ਪੰਛੀਆਂ ਦੀ ਤਫ਼ਤੀਸ਼ ਦਾ ਸਾਰ – ਜਸਬੀਰ ਭੁੱਲਰ

ਸਵੈ-ਜੀਵਨੀ ਅੰਸ਼

ਬਰਾਵੋ ਕੰਪਨੀ ਰਜੌਰੀ ਤੋਂ ਪੰਜਾਹ ਕੁ ਕਿਲੋਮੀਟਰ ਉਰਾਂ, ਨਾਰੀਆਂ ਦੇ ਇਕ ਬੇਢੱਬੇ ਜਿਹੇ ਪਹਾੜ ਉਤੇ ਸੀ। ਅਫਸਰਾਂ ਦੇ ਰਹਿਣ ਲਈ ਉਥੇ ਕੱਚੇ ਬੰਕਰ ਸਨ। ਉਹ ਬੰਕਰ ਜ਼ਮੀਨ ਦੇ ਧਰਾਤਲ ਤੋਂ ਢਾਈ-ਤਿੰਨ ਫੁੱਟ ਨੀਵੇਂ ਸਨ। ਪਹਿਲਾਂ ਉਥੇ ਤੋਪਖਾਨੇ ਵਾਲੇ ਹੁੰਦੇ ਸਨ। ਇਹ ਟੋਏ ਪਹਿਲਾਂ ਉਨ੍ਹਾਂ ਦੀਆਂ ਤੋਪਾਂ ਦੇ ਮੋਰਚੇ ਸਨ। ਇਨ੍ਹਾਂ ਟੋਇਆਂ ਨੂੰ ਹੀ ਉਨ੍ਹਾਂ ਦੇ ਜਾਣ ਪਿੱਛੋਂ ਬੰਕਰਾਂ ਦਾ ਰੂਪ ਦੇ ਦਿੱਤਾ ਗਿਆ ਸੀ।

ਇਸ ਪਹਾੜ ਦੇ ਪੈਰਾਂ ਕੋਲ ਪਹਾੜੀ ਨਦੀ ਵਗਦੀ ਸੀ। ਰਾਤ ਵੇਲੇ ਪਾਣੀ ਦਾ ਪੱਥਰਾਂ ਨਾਲ ਖਹਿਣ ਦਾ ਰੌਲਾ ਬਹੁਤ ਉੱਚਾ ਸੁਣਦਾ ਸੀ ਜਿਵੇਂ ਬੰਕਰ ਨੂੰ ਅਪਣੀ ਗਲਵੱਕੜੀ ਵਿਚ ਲੈਣ ਲਈ ਨਦੀ ਪਹਾੜ ਚੜ੍ਹ ਆਈ ਹੋਵੇ।

ਉਸ ਪਹਾੜ ਉਤੇ ਸੱਪ ਬਹੁਤ ਸਨ। ਕਈ ਵਾਰ ਤਾਂ ਇਸ ਤਰ੍ਹਾਂ ਲੱਗਣ ਲੱਗ ਪੈਂਦਾ ਸੀ ਜਿਵੇਂ ਉਥੇ ਸੱਪਾਂ ਦਾ ਸ਼ਹਿਰ ਵੱਸਿਆ ਹੋਇਆ ਸੀ। ਗਰਮੀ ਕੁਝ ਵਧੇਰੇ ਹੋ ਜਾਵੇ ਤਾਂ ਸੱਪ ਵਰਮੀਆਂ ਤੋਂ ਬਾਹਰ ਆ ਜਾਂਦੇ ਸਨ।

ਕਈ ਵਾਰ ਉਹ ਡੂੰਘੇ ਬੰਕਰਾਂ ਵਿਚ ਉਤਰ ਆਉਂਦੇ ਸਨ ਤੇ ਮੁੜ ਉਨ੍ਹਾਂ ਕੋਲੋਂ ਬਾਹਰ ਨਹੀਂ ਸੀ ਨਿਕਲਿਆ ਜਾਂਦਾ।
ਕੋਈ ਸੱਪ ਕਿਤਾਬਾਂ ਉਤੇ ਕੁੰਡਲੀ ਮਾਰੀ ਬੈਠਾ ਦਿਸ ਪੈਂਦਾ ਸੀ। ਕਈ ਵਾਰ ਪੈਰਾਂ ਹੇਠ ਮਿੱਧੇ ਜਾਣ ਤੋਂ ਮਸਾਂ ਬਚਦਾ ਸੀ। ਇਕ ਵਾਰ ਤਾਂ ਸੱਪ ਮੇਰੇ ਬਿਸਤਰੇ ਉਤੇ ਇਸ ਤਰ੍ਹਾਂ ਬੈਠਾ ਹੋਇਆ ਸੀ ਜਿਵੇਂ ਬਿਸਤਰਾ ਉਹਦੇ ਲਈ ਹੀ ਵਿਛਾਇਆ ਗਿਆ ਹੋਵੇ। ਉਥੇ ਬਿਜਲੀ ਨਹੀਂ ਸੀ। ਰਾਤ ਵੇਲੇ ਕਿਧਰੋਂ ਪਰਤੋ ਤਾਂ ਟੋਹ ਟੋਹ ਕੇ ਬੰਕਰ ਵਿਚ ਦਾਖ਼ਲ ਹੋਣਾ ਪੈਂਦਾ ਸੀ। ਇਹ ਤੌਖਲਾ ਵੀ ਬਣਿਆਂ ਰਹਿੰਦਾ ਸੀ ਕਿ ਤੀਲ੍ਹਾਂ ਵਾਲੀ ਡੱਬੀ ਲਈ ਹੱਥ ਮਾਰਦਿਆਂ ਕਿਧਰੇ ਸੱਪ ਨੂੰ ਹੀ ਹੱਥ ਨਾ ਪੈ ਜਾਵੇ।

ਉਸ ਦਿਨ ਧੁੱਪ ਜਲੌਅ ਵਿਚ ਸੀ। ਤ੍ਰਿਪਾਲਾਂ ਵਿਛਾ ਕੇ ਅਸੀਂ ਹਥਿਆਰਾਂ ਨੂੰ ਧੁੱਪੇ ਲੰਮਾਂ ਪਾਇਆ ਹੋਇਆ ਸੀ। ਹਥਿਆਰ ਧੁੱਪ ਵੀ ਸੇਕ ਰਹੇ ਸਨ ਤੇ ਉਹਨ੍ਹਾਂ ਦੀ ਸਫ਼ਾਈ ਵੀ ਹੋ ਰਹੀ ਸੀ।
ਮੈਂ ਧੁੱਪ ਵਿਚ ਖਲੋਤਾ ਹੋਇਆ ਸਾਂ। ਮੈਂ ਪੂਰੇ ਦਿਨ ਨੂੰ ਅਪਣੇ ਅੰਦਰ ਸਮੋਅ ਲੈਣਾ ਚਾਹੁੰਦਾ ਸਾਂ। ਦਿਨ ਮੈਨੂੰ ਚੰਗੇ ਲਗਦੇ ਸਨ। ਦਰਅਸਲ ਮੈਂ ਨਾਰੀਆਂ ਦੀਆਂ ਰਾਤਾਂ ਤੋਂ ਅੱਕਿਆ ਹੋਇਆ ਸਾਂ।
ਰਾਤਾਂ ਸਿਰ ਵੀ ਮੈਂ ਬੱਸ ਐਵੇਂ ਹੀ ਇਹ ਇਲਜ਼ਾਮ ਧਰ ਦਿੱਤਾ ਸੀ, ਪ੍ਰੇਸ਼ਾਨ ਤਾਂ ਮੈਂ ਸੱਪਾਂ ਹੱਥੋਂ ਸਾਂ। ਪਿਛਲੀ ਰਾਤ ਵੀ ਮੈਂ ਇਕ ਸੱਪ ਮਾਰਿਆ ਸੀ। ਕੰਬਖ਼ਤ ਮੇਰੇ ਫੌਜੀ ਬੂਟ ਵਿਚ ਵੜਿਆ ਬੈਠਾ ਸੀ। ਲਾਲਟੈਣ ਦੇ ਚਾਨਣ ਵਿਚ ਸੱਪ ਮਾਰਨਾ ਆਸਾਨ ਨਹੀਂ ਸੀ। ਇਸ ਤੋਂ ਪਹਿਲਾਂ ਕਿ ਮੈਂ ਸੂਰਜ ਨੂੰ ਅਪਣੀ ਜੱਫੀ ਵਿਚ ਲੈਣ ਲਈ ਬਾਹਵਾਂ ਫੈਲਾਅ ਦਿੰਦਾ, ਮਕਾਨ ਅਫ਼ਸਰ ਮੇਜਰ ਰਘਬੀਰ ਸਿੰਘ ਦਾ ਬੁਲਾਵਾ ਆ ਗਿਆ।
ਉਹਦੇ ਦਫ਼ਤਰ ਵਿਚ ਵੜਦਿਆਂ ਮੈਂ ਸਲਿਊਟ ਦਿੱਤਾ।
ਉਹਨੇ ਬੈਠਣ ਦਾ ਇਸ਼ਾਰਾ ਕੀਤਾ।
”ਸੋ, ਹਉ ਇਜ਼ ਐਵਰੀ ਥਿੰਗ?” ਉਸ ਪੁੱਛਿਆ।
”ਫਾਈਨ ਸਰ! …. ਥੈਂਕ ਯੂ ਸਰ।”
”ਤੇਰੇ ਲਈ ਇਕ ਡਿਊਟੀ ਐ!”
”ਦੱਸੋ ਸਰ”
”ਮਰਾਠਾ ਵਾਲਿਆਂ ਦੀ ਇਕ ਟੋਲੀ ਲੰਮੀਂ ਗਸ਼ਤ ਉਤੇ ਜਾ ਰਹੀ ਐ। ਨਾਲ ਜਾਣ ਲਈ ਹੈਡਕੁਆਟਰ ਨੇ ਕੈਪਟਨ ਜ਼ਿੰਟਾ ਨੂੰ ਨਾਮਜ਼ਦ ਕੀਤਾ ਏ, ਪਰ ਮੈਂ ਸੋਚਦਾ ਵਾਂ ਕਿ ਉਹਦੀ ਥਾਂ ਉਤੇ ਤੂੰ ਚਲਿਆ ਜਾਵੇਂ। ਇਸ ਦੌਰਾਨ ਉਹ ਕੁਝ ਦਿਨਾਂ ਦੀ ਛੁੱਟੀ ਹੋ ਆਊ, ਅਪਣੀ ਬੀਵੀ ਨੂੰ ਮਿਲ ਲਊ।”
ਸੱਪਾਂ ਕੋਲੋਂ ਮੈਂ ਜਿੰਨੇ ਕੁ ਦਿਨ ਪਰ੍ਹਾਂ ਰਹਿ ਆਵਾਂ ਓਨਾ ਹੀ ਚੰਗਾ ਸੀ। ਮੈਂ ਆਖਿਆ, ”ਸਰ, ਮੈਂ ਤਿਆਰ ਆਂ।”
ਮੇਜਰ ਰਘਬੀਰ ਸਿੰਘ ਦੀ ਕਮਾਨ ਵਿਚ ਅਸੀਂ ਦੋ ਹੀ ਅਫ਼ਸਰ ਸਾਂ। ਕੈਪਟਨ ਦੀਨਾ ਨਾਥ ਜ਼ਿੰਟਾ ਨੂੰ ਤੁਰਨਾ ਚੰਗਾ ਨਹੀਂ ਸੀ ਲਗਦਾ। ਮੈਨੂੰ ਤੁਰਨਾ ਚੰਗਾ ਲਗਦਾ ਸੀ। ਉਦੋਂ ਮੈਨੂੰ ਅਪਣੇ ਆਪ ਨਾਲ ਬਹੁਤ  ਸਾਰੀਆਂ ਗੱਲਾਂ ਕਰ ਲੈਣ ਦਾ ਅਵਸਰ ਮਿਲਦਾ ਸੀ। ਖੁਦ ਨਾਲ ਗੱਲਾਂ ਕਰਦਿਆਂ ਕਈ ਵਾਰ ਮੈਂ ਨਵੀਂ ਕਹਾਣੀ ਦੀਆਂ ਬੁਣਤੀਆਂ ਵੀ ਬੁਣਨ ਲੱਗ ਪੈਂਦਾ ਸਾਂ।
ਉਹ ਵਰ੍ਹੇ ਮੇਰੇ ਲਿਖਣ ਦੇ ਉਮਾਂਹ ਦੇ ਵਰ੍ਹੇ ਸਨ। ਬਰਾਵੋ ਕੰਪਨੀ ਤੋਂ ਅਸੀਂ ਆਮ ਤੌਰ ‘ਤੇ ਨੇੜੇ ਦੇ ਪਹਾੜਾਂ ਦੀ ਕੰਘੀ ਕਰਦੇ ਰਹਿੰਦੇ ਸਾਂ, ਮੀਲਾਂ ਤੱਕ ਜੰਗਲ ਦਾ ਪੋਟਾ ਪੋਟਾ ਛਾਣਦੇ ਸਾਂ। ਉਦੋਂ ਅਸੀਂ ਇਹ ਸੋਚਦੇ ਸਾਂ ਕਿ ਦੂਰ ਪਹਾੜਾਂ ਉਤੇ ਟੰਗੀਆਂ ਦਿਸਦੀਆਂ ਝੌਂਪੜੀਆਂ ਵਿਚੋਂ ਜਾਂ ਜੰਗਲਾਂ ਵਿਚੋਂ ਸਾਨੂੰ ਲੁਕੇ ਹੋਏ ਘੁਸਪੈਠੀਏ ਲੱਭ ਪੈਣਗੇ।
ਮੇਜਰ ਰਘਬੀਰ ਸਿੰਘ ਨੇ ਕੈਪਟਨ ਦੀਨਾ ਨਾਥ ਜ਼ਿੰਟਾ ਨੂੰ ਜਾਂ ਮੈਨੂੰ ਗਸ਼ਤੀ ਦਲ ਦਾ ਕਮਾਂਡਰ ਬਣਾ ਕੇ ਵਾਰੀ ਵਾਰੀ ਭੇਜਣਾ ਹੁੰਦਾ ਸੀ। ਜਦੋਂ ਕੈਪਟਨ ਦੀਨਾਨਾਥ ਜ਼ਿੰਟਾ ਦੀ ਗਸ਼ਤ ਉੱਤੇ ਜਾਣ ਦੀ ਵਾਰੀ ਆਉਂਦੀ ਸੀ ਤਾਂ ਮੈਂ ਉਹਦੀਆਂ ਨਜ਼ਰਾਂ ਪੜ੍ਹ ਲੈਂਦਾ ਸਾਂ।
ਉਹ ਝੇਂਪਿਆ ਜਿਹਾ ਆਖਦਾ, ”ਭੁੱਲਰ! ਅੱਜ ਤੇਰੀ ਭਰਜਾਈ ਦੀ ਚਿੱਠੀ ਆਉਣੀ ਐ….।”

ਮੈਂ ਹਸਦਾ, ”ਸਰ! ਫ਼ਿਕਰ ਕਾਹਦਾ ਹੈ? ਮੈਂ ਜੂ ਹਾਂ।” ਉਹ ਖਿੜਪੁੜ ਜਾਂਦਾ ਤੇ ਮੋਹ ਨਾਲ ਮੇਰਾ ਹੱਥ ਘੁੱਟਦਾ।
ਕੈਪਟਨ ਦੀਨਾ ਨਾਥ ਜ਼ਿੰਟਾ ਦਾ ਵਿਆਹ ਨਵਾਂ ਨਵਾਂ ਹੋਇਆ ਸੀ, ਪਰ ਉਹ ਨਾਰੀਆਂ ਵਿਚ ਅਪਣੀ ਸੱਜ ਵਿਆਹੀ ਨੂੰ ਲੈ ਕੇ ਨਹੀਂ ਸੀ ਆ ਸਕਦਾ। ਇਹ ਸਰਹੱਦੀ ਖੇਤਰ ਸੀ, ਪਰਿਵਾਰ ਨੂੰ ਉਥੇ ਲੈ ਕੇ ਆਉਣ ਦੀ ਆਗਿਆ ਨਹੀਂ ਸੀ। ਕਮਾਨ ਅਫ਼ਸਰ ਦੀ ਵਿਸ਼ੇਸ਼ ਆਗਿਆ ਨਾਲ ਉਹ ਅਪਣੀ ਬੀਵੀ ਨੂੰ ਜੰਮੂ ਤੱਕ ਲੈ ਆਇਆ ਸੀ। ਉਥੇ ਉਹਨੇ ਇਕ ਕੋਠੀ ਦਾ ਕਮਰਾ ਕਿਰਾਏ ਉਤੇ ਲੈ ਲਿਆ ਸੀ। ਉਹ ਕੁਝ ਦਿਨ ਉਥੇ ਇਕੱਠੇ ਰਹੇ ਸਨ। ਉਹੀ ਉਨ੍ਹਾਂ ਦਾ ਕੁਝ ਦਿਨਾਂ ਦਾ ਹਨੀਮੂਨ ਸੀ।
….ਤੇ ਫੇਰ ਉਹ ਬੀਵੀ ਨੂੰ ਇਕੱਲ ਸੌਂਪ ਕੇ ਨਾਰੀਆਂ ਪਰਤ ਆਇਆ ਸੀ।
ਕੈਪਟਨ ਜ਼ਿੰਟਾ ਦਾ ਖਿਆਲ ਸੀ ਕਿ ਉਹ ਹਫ਼ਤੇ ਬਾਅਦ ਜੰਮੂ ਦਾ ਗੇੜਾ ਲਾ ਲਿਆ ਕਰੇਗਾ, ਪਰ ਇਹ ਸੰਭਵ ਨਹੀਂ ਸੀ।
ਜੰਮੂ ਉਥੋਂ ਦੂਰ ਸੀ, ਬਹੁਤ ਦੂਰ।
ਇਹ ਦੂਰੀ ਫੌਜ ਨੇ ਕਈ ਜੋਜਨ ਦੀ ਕਰ ਦਿੱਤੀ ਸੀ।
ਬੀਵੀ ਦੀ ਇਕੱਲ ਨੂੰ ਕੈਪਟਨ ਜ਼ਿੰਟਾ ਚਿੱਠੀਆਂ ਤੇ ਸੁਨੇਹਿਆਂ ਨਾਲ ਵਰਚਾਉਂਦਾ ਰਿਹਾ ਸੀ।
ਮੈਂ ਉਸ ਇਕੱਲੀ ਔਰਤ ਨੂੰ ਦੋ ਕੁ ਵਾਰ ਮਿਲਿਆ ਸਾਂ। ਉਹ ਪਤਲੀ ਜਿਹੀ ਤਿੱਖੇ ਨੈਣ ਨਕਸ਼ਾਂ ਵਾਲੀ ਸੁਨੱਖੀ ਔਰਤ ਸੀ।
ਉਥੇ, ਜੰਮੂ ਸ਼ਹਿਰ ਦੇ ਉਸ ਕਮਰੇ ਵਿਚ ਉਹਦੇ ਕੋਲ ਉਡੀਕ ਸੀ ਅਤੇ ਕੈਪਟਨ ਦੀਨਾ ਨਾਥ ਜ਼ਿੰਟਾ ਨਾਲ ਬਿਤਾਏ ਪਲਾਂ ਦਾ ਖੂਬਸੂਰਤ ਚੇਤਾ ਸੀ।
ਮੇਰੇ ਕਮਾਨ ਅਫ਼ਸਰ ਨੇ ਕੈਪਟਨ ਦੀਨਾ ਨਾਥ ਜ਼ਿੰਟਾ ਦੀ ਥਾਂ ਮੈਨੂੰ ਲੰਮੀ ਗਸ਼ਤ ਉਤੇ ਭੇਜਣ ਦੀ ਗੱਲ ਕਹੀ ਸੀ ਤਾਂ ਮੇਰੇ ਮਨ ਨੇ ਕੋਈ ਰੋਸ ਜ਼ਾਹਰ ਨਹੀਂ ਸੀ ਕੀਤਾ। ਮੈਂ ਵੀ ਤਾਂ ਇਹੋ ਚਾਹੁੰਦਾ ਸਾਂ ਕਿ ਉਸ ਸੁਹਣੀ ਔਰਤ ਦੇ ਚੇਤੇ ਵਿਚ ਮੇਲ ਦੇ ਕੁਝ ਹੋਰ ਪਲ ਸ਼ਾਮਲ ਹੋ ਜਾਣ।
…….

ਨਾਰੀਆਂ ਤੋਂ ਸੁੰਦਰ ਬਣੀ ਤਕ ਦੇ ਪੈਂਡੇ ਲਈ ਪੱਕੀ ਸੜਕ ਸੀ। ਸੜਕ ਦੇ ਨਾਗਵਲ ਬਹੁਤਾ ਪ੍ਰੇਸ਼ਾਨ ਨਹੀਂ ਸਨ ਕਰਦੇ, ਪਰ ਮੂੰਹ ਅੱਡੀ ਪਈਆਂ ਖੱਡਾਂ ਡਰਾਉਣ ਦੇ ਯਤਨ ਵਿਚ ਸਨ।
ਥਰੀ ਟਨ ਟਰੱਕ ਨੇ ਸੁੰਦਰ ਬਣੀ ਤੋਂ ਇਕ ਕੱਚਾ ਰਾਹ ਫੜ ਲਿਆ।
ਵਲ ਵਲੇਵੇਂ ਖਾਂਦਾ ਉਹ ਰਾਹ ਕਿਸੇ ਵੀ ਆਵਾਜਾਈ ਲਈ ਨਹੀਂ ਸੀ, ਪਰ ਅਸੀਂ ਉਸ ਰਾਹ ਉਤੇ ਟਰੱਕ ਤੋਰ ਲਿਆ ਸੀ।
ਥਾਂ-ਥਾਂ ਪੱਥਰਾਂ ਨੇ ਰਾਹ ਰੋਕਿਆ ਹੋਇਆ ਸੀ। ਟਰੱਕ ਦੇ ਰਾਹ ਲਈ ਅਸੀਂ ਉਤਰ ਕੇ ਪੱਥਰਾਂ ਨੂੰ ਖੱਡ ਵੱਲ ਰੇੜ੍ਹ ਦਿੰਦੇ ਸਾਂ। ਉਹ ਰਾਹ ਕੁਝ ਮੀਲਾਂ ਦਾ ਹੀ ਸੀ, ਪਰ ਸਾਨੂੰ ਕਈ ਜੋਜਨ ਲੰਮਾ ਜਾਪਿਆ ਸੀ।
ਟਰੱਕ ਦੇ ਡੱਕੋਡੋਲਿਆਂ ਨਾਲ ਸਾਡੇ ਪਾਸੇ ਦੁਖਣ ਲੱਗ ਪਏ ਸਨ।
ਉਹ ਸੜਕ ਜੋ ਕਿਧਰੇ ਵੀ ਨਹੀਂ ਸੀ ਜਾਂਦੀ, ਆਖ਼ਰਕਾਰ ਮੁੱਕ ਗਈ। ਉਸ ਸੜਕ ਦੇ ਸਾਹਮਣੇ ਦੈਂਤ ਵਰਗਾ ਪਹਾੜ ਆ ਗਿਆ ਸੀ। ਉਹ, ਜਿਹੜੇ ਵੀ ਇਸ ਸੜਕ ਨੂੰ ਤਾਮੀਰ ਕਰ ਰਹੇ ਸਨ, ਉਨ੍ਹਾਂ ਹਾਰ ਮੰਨ ਲਈ ਸੀ।
ਅਸੀਂ ਅਪਣੇ ਟਿਕਾਣੇ ਤੋਂ ਤੜਕਸਾਰ ਚੱਲੇ ਸਾਂ, ਪਹਾੜ ਦੀ ਕੰਧ ਤੱਕ ਪਹੁੰਚਦਿਆਂ ਦੁਪਹਿਰ ਢਲਣ ਲੱਗ ਪਈ ਸੀ।
ਸਾਰੇ ਟਰੱਕ ਵਿਚੋਂ ਉਤਰ ਕੇ ਇਧਰ ਉਧਰ ਖਿਲਰ ਗਏ।
ਦੋ ਜਵਾਨਾਂ ਨੇ ਤੇਜ਼ ਹਵਾ ਤੋਂ ਓਹਲਾ ਲੱਭ ਕੇ ਪੱਥਰਾਂ ਦਾ ਚੁਲ੍ਹਾ ਬਣਾ ਲਿਆ ਤੇ ਅੱਗ ਬਾਲ ਕੇ ਚਾਹ ਧਰ ਦਿੱਤੀ।
ਗਸ਼ਤ ਮੁਕਾ ਕੇ ਅਸੀਂ ਹਫ਼ਤੇ ਬਾਅਦ ਮੁੜ ਇਸੇ ਥਾਂ ਪਹੁੰਚ ਜਾਣਾ ਸੀ। ਮਰਾਠਾ ਦੇ ਸੂਬੇਦਾਰ ਨੇ ਡਰਾਈਵਰ ਨੂੰ ਵਾਪਸੀ ਦੀ ਤਿੱਥ ਵਾਰ ਸਮਝਾ ਕੇ ਵੇਲੇ ਨਾਲ ਪਹੁੰਚ ਜਾਣ ਦੀ ਤਾਕੀਦ ਕੀਤੀ।
ਚਾਹ ਮੁਕਾ ਕੇ ਡਰਾਈਵਰ ਨੇ ਥਰੀ ਟਨ ਵਾਪਸੀ ਦੇ ਰਾਹ ਤੋਰ ਲਿਆ। ਡਰਾਈਵਰ ਦੇ ਜਾਣ ਪਿੱਛੋਂ ਅਸੀਂ ਤੇਰਾਂ ਜਣੇ ਪਿੱਛੇ ਰਹਿ ਗਏ ਸਾਂ।
ਜਵਾਨਾਂ ਨੇ ਆਪੋ ਅਪਣੇ ਹਥਿਆਰ ਚੈੱਕ ਕੀਤੇ, ਮੈਗਜ਼ੀਨ ਵਿਚ ਗੋਲੀਆਂ ਭਰੀਆਂ ਤੇ ਹਥਿਆਰ ਲੋਡ ਕਰਕੇ ਸੇਫ਼ਟੀ ਕੈਚ ਲਾ ਲਿਆ।
ਸੂਬੇਦਾਰ ਨੇ ਜ਼ਮੀਨ ਉਤੇ ਨਕਸ਼ਾ ਵਿਛਾ ਲਿਆ ਤੇ ਗਸ਼ਤ ਦਾ ਰਾਹ ਘੋਖਣ ਬੈਠ ਗਿਆ। ਲੈਫਟੀਨੈਂਟ ਈਮਾਨ ਨੇ ਦੂਰਬੀਨ ਅੱਖਾਂ ਨੂੰ ਲਾ ਲਈ। ਕੁਝ ਦੇਰ ਤੱਕ ਉਹ ਚੌਗਿਰਦਾ ਘੋਖਦਾ ਰਿਹਾ ਤੇ ਫਿਰ ਦੂਰਬੀਨ ਮੇਰੇ ਵੱਲ ਕਰ ਦਿੱਤੀ। ਮੇਰਾ ਤੇ ਈਮਾਨ ਦਾ ਰੈਂਕ ਇਕੋ ਸੀ। ਰੈਂਕ ਵਿਚਲੀ ਵਿਥ ਨਾ ਹੋਣ ਕਰਕੇ ਸਾਡੀ ਖੂਬ ਨਿਭਦੀ ਸੀ।
ਸੰਘਣੇ ਜੰਗਲ ਨੇ ਪਹਾੜਾਂ ਨੂੰ ਵੀ ਢਕਿਆ ਹੋਇਆ ਸੀ ਤੇ ਖੱਡਾਂ ਨੂੰ ਵੀ। ਉਹ ਸਰਹੱਦ ਦੇ ਨਾਲ ਲਗਦਾ ਇਲਾਕਾ ਸੀ। ਅਸੀਂ ਇਹ ਵੀ ਨਹੀਂ ਸਾਂ ਜਾਣਦੇ ਕਿ ਉਥੇ ਕਿਹੋ ਜਿਹੇ ਖ਼ਤਰੇ ਲੁਕੇ ਹੋਏ ਸਨ।
ਕੋਈ ਵੀ ਰਾਹ-ਖਹਿੜਾ ਵਿਖਾਈ ਨਹੀਂ ਸੀ ਦਿੰਦਾ।
ਸੂਬੇਦਾਰ ਨਕਸ਼ਾ ਚੁੱਕ ਕੇ ਸਾਡੇ ਕੋਲ ਲੈ ਆਇਆ। ਅਸੀਂ ਜ਼ਮੀਨੀ ਨਿਸ਼ਾਨ ਨਕਸ਼ੇ ਦੇ ਨਿਸ਼ਾਨਾਂ ਨਾਲ ਮਿਲਾਏ ਤੇ ਰਾਹ ਦੀ ਪਛਾਣ ਲੱਭ ਲਈ।
ਹਰ ਇਕ ਕੋਲ ਆਪੋ ਅਪਣਾ ਬੋਝ ਸੀ। ਵੱਡਾ ਪਿੱਠੂ, ਨਿੱਕਾ ਪਿੱਠੂ, ਵਾਟਰ ਬੋਤਲ ਤੇ ਨਿੱਜੀ ਹਥਿਆਰ ਆਦਿ ਦਾ ਭਾਰ ਕੁਲ ਮਿਲਾ ਕੇ ਵੀਹ ਕੁ ਕਿਲੋ ਹੋ ਜਾਂਦਾ ਸੀ। ਸਾਡੇ ਕੋਲ ਸੱਤਾਂ ਦਿਨਾਂ ਦੀ ਰਸਦ ਵੀ ਸੀ। ਜਵਾਨਾਂ ਨੇ ਆਪਸ ਵਿਚ ਵੰਡ ਕੇ ਉਹ ਵੀ ਚੁੱਕ ਲਈ ਸੀ। ਅਸੀਂ ਉਹ ਭਾਰ ਚੁੱਕਣ ਲਈ ਮਜ਼ਦੂਰਾਂ ਨੂੰ ਨਾਲ ਨਹੀਂ ਸੀ ਲਿਆ। ਜਵਾਨਾਂ ਦਾ ਤਰਕ ਇਹ ਸੀ ਕਿ ਰਸਦ ਨਿੱਤ ਦਿਨ ਘੱਟ ਹੁੰਦੀ ਜਾਣੀ ਸੀ ਤੇ ਫਿਰ ਮੁੱਕ ਜਾਣੀ ਸੀ। ਸਫ਼ਰ ਹੌਲਾ ਹੋ ਜਾਣਾ ਸੀ। ਇਸ ਤਰ੍ਹਾਂ ਬਚਾਈ ਹੋਈ ਰਾਸ਼ੀ ਉਹ ਅਪਣੇ ‘ਵੱਡੇ ਖਾਣੇ’ ਲਈ ਵਰਤ ਸਕਦੇ ਸਨ।
ਉਸ ਵੇਲੇ ਅਸੀਂ ਕੁਝ-ਕੁਝ ਪਛੜ ਵੀ ਰਹੇ ਸਾਂ। ਜੰਗਲ ਅਤੇ ਪਹਾੜਾਂ ਦਾ ਤਲਿਸਮ ਵੀ ਸਾਨੂੰ ਅਪਣੇ ਵੱਲ ਖਿੱਚ ਰਿਹਾ ਸੀ। ਅਸੀਂ ਪਿੱਠੂ ਲਟਕਾਏ, ਹਥਿਆਰ ਸੰਭਾਲੇ ਤੇ ਅਣਵੇਖੀ ਦੁਨੀਆ ਵੱਲ ਪੈਰ ਪੁੱਟ ਲਿਆ।
ਸਾਡਾ ਉਹ ਸਫ਼ਰ ਨਿਵਾਣ ਵੱਲ ਦਾ ਸੀ। ਅਸੀਂ ਦੂਰ ਦਿਸਦੀ ਇਕ ਝੀਲ ਨੂੰ ਦਾਈਆ ਮਿਥ ਕੇ ਉਥੋਂ ਤੁਰੇ ਸਾਂ।
ਉਹ ਪੈਂਡਾ ਕੁਝ ਡੂੰਘਾ ਜਿਹਾ ਸੀ।
ਝੀਲ ਤੋਂ ਬਹੁਤ ਉਰ੍ਹਾਂ ਹੀ ਪਹਾੜਾਂ ਦੇ ਪਰਛਾਵੇਂ ਜੰਗਲ ਉਤੇ ਪੈ ਗਏ ਸਨ। ਹਨ੍ਹੇਰੇ ਨੇ ਛੇਤੀ ਹੀ ਜੰਗਲ ਨੂੰ ਢੱਕ ਲੈਣਾ ਸੀ। ਰਾਤ ਹੋਣ ਤੋਂ ਪਹਿਲਾਂ ਸਾਨੂੰ ਅਪਣੇ ਸੌਣ ਲਈ ਥਾਂ ਲੱਭ ਲੈਣੀ ਚਾਹੀਦੀ ਸੀ।
ਸਾਨੂੰ ਛੇਤੀ ਹੀ ਬੰਜਰ ਜ਼ਮੀਨ ਦਾ ਇਕ ਨਿੱਕਾ ਜਿਹਾ ਟੋਟਾ ਲੱਭ ਪਿਆ। ਤੇਰਾਂ ਜਣਿਆਂ ਲਈ ਓਨੀ ਕੁ ਥਾਂ ਬਹੁਤ ਸੀ।
ਛੇਤੀ ਹੀ ਹਨ੍ਹੇਰਾ ਫੈਲਿਆ ਤੇ ਫਿਰ ਗੂੜ੍ਹਾ ਹੋ ਗਿਆ। ਜੰਗਲੀ ਜੀਵਾਂ ਦੀਆਂ ਅੱਖਾਂ ਦੂਰ-ਦੁਰਾਡੇ ਪਿੰਡ ਦੇ ਜਗਦੇ-ਬੁਝਦੇ ਦੀਵਿਆਂ ਵਾਂਗੂੰ ਦਿਸਣ ਲੱਗ ਪਈਆਂ। ਚੁੱਪ ਕੁਝ ਸੰਘਣੀ ਹੋਈ ਤਾਂ ਉਨ੍ਹਾਂ ਜੀਵਾਂ ਦਾ ਰੌਲਾ ਉਚਾ ਹੋ ਗਿਆ।
ਥੱਕੇ ਹੋਏ ਜਵਾਨ ਛੇਤੀ ਹੀ ਗੂੜ੍ਹੀ ਨੀਂਦ ਵਿਚ ਲਹਿ ਗਏ ਸਨ।
ਰਾਤ ਦੀ ਪਹਿਰੇਦਾਰੀ ਲਈ ਤਾਇਨਾਤ ਜਵਾਨਾਂ ਦਾ ਆਕਾਰ ਹਨ੍ਹੇਰੇ ਵਿਚ ਗੁਆਚਾ ਹੋਇਆ ਸੀ।
ਮੈਂ ਅਪਣੀ ਸਟੇਨ ਗੰਨ ਨੂੰ ਖਿੱਚ ਕੇ ਨੇੜੇ ਕਰ ਲਿਆ ਸੀ ਤੇ ਫਿਰ ਨੀਂਦ ਵਿਚ ਗੁਆਚ ਗਿਆ ਸਾਂ।
……..

ਡੰਡੀਆਂ ਪਗਡੰਡੀਆਂ ਨੇ ਕਦੀ ਸਾਨੂੰ ਪਹਾੜਾਂ ਦੇ ਸਿਖਰ ਵੱਲ ਤੋਰ ਲਿਆ ਤੇ ਕਦੀ ਉਤਰਾਈਆਂ ਵੱਲ ਲੈ ਗਈਆਂ।
ਤੁਰਨਾ…….. ਤੁਰਨਾ……….. ਤੇ ਬੱਸ ਤੁਰਨਾ! ………. ਪਿਛਲੇ ਤਿੰਨਾਂ ਦਿਨਾਂ ਤੋਂ ਅਸੀਂ ਬੱਸ ਇਹੋ ਕਰ ਰਹੇ ਸਾਂ।
ਮੇਰਾ ਤੁਰਨ ਦਾ ਚਾਅ ਕੁਝ ਮੱਠਾ ਪੈ ਗਿਆ ਸੀ। ਉਸ ਦਿਨ ਥਕਾਅ ਦੇਣ ਵਾਲੀ ਇਕ ਸਿਖਰ ਤੋਂ ਪਿੱਛੋਂ ਉਤਰਾਈ ਦਾ ਪੈਂਡਾ ਸ਼ੁਰੂ ਹੋਇਆ ਸੀ ਕਿ ਢਾਲਵੀਂ ਛੱਤ ਵਾਲਾ ਇਕ ਮਕਾਨ ਦਿਸ ਪਿਆ। ਉਸ ਮਕਾਨ ਤੋਂ ਅੱਗੇ ਪੌੜੀਆਂ ਵਰਗੇ ਖੇਤ ਸਨ। ਕੁਝ ਹੋਰ ਪਰ੍ਹਾਂ ਵਗਦੀ ਨਦੀ ਦਾ ਝਾਉਲਾ ਜਿਹਾ ਸੀ।
ਤਿੰਨਾਂ ਦਿਨਾਂ ਦੇ ਸਫ਼ਰ ਤੋਂ ਪਿੱਛੋਂ ਇਹ ਮਨੁੱਖੀ ਆਬਾਦੀ ਦੇ ਪਹਿਲੇ ਚਿੰਨ੍ਹ ਸਨ।
ਉਹ ਮਕਾਨ ਏਨਾ ਨੇੜੇ ਵੀ ਨਹੀਂ ਸੀ, ਪਰ ਅਸੀਂ ਉਥੇ ਪਹੁੰਚ ਕੇ ਹੀ ਰੁਕਣ ਦਾ ਮਨ ਬਣਾ ਲਿਆ। ਸਾਡੇ ਪੈਰ ਕੁਝ ਛੋਹਲੇ ਹੋ ਗਏ। ਅਚਨਚੇਤੀ ਮੋਹਲੇਧਾਰ ਮੀਂਹ ਵਰ੍ਹਨ ਲੱਗ ਪਿਆ। ਰੁੱਖਾਂ ਦੇ ਪੱਤਿਆਂ ਨੇ ਕੁਝ ਚਿਰ ਮੀਂਹ ਨੂੰ ਝੱਲਿਆ ਤੇ ਫਿਰ ਤਿਪ ਤਿਪ ਕਰਨ ਲੱਗ ਪਏ।
ਪਹਾੜੀ ਮੌਸਮ ਦੀ ਫ਼ਿਤਰਤ ਵਾਂਗੂੰ ਮੀਂਹ ਛੇਤੀ ਹੀ ਛਿੱਥਾ ਪੈ ਗਿਆ।
ਨਿੱਕੀ-ਨਿੱਕੀ ਕਿਣਮਿਣ ਫੇਰ ਵੀ ਹੁੰਦੀ ਹੀ ਰਹੀ। ਉਸ ਕਿਣਮਿਣ ਵਿਚ ਅਸੀਂ ਬੇਢੱਬੇ ਜਿਹੇ ਪਹਾੜੀ ਮਕਾਨ ਤੱਕ ਪਹੁੰਚ ਗਏ।
ਉਸ ਮਕਾਨ ਦੇ ਹੇਠਾਂ ਭੇਡਾਂ ਦਾ ਵਾੜਾ ਸੀ। ਇਕ ਸੁੱਕੇ ਰੁੱਖ ਉਤੇ ਘਾਹ ਦੇ ਪੂਲੇ ਟੰਗੇ ਹੋਏ ਸਨ। ਵਾੜੇ ਦੇ ਇਕ ਪਾਸੇ ਬਾਲਣ ਪਿਆ ਹੋਇਆ ਸੀ।
ਵਾੜੇ ਦੀ ਛੱਤ ਉਤੇ ਬਣਿਆ ਕਮਰਾ ਹੀ ਪੂਰਾ ਘਰ ਸੀ। ਸੂਬੇਦਾਰ ਮੰਗਤ ਰਾਮ ਨੇ ਅਗਾਂਹ ਹੋ ਕੇ ਬੂਹਾ ਠਕੋਰਿਆ ਤੇ ਫਿਰ ਧਕ ਕੇ ਖੋਲ੍ਹ ਦਿੱਤਾ।
ਅੰਦਰਲੇ ਸਾਮਾਨ ਤੋਂ ਉਹ ਕਮਰਾ ਇਕ ਵਸਦਾ ਹੋਇਆ  ਦਿਸਦਾ ਸੀ, ਪਰ ਉਸ ਵੇਲੇ ਉਥੇ ਸੁੰਨਸਾਨ ਪੱਸਰੀ ਹੋਈ ਸੀ।
ਅਸੀਂ ਅੰਦਰ ਜਾ ਵੜੇ ਜਿਵੇਂ ਹੀ ਅਪਣਾ ਹੀ ਘਰ ਹੁੰਦਾ ਹੈ। ਅਸੀਂ ਅਪਣੇ ਪਿੱਠੂ ਉਤਾਰ ਕੇ ਰੱਖ ਦਿੱਤੇ ਤੇ ਹਥਿਆਰ ਆਪੋ ਅਪਣੇ ਪਿੱਠੂ ਆਸਰੇ ਖੜ੍ਹੇ ਕਰ ਦਿੱਤੇ।
ਮੈਂ ਆਕੜ ਭੰਨੀ ਤੇ ਖਿੜਕੀ ਖੋਲ੍ਹ ਕੇ ਬਾਹਰ ਝਾਕਿਆ। ਦੋ ਪਹਾੜਾਂ ਦੇ ਖੱਪੇ ਵਿਚ ਮੈਨੂੰ ਝੌਂਪੜੀ ਨੁਮਾ ਕੁਝ ਮਕਾਨ ਦਿਸੇ। ਉਹ ਮਕਾਨ ਪਹਾੜਾਂ ਦੇ ਪਰਛਾਵੇਂ ਵਿਚ ਲੁਕੇ ਹੋਏ ਸਨ, ਮੈਂ ਪਹਿਲੋਂ ਨਹੀਂ ਸਨ ਵੇਖੇ।
ਅਸੀਂ ਠੀਕ ਟਿਕਾਣੇ ਉਤੇ ਪਹੁੰਚ ਗਏ ਸਾਂ। ਇਹੋ ਹੀ ਉਹ ਪਿੰਡ ਸੀ ਜਿਥੋਂ ਦੀਆਂ ਅਸੀਂ ਘੋਖਾਂ ਕੱਢਣ ਆਏ ਸਾਂ। ਇਹੋ ਹੀ ਸਰਹੱਦ ਦਾ ਆਖ਼ਰੀ ਪਿੰਡ ਸੀ, ‘ਬਣੀ’।
ਉਸ ਘਰ ਦੇ ਜੀਅ ਭੇਡਾਂ ਚਰਾ ਕੇ ਭਿੱਜੇ ਹੋਏ ਵਾਪਸ ਮੁੜੇ। ਭੇਡਾਂ ਨੂੰ ਵਾੜੇ ਵਿਚ ਡੱਕ ਕੇ ਉਹ ਉਪਰ ਆ ਗਏ। ਘਰ ਵਿਚ ਫੌਜੀਆਂ ਨੂੰ ਵੇਖ ਕੇ ਉਹ ਸਹਿਮ ਗਏ ਸਨ। ਮਰਦ ਬੂਹੇ ਨਾਲ ਲੱਗ ਕੇ ਖਲੋ ਗਿਆ ਤੇ ਬਾਕੀਆਂ ਨੇ ਉਹਦੇ ਪਿੱਛੇ ਪਨਾਹ ਲੈ ਲਈ।
”ਅਸੀਂ ਕੁਝ ਭਾਂਡੇ ਲੈ ਲਈਏ?” ਮਰਦ ਨੇ ਡਰੇ ਜਿਹੇ ਨੇ ਪੁੱਛਿਆ।
”ਕਿਉਂ?” ”ਹਨ੍ਹੇਰਾ ਹੋਣ ਵਾਲਾ ਏ। ਬੱਚੇ ਵੀ ਭੁੱਖੇ ਨੇ। ਅਸੀਂ ਰੋਟੀ ਪਕਾਉਣੀ ਐਂ।” ਇਸ ਵਾਰ ਔਰਤ ਨੇ ਅਗਾਂਹ ਹੋ ਕੇ ਤਰਲਾ ਲਿਆ।
ਲੈਫਟੀਨੈਂਟ ਈਮਾਨ ਨੇ ਉਨ੍ਹਾਂ ਨੂੰ ਅੰਦਰ ਬੁਲਾ ਲਿਆ। ਉਨ੍ਹਾਂ ਸਹਿਮਿਆਂ ਹੋਇਆਂ ਨੇ ਬਰੂਹਾਂ ਟੱਪੀਆਂ। ਅੱਠ ਕੁ ਸਾਲ ਦੀ ਕੁੜੀ ਤੇ ਦਸ ਕੁ ਸਾਲ ਦੇ ਮੁੰਡੇ ਨੇ ਉਸ ਔਰਤ ਦਾ ਪੱਲਾ ਘੁੱਟ ਕੇ ਫੜਿਆ ਹੋਇਆ ਸੀ।
ਅਸੀਂ ਆਪਹੁਦਰਿਆਂ ਵਾਂਗ ਉਨ੍ਹਾਂ ਦਾ ਘਰ ਮੱਲ ਲਿਆ ਸੀ। ਉਨ੍ਹਾਂ ਪਹਾੜੀਆਂ ਦੇ ਮੱਥੇ ਉਤੇ ਤਿਊੜੀ ਨਹੀਂ ਸੀ ਆਈ।
ਮੈਂ ਮਰਦ ਨੂੰ ਪੁੱਛਿਆ, ”ਕੀ ਨਾਂ ਹੈ ਤੇਰਾ?”
”ਜੀ ਪੀਰ ਬਖ਼ਸ਼”
”ਕੀ ਇਹ ਤੇਰਾ ਘਰ ਹੈ?”
ਉਹਨੇ ‘ਹਾਂ’ ਵਿਚ ਸਿਰ ਹਿਲਾਇਆ।
”ਤੁਸੀਂ ਮੀਂਹ ਵਿਚ ਬੈਠ ਕੇ ਰੋਟੀ ਪਕਾਵੋਗੇ?”
”ਨਈਂ! ਅਸੀਂ ਹੇਠਾਂ ਵਾੜੇ ਵਿਚ ਪਕਾ ਲਵਾਂਗੇ।”
ਲੈਫਟੀਨੈਂਟ ਈਮਾਨ ਮੁਸਕਰਾਇਆ, ”ਬੈਠੋ!”
ਉਹ ਸਾਰੇ ਆਗਿਆਕਾਰੀ ਬਾਲਾਂ ਵਾਂਗੂੰ ਭੁੰਜੇ ਬੈਠ ਗਏ।
”ਅੱਜ ਖਾਣਾ ਅਸੀਂ ਤੁਹਾਨੂੰ ਖਵਾਵਾਂਗੇ।”
ਕਮਰੇ ਦੀ ਇਕ ਨੁੱਕਰੇ ਚੌਂਕਾ ਸੀ। ਦੋ ਜਵਾਨ ਉਠ ਕੇ ਚੌਂਕੇ ਵਿਚ ਚਲੇ ਗਏ। ਉਹ ਰਾਤ ਦੇ ਭੋਜਨ ਲਈ ਟੀਨ ਦੇ ਬੰਦ ਡੱਬੇ ਖੋਲ੍ਹਣ ਲੱਗ ਪਏ। ਟੀਨ ਦੇ ਡੱਬਿਆਂ ਵਿਚੋਂ ਬਣਿਆ ਬਣਾਤਾ ਭੋਜਨ ਨਿਕਲ ਰਿਹਾ ਸੀ। ਇਹ ਕ੍ਰਿਸ਼ਮਾ ਪੀਰ ਬਖ਼ਸ਼ ਦੇ ਟੱਬਰ ਨੂੰ ਹੈਰਾਨ ਕਰ ਰਿਹਾ ਸੀ।
æææææ
ਸਾਡੀ ਰਸਦ ਵਿਚ ਟੌਫ਼ੀਆਂ ਵੀ ਸਨ। ਇਕ ਜਵਾਨ ਨੇ ਉਠ ਕੇ ਸਾਰਿਆਂ ਨੂੰ ਦੋ ਦੋ ਟੌਫੀਆਂ ਫੜਾ ਦਿੱਤੀਆਂ।
ਟੌਫ਼ੀਆਂ ਚਿਥਦਿਆਂ ਉਹਨਾਂ ਦਾ ਤਣਾਅ ਕੁਝ ਘਟਿਆ।
ਲੈਫਟੀਨੈਂਟ ਈਮਾਨ ਨੇ ਇਧਰ-ਉਧਰ ਦੀਆਂ ਗੱਲਾਂ ਛੇੜ ਲਈਆਂ ਤੇ ਫਿਰ ਮੁੱਦੇ ਦੀ ਗੱਲ ਪੁੱਛ ਲਈ, ”ਬਣੀ ਪਿੰਡ ਤਾਂ ਸਰਹੱਦ ਦੇ ਐਨ ਉਤੇ ਐ।”
”ਸਰਹੱਦ! ਸਰਹੱਦ ਕੀ?” ਪੀਰ ਬਖ਼ਸ਼ ਨੂੰ ਸੁਆਲ ਦੀ ਸਮਝ ਨਹੀਂ ਸੀ ਪਈ।
”ਸਾਬ੍ਹ ਦਾ ਮਤਲਬ ਹੈ ਕਿ ਦੁਸ਼ਮਣ ਤੁਹਾਨੂੰ ਤੰਗ ਤਾਂ ਨਹੀਂ ਕਰਦੇ?” ਸੂਬੇਦਾਰ ਮੰਗਤ ਰਾਮ ਨੇ ਲੈਫਟੀਨੈਂਟ ਈਮਾਨ ਦੀ ਗੱਲ ਨੂੰ ਕੁਝ ਸਪਸ਼ਟ ਕਰਨ ਦਾ ਯਤਨ ਕੀਤਾ।
”ਦੁਸ਼ਮਣ! æææਕੌਣ ਦੁਸ਼ਮਣ?”
”ਪਹਾੜ ਦੇ ਦੂਜੇ ਪਾਸੇ ਦੇ ਲੋਕ।”
”ਉਹ ਦੁਸ਼ਮਣ ਥੋੜ੍ਹੇ ਈ ਨੇ। ਉਥੇ ਤਾਂ ਮੇਰੀ ਧੀ ਦੇ ਸਹੁਰੇ ਨੇ।” ਪੀਰ ਬਖ਼ਸ਼ ਦੀ ਤੀਵੀਂ ਨੇ ਪਹਾੜ ਪਾਰ ਵਾਲਿਆਂ ਨਾਲ ਅਪਣੇ ਰਿਸ਼ਤੇ ਦਾ ਖੁਲਾਸਾ ਕੀਤਾ, ”ਉਹ ਤਾਂ ਜੀ ਸਾਡੇ ਅਪਣੇ ਲੋਕ ਨੇ। ਅਸੀਂ ਤਾਂ ਕਈ ਵਾਰ ਪਹਾੜੋਂ ਪਾਰ ਭੇਡਾਂ ਚਰਾਉਣ ਵੀ ਜਾਂਦੇ ਹਾਂ, ਨਾਲੇ ਧੀ ਨੂੰ ਮਿਲ ਆਈਦਾ ਹੈ।”
”ਕੀ ਤੁਹਾਨੂੰ ਨਈਂ ਪਤਾ ਕਿ ਉਧਰ ਦੂਜਾ ਮੁਲਕ ਹੈ।” ਲੈਫਟੀਨੈਂਟ ਈਮਾਨ ਨੇ ਕੁਝ ਹੈਰਾਨ ਹੋ ਕੇ ਪੁੱਛਿਆ।
”ਦੂਜਾ ਮੁਲਕ ਨਈਂ ਜੀ, ਦੂਜਾ ਪਿੰਡ।” ਪੀਰ ਬਖ਼ਸ਼ ਨੇ ਲੈਫਟੀਨੈਂਟ ਈਮਾਨ ਦੀ ਗਲਤੀ ਸੋਧੀ, ”ਇਕੋ ਰਾਜੇ ਦੇ ਦੋ ਮੁਲਕ ਕਿਵੇਂ ਹੋ ਸਕਦੇ ਨੇ ਭਲਾ। ਇਥੇ ਵੀ ਮਿੱਟੀ ਉਹੋ ਤੇ ਉਥੇ ਵੀ ਉਹੋ।”
ਉਹ ਇਕ ਰਾਜਾ ਕੌਣ ਸੀ ਜਿਹੜਾ ਦੋਹਾਂ ਪਾਸਿਆਂ ਦਾ ਸੀ। ਮੈਂ ਮੱਥਾ ਖੁਰਕਣ ਲੱਗ ਪਿਆ ਸਾਂ।
ਕਿਣਮਿਣ ਕਦੋਂ ਦੀ ਰੁਕ ਗਈ ਸੀ, ਪਰ ਹਾਲੇ ਵੀ ਬੱਦਲਵਾਈ ਸੀ। ਅਸੀਂ ਖਾਣਾ ਖਾ ਕੇ ਵਿਹਲੇ ਹੋ ਗਏ ਸਾਂ। ਰਾਤ ਦੀ ਠਾਹਰ ਲਈ ਪੀਰ ਬਖ਼ਸ਼ ਸਾਨੂੰ ਸਕੂਲ ਛੱਡਣ ਤੁਰ ਪਿਆ।
ਉਹ ਸਕੂਲ ਬੂਹੇ-ਬਾਰੀਆਂ ਦੀਆਂ ਚੌਗਾਠਾਂ ਅਤੇ ਪੱਲਿਆਂ ਤੋਂ ਵਿਰਵਾ ਇਕ ਖਾਲੀ ਕਮਰਾ ਸੀ। ਕਮਰੇ ਦੀਆਂ ਕੰਧਾਂ ਵੀ ਇਬਾਰਤ ਤੋਂ ਸੱਖਣੀਆਂ ਸਨ।
ਖਾਲੀ ਕਮਰੇ ਵਿਚ ਇਕ ਕੁੱਤਾ ਬੈਠਾ ਹੋਇਆ ਸੀ। ਇਕ ਸੈਨਿਕ ਨੇ ਕੁੱਤੇ ਛਿਛਕਾਰ ਕੇ ਉਥੋਂ ਨਸਾ ਦਿੱਤਾ।
ਮੈਂ ਪੀਰ ਬਖ਼ਸ਼ ਨੂੰ ਪੁੱਛਿਆ, ”ਮਾਸਟਰ ਕਿਥੇ ਰਹਿੰਦੈ?”
”ਉਹ ਤਾਂ ਜੀ ਕਿਤਿਉਂ ਬਾਹਰੋਂ ਆਉਂਦੈ।”
”ਭਲਕੇ ਮਿਲ ਜੂ?”
”ਨਈਂ ਜੀ, ਉਹ ਤਾਂ ਸਾਲ ਵਿਚ ਦੋ-ਤਿੰਨ ਵਾਰ ਹੀ ਆਉਂਦੈ। ਪਿਛਲੇ ਮਹੀਨੇ ਆਇਆ ਸੀ। ਹੁਣ ਪਤਾ ਨਹੀਂ ਕਦੋਂ ਆਵੇ।”
”ਫਿਰ ਨਿਆਣਿਆਂ ਦੀ ਪੜ੍ਹਾਈ ਕਿਸ ਤਰ੍ਹਾਂ ਹੁੰਦੀ ਐ?”
”ਹੋ ਜਾਂਦੀ ਐ ਜੀ। ਉਹ ਜਦੋਂ ਆਵੇ ਨਿਆਣਿਆਂ ਨੂੰ ਇਕੱਠੇ ਕਰਕੇ ਪੜ੍ਹਾ ਦਿੰਦਾ ਏ।”
ਸ਼ਾਮ ਦੇ ਪਰਛਾਵੇਂ ਹੌਲੀ ਹੌਲੀ ਅਲੋਪ ਹੋ ਰਹੇ ਸਨ।
ਫੈਲ ਰਹੇ ਹਨ੍ਹੇਰੇ ਵਿਚ ਮੇਰੀ ਮੁਸਕਰਾਹਟ ਗੁਆਚ ਗਈ ਸੀ।
ææææææ
ਬਣੀ ਪਿੰਡ ਦੇ ਕੁਲ ਘਰ ਉਂਗਲਾਂ ਉਤੇ ਗਿਣੇ ਜਾਣ ਜੋਗੇ ਸਨ, ਪਰ ਇਕ ਘਰ ਤੇ ਦੂਜੇ ਘਰ ਵਿਚਲੀ ਵਿਥ ਕਈ ਵਾਰ ਮੀਲਾਂ ਲੰਮੀ ਵੀ ਹੋ ਜਾਂਦੀ ਸੀ।
ਉਸ ਪਿੰਡ ਦੇ ਕੁਝ ਲੋਕ ਖੇਤੀ ਕਰਦੇ ਸਨ। ਉਹ ਜਿਹੜੇ ਖੇਤੀ ਨਹੀਂ ਸਨ ਕਰਦੇ, ਉਹ ਭੇਡਾਂ ਪਾਲਦੇ ਸਨ। ਨਵੀਆਂ ਚਰਾਂਦਾਂ ਦੀ ਭਾਲ ਵਿਚ ਉਹ ਕਈ ਵਾਰ ਦੂਰ-ਦੁਰਾਡੇ ਵੀ ਨਿਕਲ ਜਾਂਦੇ ਸਨ ਤੇ ਫਿਰ ਕਈ ਕਈ ਦਿਨਾਂ ਪਿੱਛੋਂ ਵਾਪਸ ਮੁੜਦੇ ਸਨ।
ਉਥੇ ਲੋਕ ਘਰਾਂ ਨੂੰ ਜਿੰਦਰੇ ਨਹੀਂ ਸਨ ਲਾਉਂਦੇ। ਚੋਰੀਆਂ-ਚਕਾਰੀਆਂ ਦਾ ਵੀ ਕੋਈ ਡਰ ਨਹੀਂ ਸੀ। ਕਈ ਦਿਨਾਂ ਪਿੱਛੋਂ ਵਾਪਸ ਆਉਣ ਉਤੇ ਵੀ ਆਜੜੀਆਂ ਨੂੰ ਹਰ ਸ਼ੈਅ ਟਿਕਾਣੇ ਉਤੇ ਹੀ ਪਈ ਮਿਲਦੀ ਸੀ।
ਖਾਲੀ ਘਰਾਂ ਨੂੰ ਫਰੋਲਦਿਆਂ ਸਾਡੇ ਗਸ਼ਤੀ ਦਲ ਨੂੰ ਨਾ ਦੁਸ਼ਮਣ ਦਾ ਹੀ ਕੋਈ ਸੁਰਾਗ ਮਿਲਿਆ ਅਤੇ ਨਾ ਦੁਸ਼ਮਣੀ ਦੀ ਹੀ ਕੋਈ ਭਿਣਕ ਪਈ। ਦਰਅਸਲ ਉਸ ਇਲਾਕੇ ਦੇ ਵਾਸੀ ਪੰਛੀਆਂ ਵਰਗੇ ਸਨ। ਬੋਟਾਂ ਨੂੰ ਵੀ ਨਾਲ ਲੈ ਕੇ ਉਡਦੇ ਸਨ। ਉਹਨਾਂ ਦੇ ਸੱਖਣੇ ਆਲ੍ਹਣਿਆਂ ਵਿਚੋਂ ਫੌਜੀਆਂ ਨੂੰ ਭਲਾ ਕੀ ਮਿਲਣਾ ਸੀ।
ਪਿਛਲੇ ਦੋ ਦਿਨਾਂ ਤੋਂ ਕੁਝ ਵੀ ਸਾਡੇ ਪਿੜ ਪੱਲੇ ਨਹੀਂ ਸੀ ਪੈ ਰਿਹਾ।
ਉਸ ਤੋਂ ਅਗਲੇ ਦਿਨ ਦੀ ਸ਼ਾਮ ਵੀ ਢਲ ਗਈ। ਬੱਦਲ ਨਿੱਤਰੇ ਹੋਏ ਸਨ। ਮੀਂਹ ਦੀ ਸੰਭਾਵਨਾ ਨਹੀਂ ਸੀ। ਰਾਤ ਕੱਟਣ ਲਈ ਅਸੀਂ ਇਕ ਖੁੱਲ੍ਹੇ ਖੇਤ ਵਿਚ ਡੇਰਾ ਲਾ ਲਿਆ।
ਉਸ ਖੇਤ ਤੋਂ ਉਪਰ ਪਹਾੜ ਦੇ ਸਿਖਰ ਵੱਲ ਇਕ ਮਕਾਨ ਦਿਸ ਰਿਹਾ ਸੀ। ਅਸੀਂ ਉਸ ਘਰ ਦੀ ਪੜਤਾਲ ਕਰਨ ਬਾਰੇ ਸੋਚ ਲਿਆ।
ਸੈਨਿਕਾਂ ਨੂੰ ਉਥੇ ਛੱਡ ਕੇ ਮੈਂ ਤੇ ਲੈਫਟੀਨੈਂਟ ਈਮਾਨ ਉਥੋਂ ਤੁਰ ਪਏ। ਸੂਬੇਦਾਰ ਮੰਗਤ ਰਾਮ ਵੀ ਕਾਹਲੇ ਕਦਮੀਂ ਸਾਡੇ ਨਾਲ ਆ ਰਲਿਆ। ਉਹ ਪੁਰਾਣਾ ਸੈਨਿਕ ਸੀ। ਉਹਦਾ ਤਜ਼ੁਰਬਾ ਸਾਡੇ ਲਈ ਲਾਹੇਵੰਦਾ ਸੀ।
ਸਾਨੂੰ ਇਕ ਬੁੱਢਾ ਮਕਾਨ ਦੇ ਬਾਹਰ ਹੀ ਮਿਲ ਪਿਆ। ਉਸ ਦੱਸਿਆ, ”ਕੱਲ੍ਹ ਪੀਰ ਬਖ਼ਸ਼ ਇਜੜ ਲਈ ਜਾਂਦਾ ਮਿਲਿਆ ਸੀ। ਉਸ ਨੇ ਤੁਹਾਡੇ ਬਾਰੇ ਦੱਸਿਆ ਸੀ। ਤੁਸੀਂ ਹਿੰਦੁਸਤਾਨ ਤੋਂ ਆਏ ਹੋ ਨਾ?”
ਬੁੱਢੇ ਦੇ ਸੁਆਲ ਨੇ ਮੈਨੂੰ ਹੈਰਾਨ ਕੀਤਾ ਸੀ। ਮੈਂ ਸੋਚੀਂ ਪੈ ਗਿਆ ਸਾਂ। ਕਿਤੇ ਅਸੀਂ ਭੁਲੇਖੇ ਨਾਲ ਦੁਸ਼ਮਣ ਦੇ ਮੁਲਕ ਦੇ ਪਿੰਡ ਵਿਚ ਹੀ ਤਾਂ ਨਹੀਂ ਸਾਂ ਪਹੁੰਚ ਗਏ। ਕੀ ਪਤੈ, ਅਸੀਂ ਨਕਸ਼ਾ ਗਲਤ ਪੜ੍ਹ ਲਿਆ ਹੋਵੇ।
ਬੁੱਢੇ ਦਾ ਪ੍ਰਤੀਕਰਮ ਜਾਣਨ ਲਈ ਮੈਂ ‘ਹਾਂ’ ਵਿਚ ਹੁੰਗਾਰਾ ਭਰਿਆ, ਪਰ ਬੁੱਢੇ ਨੂੰ ਜਿਵੇਂ ਸਾਡੇ ਹਿੰਦੁਸਤਾਨੀ ਹੋਣ ਨਾਲ ਕੋਈ ਫਰਕ ਹੀ ਨਹੀਂ ਸੀ ਪੈਂਦਾ। ਉਸ ਪੁੱਛਿਆ, ”ਰਾਤ ਖੇਤ ਵਿਚ ਸੌਵੋਂਗੇ?”
”ਹਾਂ”
”ਮੇਰੇ ਕੋਲ ਹੀ ਰਹਿ ਪਵੋ ਭਾਵੇਂ”
ਬੁੱਢੇ ਕੋਲ ਰਹਿਣ ਨਾਲ ਕਈ ਗੱਲਾਂ ਦੀ ਸੂਹ ਮਿਲ ਸਕਦੀ ਸੀ। ਮੈਂ ਤੇ ਲੈਫਟੀਨੈਂਟ ਈਮਾਨ ਉਥੇ ਰਹਿਣ ਲਈ ਤਿਆਰ ਹੋ ਗਏ।
”ਤੁਸੀਂ ਸਾਰੇ ਹੀ ਇਥੇ ਰਹਿ ਲਵੋ ਭਾਵੇਂ।” ਬੁੱਢੇ ਨੇ ਜ਼ੋਰ ਦੇ ਕੇ ਆਖਿਆ।
”ਨਈ! ਅਸੀਂ ਉਥੇ ਹੀ ਰਹਿ ਲਵਾਂਗੇ। ਜੇ ਮੀਂਹ ਪੈਣ ਦੇ ਆਸਾਰ ਹੋਏ ਤਾਂ ਉਠ ਕੇ ਇਥੇ ਆ ਜਾਵਾਂਗੇ।” ਸੂਬੇਦਾਰ ਮੰਗਤ ਰਾਮ ਨੇ ਕਿਹਾ। ਉਹਨੇ ਵਾਪਸ ਜਾਣ ਦੀ ਆਗਿਆ ਲਈ ਤੇ ਸਲਿਊਟ ਦੇ ਕੇ ਤੁਰ ਪਿਆ।
ਅਸੀਂ ਉਠ ਕੇ ਸਬਾਤ ਵਿਚ ਆ ਗਏ।
ਬੁੱਢੇ ਦੀ ਪਤਨੀ ਅਤੇ ਨੂੰਹ ਰੋਟੀ ਟੁਕ ਦੇ ਆਹਰ ਵਿਚ ਸਨ। ਬੁੱਢੇ ਨੇ ਮੰਜੇ ਡਾਹ ਕੇ ਉਪਰ ਮੈਲੀਆਂ ਦਰੀਆਂ ਵਿਛਾ ਦਿੱਤੀਆਂ। ਉਹਨੂੰ ਦੁਨੀਆ ਭਰ ਦੀਆਂ ਖ਼ਬਰਾਂ ਜਾਣ ਲੈਣ ਦੀ ਕਾਹਲੀ ਸੀ। ਅਸੀਂ ਸੌਖੇ ਹੋ ਕੇ ਮੰਜਿਆਂ ਉਪਰ ਬੈਠ ਗਏ ਤਾਂ ਉਸ ਪੁੱਛਿਆ, ”ਅੱਜ ਕੱਲ੍ਹ ਹਿੰਦੁਸਤਾਨ ਦਾ ਰਾਜਾ ਕੌਣ ਹੈ?”
ਬੁੱਢੇ ਦਾ ਇਹ ਸੁਆਲ ਵੀ ਪਹਿਲਾਂ ਕੀਤੇ ਸੁਆਲ ਵਰਗਾ ਹੀ ਸੀ। ਜੁਆਬ ਦੇਣ ਲੱਗਾ ਮੈਂ ਭੰਬਲਭੂਸੇ ਵਿਚ ਪੈ ਗਿਆ। ਫਿਰ ਕੁਝ ਛਿਣ ਸੋਚ ਕੇ ਮੈਂ ਉਸ ਵੇਲੇ ਦੇ ਰਾਸ਼ਟਰਪਤੀ ਵੀæਵੀ ਗਿਰੀ ਦਾ ਨਾਂ ਲੈ ਦਿੱਤਾ।
”ਇਹ ਨਾਂ ਤਾਂ ਮੈਂ ਪਹਿਲੀ ਵਾਰੀ ਸੁਣਿਆ ਹੈ।” ਬੁੱਢੇ ਦੇ ਬੋਲਾਂ ਵਿਚ ਬੇਯਕੀਨੀ ਸੀ।
”ਨਈਂ ਬਾਬਾ! ਇਹੀ ਰਾਜਾ ਏ।” ਲੈਫਟੀਨੈਂਟ ਈਮਾਨ ਨੇ ਵੀ ਤਈਦ ਕੀਤੀ।
”ਫਿਰ ਨਹਿਰੂ ਕੌਣ ਐ?”
”ਨਹਿਰੂ ਤਾਂ ਵੱਡਾ ਵਜ਼ੀਰ ਸੀ। ਉਹਨੂੰ ਤਾਂ ਮਰੇ ਨੂੰ ਵੀ ਕਈ ਸਾਲ ਹੋ ਗਏ ਨੇ।”
ਬੁੱਢੇ ਨੂੰ ਸਾਡੇ ਜੁਆਬ ਝੂਠ ਵਰਗੇ ਲੱਗੇ ਸਨ।
ਰਾਤ ਹੋਈ ਤਾਂ ਚੌਂਕੇ ਵਿਚ ਦੀਵੇ ਦੀ ਲੋਅ ਡੋਲਣ ਲੱਗ ਪਈ।
ਬੁੱਢੇ ਦੀ ਪਤਨੀ ਭੋਜਨ ਪਰੋਸ ਕੇ ਸਾਨੂੰ ਥਾਲੀਆਂ ਫੜਾ ਗਈ। ਅਗਲੇ ਗੇੜੇ ਉਹਨੇ ਚੌਂਕੇ ਵਿਚੋਂ ਦੀਵਾ ਚੁੱਕ ਕੇ ਸਬਾਤ ਵਿਚ ਰੱਖ ਦਿੱਤਾ।
ਉਹ ਸਬਾਤ ਪੂਰਾ ਘਰ ਸੀ। ਵਿਹਲੇ ਹੋ ਕੇ ਦੋਹਾਂ ਤੀਵੀਂਆਂ ਨੇ ਵੀ ਸਾਡੇ ਨੇੜੇ ਮੰਜੇ ਡਾਹ ਲਏ ਤੇ ਲੰਮੇ ਪੈ ਗਈਆਂ।
ਬੁੱਢੇ ਨੇ ਉਠ ਕੇ ਦੀਵਾ ਬੁਝਾ ਦਿੱਤਾ। ਵਾਪਸ ਆ ਕੇ ਮੰਜੇ ਉਤੇ ਲੰਮਾ ਪੈਂਦਿਆਂ ਉਸ ਪੁੱਛਿਆ, ”ਅੱਜ ਕੱਲ੍ਹ ਮਹਾਰਾਜ ਕਿਥੇ ਨੇ?”
”ਮਹਾਰਾਜ?” ਇਹ ਇਕ ਹੋਰ ਅਲੋਕਾਰ ਸੁਆਲ ਸੀ। ਫੇਰ ਖਿਆਲ ਆਇਆ ਕਿ ਬੁੱਢਾ ਤਾਂ ਰਿਆਸਤਾਂ ਵਾਲੇ ਜ਼ਮਾਨੇ ਵਿਚ ਬੈਠਾ ਹੋਇਆ ਸੀ। ਰਿਆਸਤਾਂ ਤਾਂ ਕਦੋਂ ਦੀਆਂ ਮੁੱਕ ਗਈਆਂ ਸਨ। ਜੀਹਨੇ ਗੱਦੀ-ਨਸ਼ੀਨ ਹੋਣਾ ਸੀ ਉਹ ਕਾਂਗਰਸ ਪਾਰਟੀ ਵਿਚ ਰਲ ਗਿਆ ਸੀ। ਮੈਂ ਜੁਆਬ ਦਿੱਤਾ, ”ਮਹਾਰਾਜ ਤਾਂ ਸ਼ਾਇਦ ਦਿੱਲੀ ਹੋਣਗੇ।”
”ਮਹਾਰਾਜ ਦਾ ਦਰਬਾਰ ਤਾਂ ਫਿਰ ਉਜਾੜ ਪਿਆ ਹੋਊ।”
”ਹਾਂ!”
”ਖਜ਼ਾਨੇ ਵੀ ਬੰਦ ਹੋਣਗੇ?”
”ਹਾਂ!”
ਅਸੀਂ ਬੁੱਢੇ ਨੂੰ ਅੱਜ ਦੇ ਹਾਲਾਤ ਸਮਝਾਉਣ ਵੱਲ ਨਹੀਂ ਸਾਂ ਪੈਣਾ ਚਾਹੁੰਦੇ। ਸੰਖੇਪ ਜੁਆਬ ਵਿਚ ਹੀ ਸਾਡਾ ਭਲਾ ਸੀ।
”ਪਤੈ, ਸਾਰੇ ਬਣੀ ਵਿਚ ਮੇਰੇ ਜਿੰਨਾ ਕੋਈ ਨਹੀਂ ਘੁੰਮਿਆ। ਮੈਂ ਤਾਂ ਰਾਜਧਾਨੀ ਵੀ ਗਿਆ ਹੋਇਆ ਵਾਂ।” ਬੁੱਢੇ ਨੇ ਹੁੱਬ ਕੇ ਦੱਸਿਆ।
”ਰਾਜਧਾਨੀ ਵੀ?”
”ਹਾਂ, ਰਾਜਧਾਨੀ ਵੀ।”
ਸਬਾਤ ਤੋਂ ਬਾਹਰ ਆਸਮਾਨ ਉਤੇ ਤਾਰੇ ਵਿਖਾਈ ਦੇ ਰਹੇ ਸਨ। ਤਾਰਿਆਂ ਵੱਲ ਵੇਖਦਾ ਉਹ ਪੁਰਾਣੇ ਦਿਨਾਂ ਵੱਲ ਤੁਰ ਗਿਆ, ”ਅੱਬੂ ਨੇ ਉਦੋਂ ਮਹਾਰਾਜ ਲਈ ਸਾਲਾਨਾ ਭੇਟ ਲੈ ਕੇ ਜਾਣਾ ਸੀ। ਮੈਂ ਨਿੱਕਾ ਸਾਂ। ਅੱਬੂ ਨੇ ਮੈਨੂੰ ਮੋਢੇ ਉਤੇ ਬਿਠਾ ਲਿਆ ਸੀ। ਸਾਨੂੰ ਉਥੇ ਪਹੁੰਚਦਿਆਂ ਕਈ ਦਿਨ ਤੇ ਕਈ ਰਾਤਾਂ ਲੱਗ ਗਈਆਂ ਸਨ। ਉਦੋਂ ਮੈਂ ਪਹਿਲੀ ਵਾਰੀ ਮਹਾਰਾਜ ਦੇ ਦਰਸ਼ਨ ਕੀਤੇ ਸਨ।
”ਇਹ ਤਾਂ ਬਹੁਤ ਪੁਰਾਣੀ ਗੱਲ ਹੋਊ?”
”ਹਾਂ, ਵੀਹ, ਪੰਝੀ ਸਾਲ ਤਾਂ ਹੋ ਹੀ ਗਏ ਹੋਣਗੇ।”
ਬੁਢੇ ਦੀ ਉਮਰ ਉਸ ਵੇਲੇ ਪਝੱਤਰ ਕੁ ਦੇ ਨੇੜੇ ਸੀ। ਰਿਆਸਤਾਂ ਤਾਂ ਬਹੁਤ ਪਹਿਲਾਂ ਹੀ ਮੁੱਕ ਗਈਆਂ ਸਨ। ਉਹਦੇ ਹਿਸਾਬ ਵਿਚ ਬੜਾ ਵੱਡਾ ਘਪਲਾ ਸੀ। ਮੈਂ ਪੁੱਛਿਆ, ”ਬਾਬਾ! ਹੁਣ ਕਿੰਨੀ ਉਮਰ ਐ ਤੇਰੀ! ”ਵੀਹ-ਪੰਝੀ ਸਾਲ ਦੀ ਹੋਊ!”
”ਤੇ ਪਤਨੀ ਦੀ ਕਿੰਨੀ ਉਮਰ ਐ?”
”ਵੀਹ ਪੰਝੀ ਸਾਲ ਉਹਦੀ ਹੋਊ।”
”ਤੇ ਬਹੂ ਦੀ?”
”ਇਹੋ ਵੀਹ, ਪੰਝੀ …..”
”ਨਈ ਬਾਬਾ! ਬਹੂ ਦੀ ਉਮਰ ਤਾਂ ਕੁਝ ਘੱਟ ਹੋਊ।” ਲੈਫਟੀਨੈਂਟ ਈਮਾਨ ਮੁਸਕੜੀਆਂ ਵਿਚ ਹੱਸਿਆ।
”ਹਾਂ, ਕੀ ਪਤੈ! ਮੈਂ ਵੀ ਪੁੱਛਿਆ ਨਈਂ ਕਦੀ।”
ਬੁੱਢੇ ਨੂੰ ਵੀਹ ਪੰਝੀ ਤੋਂ ਵੱਧ ਗਿਣਤੀ ਦਾ ਕੁਝ ਪਤਾ ਨਹੀਂ ਸੀ। ਉਹਨੇ ਬਹੁਤਾ ਗਿਣ ਕੇ ਲੈਣਾ ਵੀ ਕੀ ਸੀ।
ਦੋਵੇਂ ਤੀਵੀਆਂ ਸੁੱਤੇ ਹੋਣ ਦਾ ਵਿਖਾਵਾ ਕਰ ਰਹੀਆਂ ਸਨ। ਬੁੱਢੇ ਦੇ ਹੁੰਦਿਆਂ ਗੱਲਬਾਤ ਵਿਚ ਦਖ਼ਲ ਦੇਣ ਦਾ ਉਨ੍ਹਾਂ ਵਿਚ ਹੌਂਸਲਾ ਨਹੀਂ ਸੀ।
ਬਣੀ ਵਿਚ ਵਕਤ ਖਲੋਤਾ ਹੋਇਆ ਸੀ। ਬਾਹਰੀ ਦੁਨੀਆ ਨਾਲੋਂ ਟੁੱਟ ਕੇ ਉਹ ਲੋਕ ਜਿਉਂਦੇ ਕਿਸ ਤਰ੍ਹਾਂ ਸਨ। ਲੈਫਟੀਨੈਂਟ ਈਮਾਨ ਨੇ ਉਹਨੂੰ ਘੋਖਣਾ ਸ਼ੁਰੂ ਕੀਤਾ, ”ਬਾਬਾ! ਤੁਹਾਡੀਆਂ ਲੋੜਾਂ ਕਿਸ ਤਰ੍ਹਾਂ ਪੂਰੀਆਂ ਹੁੰਦੀਆਂ ਨੇ?”
”ਲੋੜਾਂ!” ਬੁੱਢਾ ਹੱਸਿਆ, ”ਪੁੱਤਰ! ਬਣੀ ਵਿਚ ਕਾਹਦਾ ਘਾਟਾ ਏ। ਸਭ ਕੁਝ ਤਾਂ ਹੈਗਾ ਏ ਇਥੇ। ਲੋੜ ਪਈ ‘ਤੇ ਇਕ ਦੂਜੇ ਨਾਲ ਚੀਜ਼ਾਂ ਵਟਾ ਲਈ ਦੀਆਂ ਨੇ।”
”….ਤੇ ਲੂਣ?”
”ਇਕ ਬੰਦਾ ਸਾਲ ਵਿਚ ਦੋ ਕੁ ਵਾਰ ਬਾਹਰੋਂ ਕਿਤਿਓਂ ਲੂਣ ਲੈ ਕੇ ਵੀ ਆਉਂਦਾ ਏ। ਲੂਣ ਦੇ ਕੇ ਉਹ ਸਾਥੋਂ ਸਾਡੀਆਂ ਚੀਜ਼ਾਂ ਲੈ ਲੈਂਦਾ ਏ।”
”ਕੌਣ ਏ ਉਹ ਬੰਦਾ?”
”ਬੰਦੇ ਤਾਂ ਰੱਬ ਦੇ ਈ ਹੁੰਦੇ ਨੇ। ਹੋਰ ਕੌਣ ਹੋਊ ਉਹ!”
ਲੈਫਟੀਨੈਂਟ ਈਮਾਨ ਦਾ ਵੀ ਗੱਲਾਂ ਦਾ ਉਤਸ਼ਾਹ ਮੱਠਾ ਪੈ ਗਿਆ। ਉਹ ਪਾਸਾ ਵਟ ਕੇ ਪੈ ਗਿਆ। ਬਾਬੇ ਦੇ ਬੋਲਾਂ ਨੇ ਮੁੜ ਹਲੂਣਿਆ, ”ਪੁੱਤਰ! ਭਲਾ ਅੰਗਰੇਜ਼ ਹਿੰਦੁਸਤਾਨ ਵਿਚੋਂ ਚਲੇ ਗਏ ਨੇ?”
ਈਮਾਨ ਨੇ ਚੁੱਪ ਰਹਿਣ ਦਾ ਸੋਚ ਲਿਆ ਸੀ। ਜੁਆਬ ਮੈਂ ਦਿੱਤਾ, ”ਹਾਂ ਬਾਬਾ, ਇਹ ਤਾਂ ਕਈ ਸਾਲ ਪੁਰਾਣੀ ਗੱਲ ਹੈ। ਉਦੋਂ ਹੀ ਤਾਂ ਨਹਿਰੂ ਪ੍ਰਧਾਨ ਮੰਤਰੀ ਬਣਿਆ ਸੀ।”
”ਨਹਿਰੂ ਤਾਂ ਫਿਰ ਅੰਗਰੇਜ਼ ਨਈਂ ਹੋਣਾ।” ਬੁੱਢੇ ਨੇ ਜਿਵੇਂ ਅਪਣੇ ਆਪ ਨਾਲ ਗੱਲ ਕੀਤੀ, ”ਪਰ ਕੀ ਪਤੈ, ਨਹਿਰੂ ਅੰਗਰੇਜ਼ ਹੀ ਹੋਵੇ।”
ਬੁੱਢੇ ਨਾਲ ਗੱਲਾਂ ਕਰਨ ਪਿੱਛੋਂ ਸਾਨੂੰ ਕਿਧਰੋਂ ਵੀ ਕੋਈ ਹੋਰ ਗੱਲ ਪੁੱਛਣ ਦੀ ਲੋੜ ਨਹੀਂ ਸੀ ਰਹੀ।
……..

ਸਾਡਾ ਵਾਪਸੀ ਦਾ ਰਾਹ ਕੁਝ ਸੁਖਾਲਾ ਵੀ ਸੀ ਤੇ ਨਿੱਕਾ ਵੀ। ਉਸ ਰਾਹ ਉਤੇ ਟਾਵੇਂ ਟੱਲੇ ਮਕਾਨ ਵੀ ਦਿਸਦੇ ਰਹੇ। ਗਸ਼ਤ ਦੇ ਆਖ਼ਰੀ ਦਿਨ ਸਾਰੇ ਸੈਨਿਕ ਉਤਸ਼ਾਹ ਨਾਲ ਭਰੇ ਹੋਏ ਸਨ। ਰਸਦ ਚੁੱਕਣ ਲਈ ਉਹਨਾਂ ਨੂੰ ਜਿਹੜੇ ਮਜ਼ਦੂਰ ਕਰਨੇ ਪੈਣੇ ਸਨ, ਉਹ ਭਾਰ ਆਪਸ ਵਿਚ ਵੰਡ ਕੇ ਉਨ੍ਹਾਂ ਮਜ਼ਦੂਰੀ ਬਚਾਅ ਲਈ ਸੀ।
ਸੂਬੇਦਾਰ ਮੰਗਤ ਰਾਮ ਨੇ ਆਖਿਆ, ”ਸਰ, ਜਵਾਨਾਂ ਲਈ ਤਾਂ ਬੜਾ ਖਾਣਾ ਹੋਣਾ ਚਾਹੀਦੈ।”
ਲੈਫਟੀਨੈਂਟ ਈਮਾਨ ਉਮਾਂਹ ਨਾਲ ਬੋਲਿਆ, ”ਸਾਬ੍ਹ! ਪਲਟਨ ਵਿਚ ਜਾ ਕੇ ਬੜਾ ਖਾਣਾ ਵੀ ਜ਼ਰੂਰ ਹੋਊ, ਪਰ ਜੇ ਰਾਹ ਵਿਚ ਕਿਧਰੇ ਕੁੱਕੜ ਮਿਲਣ ਤਾਂ ਬੇਸ਼ੱਕ ਖਰੀਦ ਲਿਉ। ਬੰਦ ਡੱਬਿਆਂ ਦੀ ਦਾਲ, ਭਾਜੀ ਖਾਂਦਿਆਂ ਮੂੰਹ ਦਾ ਜ਼ਾਇਕਾ ਵੀ ਕੁਝ ਹੋਰੂੰ ਹੋਇਆ ਪਿਆ ਏ।”
ਰਾਹ ਵਿਚ ਖੱਚਰ-ਡੰਡੀ ਦੇ ਨਾਲ ਲਗਦੇ ਇਕ ਮਕਾਨ ਸਾਹਮਣੇ ਕੁਝ ਕੁੱਕੜ ਕੁੱਕੜੀਆਂ ਚੋਗਾ ਚੁਗ ਰਹੇ ਸਨ। ਇਕ ਅਧਖੜ ਜਿਹਾ ਬੰਦਾ ਪੱਥਰ ਉਤੇ ਬੈਠਾ ਹੁੱਕਾ ਪੀ ਰਿਹਾ ਸੀ। ਸੂਬੇਦਾਰ ਮੰਗਤ ਰਾਮ ਨੇ ਅਗਾਂਹ ਹੋ ਕੇ ਪੁੱਛਿਆ, ”ਬੜੇ ਮੀਆਂ, ਕੁੱਕੜ ਵੇਚਣੇ ਨੇ?”
”ਹਾਂ, ਕਿੰਨੇ ਪੈਸੇ ਦਿਓਗੇ?”
”ਤੂੰ ਦੱਸ?”
”ਦੋ ਰੁਪਏ।” ਉਹਨੇ ਅਪਣੇ ਵੱਲੋਂ ਮੁਲ ਕੁਝ ਵਧਾ ਕੇ ਦੱਸਿਆ।
ਅਸੀਂ ਲੋੜ ਅਨੁਸਾਰ ਕੁੱਕੜ ਖਰੀਦ ਲਏ। ਅਸੀਂ ਉਦੋਂ ਦਸ, ਬਾਰਾਂ ਕਿਲੋਮੀਟਰ ਦਾ ਪੈਂਡਾ ਤੈਅ ਕਰ ਚੁੱਕੇ ਸਾਂ ਕਿ ਇਕ ਜਵਾਨ ਨੇ ਸੁਭਾਵਿਕੀ ਭੌਂ ਕੇ ਵੇਖਿਆ। ਪਿਛਲੇ ਮੋੜ ਉਤੇ ਕੋਈ ਹੱਥ ਹਿਲਾ-ਹਿਲਾ ਕੇ ਸਾਨੂੰ ਰੁਕਣ ਦਾ ਇਸ਼ਾਰਾ ਕਰ ਰਿਹਾ ਸੀ।
ਇਹ ਉਹੀ ਆਦਮੀ ਸੀ ਜੀਹਨੇ ਸਾਨੂੰ ਕੁੱਕੜ ਵੇਚੇ ਸਨ। ਉਹ ਹੱਫਿਆ ਹੋਇਆ ਸੀ। ਉਹਦੇ ਸਾਹ ਧੌਂਕਣੀ ਵਾਂਗੂੰ ਚਲ ਰਹੇ ਸਨ।
ਅਸੀਂ ਰੁਕ ਗਏ।
ਕੋਲ ਪਹੁੰਚ ਕੇ ਉਹਨੇ ਸਾਹ ਕਾਬੂ ਵਿਚ ਕੀਤੇ ਤੇ ਗੁੱਸੇ ਵਾਲੇ ਰੌਂਅ ਵਿਚ ਬੋਲਿਆ, ”ਤੁਸੀਂ ਮੇਰੇ ਨਾਲ ਧੋਖਾ ਕੀਤਾ ਏ। ਤੁਸੀਂ ਮੈਨੂੰ ਕੁੱਕੜਾਂ ਦੇ ਬੱਸ ਥੋੜ੍ਹੇ ਜਿਹੇ ਪੈਸੇ ਹੀ ਦਿੱਤੇ ਨੇ।”
”ਨਈਂ, ਥੋੜ੍ਹੇ ਤਾਂ ਨਈਂ ਦਿੱਤੇ। ਤੂੰ ਜਿੰਨੇ ਮੰਗੇ ਸੀ ਗਿਣ ਕੇ ਉਨੇ ਹੀ ਦਿੱਤੇ ਨੇ।”
ਸੂਬੇਦਾਰ ਮੰਗਤ ਰਾਮ ਨੇ ਸਪਸ਼ਟ ਕੀਤਾ।
”ਮੇਰਾ ਪੁੱਤਰ ਸਕੂਲੇ ਪੜ੍ਹਦਾ ਏ। ਉਹਨੂੰ ਸਭ ਪਤਾ ਏ।” ਉਹਨੇ ਪੂਰੇ ਦਾਅਵੇ ਨਾਲ ਕਿਹਾ, ”ਉਹ ਆਖਦਾ ਏ ਇਕ ਕੁੱਕੜ ਦੇ ਦੋ ਰੁਪਏ ਬਹੁਤ ਥੋੜ੍ਹੇ ਹੁੰਦੇ ਨੇ।”
ਮੈਂ ਉਸ ਪਹਾੜੀਏ ਦੀ ਸਾਦਗੀ ਉਤੇ ਮੁਸਕਰਾਇਆ। ਦਸ ਰੁਪਏ ਦਾ ਇਕ ਨੋਟ ਉਹਦੇ ਵਲ ਕਰਦਿਆਂ ਕਿਹਾ, ”ਮੀਆਂ, ਹੁਣ ਤਾਂ ਰੁਪਏ ਥੋੜ੍ਹੇ ਨਈਂ ਨਾ?”
ਦਸ ਰੁਪਏ ਲੈ ਕੇ ਪਹਾੜੀਆ ਚਾਈਂ-ਚਾਈਂ ਉਥੋਂ ਤੁਰ ਪਿਆ। ਝਾਗੇ ਪੈਂਡੇ ਦਾ ਉਹਦੇ ਚਿਹਰੇ ਉਤੇ ਰੱਤੀ ਭਰ ਵੀ ਹਰਖ ਨਹੀਂ ਸੀ।
ਦੁਪਹਿਰ ਵੇਲੇ ਅਸੀਂ ਉਥੇ ਹੀ ਪਹੁੰਚ ਗਏ ਜਿਥੋਂ ਇਕ ਹਫ਼ਤਾ ਪਹਿਲਾਂ ਤੁਰੇ ਸਾਂ।
ਫੌਜੀ ਟਰੱਕ ਨੇ ਸਾਨੂੰ ਦੁਪਹਿਰ ਢਲੇ ਲੈਣ ਆਉਣਾ ਸੀ। ਜਵਾਨਾਂ ਨੇ ਪਿੱਠੂ ਉਤਾਰ ਕੇ ਇਕ ਕਤਾਰ ਵਿਚ ਰੱਖ ਦਿੱਤੇ ਤੇ ਹਥਿਆਰ ਸਾਫ਼ ਕਰਨ ਲੱਗ ਪਏ। ਜਿਨ੍ਹਾਂ ਜੁਆਨਾਂ ਦੀ ਖਾਣਾ ਬਣਾਉਣ ਦੀ ਵਾਰੀ ਸੀ, ਉਨ੍ਹਾਂ ਲੱਕੜਾਂ ਇਕੱਠੀਆਂ ਕਰਕੇ ਅੱਗ ਬਾਲ ਲਈ।
ਮੈਂ ਤੇ ਲੈਫਟੀਨੈਂਟ ਈਮਾਨ ਨੇ ਵਾਪਸ ਪਹੁੰਚ ਕੇ ਲੰਮੀ ਗਸ਼ਤ ਬਾਰੇ ਆਪੋ ਅਪਣੀ ਰਿਪੋਰਟ ਪੇਸ਼ ਕਰਨੀ ਸੀ। ਬਣੀ ਦੇ ਇਲਾਕੇ ਵਿਚ ਮੀਲਾਂ ਲੰਮੀ ਸਰਹੱਦ ਖੁੱਲ੍ਹੀ ਪਈ ਸੀ। ਕਿਧਰੇ ਵੀ ਕੋਈ ਰੋਕ-ਟੋਕ ਨਹੀਂ ਸੀ। ਕੋਈ ਭਾਵੇਂ ਕਿਧਰੋਂ ਵੀ, ਕਦੋਂ ਵੀ ਭਾਰਤ ਅੰਦਰ ਦਾਖ਼ਲ ਹੋ ਜਾਵੇ। ਜੇ ਉਥੇ ਰਾਖੀ ਲਈ ਫੌਜ ਬਿਠਾ ਦਿੱਤੀ ਜਾਵੇ ਤਾਂ ਕਿਹੋ ਜਿਹੇ ਪ੍ਰਬੰਧਕੀ ਮਸਲੇ ਦਰਪੇਸ਼ ਆਉਣਗੇ। ਮੈਂ ਅਪਣੀ ਰਿਪੋਰਟ ਵਿਚ ਬੱਸ ਇਹੋ ਧਿਆਨ ਰੱਖਣਾ ਸੀ।
ਲੈਫਟੀਨੈਂਟ ਈਮਾਨ ਦੀ ਰਿਪਰੋਟ ਸੁਰੱਖਿਆ ਦੇ ਮਸਲੇ ਨਾਲ ਜੁੜੀ ਹੋਈ ਸੀ। ਉਸ ਰਿਪੋਰਟ ਵਿਚ ਉਹਨੇ ਬਣੀ ਦੇ ਲੋਕਾਂ ਦਾ ਹੀਜ ਪਿਆਜ਼ ਵੀ ਖੋਲ੍ਹਣਾ ਸੀ, ਪਰ ਉਹ ਕੀ ਲਿਖੂਗਾ ਉਹਨਾਂ ਬਾਰੇ?
ਬਣੀ ਦੇ ਵਾਸੀਆਂ ਕੋਲ ਨਾ ਕੋਈ ਦੇਸ਼ ਸੀ ਤੇ ਨਾ ਹੀ ਉਹ ਕਿਸੇ ਸਰਹੱਦ ਨੂੰ ਜਾਣਦੇ ਸਨ। ਉਹ ਤਾਂ ਬੇਝਿਜਕ ਲੀਕੋਂ ਪਾਰ ਹੋ ਆਉਂਦੇ ਸਨ। ਉਥੇ ਉਹਨਾਂ ਦੀਆਂ ਰਿਸ਼ਤੇਦਾਰੀਆਂ ਵੀ ਸਨ।
ਅਸੀਂ ਜਿਨ੍ਹਾਂ ਵਿਚੋਂ ਦੁਸ਼ਮਣੀ ਦੀ ਬੂਅ ਸੁੰਘਣ ਗਏ ਸਾਂ, ਉਹ ਪੰਛੀਆਂ ਵਰਗੇ ਸਨ, ਮਾਸੂਮ ਤੇ ਨਿਰਛਲ। ਉਹ ਭਾਵੇਂ ਉਡ ਕੇ ਕਿਤੇ ਵੀ ਚਲੇ ਜਾਣ। ਉਹਨਾਂ ਦੀ ਨਜ਼ਰ ਕਿਸੇ ਲੀਕ ਨੂੰ ਨਹੀਂ ਸੀ ਵੇਖਦੀ।
ਲੈਫਟੀਨੈਂਟ ਈਮਾਨ ਬਾਕੀਆਂ ਤੋਂ ਕੁਝ ਪਰ੍ਹਾਂ ਇਕ ਪੱਥਰ ਨਾਲ ਢੋਅ ਲਾ ਕੇ ਬੈਠ ਗਿਆ ਸੀ ਤੇ ਰਿਪੋਰਟ ਲਿਖਣ ਲਈ ਉਹਨੇ ਅਪਣੇ ਪਾਊਚ ਵਿਚੋਂ ਕਾਪੀ ਕੱਢ ਲਈ ਸੀ।
ਮੈਂ ਉਹਦੇ ਕੋਲ ਜਾ ਕੇ ਹੱਸਿਆ ਸਾਂ, ”ਕੱਮ ਔਨ ਈਮਾਨ! æææ ਰੀਲੈਕਸ਼ææ ਉਹਨਾਂ ਨੂੰ ਕੋਰਾ ਕਾਗ਼ਜ਼ ਫੜਾ ਦੇਵੀਂ, ਆਖੀਂ, ਇਹੋ ਹੈ ਮੇਰੀ ਰਿਪੋਰਟ।”
ਮੇਰੀ ਗੱਲ ਦੇ ਜੁਆਬ ਵਿਚ ਉਹ ਹੱਸਿਆ ਨਹੀਂ ਸੀ, ਚੁੱਪ ਰਿਹਾ ਸੀ।
ਉਦੋਂ ਮੈਥੋਂ ਉਹਦੀ ਚੁੱਪ ਦੇ ਆਰ ਪਾਰ ਨਹੀਂ ਸੀ ਵੇਖਿਆ ਗਿਆ।
…………

