ਹੁਣ ਸਪੇਸ ਸਟੇਸ਼ਨ ਤੇ ਲੈ ਸਕਣਗੇ ਬਿਸਕੁੱਟ ਖਾਣ ਦਾ ਆਨੰਦ

ਵਾਸ਼ਿੰਗਟਨ— ਪੁਲਾੜ ਸਟੇਸ਼ਨ ਦੀ ਵਰਤੋਂ ਹੁਣ ਤੱਕ ਸਿਰਫ ਵਿਗਿਆਨਕ ਖੋਜਾਂ ਲਈ ਕੀਤੀ ਜਾਂਦੀ ਰਹੀ ਹੈ। ਹੁਣ ਪੁਲਾੜ ਯਾਤਰੀ ਸਪੇਸ ਸਟੇਸ਼ਨ ਵਿਚ ਬਣੇ ਤਾਜ਼ਾ ਬਿਸਕੁੱਟ ਵੀ ਖਾ ਸਕਣਗੇ। ਇਸ ਲਈ ਸਪੈਸ਼ਲ ਓਵਨ ਵੀ ਪੁਲਾੜ ਵਿਚ ਭੇਜਿਆ ਗਿਆ ਹੈ। ਨਾਸਾ ਦੇ ਸਾਬਕਾ ਪੁਲਾੜ ਯਾਤਰੀ ਮਾਈਕ ਮੈਸੀਮੀਨੋ (56) ਨੇ ਇਹ ਜਾਣਕਾਰੀ ਦਿੱਤੀ। ਚੰਨ ‘ਤੇ ਪਹਿਲਾ ਕਦਮ ਰੱਖਣ ਵਾਲੇ ਨੀਲ ਆਰਮਸਟਰਾਂਗ ਨੇ ਕਿਹਾ ਸੀ ਕਿ ਇਹ ਮਨੁੱਖ ਲਈ ਭਾਵੇਂ ਛੋਟਾ ਕਦਮ ਹੈ ਪਰ ਮਨੁੱਖ ਜਾਤੀ ਲਈ ਲੰਬੀ ਛਾਲ ਹੈ। ਮੈਸੀਮੀਨੋ ਮੁਤਾਬਕ,”ਪੁਲਾੜ ਵਿਚ ਬਿਸਕੁੱਟ ਬਣਾਉਣ ਦੀ ਤਿਆਰੀ ਸ਼ੁਰੂ ਹੋ ਚੁੱਕੀ ਹੈ। ਇਕ ਸਪੈਸ਼ਲ ਓਵਨ ਸਪੇਸ ਸਟੇਸ਼ਨ ‘ਤੇ ਭੇਜਿਆ ਜਾ ਚੁੱਕਾ ਹੈ। ਪੁਲਾੜ ਯਾਤਰੀ ਹੁਣ ਤੱਕ ਆਪਣੇ ਨਾਲ ਡੀਹਾਈਡ੍ਰੇਟ ਜਾਂ ਪਕਾਇਆ ਹੋਇਆ ਭੋਜਨ ਲਿਜਾਂਦੇ ਸਨ। ਹੁਣ ਉਹ ਤਾਜ਼ਾ ਬਿਸਕੁੱਟ ਦਾ ਆਨੰਦ ਲੈ ਸਕਣਗੇ। ਪੁਲਾੜ ਯਾਤਰੀ ਸਾਲ 2019 ਦੇ ਖਤਮ ਹੋਣ ਤੋਂ ਪਹਿਲਾਂ ਸਪੇਸ ਵਿਚ ਬਣੇ ਬਿਸਕੁੱਟ ਖਾ ਸਕਣਗੇ।”
ਮੈਸੀਮੀਨੋ ਨੇ ਕਿਹਾ ਕਿ ਇਹ ਜਾਣਨਾ ਬਹੁਤ ਰੋਮਾਂਚਕ ਹੋਵੇਗਾ ਕਿ ਮਾਈਕ੍ਰੋਗ੍ਰੈਵਿਟੀ (ਕਰੀਬ 0 ਗੁਰਤਾ) ਵਿਚ ਬੇਕਿੰਗ ਪ੍ਰਕਿਰਿਆ ਕਿਵੇਂ ਕੰਮ ਕਰਦੀ ਹੈ। ਇਸ ਵਿਸ਼ੇਸ਼ ਓਵਨ ਨੂੰ ਦੋ ਕੰਪਨੀਆਂ ‘ਜ਼ੀਰੋ ਜੀ ਕਿਚਨ’ ਅਤੇ ਡਬਲਟ੍ਰੀ ਬਾਏ ਹਿਲਟਨ’ ਨੇ ਮਿਲ ਕੇ ਬਣਾਇਆ ਹੈ। ਸਪੇਸ ਓਵਨ ਇਕ ਬੇਲਨਾਕਾਰ ਕੰਟੇਨਰ ਹੈ ਜਿਸ ਨੂੰ ਪੁਲਾੜ ਸਟੇਸ਼ਨ ਦੀ ਮਾਈਕ੍ਰੋਗ੍ਰੈਵਿਟੀ ਵਿਚ ਖਾਣ ਦੀਆਂ ਚੀਜ਼ਾਂ ਨੂੰ ਬੇਕ ਕਰਨ ਲਈ ਬਣਾਇਆ ਗਿਆ ਹੈ। ਉੱਥੇ ਧਰਤੀ ਜਿਹਾ ਵਾਤਾਵਰਣ ਨਹੀਂ ਹੈ, ਇਸ ਲਈ ਨਕਲੀ ਵਾਤਾਵਰਣ ਬਣਾਇਆ ਜਾਂਦਾ ਹੈ। ਇਹ ਜਾਣਨਾ ਰੋਮਾਂਚਕ ਹੋਵੇਗਾ ਕਿ ਮਾਈਕ੍ਰੋਗ੍ਰੈਵਿਟੀ ਵਿਚ ਬਿਸਕੁੱਟ ਕਿਵੇਂ ਬਣਾਇਆ ਜਾਵੇਗਾ।
ਮੈਸੀਮੀਨੋ ਨੇ ਕਿਹਾ,”ਇਤਿਹਾਸ ਵਿਚ ਅਜਿਹਾ ਪਹਿਲੀ ਵਾਰ ਹੋਵੇਗਾ ਜਦੋਂ ਪੁਲਾੜ ਯਾਤਰੀ ਸਪੇਸ ਸਟੇਸ਼ਨ ਵਿਚ ਬਣੇ ਬਿਸਕੁੱਟ ਖਾ ਸਕਣਗੇ। ਪੁਲਾੜ ਯਾਤਰੀਆਂ ਨੂੰ ਬਿਸਕੁੱਟ ਉਨ੍ਹਾਂ ਦੇ ਘਰ ਦੀ ਯਾਦ ਦਿਵਾਏਗਾ। ਉੱਥੇ ਤਾਜ਼ਾ ਬਿਸਕੁੱਟ ਖਾਣਾ ਇਕ ਵੱਡੀ ਤਬਦੀਲੀ ਹੋਵੇਗੀ। ਮੈਨੂੰ ਨਹੀਂ ਪਤਾ ਕਿ ਕੁਕੀਜ਼ ਇਕ ਵਾਰ ਵਿਚ ਬਣਨਗੇ ਜਾਂ ਨਹੀਂ ਪਰ ਤਾਜ਼ਾ ਕੁਕੀਜ਼ ਦੀ ਮਹਿਕ ਬਹੁਤ ਰੋਮਾਂਚਕ ਹੋਵੇਗੀ।
ਉਨ੍ਹਾਂ ਨੇ ਕਿਹਾ ਕਿ ਇਹ ਖੋਜ ਸਿਰਫ ਪੁਲਾੜ ਯਾਤਰੀਆਂ ਦੇ ਆਨੰਦ ਲਈ ਨਹੀਂ ਹੈ ਸਗੋਂ ਵਿਗਿਆਨ ਦੇ ਪ੍ਰਯੋਗ ਲਈ ਹੈ। ਹੁਣ ਤੱਕ ਕੋਈ ਨਹੀਂ ਜਾਣਦਾ ਕਿ ਮਾਈਕ੍ਰੋਗ੍ਰੈਵਿਟੀ ਵਿਚ ਇਸ ਨੂੰ ਕਿਵੇਂ ਬੇਕ ਕਰਨਾ ਹੈ, ਇਸ ਦਾ ਆਕਾਰ ਅਤੇ ਸਵਾਦ ਕਿਸ ਤਰ੍ਹਾਂ ਦਾ ਹੋਵੇਗਾ? ਇਹ ਧਰਤੀ ‘ਤੇ ਬਣੇ ਕੁਕੀਜ਼ ਤੋਂ ਜ਼ਿਆਦਾ ਗੋਲਾਕਾਰ ਵੀ ਹੋ ਸਕਦਾ ਹੈ।

Share with Friends

Leave a Reply