ਪਾਨੀਪਤ : ਹੁਣ ਵਿਆਹਾਂ ”ਚ ਨਹੀਂ ਵੱਜੇਗਾ ”ਡੀਜੇ ਵਾਲੇ ਬਾਬੂ”

ਪਾਨੀਪਤ— ਹਰਿਆਣਾ ਦੇ ਪਾਨੀਪਤ ਜ਼ਿਲੇ ਦੇ 5 ਪਿੰਡਾਂ ‘ਚ ਹੁਣ ਵਿਆਹਾਂ ਅਤੇ ਹੋਰ ਜਸ਼ਨਾਂ ਦੌਰਾਨ ‘ਡੀਜੇ ਵਾਲੇ ਬਾਬੂ’ ਅਤੇ ‘ਦਾਰੂ ਦੇਸੀ’ ਜਿਹੇ ਗਾਣੇ ਹੁਣ ਨਹੀਂ ਵੱਜਣਗੇ। ਪਿੰਡਾਂ ਦੀਆਂ ਪੰਚਾਇਤਾਂ ਨੇ ਸਾਰਿਆਂ ਦੀ ਸਹਿਮਤੀ ਨਾਲ ਵਿਆਹਾਂ ਅਤੇ ਹੋਰ ਜਸ਼ਨਾਂ ਦੌਰਾਨ ਅਜਿਹੇ ਸੰਗੀਤ ਦੇ ਨਾਲ-ਨਾਲ ਸ਼ਰਾਬ ‘ਤੇ ਵੀ ਬੈਨ ਲਾ ਦਿੱਤਾ ਹੈ। ਪਾਨੀਪਤ ਦੇ 5 ਪਿੰਡਾਂ— ਮੰਡੀ, ਪਲਰੀ, ਬਿਜਵਾ, ਬਾਂਧ ਅਤੇ ਬਲਾਨਾ ਪੰਚਾਇਤਾਂ ਦੇ ਪ੍ਰਤੀਨਿਧੀਆਂ ਨੇ ਬੈਨ ਲਾਉਣ ਤੋਂ ਪਹਿਲਾਂ ਇਸ ਸਬੰਧ ‘ਚ ਇਕ ਬੈਠਕ ਕੀਤੀ ਸੀ, ਜਿਸ ਨੂੰ ਸਾਰਿਆਂ ਦੀ ਸਹਿਮਤੀ ਮਿਲਣ ਤੋਂ ਬਾਅਦ ਇਹ ਬੈਨ ਲਾਇਆ ਗਿਆ। ਪ੍ਰਤੀਨਿਧੀਆਂ ਮੁਤਾਬਕ ਪਿੰਡਾਂ ‘ਚ ਵਿਆਹ ਸਮਾਗਮਾਂ ਦੌਰਾਨ ਹੱਥੋਪਾਈ ਹੋ ਜਾਂਦੀ ਹੈ, ਬੈਨ ਲਾਉਣ ਦੇ ਪਿੱਛੇ ਇਹ ਮੁੱਖ ਕਾਰਨ ਸੀ। ਵਿਆਹਾਂ ‘ਚ ਮੁਫ਼ਤ ‘ਚ ਸ਼ਰਾਬ ਪਿਲਾਈ ਜਾਂਦੀ ਹੈ ਅਤੇ ਡੀਜੇ ਦੀ ਧੁੰਨ ‘ਤੇ ਅਸ਼ਲੀਲ ਗਾਣੇ ਵੱਜਦੇ ਹਨ, ਜਿਸ ਕਾਰਨ ਵਿਆਹਾਂ ‘ਚ ਅਕਸਰ ਲੜਾਈ-ਝਗੜੇ ਹੋ ਜਾਂਦੇ ਹਨ।
ਪਿੰਡ ਪਾਰਲੀ ਦੇ ਸਰਪੰਚ ਨਰੇਸ਼ ਸ਼ੇਹਰਾਵਤ ਦਾ ਕਹਿਣਾ ਹੈ ਕਿ ਅਜਿਹਾ ਫੈਸਲਾ ਇਸ ਲਈ ਲਿਆ ਗਿਆ, ਕਿਉਂਕਿ ਵਿਆਹਾਂ ‘ਚ ਵੱਜਣ ਵਾਲੇ ਡੀਜੇ ਸੰਗੀਤ ਅਤੇ ਸ਼ਰਾਬ ਕਾਰਨ ਝਗੜੇ ਹੁੰਦੇ ਹਨ। ਵਿਆਹ ਸਮਾਗਮਾਂ ‘ਚ ਅਜਿਹਾ ਬਦਲਾਅ ਜ਼ਰੂਰੀ ਸੀ। ਉਨ੍ਹਾਂ ਕਿਹਾ ਕਿ ਅਕਸਰ ਵਿਆਹ ਸਮਾਗਮਾਂ ‘ਚ ਡੀਜੇ ‘ਤੇ ਅਸ਼ਲੀਲ ਗਾਣੇ ਵੱਜਦੇ ਹਨ ਅਤੇ ਕਦੇ-ਕਦੇ ਬਾਰਾਤੀ ਆਪੇ ਤੋਂ ਬਾਹਰ ਹੋ ਜਾਂਦੇ ਹਨ ਅਤੇ ਰੰਗ ‘ਚ ਭੰਗ ਪੈ ਜਾਂਦਾ ਹੈ। ਇਸ ਕਾਰਨ ਲਾੜਾ-ਲਾੜੀ ਦੋਹਾਂ ਦੇ ਪਰਿਵਾਰਾਂ ਨੂੰ ਮੁਸ਼ਕਲ ਸਥਿਤੀ ਦਾ ਸਾਹਮਣਾ ਕਰਨਾ ਪੈਂਦਾ ਹੈ। ਮੰਡੀ ਪਿੰਡ ਦੇ ਰਹਿਣ ਵਾਲੇ ਧਰਮਵੀਰ ਸਿੰਘ ਦਾ ਕਹਿਣਾ ਹੈ ਕਿ ਉਸ ਨੇ ਪੰਚਾਇਤ ਵਿਚ ਹਿੱਸਾ ਲਿਆ। ਅਸੀਂ ਸਾਰੇ ਪਿੰਡ ਵਾਸੀ ਪੰਚਾਇਤ ਦੇ ਫੈਸਲੇ ਦਾ ਸੁਆਗਤ ਕਰਦੇ ਹਾਂ ਅਤੇ ਇਸ ਨੂੰ ਸਫਲਤਾਪੂਰਵਕ ਆਪਣੇ ਪਿੰਡ ‘ਚ ਲਾਗੂ ਕਰਨ ਲਈ ਲੋਕਾਂ ਦੀ ਮਦਦ ਕਰਾਂਗੇ। ਉਨ੍ਹਾਂ ਕਿਹਾ ਕਿ ਪ੍ਰਤੀਨਿਧੀਆਂ ਅਤੇ ਪਿੰਡ ਦੇ ਵੱਡੇ ਬਜ਼ੁਰਗਾਂ ਵਲੋਂ ਸਲਾਹ-ਮਸ਼ਵਰੇ ਮਗਰੋਂ ਇਹ ਫੈਸਲਾ ਲਿਆ ਗਿਆ ਅਤੇ ਇਸ ਨੂੰ 5 ਪਿੰਡਾਂ ‘ਚ ਸ਼ੁਰੂ ਕਰਨ ਦਾ ਫੈਸਲਾ ਲਿਆ ਗਿਆ। ਇਸ ਤੋਂ ਇਲਾਵਾ ਇਸ ਨੂੰ 7 ਹੋਰ ਪਿੰਡਾਂ ‘ਚ ਵਧਾਇਆ ਜਾਵੇਗਾ। ਜੇਕਰ ਕੋਈ ਹੁਕਮ ਦੀ ਉਲੰਘਣਾ ਕਰਦਾ ਹੈ ਤਾਂ ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *