ਪੰਜਾਬ ਸਿਹਤ ਵਿਭਾਗ ਸਟਾਫ, ਡਾਕਟਰਾਂ, ਮਰੀਜ਼ਾਂ ਨੂੰ ਕਰਫਿਊ-ਪਾਸ ਦੀ ਨਹੀਂ ਲੋੜ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੱਲ ਕਰਫਿਊ ਵਿੱਚ ਕੀਤੇ ਵਾਧੇ ਦੀ ਰੌਸ਼ਨੀ ਵਿੱਚ ਪੰਜਾਬ ਸਰਕਾਰ ਵੱਲੋਂ ਅੱਜ ਜਾਰੀ ਨਵੀਂ ਹਦਾਇਤਾਂ ਵਿੱਚ ਹੁਣ ਸੂਬੇ ਵਿੱਚ ਸਿਹਤ ਵਿਭਾਗ ਸਟਾਫ, ਡਾਕਟਰਾਂ ਤੇ ਰੈਗੂਲਰ ਮਰੀਜ਼ਾਂ ਨੂੰ ਕਰਫਿਊ ਪਾਸ ਦੀ ਕੋਈ ਲੋੜ ਨਹੀਂ ਜਦੋਂ ਕਿ ਬੈਂਕਾਂ/ਏ.ਟੀ.ਐਮਜ਼ ਨੂੰ ਵੀ ਸਾਰਾ ਹਫਤਾ ਖੁੱਲੇ ਰਹਿਣ ਦੀ ਇਜ਼ਾਜਤ ਹੋਵੇਗੀ ਬਸ਼ਰਤੇ ਕਿ ਕੋਵਿਡ-19 ਦੇ ਸਾਰੇ ਪ੍ਰੋਟੋਕੋਲ ਦੀ ਪਾਲਣਾ ਕੀਤੀ ਜਾਵੇ।

ਕੈਪਟਨ ਅਮਰਿੰਦਰ ਸਿੰਘ ਵੱਲੋਂ ਕੱਲ ਮੰਤਰੀਆਂ ਦੇ ਸਮੂਹ ਨਾਲ ਕੋਵਿਡ-19 ਤਿਆਰੀਆਂ ਦੀ ਸਮੀਖਿਆ ਤੋਂ ਬਾਅਦ ਗ੍ਰਹਿ ਵਿਭਾਗ ਵੱਲੋਂ ਅੱਜ ਨਵੀਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਇਹ ਹਦਾਇਤਾਂ ਪ੍ਰੋਟੋਕੋਲ ਦੀ ਪਾਲਣਾ ਨੂੰ ਯਕੀਨੀ ਬਣਾਉਂਦੇ ਹੋਏ ਲੋਕਾਂ ਦੇ ਹਿੱਤ ਨੂੰ ਧਿਆਨ ਵਿੱਚ ਰੱਖਦਿਆਂ ਪ੍ਰਣਾਲੀ ਨੂੰ ਸੁਚਾਰੂ ਤਰੀਕੇ ਨਾਲ ਚਲਾਉਣ ਲਈ ਜਾਰੀ ਕੀਤੀਆਂ ਗਈਆਂ ਹਨ।

