ਪੰਜਾਬ ਕਾਂਗਰਸ ਕਲੇਸ਼ : ਮੀਟਿੰਗਾਂ ਦਾ ਦੌਰ ਜਾਰੀ

0
42

ਨਵੀਂ ਦਿੱਲੀ : ਸ਼ਨੀਵਾਰ ਯਾਨੀ ਅੱਜ ਪੰਜਾਬ ਕਾਂਗਰਸ ਵਿੱਚ ਸਿਆਸੀ ਹਲਚਲ ਰਹੀ। ਇੱਕ ਪਾਸੇ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਸ਼ਨੀਵਾਰ ਸਵੇਰੇ ਦਿੱਲੀ ਤੋਂ ਚੰਡੀਗਡ਼੍ਹ ਪਹੁੰਚੇ ਅਤੇ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਲਈ ਉਨ੍ਹਾਂ ਦੇ ਘਰ ਗਏ ਤਾਂ ਦੂਜੇ ਪਾਸੇ ਵਿਧਾਇਕ ਅਤੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵੀ ਪਟਿਆਲਾ ਤੋਂ ਚੰਡੀਗੜ੍ਹ ਪਹੁੰਚੇ ਅਤੇ ਸੂਬੇ ਦੇ ਕਈ ਕਾਂਗਸਰੀ ਆਗੂਆਂ ਨਾਲ ਬੈਠਕ ਕੀਤੀ। ਦੱਸ ਦਈਏ ਕਿ ਨਵਜੋਤ ਸਿੰਘ ਸਿੱਧੂ ਨੇ ਪਹਿਲਾਂ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨਾਲ ਉਨ੍ਹਾਂ ਦੇ ਘਰ ਮੁਲਾਕਾਤ ਕੀਤੀ ਅਤੇ ਬਾਅਦ ਵਿਚ ਸਿੱਧੂ ਨੇ ਮੀਡੀਆ ਨੂੰ ਕਿਹਾ ਕਿ ਜਾਖੜ ਉਨ੍ਹਾਂ ਦੇ ਵੱਡੇ ਭਰਾ ਵਰਗੇ ਹਨ ਅਤੇ ਹਮੇਸ਼ਾ ਉਨ੍ਹਾਂ ਦਾ ਮਾਰਗ ਦਰਸ਼ਨ ਕਰਦੇ ਰਹਿਣਗੇ।
ਸੁਨੀਲ ਜਾਖੜ ਨੇ ਕਿਹਾ, “ਅਸੀਂ ਇਕੱਠੇ ਪਾਰਟੀ ਦੇ ਨਾਲ ਹਾਂ ਅਤੇ ਸਿੱਧੂ ਯੋਗ ਇਨਸਾਨ ਹਨ ਉਨ੍ਹਾਂ ਨੂੰ ਮਾਰਗਦਰਸ਼ਨ ਦੀ ਲੋੜ ਨਹੀਂ ਹੈ।”
ਇਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨਾਲ ਮੁਲਾਕਾਤ ਕੀਤੀ। ਇਸ ਮੌਕੇ ਵਿਧਾਇਕ ਰਾਜਾ ਵੜਿੰਗ, ਕੁਲਬੀਰ ਸਿੰਘ ਜ਼ੀਰਾ, ਦਵਿੰਦਰ ਘੁਬਾਇਆ, ਬਰਿੰਦਰਮੀਤ ਸਿੰਘ ਪਾਹੜਾ ਅਤੇ ਸੀਨੀਅਰ ਆਗੂ ਲਾਲ ਸਿੰਘ ਵੀ ਮੌਜੂਦ ਸਨ।
ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਕਾਂਗਰਸ ਵਿੱਚ ਪਹਿਲਾਂ ਵੀ ਸਭ ਕੁਝ ਠੀਕ ਸੀ ਅਤੇ ਭਵਿੱਖ ਵਿੱਚ ਸਭ ਕੁਝ ਠੀਕ ਹੋਵੇਗਾ। ਸਿੱਧੂ ਨਾਲ ਮੁਲਾਕਾਤ ‘ਤੇ ਰੰਧਾਵਾ ਨੇ ਕਿਹਾ ਕਿ ਪੰਜਾਬ ਕਾਂਗਰਸ ਦੇ ਆਗੂ ਅਤੇ ਵਰਕਰ ਇੱਕ ਦੂਜੇ ਨਾਲ ਅਕਸਰ ਮਿਲਦੇ ਰਹਿੰਦੇ ਹਨ।
ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਨੂੰ ਨਵਜੋਤ ਸਿੰਘ ਸਿੱਧੂ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਦਿੱਲੀ ਵਿਖੇ ਮੁਲਾਕਾਤ ਕੀਤੀ ਸੀ। ਸਿੱਧੂ ਨੂੰ ਪੰਜਾਬ ਕਾਂਗਰਸ ਵਿੱਚ ਅਹਿਮ ਜ਼ਿੰਮੇਵਾਰੀ ਮਿਲਣ ਦੀਆਂ ਕਿਆਸਰਾਈਆਂ ਵਿਚਕਾਰ ਕੈਪਟਨ ਅਮਰਿੰਦਰ ਸਿੰਘ ਨੇ ਸੋਨੀਆ ਗਾਂਧੀ ਨੂੰ ਚਿੱਠੀ ਵੀ ਲਿਖੀ ਸੀ।
ਉਧਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਨਾਲ ਮੁਲਾਕਾਤ ਤੋਂ ਬਾਅਦ ਕਿਹਾ ਕਿ ਉਨ੍ਹਾਂ ਨੇ ਕੁਝ ਮੁੱਦੇ ਚੁੱਕੇ ਹਨ ਜਿਨ੍ਹਾਂ ਤੇ ਉਹ (ਹਰੀਸ਼ ਰਾਵਤ) ਧਿਆਨ ਦੇਣਗੇ। ਕੈਪਟਨ ਅਮਰਿੰਦਰ ਨੇ ਕਿਹਾ ਕਿ ਜੋ ਵੀ ਪਾਰਟੀ ਪ੍ਰਧਾਨ ਦਾ ਫੈਸਲਾ ਹੋਵੇਗਾ ਉਨ੍ਹਾਂ ਨੂੰ ਮੰਜ਼ੂਰ ਹੋਵੇਗਾ।

Google search engine

LEAVE A REPLY

Please enter your comment!
Please enter your name here