iPhone ਤੇ ਸਮਾਰਟ ਵਾਚ ਹੋਣਗੇ ਸਸਤੇ, ਘੱਟ ਸਕਦੀ ਹੈ ਕਸਟਮ ਡਿਊਟੀ

ਨਵੀਂ ਦਿੱਲੀ— ਸਰਕਾਰ ਅਮਰੀਕਾ ਤੋਂ ਆਉਣ ਵਾਲੇ ਮੋਬਾਇਲ ਫੋਨ, ਸਮਾਰਟ ਵਾਚ ਤੇ ਉਨ੍ਹਾਂ ਦੇ ਪਾਰਟਸ ‘ਤੇ ਕਸਟਮ ਡਿਊਟੀ ਘਟਾ ਸਕਦੀ ਹੈ। ਇਸ ਨਾਲ ਆਈਫੋਨ ਤੇ ਐਪਲ ਸਮਾਰਟ ਵਾਚ ਦੀਆਂ ਕੀਮਤਾਂ ‘ਚ ਕਮੀ ਹੋ ਸਕਦੀ ਹੈ। ਜਾਣਕਾਰੀ ਮੁਤਾਬਕ, ਸਰਕਾਰ ਨੇ ਅਮਰੀਕਾ ਨੂੰ ਕਿਹਾ ਹੈ ਕਿ ਆਈ. ਟੀ. ਪ੍ਰਾਡਕਟਸ ‘ਤੇ ਇੰਪੋਰਟ ਡਿਊਟੀ ‘ਚ ਕਟੌਤੀ ਕੀਤੀ ਜਾ ਸਕਦੀ ਹੈ ਪਰ ਇਸ ਨੂੰ ਪੂਰੀ ਤਰ੍ਹਾਂ ਸਮਾਪਤ ਨਹੀਂ ਕੀਤਾ ਜਾ ਸਕਦਾ।
ਹਾਲ ਹੀ ‘ਚ ਭਾਰਤ ਯਾਤਰਾ ਦੌਰਾਨ ਅਮਰੀਕੀ ਕਾਮਰਸ ਮੰਤਰੀ ਵਿਲਬਰ ਰੌਸ ਨੇ ਭਾਰਤ ਵੱਲੋਂ ਅਮਰੀਕੀ ਪ੍ਰਾਡਕਟਸ ‘ਤੇ ਉੱਚਾ ਟੈਰਿਫ ਵਸੂਲਣ ਦਾ ਮੁੱਦਾ ਜ਼ੋਰ-ਸ਼ੋਰ ਨਾਲ ਚੁੱਕਿਆ ਸੀ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੀ ਇਸ ‘ਤੇ ਕਈ ਵਾਰ ਇਤਰਾਜ਼ ਜਤਾ ਚੁੱਕੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਭਾਰਤ ਨੂੰ ਅਮਰੀਕਾ ‘ਚ ਬਰਾਮਦ ਕਰਨ ‘ਤੇ ਕਾਫੀ ਫਾਇਦਾ ਹੁੰਦਾ ਹੈ, ਜਦੋਂ ਕਿ ਭਾਰਤ ਉਨ੍ਹਾਂ ਦੇ ਪ੍ਰਾਡਕਟਸ ‘ਤੇ ਸਭ ਤੋਂ ਵੱਧ ਕਸਟਮ ਡਿਊਟੀ ਵਸੂਲਦਾ ਹੈ।
ਕਿੰਨੀ ਹੈ ਡਿਊਟੀ-
ਜ਼ਿਕਰਯੋਗ ਹੈ ਕਿ ਮੌਜੂਦਾ ਸਮੇਂ ਸਮਾਰਟ ਫੋਨਾਂ ਤੇ ਸਮਾਰਟ ਵਾਚ ‘ਤੇ 20 ਫੀਸਦੀ ਇੰਪੋਰਟ ਡਿਊਟੀ ਹੈ। ਇਸ ਤੋਂ ਪਹਿਲਾਂ ਇਨ੍ਹਾਂ ‘ਤੇ 15 ਫੀਸਦੀ ਡਿਊਟੀ ਸੀ। ਹਾਲਾਂਕਿ ਹੁਣ ਇਸ ਡਿਊਟੀ ‘ਚ ਕਿੰਨੀ ਕਟੌਤੀ ਕੀਤੀ ਜਾਵੇਗੀ ਇਸ ਬਾਰੇ ਸਪੱਸ਼ਟ ਨਹੀਂ ਹੈ। ਉੱਥੇ ਹੀ, ਇੰਪੋਰਟ ਡਿਊਟੀ ਘਟਾਉਣ ਨਾਲ ਨਾ ਸਿਰਫ ਅਮਰੀਕੀ ਫੋਨ ਸਗੋਂ ਚਾਈਨਿਜ਼ ਫੋਨਾਂ ਦੀ ਦਰਾਮਦ ਵੀ ਸਸਤੀ ਹੋ ਸਕਦੀ ਹੈ ਕਿਉਂਕਿ ਵਿਸ਼ਵ ਵਪਾਰ ਸੰਗਠਨ ਦੇ ਨਿਯਮਾਂ ਮੁਤਾਬਕ ਦਰਾਮਦ ਡਿਊਟੀ ਸਾਰੇ ਦੇਸ਼ਾਂ ਲਈ ਇਕੋ-ਜਿਹੀ ਰੱਖੀ ਜਾ ਸਕਦੀ ਹੈ। ਇੰਪੋਰਟ ਡਿਊਟੀ ‘ਚ ਕਟੌਤੀ ਨਾਲ ਸਰਕਾਰ ਨੂੰ ਵੱਡੇ ਪੱਧਰ ‘ਤੇ ਰੈਵੇਨਿਊ ਦਾ ਨੁਕਸਾਨ ਤੇ ਦਰਾਮਦ ‘ਚ ਤੇਜ਼ੀ ਦਾ ਸਾਹਮਣਾ ਕਰਨਾ ਪਵੇਗਾ।

Leave a Reply

Your email address will not be published. Required fields are marked *