ਨਵੀਆਂ ਹਦਾਇਤਾਂ ਅਨੁਸਾਰ ਜ਼ਿਲਾ ਮੈਜਿਸਟ੍ਰੇਟਜ਼ ਨੂੰ ਰਸਮੀ ਤੌਰ ‘ਤੇ ਕਰਫਿਊ 31 ਮਾਰਚ 2020 ਤੋਂ 14 ਅਪਰੈਲ 2020 ਤੱਕ ਵਧਾਉਣ ਲਈ ਦੱਸ ਦਿੱਤਾ ਹੈ। ਪਹਿਲਾਂ ਤੋਂ ਹੀ ਦਿੱਤੀਆਂ ਛੋਟਾਂ ਦੇ ਜਾਰੀ ਰਹਿਣ ਤੋਂ ਇਲਾਵਾ ਡਾਕ ਦਫਤਰਾਂ ਤੇ ਕੋਰੀਅਰ ਸੇਵਾਵਾਂ ਨੂੰ ਵੀ ਨਵੀਆਂ ਹਦਾਇਤਾਂ ਅਨੁਸਾਰ ਖੋਲਣ ਦੀ ਆਗਿਆ ਦੇ ਦਿੱਤੀ ਹੈ। ਬੈਂਕ ਤੇ ਏ.ਟੀ.ਐਮਜ਼ ਨੂੰ ਪੂਰਾ ਹਫਤਾ ਖੋਲਣ ਦੀ ਇਜ਼ਾਜਤ ਦੇ ਦਿੱਤੀ ਹੈ ਜਦੋਂ ਕਿ ਇਸ ਤੋਂ ਪਹਿਲਾਂ ਹਫਤੇ ਵਿੱਚ ਦੋ ਦਿਨ ਦੀ ਆਗਿਆ ਦਿੱਤੀ ਗਈ ਸੀ ਬਸ਼ਰਤੇ ਕਿ ਉਥੇ ਸਮਾਜਿਕ ਵਿੱਥ ਸਣੇ ਸਾਰੀਆਂ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ।

ਸਿਹਤ ਤੇ ਮੈਡੀਕਲ ਸਿੱਖਿਆ ਵਿਭਾਗਾਂ ਦੇ ਕਰਮਚਾਰੀਆਂ ਨੂੰ ਹੁਣ ਆਪੋ-ਆਪਣੇ ਵਿਭਾਗਾਂ ਵੱਲੋਂ ਜਾਰੀ ਸ਼ਨਾਖਤੀ ਕਾਰਡਾਂ ਰਾਹੀਂ ਕੰਮ ਕਰਨ ਦੀ ਆਗਿਆ ਹੋਵੇਗੀ, ਇਸ ਲਈ ਉਨ੍ਹਾਂ ਨੂੰ ਵੱਖਰੇ ਕਰਫਿਊ ਪਾਸ ਦੀ ਕੋਈ ਲੋੜ ਨਹੀਂ ਹੋਵੇਗੀ।

ਇਸੇ ਤਰ੍ਹਾਂ ਪ੍ਰਾਈਵੇਟ ਹਸਪਤਾਲਾਂ/ਨਰਸਿੰਗ ਹੋਮਜ਼/ਜਾਂਚ ਲੈਬਾਰਟਰੀਆਂ ਦੇ ਡਾਕਟਰਾਂ ਨੂੰ ਕਰਫਿਊ ਪਾਸ ਤੋਂ ਬਿਨਾਂ ਪੰਜਾਬ ਮੈਡੀਕਲ/ਡੈਂਟਲ ਕੌਂਸਲ ਜਾਂ ਇੰਡੀਅਨ ਮੈਡੀਕਲ ਐਸੋਸੀਏਸ਼ਨ ਵੱਲੋਂ ਜਾਰੀ ਕੀਤੇ ਫੋਟੋ ਸ਼ਨਾਖਤੀ ਕਾਰਡ ਦੇ ਆਧਾਰ ‘ਤੇ ਕੰਮ ਕਰਨ ਦੀ ਇਜਾਜ਼ਤ ਹੋਵੇਗੀ। ਪ੍ਰਾਈਵੇਟ ਨਰਸਿੰਗ ਹੋਮਜ਼ ਦੇ ਹੋਰ ਮੁਲਾਜ਼ਮਾਂ ਨੂੰ ਸਬੰਧਤ ਹਸਪਤਾਲ ਦੇ ਪ੍ਰਸ਼ਾਸਨ ਦੀ ਅਪੀਲ ‘ਤੇ ਪਾਸ ਜਾਰੀ ਕੀਤੇ ਜਾਣਗੇ।

