ਮੁੰਬਈ ਰੇਲਵੇ ਸਟੇਸ਼ਨ ’ਤੇ ਇਕੱਠੀ ਹੋ ਗਈ ਹਜ਼ਾਰਾਂ ਦੀ ਭੀੜ

ਮੁੰਬਈ ਦੇ ਬਾਂਦਰਾ ਰੇਲਵੇ ਸਟੇਸ਼ਨ ’ਤੇ ਹਜ਼ਾਰਾਂ ਪ੍ਰਵਾਸੀ ਮਜ਼ਦੂਰਾਂ ਦੀ ਭਾਰੀ ਭੀੜ ਜਮ੍ਹਾ ਹੋਣ ਦੇ ਮਾਮਲੇ ’ਚ ਪੁਲਿਸ ਨੇ ਵਿਨੇ ਦੂਬੇ ਨਾਂਅ ਦੇ ਇੱਕ ਵਿਅਕਤੀ ਨੂੰ ਫੜ ਲਿਆ ਹੈ। ਨਵੀਂ ਮੁੰਬਈ ਪੁਲਿਸ ਨੇ ਵਿਨੇ ਦੂਬੇ ਨੂੰ ਫੜ ਕੇ ਮੁੰਬਈ ਪੁਲਿਸ ਹਵਾਲੇ ਕਰ ਦਿੱਤਾ ਹੈ।

ਵਿਨੇ ਦੂਬੇ ’ਤੇ ਦੋਸ਼ ਹੈ ਕਿ ਉਸ ਨੇ ਲੌਕਡਾਊਨ ਦੌਰਾਨ ਭੀੜ ਨੂੰ ਗੁੰਮਰਾਹ ਕਰ ਕੇ ਬਾਂਦਰਾ ਰੇਲਵੇ ਸਟੇਸ਼ਨ ’ਤੇ ਭੇਜਿਆ ਹੈ। ਦਰਅਸਲ, ਵਿਨੇ ਦੂਬੇ ਨੇ ਫ਼ੇਸਬੁੱਕ ’ਤੇ ‘ਚਲੋ ਘਰ ਕੀ ਓਰ’ (ਚਲੋ ਘਰ ਵੱਲ) ਮੁਹਿੰਮ ਚਲਾਈ ਸੀ।

ਪੁਲਿਸ ਨੇ ਇਸ ਮਾਮਲੇ ’ਚ 1,000 ਵਿਅਕਤੀਆਂ ਵਿਰੁੱਧ ਮੁਕੱਦਮਾ ਦਰਜ ਕਰ ਲਿਆ ਹੈ। ਵਿਨੇ ਦੂਬੇ ਵਿਰੁੱਧ ਭਾਰਤੀ ਦੰਡ ਸੰਘਤਾ ਦੀ ਧਾਰਾ 117, 153ਏ, 188, 269, 270, 505(2) ਅਤੇ ਮਹਾਮਾਰੀ ਬਾਰੇ ਕਾਨੂੰਨ ਦੀ ਧਾਰਾ 3 ਅਧੀਨ ਕੇਸ ਦਰਜ ਕਰ ਲਿਆ ਗਿਆ ਹੈ।

ਕੱਲ੍ਹ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਵੇਰੇ 10 ਵਜੇ ਆਪਣੇ ਸੰਬੋਧਨ ’ਚ ਲੌਕਡਾਉਨ ਨੂੰ 3 ਮਈ ਤੱਕ ਅੱਗੇ ਵਧਾਉਣ ਦਾ ਐਲਾਨ ਕੀਤਾ ਸੀ ਤੇ ਦੁਪਹਿਰ ਬਾਅਦ ਅਚਾਨਕ ਮੁੰਬਈ ਦੇ ਬਾਂਦਰਾ ਰੇਲਵੇ ਸਟੇਸ਼ਨ ’ਤੇ ਪ੍ਰਵਾਸੀ ਮਜ਼ਦੂਰਾਂ ਦੀ ਭਾਰੀ ਭੀੜ ਜਮ੍ਹਾ ਹੋ ਗਈ।

ਇਹ ਸਾਰੇ ਪ੍ਰਵਾਸੀ ਮਜ਼ਦੂਰਾਂ ਉੱਤਰ ਪ੍ਰਦੇਸ਼, ਬਿਹਾਰ, ਝਾਰਖੰਡ ਜਿਹੇ ਸੂਬਿਆਂ ’ਚ ਸਥਿਤ ਆਪੋ–ਆਪਣੇ ਘਰਾਂ ਨੂੰ ਪਰਤਣ ਲਈ ਇਕੱਠੇ ਹੋਏ ਸਨ।

ਦੋਸ਼ ਹੈ ਕਿ ਸੋਸ਼ਲ ਮੀਡੀਆ ਰਾਹੀਂ ਲੋਕਾਂ ਨੂੰ ਇਹ ਆਖ ਕੇ ਗੁੰਮਰਾਹਾ ਕੀਤਾ ਗਿਆ ਕਿ ਲੌਕਡਾਊਨ ਖ਼ਤਮ ਹੋ ਜਾਵੇਗਾ ਤੇ ਰੇਲ–ਗੱਡੀਆਂ ਚੱਲਣ ਲੱਗ ਪੈਣਗੀਆਂ। ਪੁਲਿਸ ਨੇ ਪਹਿਲਾਂ ਤਾਂ ਮਜ਼ਦੂਰਾਂ ਨੂੰ ਉੱਥੋਂ ਖੁਦ ਹੀ ਹਟਣ ਲਈ ਆਖਿਆ ਪਰ ਉਹ ਨਾ ਮੰਨੇ, ਤਾਂ ਹਲਕੀ ਤਾਕਤ ਦੀ ਵਰਤੋਂ ਵੀ ਕਰਨੀ ਪਈ।

ਇਸ ਤੋਂ ਬਾਅਦ ਉੱਥੋਂ ਭੀੜ ਖਿੰਡਣ ਲੱਗ ਪਈ। ਕੇਂਦਰ ਸਰਕਾਰ ਨੇ ਵੀ ਇਸ ਘਟਨਾ ਦਾ ਗੰਭੀਰ ਨੋਟਿਸ ਲਿਆ ਹੈ। ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨਾਲ ਗੱਲਬਾਤ ਕੀਤੀ ਤੇ ਅਜਿਹੇ ਹਾਲਾਤ ’ਤੇ ਚਿੰਤਾ ਪ੍ਰਗਟਾਈ।

ਸ੍ਰੀ ਅਮਿਤ ਸ਼ਾਹ ਨੇ ਇਹ ਵੀ ਕਿਹਾ ਕਿ ਕੋਰੋਨਾ ਵਿਰੁੱਧ ਜਾਰੀ ਜੰਗ ਦੌਰਾਨ ਅਜਿਹੇ ਹਾਲਾਤ ਸਾਨੂੰ ਕਮਜ਼ੋਰ ਬਣਾਉਣਗੇ। ਉਨ੍ਹਾਂ ਨੂੰ ਲੋੜ ਪੈਣ ’ਤੇ ਕੇਂਦਰ ਸਰਕਾਰ ਵੱਲੋਂ ਮਦਦ ਦੀ ਪੇਸ਼ਕਸ਼ ਵੀ ਕੀਤੀ।

ਸ੍ਰੀ ਊਧਵ ਠਾਕਰੇ ਨੇ ਕਿਹਾ ਕਿ ਸਰਕਾਰ ਇਨ੍ਹਾਂ ਮਜ਼ਦੂਰਾਂ ਦਾ ਇੰਤਜ਼ਾਮ ਕਰੇਗੀ। ਉਨ੍ਹਾਂ ਨੂੰ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਹੈ।

Leave a Reply

Your email address will not be published. Required fields are marked *