ਕੈਪਟਨ ਜ਼ਿੰਟਾ ਦੀ ਬੀਵੀ ਇਕੱਲ ਦੇ ਸੰਤਾਪ ਵਿਚ ਭੰਮੱਤਰ ਗਈ ਸੀ। ਇਹ ਵੀ ਭਲਾ ਕੀ ਜ਼ਿੰਦਗੀ ਹੋਈ ਕਿ ਸਾਰਾ ਦਿਨ ਕਮਰੇ ਦੀਆਂ ਕੰਧਾਂ ਵੇਖਦੇ ਰਹੋ, ਵੇਖਦੇ ਰਹੋ, ਚੇਤੇ ਨੂੰ ਹੰਘਾਲਦੇ ਰਹੋ ਤੇ ਸਾਥ ਨੂੰ ਕਲਪਨਾ ਵਿਚ ਜਿਉਂਦੇ ਰਹੋ।
ਉਸ ਔਰਤ ਦੀ ਇਕੱਲ ਨੂੰ ਪੰਜਾਂ ਤੱਤਾਂ ਦਾ ਵਜੂਦ ਚਾਹੀਦਾ ਸੀ। æææਤੇ ਉਹ ਵਜੂਦ ਨਾਰੀਆਂ ਦੇ ਸੱਪਾਂ ਵਾਲੇ ਪਹਾੜ ਉਤੇ ਬੈਠਾ ਹੋਇਆ ਸੀ।
ਲੰਮੀ ਗਸ਼ਤ ਪਿੱਛੋਂ ਮੈਂ ਵਾਪਸ ਯੂਨਿਟ ਪਹੁੰਚਿਆ ਤਾਂ ਕੈਪਟਨ ਦੀਨਾ ਨਾਥ ਜ਼ਿੰਟਾ ਕੁਝ ਦਿਨਾਂ ਦੀ ਛੁੱਟੀ ਗਿਆ ਹੋਇਆ ਸੀ।
ਮੈਂ ਗਸ਼ਤ ਬਾਰੇ ਅਪਣੀ ਰਿਪੋਰਟ ਭੇਜ ਕੇ ਯੂਨਿਟ ਦੇ ਕੰਮਾਂ
ਕਾਰਾਂ ਵਿਚ ਰੁਝ ਗਿਆ।
ਡਿਊਟੀ ਦੇ ਸਿਲਸਿਲੇ ਵਿਚ ਮੈਨੂੰ ਕੁਝ ਸਮੇਂ ਲਈ ਪੁਣਛ ਜਾਣਾ ਪੈ ਗਿਆ। ਜਦੋਂ ਮੈਂ ਵਾਪਸ ਨਾਰੀਆਂ ਪਰਤਿਆ ਤਾਂ ਕੈਪਟਨ ਜ਼ਿੰਟਾ ਪੋਸਟਿੰਗ ਜਾ ਚੁੱਕਿਆ ਸੀ।
ਮੇਰੇ ਯੂਨਿਟ ਤੋਂ ਪਰ੍ਹਾਂ ਰਹਿਣ ਦੇ ਅਰਸੇ ਵਿਚ ਹੀ ਕੈਪਟਨ ਜ਼ਿੰਟਾ ਦੀ ਪੋਸਟਿੰਗ ਆਈ ਸੀ। ਉਸ ਦਾ ਹਿੱਤ ਵੇਖਦਿਆਂ ਹੁਕਮ ਦੀ ਤਾਮੀਲ ਵੀ ਝਟਪਟ ਹੋ ਗਈ ਸੀ।
ਕੈਪਟਨ ਦੀਨਾ ਨਾਥ ਜ਼ਿੰਟਾ ਨਾਲ ਮੇਰੀ ਮੁੜ ਕਦੀ ਮੁਲਾਕਾਤ ਨਹੀਂ ਹੋਈ। (ਬਹੁਤ ਵਰ੍ਹਿਆਂ ਪਿੱਛੋਂ ਇਕ ਫਿਲਮ ਵੇਖ ਕੇ ਮੈਨੂੰ ਕੈਪਟਨ ਜ਼ਿੰਟਾ ਯਾਦ ਆਇਆ ਸੀ। ਉਸ ਫਿਲਮ ਦੀ ਨਾਇਕਾ ਦੀਆਂ ਗੱਲਾਂ ਦੇ ਟੋਏ, ਹੱਸਣ ਦਾ ਅੰਦਾਜ਼ ਅਤੇ ਸਮੁੱਚੀ ਨੁਹਾਰ ਹੂ-ਬ-ਹੂ ਕੈਪਟਨ ਜ਼ਿੰਟਾ ਵਰਗੀ ਸੀ। ਕੋਈ ਵੀ ਉਸ ਚੁਲਬੁਲੀ ਕੁੜੀ ਨੂੰ ਵੇਖ ਕੇ ਕਹਿ ਸਕਦਾ ਸੀ ਕਿ ਪ੍ਰੀਤੀ ਜ਼ਿੰਟਾ ਉਸੇ ਫੌਜੀ ਅਫ਼ਸਰ ਦੀ ਧੀ ਹੈ। ਸਾਥੀ ਅਫ਼ਸਰਾਂ ਨੇ ਇਸ ਗੱਲ ਦੀ ਤਸਦੀਕ ਵੀ ਕੀਤੀ, ਪਰ ਇਕ ਉਦਾਸ ਖ਼ਬਰ ਵੀ ਅਪਣੇ ਹੁੰਗਾਰੇ ਦੇ ਨਾਲ ਜੋੜ ਦਿੱਤੀ। ਦੀਨਾ ਨਾਥ ਜ਼ਿੰਟਾ (ਉਦੋਂ ਲੈਫਟੀਨੈਂਟ ਕਰਨਲ) ਦੀ ਸੜਕ ਹਾਦਸੇ ਵਿਚ ਮੌਤ ਹੋ ਗਈ ਸੀ ਅਤੇ ਉਹਨੇ ਅਪਣੀ ਧੀ ਨੂੰ ਪ੍ਰਸਿੱਧੀ ਦੀਆਂ ਬੁਲੰਦੀਆਂ ਛੋਂਹਦਿਆਂ ਨਹੀਂ ਸੀ ਵੇਖਿਆ।)
ਸੱਪਾਂ ਵਾਲੇ ਉਸ ਪਹਾੜ ਉਤੇ ਕੈਪਟਨ ਜ਼ਿੰਟਾ ਦੀ ਕਹਾਣੀ ਤੋਂ ਬਿਨਾਂ ਵੀ ਕਈ ਕਹਾਣੀਆਂ ਖਿਲਰੀਆਂ ਪਈਆਂ ਸਨ। ਉਹਨਾਂ ਵਿਚੋਂ ਕੁਝ ਕਹਾਣੀਆਂ ਮੈਂ ਲਿਖ ਵੀ ਲਈਆਂ ਸਨ। ਪਰ ਲੰਮੀ ਗਸ਼ਤ ਬਾਰੇ ਮੈਂ ਕੋਈ ਕਹਾਣੀ ਨਹੀਂ ਸੀ ਲਿਖੀ।
ਉਦੋਂ ਮੇਰੀ ਕੁਝ ਬੇਯਕੀਨੀ ਵੀ ਸੀ ਕਿ ਜ਼ਿੰਦਗੀ ਵਿਚੋਂ ਏਨੀ ਪੂਰੀ ਕਹਾਣੀ ਕਿਸ ਤਰ੍ਹਾਂ ਲੱਭ ਸਕਦੀ ਹੈ ਭਲਾ! ਲੰਮੀਂ ਗਸ਼ਤ ਵਾਲੀ ਬਾਤ ਵਿਚ ਤਾਂ ਕਲਪਨਾ ਦੀ ਗੁੰਜਾਇਸ਼ ਵੀ ਨਹੀਂ ਸੀ ਜਾਪਦੀ।
ਲੈਫਟੀਨੈਂਟ ਈਮਾਨ ਦੀ ਰਿਪੋਰਟ ਵਿਚੋਂ ਅਧਿਕਾਰੀਆਂ ਨੂੰ ਹਮਕ ਵੀ ਆਈ ਸੀ। ਉਨ੍ਹਾਂ ਨੂੰ ਇਹ ਵੀ ਜਾਪਿਆ ਸੀ ਕਿ ਈਮਾਨ ਨੇ ਅਪਣੇ ਧਰਮ ਵਾਲਿਆਂ ਦਾ ਪੱਖ ਪੂਰਿਆ ਸੀ।
ਲੰਮੀਂ ਗਸ਼ਤ ਦੀ ਰਿਪੋਰਟ ਲਿਖਣ ਵੇਲੇ ਲੈਫਟੀਨੈਂਟ ਈਮਾਨ ਦੀ ਚਿੰਤਾ ਖੁਦ ਦੇ ਮੁਸਲਮਾਨ ਹੋਣ ਦੀ ਸੀ।
ਇਹ ਚਿੰਤਾ ਅਸੀਂ ਹਰ ਕਿਸੇ ਲਈ ਪੈਦਾ ਕਰ ਰਹੇ ਸਾਂ, ਕਿਸੇ ਦੇ ਮੁਸਲਮਾਨ ਹੋਣ ਦੀ ਤੇ ਕਿਸੇ ਦੇ ਸਿੱਖ ਹੋਣ ਦੀ। ਕਿਸੇ ਦੇ ਹਿੰਦੂ ਹੋਣ ਦੀ ਤੇ ਕਿਸੇ ਦੇ ਈਸਾਈ ਹੋਣ ਦੀ।
ਉਦੋਂ ਮੇਰੀ ਛਾਤੀ ਵਿਚੋਂ ਪੀੜ ਨਹੀਂ ਸੀ ਉਠੀ। ਉਦੋਂ ਮੈਂ ਲੈਫਟੀਨੈਂਟ ਈਮਾਨ ਦੇ ਦਰਦ ਨੂੰ ਅਪਣੇ ਅੰਦਰ ਮਹਿਸੂਸ ਨਹੀਂ ਸਾਂ ਕਰ ਸਕਿਆ। 1969 ਦੀ ਉਸ ਘਟਨਾ ਨੂੰ ਚੇਤੇ ਵਿਚ ਸਹੇਜ ਕੇ ਮੈਂ 1986 ਦੇ ਵਿਹੜੇ ਤੱਕ ਪਹੁੰਚ ਗਿਆ ਸਾਂ।
ਪੰਜਾਬ ਵਿਚ ਅੱਤਵਾਦ ਦਾ ਦੌਰ ਸੀ। ਉਦੋਂ ਫੌਜੀ ਅਫ਼ਸਰਾਂ ਦੀਆਂ ਸਾਲਾਨਾ ਗੁਪਤ ਰਿਪੋਰਟਾਂ ਉਤੇ ਵੀ ਅੱਤਵਾਦ ਦਾ ਪਰਛਾਵਾਂ ਪੈਣਾ ਸ਼ੁਰੂ ਹੋ ਗਿਆ ਸੀ।
ਮੈਂ ਪੁਣੇ ਤੋਂ ਨਵਾਂ-ਨਵਾਂ ਪੋਸਟਿੰਗ ਆਇਆ ਸਾਂ। ਅਸੀਂ ਕੁਝ ਜਣੇ ਦੁਪਹਿਰ ਦਾ ਖਾਣਾ ਖਾ ਰਹੇ ਸਾਂ। ਪੰਜਾਬ ਦੇ ਉਸ ਵੇਲੇ ਦੇ ਹਾਲਾਤ ਬਾਰੇ ਗੱਲਾਂ ਛਿੜੀਆਂ ਹੋਈਆਂ ਸਨ। ਇਕ ਮੇਜਰ ਬੀਅਰ ਦੇ ਸਰੂਰ ਵਿਚ ਸੀ, ਅਚਨਚੇਤੀ ਬੋਲਿਆ, ”ਇਹਨਾਂ ਸਿੱਖਾਂ ਨੂੰ ਤਾਂ ਇਕ-ਇਕ ਕਰਕੇ ਵੱਢ ਸੁੱਟਣਾ ਚਾਹੀਦੈ।”
ਸੰਨਾਟਾ ਉਸੇ ਪਲ ਪੱਸਰ ਗਿਆ।
ਮੈਂ ਮਨੁੱਖ ਬਣਨ ਦੇ ਰਾਹ ਤੁਰਿਆ ਹੋਇਆ ਸਾਂ। ਮੈਂ ਸੋਚਦਾ ਸਾਂ, ਪਿਆਰ ਮੇਰਾ ਮਜ਼੍ਹਬ ਹੋਵੇ, ਪਰ ਮੇਰੇ ਮਜ਼੍ਹਬ ਦੇ ਸਿਰ ਉਤੇ ਪੱਗ ਬੱਝੀ ਹੋਈ ਸੀ।
ਉਸੇ ਪਲ ਲੈਫਟੀਨੈਂਟ ਈਮਾਨ ਦਾ ਉਹ ਦਰਦ ਮੇਰੀ ਛਾਤੀ ਵਿਚ ਉਠਿਆ ਸੀ। ਲੰਮੀ ਗਸ਼ਤ ਦੀ ਰਿਪੋਰਟ ਵਾਲੀ ਘਟਨਾ ਤੋਂ Aੁੱਨੀ ਵਰ੍ਹੇ ਪਿੱਛੋਂ।
ਲੈਫਟੀਨੈਂਟ ਈਮਾਨ ਵਾਲਾ ਜ਼ਬਤ ਮੇਰੇ ਕੋਲ ਨਹੀਂ ਸੀ। ਮੈਂ ਗੁੱਸੇ ਵਿਚ ਸਾਹਮਣੇ ਪਿਆ ਦਾਲ ਵਾਲਾ ਡੋਂਗਾ ਉਸ ਮੇਜਰ ਵੱਲ ਵਗਾਹ ਮਾਰਿਆ। ਦਾਲ ਖਾਣੇ ਦੇ ਮੇਜ਼ ਉਤੇ ਡੁੱਲ੍ਹ ਗਈ। ਡੋਂਗਾ ਭੁੰਜੇ ਡਿੱਗ ਕੇ ਟੁੱਟ ਗਿਆ। ਮੈਂ ਉਠ ਕੇ ਖਲੋ ਗਿਆ, ”ਜੇ ਬੰਦੇ ਦਾ ਪੁੱਤ ਐਂ ਤਾਂ ਹੁਣ ਬੋਲ, ਮੈਂ ਵੀ ਵੇਖਾਂæææ।”
ਉਸ ਮੇਜਰ ਦਾ ਸਰੂਰ ਝੱਗ ਵਾਂਗੂੰ ਸੁਰ-ਸੁਰ ਕਰਕੇ ਮੁੱਕ ਗਿਆ। ਉਹਨੇ ਭੰਮੱਤਰੇ ਹੋਏ ਨੇ ਮੇਰੇ ਵੱਲ ਵੇਖਿਆ।
ਉਹ, ਜੋ ਉਥੇ ਬੈਠੇ ਹੋਏ ਸਨ, ਉਹਨਾਂ ਨੂੰ ਕੋਰਟ ਆਫ਼ ਇਨਕੁਆਰੀ ਅਤੇ ਕੋਰਟ ਮਾਰਸ਼ਲ ਦੇ ਆਸਾਰ ਸਾਫ਼ ਦਿਸ ਪਏ ਸਨ। ਉਹਨਾਂ ਨੂੰ ਇਹ ਵੀ ਦਿਸ ਪਿਆ ਸੀ ਕਿ ਸਭਿਅਕ ਹੋਣ ਦੇ ਝੰਡਾਬਰਦਾਰਾਂ ਨੇ ਅੱਤਵਾਦ ਤੇ ਸੰਪਰਦਾਇਕਤਾ ਦੇ ਬੀਜ ਤਿਆਰ ਕਰਨ ਅਤੇ ਬੀਜਣ ਦੀ ਜਾਚ ਸਿੱਖ ਲਈ ਸੀ। ਉਹ ਫਿਕਰਮੰਦ ਹੋਏ ਸਨ। ਉਹਨਾਂ ਰਲ ਕੇ ਸਥਿਤੀ ਨੂੰ ਸੰਭਾਲ ਲਿਆ ਸੀ।

ਇਸ ਘਟਨਾ ਤੋਂ ਪਿੱਛੋਂ ਮੈਂ ਲੰਮੀ ਗਸ਼ਤ ਦੀ ਉਸ ਕਹਾਣੀ ਨੂੰ ਟਾਲ ਨਹੀਂ ਸਾਂ ਸਕਿਆ।
ਬਣੀ ਪਿੰਡ ਦੇ ਲੋਕਾਂ ਵਿਚੋਂ ਅਸੀਂ ਦੁਸ਼ਮਣੀ ਦੀ ਬੂਅ ਲੱਭਣ ਗਏ ਸਾਂ। ਦਰਅਸਲ ਉਹੀ ਅਸਲੀ ਮਨੁੱਖ ਸਨ। ਉਹਨਾਂ ਨੂੰ ਸਾਡੇ ਸਭਿਅਕ ਹੋਣ ਨੇ ਪਲੀਤ ਨਹੀਂ ਸੀ ਕੀਤਾ। ਉਹਨਾਂ ਲਈ ਹਰ ਕੋਈ ਰੱਬ ਦਾ ਜੀਅ ਸੀ।  ਚੰਡੀਮੰਦਰ ਦੇ ਅਫ਼ਸਰ ਮੈੱਸ ਵਿਚ ਵਾਪਰੀ ਘਟਨਾ ਮੇਰੀ ਕਹਾਣੀ ‘ਪੰਛੀਆਂ ਦੀ ਤਫ਼ਤੀਸ਼’ ਦੀਆਂ ਜੰਮਣ ਪੀੜਾਂ ਦਾ ਹੀ ਹਿੱਸਾ ਸੀ।

ਮੋਬਾਈਲ 97810-08582

Share with Friends

Leave a Reply