ਸੁਪਨਿਆਂ ਲਈ ਵੇਚਿਆ ਗੁਰਦਾ ,ਹੁਣ ਪੂਰੀ ਜ਼ਿੰਦਗੀ ਲਈ ਬਣਿਆ ਮੁਰਦਾ

0
129

ਬੀਜਿੰਗ — ਕਿਸੇ ਵੀ ਚੀਜ਼ ਨੂੰ ਪਾਉਣ ਦੀ ਇੱਛਾ ਮਨੁੱਖ ਨੂੰ ਚੈਨ ਨਾਲ ਬੈਠਣ ਨਹੀਂ ਦਿੰਦੀ। ਕਈ ਵਾਰ ਆਪਣੀ ਮਨਪਸੰਦ ਚੀਜ਼ ਨੂੰ ਪਾਉਣ ਖਾਤਰ ਲੋਕ ਆਪਣੀ ਜ਼ਿੰਦਗੀ ਖਤਰੇ ਵਿਚ ਪਾ ਦਿੰਦੇ ਹਨ, ਜਿਸ ਦਾ ਨਤੀਜਾ ਉਨ੍ਹਾਂ ਨੂੰ ਪੂਰੀ ਜ਼ਿੰਦਗੀ ਭੁਗਤਨਾ ਪੈਂਦਾ ਹੈ। ਅਜਿਹਾ ਹੀ ਇਕ ਮਾਮਲਾ ਚੀਨ ਦਾ ਸਾਹਮਣੇ ਆਇਆ ਹੈ ਜਿੱਥੇ ਆਈਫੋਨ ਦੇ ਦੀਵਾਨੇ ਨੌਜਵਾਨ ਨੇ ਆਪਣੀ ਕਿਡਨੀ ਵੇਚ ਦਿੱਤੀ ਤੇ ਸ਼ਾਇਦ ਹੁਣ ਉਸ ਨੂੰ ਪੂਰੀ ਜ਼ਿੰਦਗੀ ਬਿਸਤਰ ‘ਤੇ ਹੀ ਕੱਟਣੀ ਪਵੇਗੀ।
ਇਹ ਹੈ ਪੂਰਾ ਮਾਮਲਾ
ਇਹ ਘਟਨਾ ਸਾਲ 2011 ਦੀ ਹੈ। ਉਸ ਸਮੇਂ ਆਈਫੋਨ4 ਕਾਫੀ ਮਸ਼ਹੂਰ ਸੀ। ਲੋਕਾਂ ਵਿਚ ਇਸ ਨੂੰ ਖਰੀਦਣ ਦਾ ਜਨੂੰਨ ਸੀ। ਇਕ ਗਰੀਬ ਪਰਿਵਾਰ ਨਾਲ ਸਬੰਧਤ 17 ਸਾਲਾ ਸ਼ਿਓ ਵੈਂਗ ਵੀ ਇਸ ਆਈਫੋਨ 4 ਨੂੰ ਖਰੀਦਣਾ ਚਾਹੁੰਦਾ ਸੀ। ਵੈਂਗ ਇਸ ਫੋਨ ਜ਼ਰੀਏ ਆਪਣੇ ਸਕੂਲ ਦੇ ਸਾਥੀ ਵਿਦਿਆਰਥੀਆਂ ‘ਤੇ ਰੌਬ ਜਮਾਉਣਾ ਚਾਹੁੰਦਾ ਸੀ। ਘਰ ਦੀ ਮਾਲੀ ਹਾਲਤ ਦੇਖਦਿਆਂ ਉਸ ਨੇ ਆਈਫੋਨ4 ਖਰੀਦਣ ਦਾ ਨਵਾਂ ਤਰੀਕਾ ਸੋਚਿਆ। ਵੈਂਗ ਨੇ ਅੰਗ ਵੇਚਣ ਵਾਲੇ ਇਕ ਸ਼ਖਸ ਨਾਲ ਸੌਦਾ ਕੀਤਾ ਅਤੇ ਆਪਣੀ ਇਕ ਕਿਡਨੀ ਵੇਚਣ ਦੀ ਯੋਜਨਾ ਬਣਾਈ। ਵੈਂਗ ਨੂੰ ਇਕ ਕਿਡਨੀ ਦੇ ਬਦਲੇ 3,200 ਅਮਰੀਕੀ ਡਾਲਰ (ਕਰੀਬ 2,23,265 ਰੁਪਏ) ਮਿਲੇ। ਇਹ ਰਾਸ਼ੀ ਨਿਸ਼ਚਿਤ ਤੌਰ ‘ਤੇ ਆਈਫੋਨ4 ਖਰੀਦਣ ਲਈ ਕਾਫੀ ਸੀ। ਹਸਪਤਾਲ ਨੇ ਵੈਂਗ ਨੂੰ ਦੱਸਿਆ ਸੀ ਕਿ ਆਪਰੇਸ਼ਨ ਦੇ ਇਕ ਹਫਤੇ ਬਾਅਦ ਹੀ ਉਹ ਪਹਿਲਾਂ ਵਰਗਾ ਸਿਹਤਮੰਦ ਹੋ ਜਾਵੇਗਾ ਅਤੇ ਇਕ ਕਿਡਨੀ ਦੇ ਸਹਾਰੇ ਸਧਾਰਨ ਜ਼ਿੰਦਗੀ ਜੀਅ ਸਕੇਗਾ। ਉਸ ਨੂੰ ਦੱਸਿਆ ਗਿਆ ਸੀ ਕਿ ਆਪਰੇਸ਼ਨ ਦੌਰਾਨ ਉਸ ਦਾ ਪੂਰਾ ਧਿਆਨ ਰੱਖਿਆ ਜਾਵੇਗਾ। ਭਾਵੇਂਕਿ ਸਰਜਰੀ ਠੀਕ ਨਹੀਂ ਹੋਈ ਅਤੇ ਸਾਫ-ਸਫਾਈ ਦਾ ਧਿਆਨ ਨਾ ਰੱਖਣ ਕਾਰਨ ਉਸ ਦੀ ਦੂਜੀ ਕਿਡਨੀ ਵਿਚ ਇਨਫੈਕਸ਼ਨ ਹੋ ਗਿਆ। ਹੁਣ ਉਹ ਬਿਸਤਰ ‘ਤੇ ਲੇਟਣ ਲਈ ਮਜਬੂਰ ਹੈ ਅਤੇ ਪੂਰੀ ਜ਼ਿੰਦਗੀ ਉਸ ਨੂੰ ਡਾਇਲਿਸਿਸ ਦੀ ਲੋੜ ਪਵੇਗੀ। ਇਸ ਘਟਨਾ ਦਾ ਦੁੱਖ ਭਰਪੂਰ ਪਹਿਲੂ ਇਹ ਹੈ ਕਿ ਵੈਂਗ ਨੇ ਇਸ ਯੋਜਨਾ ਦੇ ਬਾਰੇ ਵਿਚ ਆਪਣੇ ਮਾਤਾ-ਪਿਤਾ ਨੂੰ ਵੀ ਨਹੀਂ ਦੱਸਿਆ ਸੀ। ਗਰੀਬ ਮਾਤਾ-ਪਿਤਾ ਆਪਣੇ ਬੇਟੇ ਦੇ ਇਲਾਜ ‘ਤੇ ਕਾਫੀ ਪੈਸੇ ਖਰਚ ਕਰ ਚੁੱਕੇ ਹਨ ਅਤੇ ਕਰਜ਼ੇ ਹੇਠ ਦੱਬੇ ਗਏ ਹਨ। ਹੁਣ 24 ਸਾਲ ਦੇ ਹੋ ਚੁੱਕੇ ਵੈਂਗ ਨੂੰ ਨਿਸ਼ਚਿਤ ਤੌਰ ‘ਤੇ ਆਪਣੇ ਫੈਸਲੇ ‘ਤੇ ਪਛਤਾਵਾ ਹੋ ਰਿਹਾ ਹੋਵੇਗਾ।