ਮੌਜੂਦਾ ਸਥਿਤੀ ਅਨੁਸਾਰ ਹੀ ਲਵਾਂਗੇ ਕਫਰਿਊ ਵਧਾਉਣ ਦਾ ਫੈਸਲਾ : ਕੈਪਟਨ ਅਮਰਿੰਦਰ ਸਿੰਘ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਇਹ ਸਪੱਸ਼ਟ ਕੀਤਾ ਕਿ ਕਰਫਿਊ ਨੂੰ 14 ਅਪਰੈਲ ਤੋਂ ਅੱਗੇ ਵਧਾਉਣ ਬਾਰੇ ਕੋਈ ਵੀ ਫ਼ੈਸਲਾ ਮੌਜੂਦਾ ਸਥਿਤੀ ‘ਤੇ ਨਿਰਭਰ ਕਰੇਗਾ ਜਿਸ ‘ਤੇ ਉਹ ਰੋਜ਼ਾਨਾ ਨਿੱਜੀ ਤੌਰ ‘ਤੇ ਨਿਗਰਾਨੀ ਰੱਖ ਰਹੇ ਹਨ। ਮੁੱਖ ਮੰਤਰੀ ਉਨ੍ਹਾਂ ਮੀਡੀਆ ਰਿਪੋਰਟਾਂ ‘ਤੇ ਪ੍ਰਤੀਕਿਰਿਆ ਦੇ ਰਹੇ ਸਨ ਜਿਸ ਵਿੱਚ ਇਹ ਕਿਹਾ ਗਿਆ ਕਿ ਉਹ ਕੋਵਿਡ-19 ਦੇ ਮੱਦੇਨਜ਼ਰ ਸੂਬੇ ਵਿੱਚ ਲਗਾਏ ਗਏ ਕਰਫਿਊ ਨੂੰ 14 ਅਪਰੈਲ ਨੂੰ ਨਹੀਂ ਹਟਾਉਣਗੇ। ਉਨ੍ਹਾਂ ਸਪੱਸ਼ਟ ਕੀਤਾ ਕਿ ਉਨ੍ਹਾਂ ਨੇ ਜੋ ਕਿਹਾ ਉਹ ਇਹ ਸੀ ਕਿ ਇਸ ਮੌਕੇ ਇਸ ਬਾਰੇ ਕੋਈ ਪੱਕਾ ਫ਼ੈਸਲਾ ਜਾਂ ਸਮਾਂ ਸੀਮਾ ਨਹੀਂ ਦੱਸੀ ਜਾ ਸਕਦੀ। ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਜਾਨਾਂ ਅਤੇ ਸੂਬੇ ਨੂੰ ਬਚਾਉਣ ਲਈ ਪਾਬੰਦੀਆਂ ਲੋੜ ਮੁਤਾਬਕ ਜਾਰੀ ਰਹਿਣਗੀਆਂ।

ਕੈਪਟਨ ਅਮਰਿੰਦਰ ਨੇ ਕਿਹਾ ਕਿ ਸੂਬੇ ਵਿੱਚ ਕਰਫਿਊ/ਲੌਕਡਾਊਨ ਨੂੰ ਹਟਾਉਣ ਜਾਂ ਅੱਗੇ ਵਧਾਉਣ ਬਾਰੇ ਕੋਈ ਵੀ ਫ਼ੈਸਲਾ ਉਸ ਸਮੇਂ ਦੀ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਲਿਆ ਜਾਵੇਗਾ। ਇਹ ਪੂਰੀ ਤਰ੍ਹਾਂ ਉਸ ਸਮੇਂ ਦੇ ਹਾਲਾਤਾਂ ‘ਤੇ ਨਿਰਭਰ ਕਰੇਗਾ ਉਨ੍ਹਾਂ ਕਿਹਾ ਕਿ ਇਸ ਸਬੰਧੀ ਕੋਈ ਵੀ ਫ਼ੈਸਲਾ ਲੈਣਾ ਅਜੇ ਸੰਭਵ ਨਹੀਂ ਹੈ। ਮੁੱਖ ਮੰਤਰੀ ਨੇ ਕਿਹਾ ਕਿ ਜੇ ਹਾਲਾਤਾਂ ਵਿੱਚ ਸੁਧਾਰ ਹੁੰਦਾ ਹੈ ਤਾਂ ਅਜਿਹੀਆਂ ਸਖ਼ਤ ਪਾਬੰਦੀਆਂ ਦੀ ਲੋੜ ਨਹੀਂ ਪਵੇਗੀ। ਹਾਲਾਂਕਿ ਜੇ ਸਥਿਤੀ ਗੰਭੀਰ ਹੁੰਦੀ ਹੈ ਤਾਂ ਸਰਕਾਰ ਕੋਲ ਕਰਫਿਊ ਜਾਂ ਲੌਕਡਾਊਨ ਜਾਂ ਕਿਸੇ ਹੋਰ ਜ਼ਰੂਰੀ ਕਦਮਾਂ ਜ਼ਰੀਏ ਕੰਟਰੋਲ ਰੱਖਣ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਹੋਵੇਗਾ।

ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਪੰਜਾਬ ਦੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀ ਸਰਕਾਰ ਕਰਫਿਊ ਦੇ ਨਤੀਜੇ ਵਜੋਂ ਉਨ੍ਹਾਂ ਨੂੰ ਦਰਪੇਸ਼ ਮੁਸ਼ਕਲਾਂ ਨੂੰ ਘੱਟ ਕਰਨ ਲਈ ਵੱਧ ਤੋਂ ਵੱਧ ਕਦਮ ਚੁੱਕ ਰਹੀ ਹੈ। ਉਨ੍ਹਾਂ ਕਿਹਾ ਕਿ ਬੈਂਕਿੰਗ, ਡਾਕ ਅਤੇ ਕੋਰੀਅਰ, ਫ਼ਸਲਾਂ ਦੀ ਵਾਢੀ ਆਦਿ ਵਰਗੀਆਂ ਬਹੁਤ ਸਾਰੀਆਂ ਜ਼ਰੂਰੀ ਸੇਵਾਵਾਂ ਜੋ ਕਿ ਸ਼ੁਰੂ ਵਿੱਚ ਬੰਦ ਕਰ ਦਿੱਤੀਆਂ ਗਈਆਂ ਸਨ, ਮੁੜ ਚਾਲੂ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਡਾਕਟਰਾਂ, ਸਿਹਤ ਕਰਮਚਾਰੀਆਂ ਅਤੇ ਨਿਯਮਤ ਮਰੀਜ਼ਾਂ ਨੂੰ ਕਰਫਿਊ ਪਾਸ ਰੱਖਣ ਦੀ ਜ਼ਰੂਰਤ ਨੂੰ ਵੀ ਹਟਾ ਦਿੱਤਾ ਗਿਆ ਹੈ।

Leave a Reply

%d bloggers like this: