ਕੋਟਕਪੂਰਾ ਪੁਲਿਸ ਨਾਕੇ ‘ਤੇ ਦੋ ਮੋਟਰਸਾਈਕਲ ਸਵਾਰਾਂ ਨੇ ਕੀਤੀ ਫਾਇਰਿੰਗ

ਸ਼ਨਿੱਚਰਵਾਰ ਦੀ ਰਾਤ ਫ਼ਰੀਦਕੋਟ ਜ਼ਿਲ੍ਹੇ ਦੇ ਸ਼ਹਿਰ ਕੋਟਕਪੂਰਾ ‘ਚ ਮੋਟਰਸਾਈਕਲ ਸਵਾਰਾਂ ਨੇ ਪੁਲਿਸ ਨਾਕੇ ਉੱਤੇ ਪਿਸਤੌਲ ਨਾਲ ਗੋਲੀ ਚਲਾ ਦਿੱਤੀ। ਜਾਣਕਾਰੀ ਅਨੁਸਾਰ ਪੁਲਿਸ ਨੇ ਜਦੋਂ ਕਰਫ਼ਿਊ ਦੌਰਾਨ ਮੋਟਰਸਾਈਕਲ ਸਵਾਰ 2 ਵਿਅਕਤੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨਾਲ ਹੋਈ ਬਹਿਸ ਤੋਂ ਬਾਅਦ ‘ਚ ਮੁਲਜ਼ਮਾਂ ਨੇ ਪੁਲਿਸ ਮੁਲਾਜ਼ਮਾਂ ‘ਤੇ ਗੋਲੀ ਚਲਾ ਦਿੱਤੀ।ਪੁਲਿਸ ਵੱਲੋਂ ਇਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਹਾਲਾਂਕਿ, ਪੁਲਿਸ ਨੇ ਕੋਟਕਪੂਰਾ ਕਸਬੇ ਦੇ ਰਿਸ਼ੀ ਨਗਰ ਦੇ ਰਹਿਣ ਵਾਲੇ ਸਤਪਾਲ ਸਿੰਘ ਨੂੰ ਕਾਬੂ ਕਰਨ ਵਿੱਚ ਸਫ਼ਲਤਾ ਹਾਸਲ ਕਰ ਲਈ ਹੈ, ਜਦੋਂ ਕਿ ਕੋਟਕਪੂਰਾ ਦਾ ਰਹਿਣ ਵਾਲਾ ਕੰਵਰਪਾਲ ਸਿੰਘ ਫਾਇਰ ਕਰਨ ਤੋਂ ਬਾਅਦ ਮੌਕੇ ਤੋਂ ਭੱਜਣ ਵਿੱਚ ਸਫ਼ਲ ਰਿਹਾ।

ਪੁਲਿਸ ਸੁਪਰਡੈਂਟ ਸੇਵਾ ਸਿੰਘ ਮੱਲ੍ਹੀ ਨੇ ਦੱਸਿਆ ਕਿ ਪੁਲਿਸ ਨੇ ਦੋ ਵਿਅਕਤੀਆਂ ਵਿਰੁਧ ਗੋਲੀਆਂ ਚਲਾਉਣ ਅਤੇ ਕਰਫਿਊ ਡਿਊਟੀ ‘ਤੇ ਪੁਲਿਸ ‘ਤੇ ਹਮਲਾ ਕਰਨ ਦੇ ਦੋਸ਼ ਵਿੱਚ ਮਾਮਲਾ ਦਰਜ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਇਕ ਵਿਅਕਤੀ ਨੂੰ ਮੌਕੇ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਸੀ, ਜਦੋਂਕਿ ਪੁਲਿਸ ਟੀਮ ਇਕ ਹੋਰ ਮੁਲਜ਼ਮ ਨੂੰ ਫੜਨ ਲਈ ਛਾਪੇਮਾਰੀ ਕਰ ਰਹੀ ਹੈ।

ਕਾਂਸਟੇਬਲ ਕੇਵਲ ਸਿੰਘ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਸ਼ਨਿੱਚਰਵਾਰ ਦੇਰ ਰਾਤ ਉਹ ਇੱਕ ਹੋਰ ਕਾਂਸਟੇਬਲ ਦੇ ਨਾਲ ਹਰੀ ਨੌ ਰੇਲਵੇ ਕਰਾਸਿੰਗ ਚੌਕੀ ‘ਤੇ ਕਰਫਿਊ ਡਿਊਟੀ ‘ਤੇ ਗਿਆ। ਰਾਤ 10 ਵਜੇ ਅਸੀਂ ਦੋ ਵਿਅਕਤੀਆਂ ਨੂੰ ਦੋ ਵੱਖ-ਵੱਖ ਵਾਹਨਾਂ ’ਤੇ ਚੈਕਪਾਸਟ ’ਤੇ ਰੋਕਿਆ। ਜਦੋਂ ਉਹ ਕਰਫਿਊ ਦੀ ਉਲੰਘਣਾ ਕਰਦੇ ਫੜੇ ਗਏ ਤਾਂ ਇਹ ਦਾਅਵਾ ਕਰਨ ਲੱਗੇ ਕਿ ਉਹ ਰੇਲਵੇ ਵਿੱਚ ਕਰਮਚਾਰੀ ਹਨ ਅਤੇ ਦੋਨੋਂ ਸਾਡੇ ਨਾਲ ਬਹਿਸ ਪਏ। ਬਾਅਦ ਵਿੱਚ ਉਨ੍ਹਾਂ ਨੇ ਸਾਡੇ ‘ਤੇ ਹਮਲਾ ਕੀਤਾ ਅਤੇ ਰੇਲਵੇ ਟਰੈਕ ਤੋਂ ਪੱਥਰਬਾਜ਼ੀ ਸ਼ੁਰੂ ਕਰ ਦਿੱਤੀ। ਅਸੀਂ ਸੱਤਪਾਲ ਨੂੰ ਕਾਬੂ ਕਰਨ ਵਿੱਚ ਕਾਮਯਾਬ ਹੋ ਗਏ, ਜਦਕਿ ਕੰਵਰਪਾਲ ਨੇ ਇਕ ਰਿਵਾਲਵਰ ਨਾਲਵ ਸਾਡੇ ‘ਤੇ ਗੋਲੀ ਚਲਾ ਦਿੱਤੀ ਅਤੇ ਮੌਕੇ ਤੋਂ ਫ਼ਰਾਰ ਹੋ ਗਿਆ।

Leave a Reply

Your email address will not be published. Required fields are marked *