ਹੋਣੀਆਂ-ਸੁਖਮਿੰਦਰ ਸੇਖੋਂ

ਦਲਬੀਰ ਦਾ ਕੋਈ ਭਰਾ ਨਹੀਂ ਸੀ, ਦੋ ਭੈਣਾਂ ਹੀ ਸਨ। ਉਸਤੋਂ ਛੋਟੀਆਂ। ਜ਼ਿੰਮੇਵਾਰੀ ਦੀ ਪੰਡ ਹਲਕੀ ਕਰਦਿਆਂ ਦਲਬੀਰ ਦੇ ਬਾਪੂ ਨੇ ਦੋਹੇਂ ਵਿਆਹ ਦਿੱਤੀਆਂ। ਦਲਬੀਰ ਵੀ ਖੁਸ਼ ਹੋਇਆ ਕਿ ਚਲੋ ਚੰਗਾ ਹੋਇਆ। ਦੋਨੋਂ ਆਪੋ ਅਪਣੇ ਘਰੀਂ ਸੁਖੀ ਵਸਣਗੀਆਂ।

ਰਹਿ ਗਏ ਦੋਹੇਂ ਪਿਓ ਪੁੱਤਰ। ਕਿਉਂਕਿ ਸਾਧੂ ਸਿੰਘ ਦੀ ਘਰਵਾਲੀ ਦੀ ਮੌਤ ਹੋ ਗਈ ਸੀ। ਉਸਦੇ ਮਰਨ ਤੋਂ ਬਾਅਦ ਸਾਧੂ ਸਿੰਘ ਨੇ ਪਹਿਲਾਂ ਤਾਂ ਸੋਚਿਆ ਕਿ ਉਹ ਦੂਸਰਾ ਵਿਆਹ ਕਰਵਾ ਲਵੇ ਪਰ ਜੁਆਕਾਂ ਦੀ ਜ਼ਿੱਦ ਅੱਗੇ ਉਹ ਨਿਹੱਥਾ ਹੋ ਗਿਆ। ਉਂਝ ਤਾਂ ਪਹਿਲਾਂ ਵੀ ਉਹ ਸ਼ਰਾਬ ਦੀ ਘੁੱਟ ਲਾ ਲੈਂਦਾ ਸੀ ਤੇ ਅਫ਼ੀਮ ਦਾ ਭੋਰਾ ਵੀ ਖਾ ਲੈਂਦਾ ਸੀ ਪਰ ਘਰਵਾਲੀ ਦੀ ਮੌਤ ਮਗਰੋਂ ਉਸਦੀ ਇਹ ਆਦਤ ਕਾਫ਼ੀ ਵਧੀ ਫੁੱਲੀ ਸੀ। ਪਰ ਜਦੋਂ ਕਦੇ ਉਸਦੀ ਵੱਡੀ ਜਾਂ ਛੋਟੀ ਕੁੜੀ ਘਰ ਆਈ ਹੁੰਦੀ ਤਾਂ ਉਹ ਜਾਂ ਤਾਂ ਘੱਟ ਪੀਂਦਾ ਜਾਂ ਫੇਰ ਦੇਰ ਰਾਤੀਂ ਬਾਹਰ ਖੂਹ `ਤੇ ਹੀ ਸੌਂ ਜਾਂਦਾ।

– ”ਮੈਂ ਤਾਂ ਭਾਈ ਅੱਜ ਬਾਹਰ ਹੀ ਸੋਉਂ, ਸਰਪੰਚ ਨੇ ਮੀਟਿੰਗ ਸੱਦੀ ਐ, ਮਤੇ ਦੇਰ ਹੋ ਜੇ ਤੁਸੀਂ `ਡੀਕ ਨਾ ਰੱਖਿਓ।“

ਕਿਸੇ ਵੀ ਕੁੜੀ ਦੇ ਪੇਕੇ ਆਉਣ `ਤੇ ਉਹ ਸੁਣਾ ਕੇ ਆਖਦਾ ਤੇ ਉਹ ਮੋਟਰ `ਤੇ ਕਿਸੇ ਲੰਗੋਟੀਏ ਨਾਲ ਦਾਰੂ ਪੀਂਦਾ ਤੇ ਨਾਲ  ਮੀਟ ਵੀ ਰਿੰਨ੍ਹਿਆ ਜਾਂਦਾ।

