ਟੋਰਾਂਟੋ- ਦੋਸਤਾਂ ਅਤੇ ਲਾਇਬ੍ਰੇਰੀ ਤੋਂ ਕਿਤਾਬਾਂ ਲੈਣ ਤੋਂ ਬਾਅਦ ਲੋਕ ਅਕਸਰ ਉਨ੍ਹਾਂ ਨੂੰ ਵਾਪਸ ਕਰਨਾ ਭੁੱਲ ਜਾਂਦੇ ਹਨ ਪਰ ਟੋਰਾਂਟੋ ਦੀ ਸੇਵਾਮੁਕਤ ਲਾਇਬ੍ਰੇਰੀਅਨ ਮੈਰੀ ਕੋਂਡੋ ਨੇ ਇਕ ਕਿਤਾਬ ਨੂੰ ਵਾਪਸ ਕਰਨ ਵਿਚ 73 ਸਾਲ ਲਗਾ ਦਿੱਤੇ। 75 ਸਾਲ ਦੀ ਮੈਰੀ ਮੁਤਾਬਕ ਉਸ ਦਾ ਬਚਪਨ ਅਮਰੀਕਾ ਦੇ ਮੈਰੀਲੈਂਡ ਦੇ ਮੋਂਟਗੋਮਰੀ ਸੂਬੇ ਵਿਚ ਬੀਤਿਆ। 1945 ਵਿਚ ਜਦੋਂ ਉਹ ਦੋ ਸਾਲ ਦੀ ਸੀ ਤਾਂ ਉਹ ਆਪਣੀ ਮਾਂ ਦੇ ਨਾਲ ਘਰ ਦੇ ਨੇੜੇ ਸਥਿਤ ਲਾਇਬ੍ਰੇਰੀ ਆਈ ਸੀ ਅਤੇ ਇਥੇ ਉਸ ਦੇ ਨਾਂ ‘ਤੇ ਦਿ ਪੋਸਟਮੈਨ ਨਾਮਕ ਕਿਤਾਬ ਜਾਰੀ ਕੀਤੀ ਗਈ ਸੀ।
ਬਾਅਦ ਵਿਚ ਉਹ ਟੋਰਾਂਟੋ ਵਿਚ ਹੀ ਰਹਿਣ ਲੱਗੇ। ਹਾਲ ਹੀ ਵਿਚ ਅਲਮਾਰੀ ਵਿਚ ਸਫਾਈ ਦੌਰਾਨ ਉਨ੍ਹਾਂ ਨੂੰ ਉਹ ਕਿਤਾਬਾਂ ਨਜ਼ਰ ਆਈਆਂ। ਉਨ੍ਹਾਂ ਨੇ ਇਕ ਮੁਆਫੀਨਾਮੇ ਵਿਚ ਲਿਖਿਆ ਕਿ ਉਹ ਕਿਤਾਬਾਂ ਲਾਇਬ੍ਰੇਰੀ ਵਿਚ ਪਹੁੰਚਾਏਗੀ। ਮਜ਼ੇ ਦੀ ਗੱਲ ਹੈ ਕਿ ਉਨ੍ਹਾਂ ਨੂੰ ਕੋਈ ਜੁਰਮਾਨਾ ਨਹੀਂ ਲਗਾਇਆ ਗਿਆ, ਕਿਉਂਕਿ ਮੋਂਟਗੋਮਰੀ ਲਾਇਬ੍ਰੇਰੀ ਵਿਚ ਬੱਚਿਆਂ ਦੀਆਂ ਕਿਤਾਬਾਂ ‘ਤੇ ਜੁਰਮਾਨਾ ਨਹੀਂ ਲੱਗਦਾ ਹੈ। ਕੋਂਡੋ ਨੇ ਲਾਇਬ੍ਰੇਰੀ ਨੂੰ ਚਿੱਠੀ ਲਿੱਖ ਕੇ ਕਿਹਾ ਕਿ ਜਦੋਂ ਉਹ ਦੋ ਜਾਂ ਤਿੰਨ ਸਾਲ ਦੀ ਸੀ, ਉਦੋਂ ਉਨ੍ਹਾਂ ਦੀ ਮਾਂ ਨੇ ਉਨ੍ਹਾਂ ਲਈ ਕਿਤਾਬ ਲਈ ਸੀ। ਲਾਇਬ੍ਰੇਰੀਅਨ ਵਜੋਂ ਉਨ੍ਹਾਂ ਦੇ ਤਜ਼ਰਬੇ ਨੇ ਉਨ੍ਹਾਂ ਨੂੰ ਪੁਸਤਕ ਵਾਪਸ ਕਰਨ ਲਈ ਪ੍ਰੇਰਿਤ ਕੀਤਾ।
ਮੋਂਟਗੋਮਰੀ ਕਾਉਂਟੀ ਪਬਲਿਕ ਲਾਇਬ੍ਰੇਰੀ ਐਡਮਨੀਸਟ੍ਰੇਸ਼ਨ ਦੀ ਕਾਰਜਵਾਹਕ ਡਾਇਰੈਕਟਰ ਅਨੀਤਾ ਵਾਸਲੋ ਨੇ ਕਿਹਾ ਕਿ ਇਹ ਯਕੀਨੀ ਤੌਰ ‘ਤੇ ਸਾਡੀ ਸਭ ਤੋਂ ਪੁਰਾਣੀ ਚੀਜ਼ ਹੈ ਜੋ ਸਾਡੇ ਕੋਲ ਵਾਪਸ ਆ ਗਈ ਹੈ। ਲਾਇਬ੍ਰੇਰੀ ਦੀ ਇਕ ਨੀਤੀ ਹੈ ਕਿ ਬੱਚਿਆਂ ਵਲੋਂ ਦੇਰ ਨਾਲ ਪੁਸਤਕ ਵਾਪਸ ਕਰਨ ‘ਤੇ ਵੀ ਉਨ੍ਹਾਂ ‘ਤੇ ਜੁਰਮਾਨਾ ਨਹੀਂ ਲਗਾਇਆ ਜਾਂਦਾ ਹੈ। ਇਸ ਲਈ ਮੈਰੀ ਜੁਰਮਾਨਾ ਦੇਣ ਤੋਂ ਬੱਚ ਗਈ।