ਅੰਤਿਮ ਸਸਕਾਰ ਰੋਕਣ ਵਾਲੇ ਵੇਰਕਾ–ਵਾਸੀ ਉਸਾਰਨਗੇ ਭਾਈ ਨਿਰਮਲ ਸਿੰਘ ਖਾਲਸਾ ਦੀ ਯਾਦਗਾਰ

ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਵੇਰਕਾ ਦੇ ਬਾਹਰਲੇ ਪਾਸੇ ਰਹਿੰਦੇ ਨਾਗਰਿਕਾਂ ਨੇ ਪ੍ਰਸ਼ਾਸਨ ਨੂੰ ਕੱਲ੍ਹ ਭਾਈ ਨਿਰਮਲ ਸਿੰਘ ਖਾਲਸਾ ਦੀ ਮ੍ਰਿਤਕ ਦੇਹ ਦਾ ਅੰਤਿਮ ਸਸਕਾਰ ਨਹੀਂ ਕਰਨ ਦਿੱਤਾ ਸੀ। ਭਾਈ ਨਿਰਮਲ ਸਿੰਘ ਖਾਲਸਾ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਸਨ। ਉਨ੍ਹਾਂ ਦਾ ਕੱਲ੍ਹ ਵੀਰਵਾਰ ਤੜਕੇ 4:30 ਵਜੇ ਕੋਰੋਨਾ ਵਾਇਰਸ ਕਾਰਨ ਦੇਹਾਂਤ ਹੋ ਗਿਆ ਸੀ। ਇਸੇ ਲਈ ਸਥਾਨਕ ਨਾਗਰਿਕਾਂ ਨੇ ਉਨ੍ਹਾਂ ਦੀ ਮ੍ਰਿਤਕ ਦੇਹ ਨੂ ਆਪਣੇ ਲਾਗਲੇ ਸ਼ਮਸ਼ਾਨਘਾਟ ’ਚ ਅੰਤਿਮ ਸਸਕਾਰ ਨਹੀਂ ਕਰਨ ਦਿੱਤਾ ਸੀ।

ਇਸ ਸ਼ਮਸ਼ਾਨਘਾਟ ਦੀ ਚੋਣ ਇਸ ਲਈ ਕੀਤੀ ਗਈ ਸੀ ਕਿਉਕਿ ਇਹ ਅੰਮ੍ਰਿਤਸਰ ਸ਼ਹਿਰ ਦੇ ਬਾਹਰਵਾਰ ਸਥਿਤ ਹੈ। ਜਦੋਂ ਪਿੰਡ ਵਾਸੀਆਂ ਨੇ ਸ਼ਮਸ਼ਾਨਘਾਟ ’ਚ ਅੰਤਿਮ ਸਸਕਾਰ ਨਾ ਕਰਨ ਦਿੱਤਾ। ਉਨ੍ਹਾਂ ਸਭ ਨੂੰ ਇਹ ਡਰ ਸੀ ਕਿ ਕਿਤੇ ਕੋਰੋਨਾ ਵਾਇਰਸ ਦੀ ਮਹਾਂਮਾਰੀ ਉਨ੍ਹਾਂ ਦੇ ਪਿੰਡ ’ਚ ਨਾ ਫੈਲ ਜਾਵੇ।

ਤਦ ਫਿਰ ਪਿੰਡ ਦੀ ਸ਼ਾਮਲਾਟ ’ਤੇ ਭਾਈ ਨਿਰਮਲ ਸਿੰਘ ਖਾਲਸਾ ਦੀ ਮ੍ਰਿਤਕ ਦੇਹ ਦਾ ਅੰਤਿਮ ਸਸਕਾਰ ਵੀਰਵਾਰ ਕੀਤਾ ਗਿਆ।

ਇਸ ਤੋਂ ਪਹਿਲਾਂ ਸਥਾਨਕ ਕਾਂਗਰਸੀ ਆਗੂ ਹਰਪਾਲ ਸਿੰਘ ਵੇਰਕਾ ਤੇ ਕੁਝ ਹੋਰ ਸਥਾਨਕ ਵਾਸੀਆਂ ਨੇ ਸ਼ਮਸ਼ਾਨਘਾਟ ਨੂੰ ਜਿੰਦਰਾ ਲਾ ਦਿੱਤਾ ਸੀ। ਸ੍ਰੀ ਹਰਪਾਲ ਸਿੰਘ ਵੇਰਕਾ ਨੇ ਮੌਕੇ ’ਤੇ ਕਿਹਾ ਕਿ – ‘ਸਾਨੂੰ ਡਰ ਹੈ ਕਿ ਅੰਤਿਮ ਸਸਕਾਰ ਵੇਲੇ ਉੱਠਣ ਵਾਲਾ ਧੂੰਆਂ ਕਿਤੇ ਸ਼ਮਸ਼ਾਨਘਾਟ ਲਾਗਲੇ ਇਲਾਕੇ ’ਚ ਰਹਿੰਦੇ ਨਾਗਰਿਕਾਂ ਦੀ ਸਿਹਤ ਖ਼ਰਾਬ ਨਾ ਕਰ ਦੇਵੇ ਤੇ ਉਨ੍ਹਾਂ ਵਿੱਚੋਂ ਕੋਈ ਕਿਤੇ ਲਾਇਲਾਜ ਕੋਰੋਨਾ ਵਾਇਰਸ ਦੀ ਲਾਗ ਦੀ ਲਪੇਟ ’ਚ ਨਾ ਆ ਜਾਵੇ।’