-ਹੁਣ ਫੇਰ ਮੁੰਡਾ ਕਦ ਵਿਆਹਾਉਣੈ ਸਾਧੂ ਸਿਆਂ? ਮੈਂ ਦੇਖਾਂ ਫੇਰ ਕੋਈ ਰਿਸ਼ਤਾ? ਮੇਰੀ ਸਾਲੀ ਦੀ ਓ ਕੁੜੀ ਐ ਬਹੁਤ ਸੁਹਣੀ ਦਸਵੀਂ ਪਾਸ ਘਰੇਲੂ ਕੰਮਕਾਰ `ਚ ਪਰਵੀਨ ਜੇ ਕਹੇਂ ਤਾਂ ਗੱਲ ਚਲਾਵਾਂ ਫੇਅ-?“

ਦਾਰੂ ਦੇ ਦੋ ਪੈਗ ਅੰਦਰ ਸੁੱਟਣ ਤੋਂ ਬਾਅਦ ਯਾਰ ਉਹਦੇ ਦਿਲ ਨੂੰ ਫਰੋਲਦਾ ਪਰ ਉਹ ਹਾਂ ਹੂੰ ਕਰਦਾ, ਹੋਰ ਕੁਝ ਨਾ ਬੋਲਦਾ ਤੇ ਨਸ਼ੇ ਵਿਚ ਓਤਪੋਤ ਉਤਾਂਹ ਤਾਰਿਆਂ ਵਿਚੋਂ ਕੋਈ ਤਾਰਾ ਢੂੰਡਣ ਦੀ ਅਸਫ਼ਲ ਜਿਹੀ ਕੋਸ਼ਿਸ਼ ਕਰਦਾ।

-ਮਖਿਆ ਤੂੰ ਮੇਰੀ ਗੱਲ ਦਾ ਕੋਈ ਜਵਾਬ ਈ ਨੀਂ ਦਿੱਤਾ? ਲੰਗੋਟੀਆ ਉਸਦੇ ਜਵਾਬ ਦੀ ਉਡੀਕ ਕਰਦਾ ਕਰਦਾ ਅਖੀਰ ਉਥੇ ਹੀ ਲੇਟ ਕੇ ਘੁਰਾੜੇ ਮਾਰਣ ਲੱਗ ਜਾਂਦਾ।

ਦਲਬੀਰ ਸਾਊ ਸੀ। ਸਿਰੜੀ, ਮਿਹਨਤੀ। ਭੈਣਾਂ ਦੀ ਕਬੀਲਦਾਰੀ ਕਰਕੇ ਉਹ ਬਹੁਤਾ ਪੜ੍ਹ ਲਿਖ ਨਹੀਂ ਸੀ ਸਕਿਆ ਪਰ ਖੇਤੀ ਵੰਨੀਓਂ ਉਹ ਡੰਡੀਓ ਡੰਡੀ ਨੱਠਿਆ ਤੁਰਿਆ ਜਾਂਦਾ ਸੀ। ਪ੍ਰੰਤੂ ਭੈਣਾਂ ਦੇ ਵਿਆਹ ‘ਤੇ ਹੋਏ ਖਰਚੇ ਤੇ ਸਾਧੂ ਸਿੰਘ ਦੀ ਨਸ਼ਿਆਂ ਦੀ ਵੱਧਦੀ ਆਦਤ ਕਰਕੇ ਜ਼ਮੀਨ ਤਿੰਨ ਕਿੰਲਿਆਂ ਤੋਂ ਘੱਟਕੇ ਮਸਾਂ ਡੂਢ ਕਿੱਲੇ ਹੀ ਰਹਿ ਗਈ ਸੀ। ਸਰਕਾਰ ਵੱਲੋਂ ਜਦੋਂ ਦਾ ਬਿਜਲੀ ਪਾਣੀ ਮੁਫ਼ਤ ਦਾ ਫ਼ੈਸਲਾ ਲਾਗੂ ਹੋਇਆ ਸੀ ਤਾਂ ਹੋਰਨਾਂ ਕਈਆਂ ਵਾਂਗ ਉਹ ਵੀ ਕੁਝ ਦੇਰ ਲਈ ਖੁਸ਼ ਹੋ ਕੇ ਝੂਮਿਆ ਸੀ ਪ੍ਰੰਤੂ ਵਕਤ ਦੀ ਚਾਲ ਨੇ ਉਸਨੂੰ ਵੀ ਬਹੁਤੇ ਹੋਰਨਾਂ ਵਾਂਗ ਮੂਧੇ ਮੂੰਹ ਜ਼ਮੀਨ `ਤੇ ਲਿਆ ਸੁੱਟਿਆ ਸੀ। ”ਇਹਦੀ ਦਿੱਤਾ ਭੈਣ ਦੀ  – ਇਹ ਸਮਝਦੇ ਕੀ ਐਂ ਅਪਣੇ ਆਪਨੂੰ ਬਿਜਲੀ ਪਾਣੀ ਮੁਫ਼ਤ ਦੇ ਕੇ ਆਫ਼ਰੇ ਫਿਰਦੇ ਐ ਕਿ ਸਾਡਾ ਵੱਟ ਬੈਂਕ ਪੱਕਾ। ਸਾਲਿਓ! ਅਸੀਂ ਕਦ ਕਿਹਾ ਸੀ ਕਿ ਸਾਨੂੰ ਬਿਜਲੀ ਮੁਫ਼ਤ ਦਿਓ? ਅਸੀਂ ਤਾਂ ਚਾਹੁੰਦੇ ਸੀ ਕਿ ਸਾਨੂੰ ਬਿਜਲੀ ਪੂਰਾ ਟੈਮ ਮਿਲੇ। ਸਾਨੂੰ ਤਾਂ ਬਿਜਲੀ ਚਾਹੀਦੀ ਐ ਪੈਸੇ ਪੂਰੇ ਲਓ ਤੇ ਬਿਜਲੀ ਪੂਰਾ ਟੈਮ ਦਿਓ, ਬੱਸ ਹੋਰ ਕੀ- ਹੋਰ ਅਸੀਂ ਥੋਡੀ ਮਾਂ ਦਾ …”

ਦਲਬੀਰ ਅਪਣੇ ਮਨ ਦੀ ਭੜਾਸ ਕੱਢਦਾ। ਕਦੇ ਮਨ ਹੀ ਮਨ ਤੇ ਕਦੇ ਕਿਸੇ ਦੋਸਤ ਬੇਲੀ ਕੋਲ। ਪਰ ਹੁਣ ਜਦ ਕੁੜੀਆਂ ਦੇ ਵਿਆਹ ਮਗਰੋਂ ਜ਼ਮੀਨ ਦੀਆਂ ਡੂਢ ਡਲੀਆਂ ਹੀ ਰਹਿ ਗਈਆਂ ਸਨ ਤਾਂ ਉਸਦਾ ਜਿਵੇਂ ਲੱਕ ਹੀ ਦੂਹਰਾ ਹੋ ਗਿਆ ਸੀ। ਜਿਹੜਾ ਚਿਰਾਂ ਤੋਂ ਸੀਰੀ ਚਲਿਆ ਆਉਂਦਾ ਸੀ ਉਸਨੂੰ ਵੀ ਸਾਧੂ ਸਿੰਘ ਨੇ ਜਵਾਬ ਦੇ ਦਿੱਤਾ ਸੀ। ਨੱਥਾ ਸਿੰਘ ਕਲਪਦਾ ਰਿਹਾ ਸੀ ਕਿ ਉਹ ਘੱਟ ਦਾਣਿਆਂ ਨਾਲ ਸਾਰ ਲਊ, ਘੱਟ ਪੈਸੇ ਲੈਣੇ ਮਨਜ਼ੂਰ ਪਰ ਚਿਰਾਂ ਤੋਂ ਪਏ ਸੀਰ ਨੂੰ ਬਣਿਆ ਰਹਿਣ ਦਿਓ।

ਵਿਚਾਰੀਆਂ ਬੁੱਢੀਆਂ ਹੱਡੀਆ ਦਾ ਮੋਹ। ਸਾਧੂ ਸਿੰਘ ਜਿਵੇਂ ਉਸ ਨਾਲ ਅੱਖ ਨਹੀਂ ਸੀ ਮਿਲਾ ਸਕਿਆ, ਪ੍ਰੰਤੂ ਅੰਦਰੋਂ ਅੰਦਰ ਉਸਦਾ ਮਨ ਪਸੀਜਕੇ ਰਹਿ ਗਿਆ ਸੀ। ਲੇਕਿਨ ਉਹ ਵੀ ਕੀ ਕਰਦਾ। ਘੱਟ ਜ਼ਮੀਨ ਤੇ ਉਪਰੋਂ ਮਹਿੰਗੀ ਖੇਤੀ ਨੇ ਉਸਨੂੰ ਮੰਦੇ ਹਾਲੀਂ ਕਰ ਦਿੱਤਾ ਸੀ। ਅਫ਼ੀਮ ਦਾ ਭੋਰਾ ਲੈ ਕੇ ਜਾਂ ਦਾਰੂ ਦੇ ਦੋ ਪੈਗ ਲਾ ਕੇ ਉਹ ਇਕੱਲਾ ਹੀ ਸੁੰਨ ਜਿਹਾ ਹੋਇਆ ਅੰਦਰ ਪਈ ਟੁੱਟ ਨੂੰ ਪੂਰਣ ਦੀ ਨਿਰਮੂਲ ਜਿਹੀ ਕੋਸ਼ਿਸ਼ ਕਰਦਾ। ਹੁਣ ਉਹ ਕੰਮ ਤਾਂ ਕੋਈ ਬਹੁਤਾ ਨਾ ਕਰਦਾ ਪਰ ਜ਼ਿਆਦਾ ਸਮਾਂ ਉਹ ਬਾਹਰ ਵੇਹਲੜਾਂ ਨਾਲ ਗੁਜ਼ਾਰਦਾ। ਅੱਧਖੜ ਜਾਂ ਕੁਝ ਵਡੇਰੀ ਉਮਰ ਦੇ ਬੰਦੇ ਅਪਣੇ ਬਚਪਨ ਤੇ ਜੁਆਨੀਆਂ ਯਾਦ ਕਰ ਰੋਂਦੇ ਤੇ ਹੱਸਦੇ ਵੀ। ਨੂੰਹਾਂ ਪੁੰਤਰਾਂ ਦੀਆਂ ਸਿਫ਼ਤਾਂ ਕਰਕੇ ਜਾਂ ਫਿਰ ਬਦਖੋਈਆਂ। ਜਾਂ ਫਿਰ ਕੋਈ ਧਾਰਮਿਕ ਰਹੁਰੀਤ ਜਾਂ ਫਿਰ ਰਾਜਨੀਤੀ ਦੀਆਂ ਗੱਲਾਂ ਛੋਹਕੇ ਟਾਈਮ ਪਾਸ ਕਰਨ ਦਾ ਯਤਨ ਕਰਦੇ।

– ਹੋਰ ਬਈ ਤੂੰ ਸੁਣਾ ਫੇਰ ਸਾਧੂ ਸਿਆਂ, ਅੱਗੇ ਤਾਂ ਬਹੁਤ ਬੁੜਕਦਾ ਹੁੰਦਾ ਸੀ ਹੁਣ ਤਾਂ ਮੇਰੇ ਅਰ ਉਈਂ ਜਿਮੇਂ ਦਿਲ ਜਿਹਾ ਈ ਛੱਡ ਗਿਆ ਲਗਦੈਂ ਤੂੰ“।

