ਲੁਧਿਆਣਾ ਦੇ ACP ਹੋਏ ਕੋਰੋਨਾ–ਪਾਜ਼ਿਟਿਵ, ਪੰਜਾਬ ‘ਚ ਕੁੱਲ 173 ਮਰੀਜ਼

ਪੰਜਾਬ ’ਚ ਕੋਰੋਨਾ–ਪਾਜ਼ਿਟਿਵ ਮਰੀਜ਼ਾਂ ਦੀ ਗਿਣਤੀ ਹੁਣ ਵਧ ਕੇ 173 ਹੋ ਗਈ ਹੈ। ਇਸ ਗਿਣਤੀ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ।

ਅੱਜ ਸੋਮਵਾਰ ਨੂੰ ਲੁਧਿਆਣਾ ਦੇ ਏਸੀਪੀ (ਅਸਿਸਟੈਂਟ ਕਮਿਸ਼ਨਰ, ਪੁਲਿਸ – ACP) ਸ੍ਰੀ ਅਨਿਲ ਕੋਹਲੀ ਕੋਰੋਨਾ–ਪਾਜ਼ਿਟਿਵ ਪਾਏ ਗਏ ਹਨ। ਉਹ ਇਸ ਵੇਲੇ ਲੁਧਿਆਣਾ ਦੇ ਐੱਸਪੀਐੱਸ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ ਤੇ ਉਨ੍ਹਾਂ ਨੂੰ ਵੈਂਟੀਲੇਟਰ ਉੱਤੇ ਰੱਖਿਆ ਗਿਆ ਹੈ। ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਇਸ ਦੀ ਪੁਸ਼ਟੀ ਕੀਤੀ।

ਉੱਧਰ ਜਲੰਧਰ ‘ਚ ਅੱਜ ਦੋ ਹੋਰ ਕੇਸ ਪਾਜ਼ਿਟਿਵ ਮਿਲੇ ਹਨ। ਇੰਝ ਜਲੰਧਰ ‘ਚ ਕੋਰੋਨਾ–ਪਾਜ਼ਿਟਿਵ ਮਰੀਜ਼ਾਂ ਦੀ ਗਿਣਤੀ ਵਧ ਕੇ 24 ਹੋ ਗਈ ਹੈ।

ਪੰਜਾਬ ’ਚ 20% ਭਾਵ ਹਰੇਕ ਪੰਜ ਵਿੱਚੋਂ 1 ਅਤੇ ਹਰੇਕ 10 ਵਿੱਚੋਂ ਦੋ ਕੋਰੋਨਾ–ਪਾਜ਼ਿਟਿਵ ਮਰੀਜ਼ਾਂ ਦੀ ਉਮਰ 60 ਸਾਲ ਤੋਂ ਵੱਧ ਹੈ। 60 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਨੂੰ ਕੋਰੋਨਾ ਵਾਇਰਸ ਕੁਝ ਵੱਧ ਗਿਣਤੀ ’ਚ ਆਪਣੀ ਲਪੇਟ ਵਿੱਚ ਲੈ ਰਿਹਾ ਹੈ।

ਬੀਤੀ 10 ਅਪ੍ਰੈਲ ਨੂੰ ਪੰਜਾਬ ਦੇ ਕੁੱਲ 151 ਕੋਵਿਡ–19 ਮਰੀਜ਼ਾਂ ਵਿੱਚੋਂ 35% ਦੀ ਉਮਰ 41 ਤੇ 60 ਸਾਲ ਦੇ ਵਿਚਕਾਰ ਸੀ। ਇਹ ਜਾਣਕਾਰੀ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਨੇ ਦਿੱਤੀ।

ਇਸ ਤੋਂ ਬਾਅਦ 32 ਫ਼ੀ ਸਦੀ ਮਰੀਜ਼ਾਂ ਦੀ ਉਮਰ 21 ਤੋਂ 40 ਸਾਲ ਦੇ ਵਿਚਕਾਰ ਹੈ। ਉਸ ਤੋਂ ਬਾਅਦ 60 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਦਾ ਨੰਬਰ ਹੈ, ਜਿਨ੍ਹਾਂ ਦੀ ਗਿਣਤੀ ਇਸ ਵੇਲੇ ਪੰਜਾਬ ’ਚ 20 ਫ਼ੀ ਸਦੀ ਹੈ।

ਪੰਜਾਬ ਦੇ 23 ਭਾਵ 15% ਮਰੀਜ਼ਾਂ ਦੀ ਉਮਰ 20 ਸਾਲ ਤੋਂ ਘੱਟ ਹੈ ਅਤੇ ਉਨ੍ਹਾਂ ਵਿੱਚੋਂ ਅੱਠ ਦੀ ਉਮਰ 10 ਸਾਲ ਤੋਂ ਵੀ ਘੱਟ ਹੈ। ਹੁਣ ਤੱਕ ਰਾਜ ਵਿੱਚ 23 ਮਰੀਜ਼ ਕੋਰੋਨਾ ਦੀ ਜੰਗ ਜਿੱਤ ਕੇ ਘਰ ਵੀ ਜਾ ਚੁੱਕੇ ਹਨ।

ਕੋਰੋਨਾ ਵਾਇਰਸ ਕਾਰਨ ਮਨੁੱਖੀ ਜਾਨ ਜਾਣ ਦਾ ਸਭ ਤੋਂ ਵੱਧ ਖ਼ਤਰਾ 60 ਸਾਲ ਤੋਂ ਵੱਧ ਦੇ ਬਜ਼ੁਰਗਾਂ ਨੂੰ ਹੈ। ਪੰਜਾਬ ’ਚ ਕੋਰੋਨਾ ਕਾਰਨ ਹੋਈਆਂ 67 ਫ਼ੀ ਸਦੀ ਭਾਵ ਅੱਠ ਮੌਤਾਂ ਬਜ਼ੁਰਗਾਂ ਦੀਆਂ ਹਨ। ਪੰਜਾਬ ’ਚ ਹੁਣ ਤੱਕ ਘਾਤਕ ਕੋਰੋਨਾ ਵਾਇਰਸ 12 ਮਨੁੱਖੀ ਜਾਨਾਂ ਲੈ ਚੁੱਕਾ ਹੈ।

ਪੰਜਾਬ ’ਚ ਕੋਰੋਨਾ ਕਰਕੇ ਹੋਈਆਂ ਮੌਤਾਂ ਵਿੱਚੋਂ ਸਭ ਤੋਂ ਵੱਡੀ ਉਮਰ ਦੇ 78 ਸਾਲਾ ਰਾਜ ਕੁਮਾਰੀ ਸਨ, ਜੋ ਮੋਹਾਲੀ ਜ਼ਿਲ੍ਹੇ ਦੇ ਮੁੰਡੀ ਖਰੜ ਇਲਾਕੇ ਦੇ ਵਸਨੀਕ ਸਨ। ਉਨ੍ਹਾਂ ਦਾ ਦੇਹਾਂਤ ਬੀਤੀ 7 ਅਪ੍ਰੈਲ ਨੂੰ ਖਰੜ ਦੇ ਸਿਵਲ ਹਸਪਤਾਲ ’ਚ ਹੋਇਆ ਸੀ। ਮੌਤ ਤੋਂ ਬਾਅਦ ਹੀ ਉਨ੍ਹਾਂ ਦਾ ਸੈਂਪਲ ਲਿਆ ਗਿਆ ਸੀ ਤੇ ਤਦ ਉਨ੍ਹਾਂ ਦੇ ਕੋਰੋਨਾ–ਪਾਜ਼ਿਟਿਵ ਹੋਣ ਬਾਰੇ ਪਤਾ ਲੱਗਾ ਸੀ।

ਜੇ ਪੰਜਾਬ ’ਚ ਹੋਈਆਂ ਕੋਰੋਨਾ–ਮੌਤਾਂ ਦੀ ਔਸਤ ਉਮਰ ਕੱਢੀ ਜਾਵੇ, ਤਾਂ ਉਹ 64 ਵਰ੍ਹੇ ਬਣਦੀ ਹੈ। ਉਨ੍ਹਾਂ ਵਿੱਚੋਂ 56 ਫ਼ੀ ਸਦੀ ਮਰਦ ਤੇ 44 ਫ਼ੀ ਸਦੀ ਔਰਤਾਂ ਸਨ। ਜੇ ਵੇਖਿਆ ਜਾਵੇ, ਤਾਂ ਭਾਰਤ ’ਚ ਕੋਰੋਨਾ ਕਾਰਨ ਹੋਈਆਂ ਔਰਤਾਂ ਦੀਆਂ ਮੌਤਾਂ ਦੇ ਮੁਕਾਬਲੇ ਪੰਜਾਬ ’ਚ ਇਹ ਦਰ ਵੱਧ ਹੈ।

ਮਾਹਿਰਾਂ ਦਾ ਮੰਨਣਾ ਹੈ ਕਿ ਵੱਡੀ ਉਮਰ ਦੇ ਮਰੀਜ਼ਾਂ ਨੂੰ ਕੋਰੋਨਾ ਇਸ ਕਾਰਨ ਆਪਣੀ ਲਪੇਟ ’ਚ ਵੱਧ ਲੈ ਰਿਹਾ ਹੈ ਕਿਉਂਕਿ ਉਨ੍ਹਾਂ ਨੂੰ ਨਾਲ ਕੋਈ ਹੋਰ ਬੀਮਾਰੀਆਂ ਵੀ ਚੱਲ ਰਹੀਆਂ ਹੁੰਦੀਆਂ ਹਨ, ਜਿਨ੍ਹਾਂ ਕਰ ਕੇ ਉਨ੍ਹਾਂ ਦੀ ਰੋਗਾਂ ਨਾਲ ਲੜਨ ਵਾਲੀ ਸ਼ਕਤੀ ਘਟ ਚੁੱਕੀ ਹੁੰਦੀ ਹੈ। ਇਸੇ ਲਈ ਕੋਰੋਨਾ ਵਾਇਰਸ ਉਨ੍ਹਾਂ ਦੇ ਸਰੀਰ ਉੱਤੇ ਭਾਰੂ ਪੈ ਜਾਂਦਾ ਹੈ।

ਪੰਜਾਬ ’ਚ ਤਬਲੀਗ਼ੀ ਜਮਾਤ ਦੇ ਮੈਂਬਰਾਂ ਨਾਲ ਸਬੰਧਤ ਕੇਸਾਂ ਦੀ ਗਿਣਤੀ 20 ਫ਼ੀ ਸਦੀ ਹੈ।

Leave a Reply

Your email address will not be published. Required fields are marked *