ਦੁਰਗਿਆਣਾ ਮੰਦਰ ਤੇ ਗੁਰਦੁਆਰਾ ਸ਼ਹੀਦ ਗੰਜ ਸਥਿਤ ਦੋ ਮੁੱਖ ਸ਼ਮਸ਼ਾਨਘਾਟ ਜਿੱਥੇ ਸਥਿਤ ਹਨ; ਉੱਥੇ ਬਹੁਤ ਸੰਘਣੀ ਆਬਾਦੀ ਹੈ; ਜਿਸ ਕਰਕੇ ਉਨ੍ਹਾਂ ਦੀ ਚੋਣ ਅੰਤਿਮ ਸਸਕਾਰ ਲਈ ਨਹੀਂ ਕੀਤੀ ਗਈ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਇਸ ਸਾਰੀ ਸਥਿਤੀ ਉੱਤੇ ਆਪਣਾ ਪ੍ਰਤੀਕਰਮ ਪ੍ਰਗਟਾਉਂਦਿਆਂ ਕਿਹਾ ਕਿ ਅਜਿਹੀ ਸੰਕਟ ਦੀ ਘੜੀ ’ਚ ਵੇਰਕਾ ਪਿੰਡ ਦੇ ਵਾਸੀਆਂ ਨੇ ਜਿਹੜਾ ਸਟੈਂਡ ਲਿਆ ਹੈ; ਉਹ ਸਿੱਖ ਕੌਮ ਲਈ ਸ਼ਰਮਨਾਕ ਹੈ। ਉਨ੍ਹਾਂ ਕਿਹਾ ਕਿ ਭਾਈ ਨਿਰਮਲ ਸਿੰਘ ਖਾਲਸਾ ਦੀ ਇੱਕ ਯਾਦਗਾਰ ਕਾਇਮ ਕੀਤੀ ਜਾਵੇਗੀ।

ਭਾਈ ਲੌਂਗੋਵਾਲ ਨੇ ਕਿਹਾ ਕਿ ਜਿਹੜੀ ਸ਼ਖ਼ਸੀਅਤ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਸੇਵਾ ਕਈ ਦਹਾਕਿਆਂ ਬੱਧੀ ਕੀਤੀ ਹੋਵੇ; ਉਸ ਦੀ ਮ੍ਰਿਤਕ ਦੇਹ ਦੇ ਅੰਤਿਮ ਸਸਕਾਰ ਲਈ ਜਗ੍ਹਾ ਨਾ ਦੇਣਾ ਮਨੁੱਖੀ ਕਦਰਾਂ–ਕੀਮਤਾਂ ਦਾ ਘਾਣ ਹੈ।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਹਜ਼ੂਰੀ ਰਾਗੀ ਦਾ ਅਪਮਾਨ ਕੀਤਾ ਗਿਆ ਹੈ ਤੇ ਮੁੱਖ ਮੰਤਰੀ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਅਜਿਹੀ ਘਟਨਾ ਦੋਬਾਰਾ ਨਾ ਵਾਪਰੇ।

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਮਲਕੀਤ ਸਿੰਘ ਨੇ ਅੰਤਿਮ ਸਸਕਾਰ ਦੀਆਂ ਰਸਮਾਂ ਨਿਭਾਈਆਂ। ਇਸ ਮੌਕੇ ਭਾਈ ਖਾਲਸਾ ਦੇ ਪੁੱਤਰ ਅਮਿਤੇਸ਼ਵਰ ਸਿੰਘ ਵੀ ਮੌਜੂਦ ਸਨ।

ਬਾਅਦ ’ਚ ਸ਼ਾਮੀਂ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿਲੋਂ ਨੇ ਦਾਅਵਾ ਕੀਤਾ ਕਿ ਪਿੰਡ ਵਾਸੀਆਂ ਨੂੰ ਹੁਣ ਆਪਣੀ ਗ਼ਲਤੀ ਦਾ ਪਛਤਾਵਾ ਹੋ ਰਿਹਾ ਹੈ ਤੇ ਉਨ੍ਹਾਂ ਨੇ ਅੰਤਿਮ ਸਸਕਾਰ ਵਾਲੀ ਜਗ੍ਹਾ ਉੱਤੇ ਇੱਕ ਯਾਦਗਾਰ ਉਸਾਰਨ ਦਾ ਫ਼ੈਸਲਾ ਕੀਤਾ ਹੈ।

Leave a Reply

%d bloggers like this: