ਗੁਲਾਮਾ ਦੀਆਂ ਨਿਸ਼ਾਨੀਆਂਂ ਤੇ ਚਲਦਾ ਕੁਹਾੜਾ

ਕੋਈ ਇਤਿਹਾਸਕ ਇਮਾਰਤ ਕਿਉਂ ਸਾਂਭਦਾ ਹੈ ਤੇ ਕੋਈ ਕਿਉਂ ਢਾਹੁੰਦਾ ਹੈ ?
ਤਰਨ ਤਾਰਨ ਸਾਹਿਬ ਵਿਖੇ ਇਤਿਹਾਸਕ ਡਿਓੜੀ ਢਾਉਣ ਪਿੱਛੋਂ ਇਹ ਸਵਾਲ ਬਹੁਤ ਸਾਰੇ ਲੋਕਾਂ ਦੇ ਮਨਾਂ ਵਿੱਚ ਹੈ ਕਿ ਕੋਈ ਇਤਿਹਾਸਕ ਇਮਾਰਤਾਂ ਨੂੰ ਕਿਉਂ ਸਾਂਭਦਾ ਹੈ ਤੇ ਕੋਈ ਦੂਜਾ ਇਤਿਹਾਸਕ ਇਮਾਰਤ ਨੂੰ ਕਿਉਂ ਢਾਹ ਦਿੰਦਾ ਹੈ ।
ਜਦੋਂ ਅੰਗਰੇਜ਼ਾਂ ਨੇ ਪੰਜਾਬ ਤੇ ਕਬਜ਼ਾ ਕਰ ਲਿਆ ਤਾਂ ਸਭ ਤੋਂ ਪਹਿਲਾਂ ਉਨ੍ਹਾਂ ਨੇ ਸ੍ਰੀ ਅੰਮ੍ਰਿਤਸਰ ਸ਼ਹਿਰ ਦੇ ਦੁਆਲੇ ਮਹਾਰਾਜਾ ਰਣਜੀਤ ਸਿੰਘ ਵੱਲੋਂ ਬਣਵਾਈ ਗਈ ਫਸੀਲ ਕੰਧ ਤੇ ਦਰਵਾਜ਼ੇ ਢਾਹੇ । ਮਹਾਰਾਜਾ ਰਣਜੀਤ ਸਿੰਘ ਦਾ ਅੰਮ੍ਰਿਤਸਰ ਰਾਮ ਬਾਗ ਵਿਚ ਬਣਿਆ ਸ਼ਾਹੀ ਮਹੱਲ ਸਿਪਾਹੀਆਂ ਨੂੰ ਰਹਿਣ ਲਈ ਦੇ ਦਿੱਤਾ ਗਿਆ ਬਾਗ਼ ਦੇ ਦੁਆਲੇ ਬਣੀ ਹੋਈ ਕੰਧ ਢਾਹ ਦਿੱਤੀ ਗਈ ਅਤੇ ਬਾਗ ਅੰਦਰ ਅਯਾਸ਼ੀ ਕਰਨ ਲਈ ਕਲੱਬ ਉਸਾਰ ਲਏ ਗਏ । ਸੜਕਾਂ ਬਣਾ ਦਿੱਤੀਆਂ ਗਈਆਂ ।
ਅੰਗਰੇਜ਼ ਤਾਂ ਇਤਿਹਾਸਕ ਇਮਾਰਤਾਂ ਦੀ ਮਹੱਤਤਾ ਨੂੰ ਸਮਝਦਾ ਸੀ ਉਹਨੇ ਆਪਣੀ ਆਕਸਫੋਰਡ ਨੂੰ ਸਾਭਿਆ ਸੀ, ਯੂਰਪੀ ਇਤਿਹਾਸ ਨਾਲ ਸਬੰਧਤ ਸੈਂਕੜੇ ਸਾਲ ਪੁਰਾਣੀਆਂ ਇਮਾਰਤਾਂ ਨੂੰ ਸਾਂਭ ਕੇ ਰੱਖੀਆਂ ਹੋਈਆਂ ਸਨ । ਫਿਰ ਕਿਉਂ ਅੰਗਰੇਜ਼ ਨੇ ਮਹਾਰਾਜਾ ਰਣਜੀਤ ਸਿੰਘ ਦੀਆਂ ਨਿਸ਼ਾਨੀਆਂ ਨੂੰ ਢਾਹ ਦਿੱਤੀਆਂ ਜਾਂ ਖੁਰਦ ਬੁਰਦ ਕਰ ਦਿੱਤੀਆਂ ?
ਆਸਟਰੇਲੀਆ ਵੱਸਦੇ ਨੌਜਵਾਨ ਮਿੱਤਰ ਗੁਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਰਾਜ ਕਰਨ ਵਾਲੇ ਆਪਣੀਆਂ ਚੀਜ਼ਾਂ ਸਾਂਭਦੇ ਹਨ ਤੇ ਗੁਲਾਮਾਂ ਦੀਆਂ ਢਾਉਂਦੇ ਹਨ । ਉਨ੍ਹਾਂ ਨੂੰ ਫਿਕਰ ਸੀ ਕਿ ਆਪਣੇ ਮਾਹਰਾਜੇ ਦੇ ਰਾਜ ਦੇ ਮਹਿਲ ਮੁਨਾਰੇ ਵੇਖ ਕੇ ਕਿਤੇ ਇਹ ਲੋਕ ਦੁਬਾਰਾ ਰਾਜ ਕਰਨ ਦੀ ਇੱਛਾ ਨਾ ਜਗਾ ਲੈਣ । ਭਾਵੇ ਕਿ ਅੰਗਰੇਜ਼ ਚਲੇ ਗਏ ਪਰ ਅੱਜ ਵੀ ਮਹਾਰਾਜਾ ਰਣਜੀਤ ਸਿੰਘ ਦੇ ਰਾਮਬਾਗ ਵਿੱਚ ਅਯਾਸ਼ੀ ਦੇ ਕਲੱਬ ਚੱਲਦੇ ਨੇ ਜਿੱਥੇ ਕਦੇ ਖਾਲਸਾ ਰਾਜ ਦਾ ਝੰਡਾ ਝੁਲਿਆ ਕਰਦਾ ਸੀ ।

Leave a Reply

Your email address will not be published. Required fields are marked *