ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਨੂੰ ਉਮਰ ਕੈਦ

0
133

ਨਵੀਂ ਦਿੱਲੀ : ਅੱਜ ਦਿੱਲੀ ਹਾਈਕੋਰਟ ਨੇ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ 1984 ਦੇ ਸਿੱਖ ਕਤਲੇਆਮ ਦੌਰਾਨ ਦਿੱਲੀ ਦੇ ਇੱਕ ਪਰਿਵਾਰ ਦੇ ਪੰਜ ਜੀਆਂ ਦੇ ਕਤਲ ਮਾਮਲੇ ਵਿੱਚ ਦੋਸ਼ੀ ਕਰਾਰ ਦਿੰਦਿਆਂ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਸ ਦੇ ਨਾਲ ਹੀ ਸੱਜਣ ਕੁਮਾਰ ’ਤੇ ਪੰਜ ਲੱਖ ਰੁਪਏ ਦਾ ਜੁਰਮਾਨਾ ਵੀ ਲਾਇਆ ਹੈ। ਸੱਜਣ ਕੁਮਾਰ ਤੋਂ ਇਲਾਵਾ ਕੈਪਟਨ ਭਾਗਮਲ, ਗਿਰਧਾਰੀ ਲਾਲ ਅਤੇ ਸਾਬਕਾ ਕਾਂਗਰਸੀ ਕੌਂਸਲਰ ਬਲਵਾਨ ਖੋਖਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਕਿਸ਼ਨ ਖੋਖਰ ਅਤੇ ਸਾਬਕਾ ਵਿਧਾਇਕ ਮਹਿੰਦਰ ਯਾਦਵ ਨੂੰ 10-10 ਸਾਲ ਦੀ ਸਜ਼ਾ ਸੁਣਾਈ ਗਈ ਹੈ। ਅਦਾਲਤ ਨੇ ਸੱਜਣ ਕੁਮਾਰ ਨੂੰ 31 ਦਸੰਬਰ ਤਕ ਸਰੰਡਰ ਕਰਨ ਲਈ ਕਿਹਾ ਹੈ।

ਬੀਬੀਸੀ ਅਨੁਸਾਰ ਫੈਸਲਾ ਸੁਣਾਉਣ ਵੇਲੇ ਦਿੱਲੀ ਹਾਈ ਕੋਰਟ ਨੇ ਜੱਜ ਨੇ ਕਿਹਾ, “1947 ਵਿੱਚ ਭਾਰਤ – ਪਾਕਿਸਤਾਨ ਦੀ ਵੰਡ ਵੇਲੇ ਕਈ ਲੋਕਾਂ ਦਾ ਕਤਲੇਆਮ ਹੋਇਆ ਸੀ। 37 ਸਾਲਾਂ ਬਾਅਦ ਦਿੱਲੀ ਨੇ ਫਿਰ ਤੋਂ ਉਹੀ ਕਤਲੇਆਮ ਹੋਇਆ।ਕਤਲੇਆਮ ਦੇ ਦੋਸ਼ੀਆਂ ਦਾ ਸਿਆਸੀ ਸ਼ਹਿ ਕਾਰਨ ਬਚਾਅ ਹੁੰਦਾ ਰਿਹਾ।” ਇਸ ਦੇ ਨਾਲ ਹੀ ਸੱਜਣ ਕੁਮਾਰ ਦੇ ਬਰੀ ਹੋਣ ਬਾਰੇ ਪਟੀਸ਼ਨਰ ਜਗਦੀਸ਼ ਕੌਰ ਨੇ ਕਿਹਾ ਕਿ ਨਾ ਤਾਂ ਪਿਤਾ ਦੀ ਕੁਰਬਾਨੀ ਯਾਦ ਆਈ ਨਾ ਹੀ ਪਤੀ ਦੀ ਸੇਵਾ।

ਜ਼ਿਕਰਯੋਗ ਹੈ ਕਿ ਇੱਕ ਨਵੰਬਰ 1984 ਵਿੱਚ ਭੀੜ ਨੇ ਦਿੱਲੀ ਕੈਂਟ ਦੇ ਰਾਜ ਨਗਰ ਇਲਾਕੇ ਵਿੱਚ ਜਗਦੀਸ਼ ਕੌਰ ਦੇ ਘਰ ’ਤੇ ਹਮਲਾ ਕਰ ਦਿੱਤਾ ਸੀ। ਇਸ ਹਮਲੇ ਵਿੱਚ ਜਗਦੀਸ਼ ਕੌਰ ਦੇ ਵੱਡੇ ਪੁੱਤਰ ਤੇ ਪਤੀ ਸਣੇ 5 ਲੋਕਾਂ ਦੀ ਮੌਤ ਹੋਈ ਸੀ। ਸੱਜਣ ਕੁਮਾਰ ਉੱਤੇ ਇਲਜ਼ਾਮ ਹੈ ਕਿ ਉਹ ਵੀ ਭੀੜ ਵਿਚ ਸ਼ਾਮਿਲ ਸੀ। 30 ਅਪ੍ਰੈਲ 2013 ਨੂੰ ਦਿੱਲੀ ਦੀ ਕੜਕੜਡੂਮਾ ਅਦਾਲਤ ਨੇ ਇਸ ਕਤਲੇਆਮ ਲਈ 5 ਲੋਕਾਂ ਨੂੰ ਦੋਸ਼ੀ ਠਹਿਰਾਇਆ ਸੀ। ਜਿਸ ਵਿੱਚ ਸਾਬਕਾ ਕਾਂਗਰਸੀ ਵਿਧਾਇਕ ਮਹਿੰਦਰ ਯਾਦਵ ਨੂੰ ਉਮਰ ਕੈਦ ਅਤੇ ਕੌਂਸਲਰ ਬਲਵਾਨ ਖੋਕਰ ਅਤੇ 3 ਸਾਲ ਕੈਦ ਦੀ ਸਜ਼ਾ ਸੁਣਾਈ ਸੀ। ਸੱਜਣ ਕੁਮਾਰ ਨੂੰ ਅਦਾਲਤ ਨੇ ਬਰੀ ਕਰ ਦਿੱਤਾ ਸੀ।

ਇਸ ਮਾਮਲੇ ਵਿੱਚ ਮੁੱਖ ਗਵਾਹ ਨਿਰਪ੍ਰੀਤ ਕੌਰ ਨੇ ਫੈਸਲੇ ’ਤੇ ਸੰਤੁਸ਼ਟੀ ਜ਼ਾਹਿਰ ਕੀਤੀ ਹੈ। ਨਿਰਪ੍ਰੀਤ ਕੌਰ ਨੇ ਕਿਹਾ, “ਮੈਂ 2 ਨਵੰਬਰ 1984 ਨੂੰ ਸੱਜਣ ਕੁਮਾਰ ਨੂੰ ਭਾਸ਼ਣ ਦਿੰਦਿਆਂ ਸੁਣਿਆ ਸੀ ਜਿਸ ਵਿੱਚ ਉਹ ਲੋਕਾਂ ਨੂੰ ਕਹਿ ਰਿਹਾ ਸੀ ਕਿ ਇੱਕ ਵੀ ਸਿੱਖ ਨਹੀਂ ਬਚਣਾ ਚਾਹੀਦਾ ਹੈ।” ਫੈਸਲੇ ਤੋਂ ਬਾਅਦ ਨਿਰਪ੍ਰੀਤ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੋੱਸਿਆ, “ਮੈਂ ਇਹ ਲੜਾਈ ਇਕੱਲੇ ਨਹੀਂ ਲੜ ਸਕਦੀ ਸੀ। ਮੇਰੀ ਲੜਾਈ ਵਿੱਚ ਸੀਬੀਆਈ ਦੇ ਅਫਸਰਾਂ ਸਣੇ ਕਈ ਲੋਕਾਂ ਨੇ ਸਾਥ ਦਿੱਤਾ ਹੈ।”

ਨਿਰਪ੍ਰੀਤ ਕੌਰ ਨੇ ਕਿਹਾ ਕਿ ਜੇ ਸੱਜਣ ਕੁਮਾਰ ਨੂੰ ਮੌਤ ਦੀ ਸਜ਼ਾ ਹੁੰਦੀ ਤਾਂ ਉਸ ਨੇ ਇੱਕ ਪਲ ਵਿੱਚ ਮਰ ਜਾਣਾ ਸੀ ਪਰ ਹੁਣ ਉਸ ਨੂੰ ਲੰਬੇ ਵਕਤ ਤੱਕ ਸਹਿਣਾ ਪਵੇਗਾ। ਭਾਰਤ ਦੀ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਨਵੰਬਰ 1984 ਦੌਰਾਨ ਦਿੱਲੀ ਸਣੇ ਮੁਲਕ ਦੇ ਕਈ ਸ਼ਹਿਰਾਂ ਵਿੱਚ ਹੋਏ ਸਿੱਖ ਕਤਲੇਆਮ ਵਿੱਚ ਕਾਂਗਰਸ ਦੇ ਕਈ ਵੱਡੇ ਆਗੂਆਂ ਦੇ ਨਾਂ ਸਾਹਮਣੇ ਆਏ ਸਨ।