ਅਮੀਰਾਂ ਦੀਆਂ ਜੇਬਾਂ ‘ਚ ਪਏ ਰਹਿ ਗਏ ਨੋਟ, ਉਧਰ ਭਿਖਾਰੀ ਨੇ ਨਹੀਂ ਆਉਣ ਦਿੱਤੀ ਤੋਟ

ਪਠਾਨਕੋਟ : ਵਿਅਕਤੀ ਪੈਸਿਆਂ ਤੋਂ ਨਹੀਂ, ਸਗੋਂ ਦਿਲ ਤੋਂ ਅਮੀਰ ਹੋਣਾ ਚਾਹੀਦਾ ਹੈ ਅਤੇ ਜਿਸ ਦਾ ਦਿਲ ਅਮੀਰ ਹੈ, ਉਸ ਅੱਗੇ ਫਿਰ ਸਰਕਾਰ ਅਤੇ ਵੱਡੇ-ਵੱਡੇ ਧਨਾਢ ਸਭ ਫੇਲ ਹਨ। ਇਸ ਗੱਲ ਨੂੰ ਪਠਾਨਕੋਟ ‘ਚ ਭੀਖ ਮੰਗਣ ਵਾਲੇ ਅਪਾਹਜ ਰਾਜੂ ਨੇ ਸੱਚ ਕਰ ਦਿਖਾਇਆ ਹੈ। ਰਾਜੂ ਨੇ ਭੀਖ ਮੰਗ ਕੇ ਇਕੱਠੇ ਕੀਤੇ ਪੈਸਿਆਂ ਨਾਲ ਟੁੱਟੀ ਹੋਈ ਪੁਲੀ ਨੂੰ ਬਣਾ ਕੇ ਇਕ ਮਿਸਾਲ ਕਾਇਮ ਕੀਤੀ।

ਅਸਲ ‘ਚ ਨਗਰ ਨਿਗਮ ਵਲੋਂ ਸਫਾਈ ਲਈ ਇੱਥੇ ਤੋੜੀ ਗਈ ਪੁਲੀ 3 ਮਹੀਨੇ ਬੀਤ ਜਾਣ ਦੇ ਬਾਅਦ ਵੀ ਨਹੀਂ ਬਣਾਈ ਗਈ, ਇੱਥੋਂ ਰੋਜ਼ਾਨਾ ਕਈ ਲੋਕ ਲੰਘਦੇ ਸਨ ਪਰ ਨਾ ਹੀ ਨਿਗਮ ਨੇ ਇਸ ਲਈ ਕੁਝ ਸੋਚਿਆ ਅਤੇ ਨਾ ਹੀ ਇਲਾਕੇ ਦੇ ਧਨਾਢ ਲੋਕਾਂ ਨੇ ਕੁਝ ਕੀਤਾ, ਉੱਥੇ ਹੀ ਟਾਕੀ ਇਲਾਕੇ ਦੇ ਰਹਿਣ ਵਾਲੇ ਰਾਜੂ ਭਿਖਾਰੀ ਨੇ ਭੀਖ ਮੰਗ ਕੇ ਇਹ ਟੁੱਟੀ ਹੋਈ ਪੁਲੀ ਬਣਾ ਕੇ ਸਰਕਾਰ ਅਤੇ ਧਨਵਾਨਾਂ ਲਈ ਮਿਸਾਲ ਕਾਇਮ ਕਰ ਛੱਡੀ ਕਿ ਜਿਹੜਾ ਭੀਖ ਮੰਗ ਕੇ ਪੁਲੀ ਬਣਾ ਰਿਹਾ ਹੈ, ਉਹ ਸਮਾਜ ਅਤੇ ਸਰਕਾਰ ਦੋਹਾਂ ਲਈ ਪ੍ਰੇਰਣਾ ਦਾ ਸਰੋਤ ਹੈ।

ਰਾਜੂ ਭਿਖਾਰੀ ਸਿਰਫ ਆਪਣੇ ਪੇਟ ਭਰਨ ਲਈ ਭੀਖ ਨਹੀਂ ਮੰਗਦਾ, ਸਗੋਂ ਭੀਖ ਨਾਲ ਇਕੱਠੇ ਕੀਤੇ ਪੈਸਿਆਂ ਨਾਲ ਉਹ ਸਮਾਜ ਭਲਾਈ ਦੇ ਕੰਮ ਕਰਦਾ ਹੈ। ਇਸ ਭਿਖਾਰੀ ਵਲੋਂ ਗਰੀਬ ਕੁੜੀਆਂ ਦੇ ਵਿਆਹ ਵੀ ਕਰਾਏ ਜਾਂਦੇ ਹਨ, ਜੋ ਸੱਚਮੁੱਚ ਸੱਚੀ ਸਮਾਜ ਸੇਵਾ ਹੈ। ਸਥਾਨਕ ਲੋਕਾਂ ਨੇ ਦੱਸਿਆ ਕਿ ਰਾਜੂ ਭਿਖਾਰੀ ਪੈਦਾਇਸ਼ੀ ਅਪਾਹਜ ਹੈ ਅਤੇ ਉਹ ਭੀਖ ਮੰਗ ਕੇ ਆਪਣਾ ਗੁਜ਼ਾਰਾ ਕਰਦਾ ਹੈ। ਲੋਕਾਂ ਨੇ ਦੱਸਿਆ ਕਿ ਰਾਜੂ ਕੁੜੀਆਂ ਨੂੰ ਸਲਾਈ ਮਸ਼ੀਨਾ, ਗਰੀਬ ਬੱਚਿਆਂ ਲਈ ਸਕੂਲ ਫੀਸ, ਲੰਗਰ ਲਵਾਉਣ ਤੋਂ ਇਲਾਵਾ ਸਰਦੀਆਂ ਦੇ ਮੌਸਮ ਨੂੰ ਦੇਖਦੇ ਹੋਏ ਗਰੀਬਾਂ ਨੂੰ ਕੰਬਲ ਵੀ ਵੰਡਦਾ ਹੈ ਅਤੇ ਇਹ ਸਭ ਕੁਝ ਉਹ ਭੀਖ ਦੇ ਪੈਸਿਆਂ ਤੋਂ ਹੀ ਕਰਦਾ ਹੈ।

ਰਾਜੂ ਦੇ ਅਜਿਹੇ ਕੰਮਾਂ ਨੂੰ ਦੇਖਦੇ ਹੋਏ ਲੋਕ ਉਸ ਨੂੰ ਬਿਨਾਂ ਮੰਗੇ ਹੀ ਪੈਸੇ ਦੇ ਦਿੰਦੇ ਹਨ।  ਜਦੋਂ ਇਸ ਬਾਰੇ ਨਗਰ ਨਿਗਮ ਦੇ ਮੇਅਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਧਿਆਨ ‘ਚ ਵੀ ਇਹ ਮਾਮਲਾ ਆਇਆ ਹੈ ਕਿ ਰਾਜੂ ਭਿਖਾਰੀ ਵਲੋਂ ਪੁਲੀ ਦਾ ਕੰਮ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਜਿਹੜੇ ਅਧਿਕਾਰੀ ਨਿਗਮ ‘ਚ ਲਾਏ ਗਏ ਹਨ, ਉਹ ਆਪਣਾ ਕੰਮ ਸਹੀ ਤਰੀਕੇ ਨਾਲ ਨਹੀਂ ਕਰ ਰਹੇ, ਜਿਸ ਕਾਰਨ ਇਹ ਨੌਬਤ ਆਈ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸਭ ਨੂੰ ਇਸ ਭਿਖਾਰੀ ਨੂੰ ਪ੍ਰੇਰਣਾ ਲੈਣੀ ਚਾਹੀਦੀ ਹੈ।

Leave a Reply

Your email address will not be published. Required fields are marked *