਤੇ ਵੱਧ ਉਨ੍ਹਾਂ ਦੇ ਦੇਸ਼ ਨੇ ਕੀਤੀ ਹੈ। ਟਰੰਪ ਨੇ ਕਿਹਾ ਕਿ ਅਮਰੀਕਾ ਕੋਰੋਨਾ ਵਾਇਰਸ ਬੀਮਾਰੀ ਵਿਰੁੱਧ ਆਪਣੀ ਲੜਾਈ ‘ਚ ਲਗਾਤਾਰ ਤੇਜ਼ੀ ਲਿਆ ਰਿਹਾ ਹੈ ਅਤੇ ਦੇਸ਼ ਨੇ ਹੁਣ ਤੱਕ 41.8 ਲੱਖ ਲੋਕਾਂ ਦੀ ਜਾਂਚ ਕੀਤੀ ਹੈ। ਉਨ੍ਹਾਂ ਕਿਹਾ, “ਇਹ ਦੁਨੀਆ ਦੇ ਕਿਸੇ ਵੀ ਹੋਰ ਦੇਸ਼ ਦੇ ਮੁਕਾਬਲੇ ਰਿਕਾਰਡ ਹੈ।”
ਟਰੰਪ ਨੇ ਵ੍ਹਾਈਟ ਹਾਊਸ ਦੀ ਪ੍ਰੈਸ ਕਾਨਫ਼ਰੰਸ ਵਿਚ ਪੱਤਰਕਾਰਾਂ ਨੂੰ ਕਿਹਾ, “ਅਸੀਂ ਫਰਾਂਸ, ਬ੍ਰਿਟੇਨ, ਦੱਖਣੀ ਕੋਰੀਆ, ਜਾਪਾਨ, ਸਿੰਗਾਪੁਰ, ਭਾਰਤ, ਆਸਟਰੀਆ, ਆਸਟ੍ਰੇਲੀਆ, ਸਵੀਡਨ ਅਤੇ ਕੈਨੇਡਾ ਜਿਹੇ ਸਾਰੇ ਦੇਸ਼ਾਂ ਨੂੰ ਮਿਲਾ ਦੇਈਏ ਤਾਂ ਇਨ੍ਹਾਂ ਦੇ ਮੁਕਾਬਲੇ ਵੱਧ ਜਾਂਚ ਕੀਤੀ ਹੈ।”
ਅਮਰੀਕਾ ‘ਚ ਕੋਵਿਡ-19 ਨਾਲ ਸੱਭ ਤੋਂ ਵੱਧ ਪ੍ਰਭਾਵਿਤ ਨਿਊਯਾਰਕ ‘ਚ 2,42,000 ਮਾਮਲੇ ਸਾਹਮਣੇ ਆਏ ਹਨ ਅਤੇ ਇੱਥੇ ਹੁਣ ਤਕ 17,600 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇੱਥੇ ਪਿਛਲੇ ਅੱਠ ਦਿਨਾਂ ‘ਚ ਨਵੇਂ ਕੇਸਾਂ ਦੀ ਗਿਣਤੀ ਵਿੱਚ 50 ਫ਼ੀਸਦੀ ਦੀ ਕਮੀ ਆਈ ਹੈ। ਟਰੰਪ ਨੇ ਕਿਹਾ, “ਇਹ ਚੰਗੀ ਗਿਣਤੀ ਹੈ। ਮੁਸੀਬਤ ਵਿਚੋਂ ਲੰਘਦਿਆਂ ਇਸ ਨੂੰ ਵੇਖਣਾ ਚੰਗਾ ਹੈ।”
ਟਰੰਪ ਦੇ ਅਨੁਸਾਰ ਇਟਲੀ ਅਤੇ ਸਪੇਨ ਵਰਗੇ ਦੇਸ਼, ਜੋ ਸ਼ੁਰੂਆਤ ਵਿੱਚ ਬੰਦ ਲਾਗੂ ਕਰਨ ਦੇ ਵਿਰੁੱਧ ਸਨ, ਉਨ੍ਹਾਂ ਨੂੰ ਇੱਕ ਵੱਡੀ ਕੀਮਤ ਚੁਕਾਉਣੀ ਪਈ ਹੈ। ਉਨ੍ਹਾਂ ਕਿਹਾ ਕਿ ਜੇਕਰ ਦੇਸ਼ ਵਿੱਚ ਬੰਦ ਨੂੰ ਲਾਗੂ ਨਾ ਕੀਤਾ ਗਿਆ ਅਤੇ ਸਮਾਜਿਕ ਦੂਰੀ ਦੀ ਪਾਲਣਾ ਨਾ ਕੀਤੀ ਜਾਂਦੀ ਤਾਂ ਲੱਖਾਂ ਲੋਕ ਮਾਰੇ ਗਏ ਹੁੰਦੇ। ਟਰੰਪ ਨੇ ਗਲੋਬਲ ਮਹਾਂਮਾਰੀ ਸੰਕਟ ਨਾਲ ਨਜਿੱਠਣ ਲਈ ਜੰਗੀ ਪੱਧਰ ‘ਤੇ ਉਨ੍ਹਾਂ ਦੇ ਪ੍ਰਸ਼ਾਸਨ ਵੱਲੋਂ ਚੁੱਕੇ ਕਦਮਾਂ ਦਾ ਜ਼ਿਕਰ ਕੀਤਾ ਅਤੇ ਦੇਸ਼ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਦੇਸ਼ ਸੁਰੱਖਿਅਤ ਹੋਣ ਜਾ ਰਿਹਾ ਹੈ।

Leave a Reply

Your email address will not be published. Required fields are marked *