ਕੋਈ ਜਣਾ ਸਾਧੂ ਸਿੰਘ ਦੇ ਧੁਰ ਅੰਦਰ ਉਤਰਣ ਦਾ ਜਿਵੇਂ ਉਪਰਾਲਾ ਕਰਦਾ।

– ਹਾਂ ਬਈ ਜਦ ਦੀ ਇਹਦੀ ਘਰਵਾਲੀ ਮਰੀ ਐ ਉਸ ਤੋਂ ਬਾਅਦ ਤਾਂ ਇਹ ਘੱਟ ਵੱਧ ਹੀ ਬੋਲਦੈ। ਕੋਈ ਹੋਰ ਜਣਾ ਕਹਿ ਉਠਦਾ, ”ਦੇਖ ਬਈ ਸਾਧੂ ਸਿਆਂ! ਇਹ ਦੁੱਖ ਸੁੱਖ, ਇਹ ਆਉਣ ਜਾਣ ਤਾਂ ਬਣਿਆ ਈ ਰਹਿੰਦੈ ਜਦ ਦੀ ਦੁਨੀਆਂ ਬਣੀ ਐ। ਰੋ ਕੇ ਵੀ ਟੈਮ ਪਾਸ ਕਰਨਾ ਹੋਇਆ ਤੇ ਹੱਸਕੇ ਵੀ। ਫੇਰ ਹੱਸਕੇ ਕਿਉਂ ਨਾ ਕੀਤਾ ਜਾਵੇ – ਕਿਉਂ ਕੀ ਆਂਹਦੈ?“

ਸਾਧੂ ਸਿੰਘ ਉਨ੍ਹਾਂ ਸਾਰਿਆਂ ਦਾ ਦਿਲ ਰੱਖਣ ਖਾਤਰ ਕੋਈ ਨਿੱਕੀ ਮੋਟੀ ਗੱਲ ਤੋਰਣ ਦਾ ਯਤਨ ਕਰਦਾ ਪਰ ਅਨਮੰਨੇ ਜਿਹੇ ਮਨ ਨਾਲ, ਫੇਰ ਚੁੱਪ ਗੜੁੱਪ।

ਓਧਰ ਦਲਬੀਰ ਤਾਂ ਅਪਣੀ ਜ਼ਿੰਦਗੀ ਤੋਂ ਜਿਵੇਂ ਉੱਕਾ ਹੀ ਖੁਸ਼ ਨਹੀਂ ਸੀ। ਬੇਰਸ ਤੇ ਨੀਰਸ ਜ਼ਿੰਦਗੀ। ਪਰ ਇਕ ਭਲੀ ਕਿ ਉਹ ਕਿਸੇ ਨਸ਼ੇ ਪੱਤੇ ਦੇ ਰਾਹ ਨਹੀਂ ਸੀ ਤੁਰਿਆ। ਪ੍ਰੰਤੂ ਇਕ ਟੁੱਟ ਤੇ ਇੱਕਲ ਹਮੇਸ਼ਾ ਉਸਦੇ ਅੰਗ ਸੰਗ ਰਹਿੰਦੀ। ਮਿਹਨਤ ਦੇ ਥਕਾਵਟ ਦੇ ਬਾਵਜੂਦ ਉਸਨੂੰ ਰਾਤੀਂ ਦੇਰ ਗਏ ਤੱਕ ਨੀਂਦ ਨਹੀਂ ਸੀ ਆਉਂਦੀ। ਤੇ ਜੇ ਆਉਂਦੀ ਵੀ ਤਾਂ ਕੋਈ ਅਜਿਹਾ ਡਰਾਉਣਾ ਸੁਪਨਾ ਵਿਖਾਈ ਦਿੰਦਾ ਕਿ ਸੁਪਨ-ਲੜੀ ਟੁੱਟਣ `ਤੇ ਫੇਰ ਉਹ ਕਿੰਨਾ ਕਿੰਨਾਂ ਚਿਰ ਸੌ ਨਾ ਸਕਦਾ।

ਅਖੀਰ ਉਸਦੀ ਮਰਜ਼ੀ ਦੇ ਉਲਟ ਘਰ ਵਿਚ ਖੇੜਾ ਲਿਆਉਣ ਤੇ ਰੋਟੀ ਤਾਜ਼ੀ ਪੱਕਦੀ ਹੋਣ ਦੇ ਨਜ਼ਰੀਏ ਤੋਂ ਦਲਬੀਰ ਦਾ ਮੰਗਣਾ ਇਕ ਥਾਉਂ ਪੱਕਾ ