‘ਨੌਕਰੀਆਂ ਲਈ ਨਹੀਂ, ਵਿਆਹ ਲਈ ਡਿਗਰੀ ਲੈ ਰਹੀਆਂ ਹਨ ਕੁੜੀਆਂ’

ਉਸ ਔਰਤ ਦੀਆਂ ਅੱਖਾਂ ਵਿੱਚ ਝਿਜਕ ਸੀ। ਉਹ ਆਪਣੀ ਭੈਣ ਦੀ ਕਹਾਣੀ ਦੱਸ ਰਹੀ ਸੀ ਜਿਸ ਨੂੰ ਇੰਜੀਨੀਅਰਿੰਗ ਦੀ ਡਿਗਰੀ ਹਾਸਲ ਕਰਨ ਦੇ ਬਾਵਜੂਦ ਸਭ ਕੁਝ ਛੱਡ ਕੇ ਵਿਆਹ ਕਰਨਾ ਪਿਆ ਸੀ।
ਹੁਣ ਉਸਦੇ ਦੋ ਬੱਚੇ ਹਨ ਅਤੇ ਉਹ ਵਿਆਹੁਤਾ ਜ਼ਿੰਦਗੀ ਵਿੱਚ ਖੁਸ਼ ਹੈ ਪਰ ਉਹ ਆਪਣੀ ਜ਼ਿੰਦਗੀ ਤੋਂ ਹੋਰ ਵੀ ਬਹੁਤ ਕੁਝ ਚਾਹੁੰਦੀ ਸੀ ਜਿਸ ਨੂੰ ਹਾਸਲ ਕਰਨ ਦਾ ਮੌਕਾ ਉਸ ਨੂੰ ਕਦੇ ਨਹੀਂ ਮਿਲਿਆ।
ਕੁੜੀਆਂ ਜਲਦੀ ਵਿਆਹ ਵਿੱਚ ਧੱਕੇ ਜਾਣ ਅਤੇ ਕਰੀਅਰ ਦੇ ਸੁਫ਼ਨੇ ਛੱਡਣ ਲਈ ਮਜਬੂਰ ਕੀਤੇ ਜਾਣ ਦਾ ਡਰ ਜ਼ਾਹਿਰ ਕਰ ਰਹੀਆਂ ਸਨ।
ਔਰਤਾਂ
ਜਿਹੜੀਆਂ ਕੁੜੀਆਂ ਸਾਡੇ ਨਾਲ ਗੱਲ ਕਰ ਰਹੀਆਂ ਸੀ ਉਹ ਜੈਨੇਟਿਕਸ, ਫਾਰਮਾਕੋਲੋਜੀ, ਕਾਨੂੰਨ, ਪ੍ਰਬੰਧਨ ਅਤੇ ਇੰਜੀਨੀਅਰਿੰਗ ਵਰਗੇ ਤਕੀਨੀਕੀ ਖੇਤਰਾਂ ਦੀਆਂ ਵਿਦਿਆਰਥਣਾਂ ਸਨ।
ਬਿਹਾਰ ਤੋਂ ਵੱਖਰੀ ਤਸਵੀਰ
ਇਹ ਬਿਹਾਰ ਤੋਂ ਬਿਲਕੁਲ ਉਲਟ ਸੀ ਜਿੱਥੇ ਕੁੜੀਆਂ ਅਜੇ ਵੀ ਪ੍ਰਾਇਮਰੀ ਅਤੇ ਸੈਕੰਡਰੀ ਸਿੱਖਿਆ ਹਾਸਲ ਕਰਨ ਲਈ ਸੰਘਰਸ਼ ਕਰ ਰਹੀਆਂ ਸਨ।
ਕੁੜੀਆਂ ਦੀ ਉੱਚ ਸਿੱਖਿਆ ਦੇ ਮਾਮਲੇ ਵਿੱਚ ਆਂਧਰਾ ਪ੍ਰਦੇਸ਼ ਬਿਹਾਰ ਤੋਂ ਬਹੁਤ ਅੱਗੇ ਹੈ।
ਆਲ ਇੰਡੀਆ ਸਰਵੇ ਆਫ਼ ਹਾਇਰ ਐਜੂਕੇਸ਼ਨ 2015-2016 ਵਿੱਚ ਆਂਧਰਾ ‘ਚ ਉੱਚ ਸਿੱਖਿਆ ਵਿੱਚ ਕੁੜੀਆਂ ਦਾ ਅਨੁਪਾਤ(ਘਰੇਲੂ ਨਾਮਜ਼ਦ ਅਨੁਪਾਤ ਯਾਨਿ ਜੀਈਆਰ) ਮੁੱਖ ਸੂਬਿਆਂ ਵਿੱਚ ਦੇਸ ‘ਚ ਦੂਜੇ ਨੰਬਰ ‘ਤੇ ਹੈ। ਇਸ ਸੂਚੀ ਵਿੱਚ ਸਭ ਤੋਂ ਅੱਗੇ ਤਾਮਿਲਨਾਡੂ ਹੈ।
ਪਾਸਵਰਡ ‘ਚ ਗੁਰਮੁਖੀ ਲਿਆਓ ਔਨਲਾਈਨ ਡਾਟਾ ਬਚਾਓ
ਸ਼ੀ ਜਿਨਪਿੰਗ ਤੇ ਕਿਮ ਜੋਂਗ ਉਨ ਦੀ ਬੀਜਿੰਗ ‘ਚ ਮੁਲਾਕਾਤ
ਜੀਈਆਰ ਕੁੱਲ ਕਾਬਲ ਵਿਦਿਆਰਥੀਆਂ ਦੀ ਤੁਲਨਾ ਵਿੱਚ ਉੱਚ ਸਿੱਖਿਆ ਵਿੱਚ ਦਾਖ਼ਲਾ ਲੈਣ ਵਾਲੇ ਵਿਦਿਆਰਥੀਆਂ ਦਾ ਅਨੁਪਾਤ ਹੁੰਦਾ ਹੈ।
ਭਾਰਤ ਵਿੱਚ ਇਹ 18-23 ਉਮਰ ਵਰਗ ‘ਤੇ ਮਾਪਿਆ ਜਾਂਦਾ ਹੈ। ਇਸ ਸਮੇਂ ਭਾਰਤ ਵਿੱਚ ਉੱਚ ਸਿੱਖਿਆ ਵਿੱਚ ਔਰਤਾਂ ਦੀ ਨਾਮਜ਼ਦਗੀ ਦਾ ਅਨੁਪਾਤ 23.5 ਫ਼ੀਸਦ ਹੈ ਪਰ ਭਾਰਤ ਦੇ ਵੱਖ-ਵੱਖ ਸੂਬਿਆਂ ਵਿੱਚ ਭਾਰੀ ਵਿਭਿੰਨਤਾ ਹੈ।
ਬਿਹਾਰ ਵਿੱਚ ਇਹ ਦਰ 12.6 ਫ਼ੀਸਦ ਹੈ ਜਦਕਿ ਤਾਮਿਲਨਾਡੂ ਵਿੱਚ 42.4 ਫ਼ੀਸਦ ਹੈ। ਆਂਧਰਾ ਪ੍ਰਦੇਸ਼ ਦੇਸ ਦੇ ਉਨ੍ਹਾਂ 5 ਮੁੱਖ ਸੂਬਿਆਂ ਵਿੱਚ ਸ਼ਾਮਲ ਹੈ ਜਿਨ੍ਹਾਂ ਵਿੱਚ ਮਹਿਲਾਵਾਂ ਦਾ ਜੀਈਆਰ 26.9 ਫ਼ੀਸਦ ਤੋਂ ਵਧੇਰੇ ਹੈ।
ਔਰਤਾਂ
ਉੱਚ ਸਿੱਖਿਆ ਵਿੱਚ ਵਧੇਰੇ ਹਾਜ਼ਰੀ ਦਾ ਮਤਲਬ ਇਹ ਹੋਣਾ ਚਾਹੀਦਾ ਸੀ ਕਿ ਨੌਕਰੀਆਂ ਵਿੱਚ ਵੀ ਵਧੇਰੇ ਔਰਤਾਂ ਹੋਣ ਪਰ ਆਂਧਰਾ ਯੂਨੀਵਰਸਟੀ ਦੀਆਂ ਵਿਦਿਆਰਥਣਾਂ ਦੇ ਤਜਰਬੇ ਤੋਂ ਅਜਿਹੇ ਸੰਕੇਤ ਨਹੀਂ ਮਿਲਦੇ।
ਅਸਲ ਵਿੱਚ ਸਭ ਤੋਂ ਹੈਰਾਨ ਕਰਨ ਵਾਲਾ ਬਿਆਨ ਇੱਕ 22 ਸਾਲਾ ਸਟੂਡੈਂਟ ਨੇ ਦਿੱਤਾ ਜਿਸ ਨੇ ਕਿਹਾ,”ਸਾਡੇ ਮਾਪੇ ਸਾਨੂੰ ਯੂਨੀਵਰਸਟੀ ਭੇਜ ਰਹੇ ਹਨ ਤਾਂ ਜੋ ਚੰਗੀ ਸਿੱਖਿਆ ਹਾਸਲ ਕਰ ਸਕੀਏ ਅਤੇ ਸਾਨੂੰ ਚੰਗੀਆਂ ਡਿਗਰੀਆਂ ਮਿਲ ਸਕਣ ਤੇ ਜਦੋਂ ਸਾਡਾ ਸੀਵੀ ਸੰਭਾਵਿਤ ਲਾੜਿਆਂ ਨੂੰ ਭੇਜਿਆ ਜਾਂਦਾ ਹੈ ਤਾਂ ਚੰਗਾ ਲੱਗੇ। ਉਹ ਸਾਨੂੰ ਕਰੀਅਰ ਬਣਾਉਣ ਲਈ ਇੱਥੇ ਨਹੀਂ ਭੇਜ ਰਹੇ ਹਨ।”
ਪਰਿਵਾਰਕ ਦਬਾਅ
ਇਸ ਵਿਦਿਆਰਥਣ ਦੀ ਗੱਲ ਨਾਲ ਲਗਭਗ ਸਾਰੇ ਹੀ ਸਹਿਮਤ ਸਨ। ਜਦੋਂ ਉਸ ਨੇ ਆਪਣੀ ਗੱਲ ਕਹੀ ਤਾਂ ਹਾਲ ਵਿੱਚ ਜ਼ੋਰਦਾਰ ਤਾੜੀਆਂ ਦੀ ਗੂੰਜ ਸੁਣਾਈ ਦਿੱਤੀ।
ਇਹ ਗੱਲ ਸਪੱਸ਼ਟ ਸੀ ਕਿ ਸਾਰੀ ਕੁੜੀਆਂ ਆਪਣੇ ਪਰਿਵਾਰਾਂ ਵੱਲੋਂ ਵਿਆਹ ਲਈ ਭਾਰੀ ਦਬਾਅ ਮਹਿਸੂਸ ਕਰ ਰਹੀਆਂ ਸਨ।
ਭਾਰਤ ਵਿੱਚ ਨੌਕਰੀਆਂ ‘ਚ ਔਰਤਾਂ ਦੀ ਫ਼ੀਸਦ ਨੌਕਰੀ ਕਰਨ ਦੀ ਚਾਹਤ ਅਤੇ ਹੁਨਰ ਰੱਖਣ ਵਾਲੀਆਂ ਔਰਤਾਂ ਦੀ ਤੁਲਨਾ ਵਿੱਚ 24 ਫ਼ੀਸਦ ਹੈ। ਇਹ ਵਿਸ਼ਵ ਦੇ ਔਸਤ 39 ਫ਼ੀਸਦ ਤੋਂ ਬਹੁਤ ਹੇਠਾਂ ਹੈ।
ਔਰਤਾਂ
ਵਿਸ਼ਵ ਬੈਂਕ ਦੀ ਇੱਕ ਰਿਪੋਰਟ ਮੁਤਾਬਕ ਇਸ ਮਾਮਲੇ ਵਿੱਚ ਸਾਲ 2016 ਵਿੱਚ ਆਈ 185 ਦੇਸਾਂ ਦੀ ਸੂਚੀ ਵਿੱਚ ਭਾਰਤ ਦਾ ਸਥਾਨ 172ਵਾਂ ਸੀ।
ਸਮੇਂ ਦੇ ਨਾਲ ਨੌਕਰੀਆਂ ਵਿੱਚ ਔਰਤਾਂ ਦੀ ਸ਼ਮੂਲੀਅਤ ਭਾਰਤ ਵਿੱਚ ਡਿੱਗ ਹੀ ਰਹੀ ਹੈ। ਸਾਲ 1990 ਵਿੱਚ ਜਿੱਥੇ ਇਹ 28 ਫ਼ੀਸਦ ਸੀ ਉੱਥੇ ਹੀ ਸਾਲ 2016 ਵਿੱਚ 24 ਫ਼ੀਸਦ ਹੀ ਰਹਿ ਗਿਆ।
ਸਾਰੇ ਸੂਬਿਆਂ ਦੇ ਮੁਕਾਬਲੇ ਆਂਧਰਾ ਪ੍ਰਦੇਸ਼ ਦੀ ਸਥਿਤੀ ਸਭ ਤੋਂ ਚੰਗੀ ਹੈ ਪਰ ਇੱਥੇ ਵੀ ਇਹ ਅੰਕੜਾ ਹੇਠਾਂ ਆ ਗਿਆ ਹੈ। ਸਾਲ 2006 ਵਿੱਚ 46 ਫ਼ੀਸਦ ਤੋਂ ਘੱਟ ਹੋ ਕੇ ਸਾਲ 2011 ਵਿੱਚ ਇਹ 36 ਫ਼ੀਸਦ ਹੀ ਰਹਿ ਗਿਆ ਹੈ।
ਸੈਂਟਰ ਫ਼ਾਰ ਇਕਨੌਮਿਕਸ ਐਂਡ ਸੋਸ਼ਲ ਸਟੱਡੀਜ਼ ਦੀ ਇੱਕ ਫੀਲਡ ਸਰਵੇ ਰਿਪੋਰਟ ਮੁਤਾਬਕ ਭਾਰਤ ਵਿੱਚ ਕੰਮਕਾਜੀ ਵਿਆਹੁਤਾ ਮਹਿਲਾਵਾਂ ਦੀ ਸੰਖਿਆ ਵਿੱਚ ਗਿਰਾਵਟ ਆ ਰਹੀ ਹੈ ਅਤੇ ਇਹ ਟਰੈਂਡ ਪੇਂਡੂ ਅਤੇ ਸ਼ਹਿਰੀ ਭਾਰਤ ਦੋਵਾਂ ਵਿੱਚ ਨਜ਼ਰ ਆ ਰਿਹਾ ਹੈ।
ਆਂਧਰਾ ਯੂਨੀਵਰਸਟੀ ਵਿੱਚ ਅਸੀਂ ਜਿਨ੍ਹਾਂ ਮਹਿਲਾਵਾਂ ਨਾਲ ਗੱਲਬਾਤ ਕੀਤੀ ਉਹ ਪੇਂਡੂ ਅਤੇ ਸ਼ਹਿਰੀ ਦੋਵਾਂ ਇਲਾਕਿਆਂ ਤੋਂ ਸਨ। ਪੇਂਡੂ ਖੇਤਰ ਦੀਆਂ ਔਰਤਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰਾਂ ਵਿੱਚ ਕੁੜੀਆਂ ਦਾ ਵਿਆਹ ਘੱਟ ਉਮਰ ਵਿੱਚ ਹੀ ਕਰ ਦਿੱਤਾ ਜਾਂਦਾ ਹੈ ਕਿਉਂਕਿ ਘੱਟ ਉਮਰ ਦੀਆਂ ਕੁੜੀਆਂ ਲਈ ਘੱਟ ਦਾਜ ਦੇਣਾ ਪੈਂਦਾ ਹੈ।
ਉੱਥੇ ਹੀ ਸ਼ਹਿਰੀ ਖੇਤਰ ਦੀਆਂ ਔਰਤਾਂ ਦਾ ਕਹਿਣਾ ਸੀ ਕਿ ਉੱਚ ਸਿੱਖਿਆ ਦਾਜ ਘੱਟ ਕਰਨ ਵਿੱਚ ਮਦਦਗਾਰ ਸਾਬਤ ਹੁੰਦੀ ਹੈ।
ਉਨ੍ਹਾਂ ਵਿੱਚੋਂ ਇੱਕ ਨੇ ਕਿਹਾ,”ਜੇ ਤੁਹਾਡੀ ਡਿਗਰੀ ਚੰਗੀ ਹੈ ਤਾਂ ਤੁਹਾਨੂੰ ਤਨਖ਼ਾਹ ਵੀ ਚੰਗੀ ਮਿਲਦੀ ਹੈ, ਇੱਥੇ ਜੇਕਰ ਤੁਹਾਡੀ ਡਿਗਰੀ ਚੰਗੀ ਹੈ ਤਾਂ ਤੁਹਾਨੂੰ ਘੱਟ ਦਾਜ ਦੇਣਾ ਪੈਂਦਾ ਹੈ।”
ਪਟਨਾ ਦੇ ਵਿਸ਼ਾਖਾਪਟਨਮ ਤੱਕ ਆਉਣ ਵਿੱਚ ਮੈਂ ਲੰਬਾ ਫ਼ਰਕ ਦੇਖਿਆ। ਸੱਭਿਆਚਾਰ, ਭੌਤਿਕ ਅਤੇ ਵਿਕਾਸ ਦੇ ਮਾਮਲੇ ਵਿੱਚ। ਜਿੱਥੋਂ ਤੱਕ ਔਰਤਾਂ ਦੇ ਸਾਹਮਣੇ ਮੁੱਦਿਆਂ ਦਾ ਸਵਾਲ ਹੈ, ਉਹ ਇੱਥੇ ਵੀ ਹੈ ਅਤੇ ਵਿਆਹ ਅਤੇ ਦਾਜ ਦੇ ਆਲੇ-ਦੁਆਲੇ ਹੀ ਘੁੰਮ ਰਿਹਾ ਹੈ।

Leave a Reply

Your email address will not be published. Required fields are marked *