ਇਸੇ ਤਰ੍ਹਾਂ ਮਰੀਜ਼ਾਂ ਨੂੰ ਹਸਪਤਾਲ ਅਤੇ ਨਰਸਿੰਗ ਹੋਮਜ਼ ਵੱਲੋਂ ਜਾਰੀ ਕੀਤੇ ਮਰੀਜ ਕਾਰਡ/ਦਵਾਈਆਂ ਵਾਲੀ ਸਲਿੱਪਾਂ ਦੇ ਆਧਾਰ ‘ਤੇ ਪ੍ਰਾਈਵੇਟ ਹਸਪਤਾਲਾਂ, ਨਰਸਿੰਗ ਹੋਮਜ਼ ਅਤੇ ਜਾਂਚ ਲੈਬਾਰਟਰੀਆਂ ਸਮੇਤ ਸਾਰੇ ਹਸਪਤਾਲਾਂ ਵਿਖੇ ਜਾਣ ਦੀ ਇਜਾਜ਼ਤ ਹੋਵੇਗੀ। ਨਵੇਂ ਮਰੀਜ਼ਾਂ ਨੂੰ ਈ-ਪਾਸ ਰਾਹੀਂ ਹੀ ਜਾਣ ਦੀ ਇਜਾਜ਼ਤ ਹੋਵੇਗੀ। ਹਾਲਾਂਕਿ ਗੰਭੀਰ ਮਰੀਜ਼ਾਂ ਨੂੰ ਬਿਨਾਂ ਕਿਸੇ ਪਾਸ ਜਾਂ ਕਾਰਡ ਰਾਹੀਂ ਹਸਪਤਾਲ ਜਾਣ ਦੀ ਆਗਿਆ ਹੋਵੇਗੀ।
ਦਿਸ਼ਾ-ਨਿਰਦੇਸ਼ਾਂ ਵਿੱਚ ਇਹ ਤੈਅ ਕੀਤਾ ਗਿਆ ਹੈ ਕਿ ਨਸ਼ੇ ਤੋਂ ਪੀੜਤ ਵਿਅਕਤੀਆਂ ਨੂੰ ਓਟ/ਨਸ਼ਾ ਛੁਡਾਊਂ ਕੇਂਦਰਾਂ ਵੱਲੋਂ ਜਾਰੀ ਕੀਤੀ ਦਵਾਈ ਵਾਲੀ ਪਰਚੀ/ਕਾਰਡ ਦੇ ਆਧਾਰ ‘ਤੇ ਇਨ੍ਹਾਂ ਕੇਂਦਰਾਂ ਵਿੱਚ ਜਾਣ ਦੀ ਇਜਾਜ਼ਤ ਹੋਵੇਗੀ।
ਜ਼ਿਲ੍ਹਾ ਅਥਾਰਟੀਆਂ ਨੂੰ ਹਦਾਇਤਾਂ ਜਾਰੀਆਂ ਕੀਤੀਆਂ ਗਈਆਂ ਹਨ ਕਿ ਵਿਦੇਸ਼ਾਂ ਤੋਂ ਆਏ ਵਿਅਕਤੀਆਂ ਲਈ ਨਿਰਧਾਰਤ ਪ੍ਰੋਟੋਕੋਲ ਦੀ ਸਖਤੀ ਨਾਲ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ।
ਸਿਹਤ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਬਾਹਰੀ ਸੂਬਿਆਂ ਤੋਂ ਦਾਖਲ ਹੋਣ ਕਿਸੇ ਵੀ ਵਿਅਕਤੀ ਨੂੰ ਵੀ ਲੱਛਣ ਨਾ ਹੋਣ ਦੀ ਸੂਰਤ ਵਿੱਚ ਘਰ ‘ਚ ਇਕਾਂਤਵਾਸ ਹੋਣ ਦੀ ਲੋੜ ਹੋਵੇਗੀ ਅਤੇ ਲੱਛਣ ਹੋਣ ਦੀ ਸੂਰਤ ਵਿੱਚ ਹਸਪਤਾਲ ਵਿੱਚ ਇਕਾਂਤਵਾਸ ਜਾਂ ਫਿਰ ਆਈਸੋਲੇਸ਼ਨ ਵਾਰਡ ਵਿੱਚ ਰੱਖਿਆ ਜਾਵੇਗਾ।

Leave a Reply

Your email address will not be published. Required fields are marked *