ਪ੍ਰਧਾਨਗੀ ਮਿਲਣ ਮਗਰੋਂ ਸਿੱਧੂ ਦੇ ਟਵੀਟ ਕਿਉਂ ਹੋਏ ਬੰਦ

0
86

ਚੰਡੀਗੜ੍ਹ : ਨਵਜੋਤ ਸਿੰਘ ਸਿੱਧੂ ਨੂੰ ਬੇਸ਼ੱਕ ਹੁਣ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਤਾਂ ਮਿਲ ਗਈ ਪਰ ਪਿਛਲੇ 7 ਦਿਨਾਂ ਤੋਂ ਨਵਜੋਤ ਸਿੱਧੂ ਦਾ ਕੋਈ ਵੀ ਟਵੀਟ ਨਹੀਂ ਆ ਰਿਹਾ। ਇਹ ਇਕ ਹੈਰਾਨੀ ਦੀ ਗੱਲ ਹੈ। ਕਿਉਂਕਿ ਜਦੋਂ ਤਕ ਨਵਜੋਤ ਸਿੱਧੂ ਨੂੰ ਕੋਈ ਉਚ ਅਹੁੱਦਾ ਨਹੀਂ ਸੀ ਮਿਲਿਆ ਤਾਂ ਉਦੋਂ ਤਕ ਤਾਂ ਸਿੱਧੂ ਸਾਬ ਆਪਣੀ ਹੀ ਕਾਂਗਰਸ ਸਰਕਾਰ ’ਤੇ ਉਂਗਲਾਂ ਚੁੱਕਦੇ ਸਨ ਪਰ ਹੁਣ ਇਕਦਮ ਚੁੱਪੀ ਜਹੀ ਛਾ ਗਈ ਹੈ। ਇਹ ਚੁੱਪੀ ਕਈ ਵੱਡੇ ਸਵਾਲ ਜ਼ਰੂਰ ਖੜ੍ਹੇ ਕਰਦੀ ਹੈ। ਆਖਰ ਅਜਿਹਾ ਕਿਹੜਾ ਰਾਜ ਹੈ ਜਿਸਨੇ ਨਵਜੋਤ ਸਿੱਧੂ ਦੀ ਜੁਬਾਨ ਨੂੰ ਲਗਾਮ ਲਗਾ ਦਿੱਤੀ ਹੈ। ਬੇਸ਼ੱਕ ਕੈਪਟਨ ਖੇਮੇ ਨੇ ਸਿੱਧੂ ਦੀ ਪ੍ਰਧਾਨਗੀ ਐਲਾਨੇ ਜਾਣ ਤੋਂ ਪਹਿਲਾਂ ਹਾਈਕਮਾਂਡ ਨਾਲ ਵੱਡਾ ਕਾਟੋ ਕਲੇਸ਼ ਪਾਈ ਰੱਖਿਆ ਪਰ ਅਖੀਰ ਸਿੱਧੂ ਪ੍ਰਧਾਨਗੀ ਵਾਲੀ ਕੁਰਸੀ ’ਤੇ ਕਾਬਿਜ਼ ਹੋਣ ਵਿੱਚ ਕਾਮਯਾਬ ਰਹੇ ਅਤੇ ਹੁਣ ਕੈਪਟਨ ਖੇਮੇ ਦੇ ਖੈਰ ਖਵਾਹ ਅਖਵਾਉਣ ਵਾਲੇ ਵੀ ਸਿੱਧੂ ਨਾਲ ਜੱਫੀਆਂ ਪਾ ਉਸ ਦੇ ਸਿਆਸੀ ਜਹਾਜ ’ਤੇ ਸਵਾਰ ਹੁੰਦੇ ਜਾ ਰਹੇ ਹਨ।
ਖੈਰ ਹੁਣ ਨਵਜੋਤ ਸਿੰਘ ਸਿੱਧੂ ਜਦੋਂ ਤੋਂ ਹਿੱਕ ਠੋਕ ਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਬਣੇ ਹਨ ਉਦੋਂ ਤੋਂ ਇਹ ਚਰਚਾ ਚੱਲ ਪਈ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਕੀ ਬਣੇਗਾ। ਜਦੋਂ ਪੰਜਾਬ ਕਾਂਗਰਸ ਵਿੱਚ ਕਾਟੋ – ਕਲੇਸ਼ ਸਿਖਰਾਂ ਉੱਤੇ ਸੀ ਤਾਂ ਉਸ ਵੇਲੇ ਲੱਗਦਾ ਸੀ ਕਿ ਕੈਪਟਨ ਅਮਰਿੰਦਰ ਸਿੰਘ ਦਾ ਸਿਆਸੀ ਕੱਦ ਬਹੁਤ ਵੱਡਾ ਹੈ ਅਤੇ ਉਸ ਨੂੰ ਕੋਈ ਵੀ ਟੱਕਰ ਨਹੀਂ ਦੇ ਸਕਦਾ। ਪਰ ਜਦੋਂ ਤੋਂ ਕਾਂਗਰਸ ਦੀ ਹਾਈ ਕਮਾਨ ਨੇ ਸਿੱਧੂ ਨੂੰ ਥਾਪੜਾ ਦੇਣਾ ਸ਼ੁਰੂ ਕਰ ਦਿੱਤਾ ਸੀ, ਉਦੋਂ ਤੋਂ ਹੀ ਕੈਪਟਨ ਅਮਰਿੰਦਰ ਸਿੰਘ ਦਾ ਸਿਆਸੀ ਆਧਾਰ ਖੁਰਨਾ ਸ਼ੁਰੂ ਹੋ ਗਿਆ ਅਤੇ ਨਵਜੋਤ ਸਿੰਘ ਸਿੱਧੂ ਦਾ ਸਿਆਸੀ ਕੱਦ ਵਧਣ ਲੱਗ ਪਿਆ। ਨਵਜੋਤ ਸਿੰਘ ਸਿੱਧੂ ਨੂੰ ਸਿਆਸਤ ਦਾ ਖਿਡਾਰੀ ਨਾ ਮੰਨਣ ਵਾਲੇ ਵੀ ਹੁਣ ਇਹ ਮੰਨਣ ਲੱਗ ਪਏ ਹਨ ਕਿ ਨਵਜੋਤ ਸਿੰਘ ਸਿੱਧੂ ਪੰਜਾਬ ਦਾ ਸਿਆਸੀ ਭਵਿੱਖ ਬਣ ਸਕਦੇ ਹਨ।
   ਜਿਸ ਤਰ੍ਹਾਂ ਪਹਿਲਾਂ ਪ੍ਰਤਾਪ ਸਿੰਘ ਬਾਜਵਾ ਨੂੰ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਤੋਂ ਲਾਂਭੇ ਕਰਕੇ ਕੈਪਟਨ ਅਮਰਿੰਦਰ ਸਿੰਘ ਪੰਜਾਬ ਕਾਂਗਰਸ ਦੇ ਪ੍ਰਧਾਨ ਬਣੇ ਸਨ ਅਤੇ ਉਸ ਤੋਂ ਬਾਅਦ ਸ਼ਾਨਦਾਰ ਜਿੱਤ ਹਾਸਲ ਕਰਕੇ ਪੰਜਾਬ ਦੇ ਮੁੱਖ ਮੰਤਰੀ ਬਣੇ ਸਨ ਉਸੇ ਤਰ੍ਹਾਂ ਹੀ ਹੁਣ ਪੰਜਾਬ ਕਾਂਗਰਸ ਦੇ ਸਿਆਸੀ ਵਰਤਾਰੇ ਨੂੰ ਲੋਕ ਵੇਖਣ ਲੱਗ ਪਏ ਹਨ ਅਤੇ ਇਹ ਮੰਨ ਕੇ ਚੱਲ ਰਹੇ ਹਨ ਕਿ ਨਵਜੋਤ ਸਿੰਘ ਸਿੱਧੂ ਹੀ ਪੰਜਾਬ ਵਿੱਚ ਕਾਂਗਰਸ ਦਾ ਮੁੱਖ ਮੰਤਰੀ ਦਾ ਚਿਹਰਾ ਹੋਵੇਗਾ। ਜਦੋਂ ਇਸ ਤਰ੍ਹਾਂ ਦੀ ਸਿਆਸੀ ਚਰਚਾ ਚੱਲ ਪਵੇ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਿਆਸੀ ਭਵਿੱਖ ਉਤੇ ਸਵਾਲੀਆ ਨਿਸ਼ਾਨ ਲੱਗਣੇ ਵੀ ਜ਼ਰੂਰੀ ਹਨ।

Google search engine

LEAVE A REPLY

Please enter your comment!
Please enter your name here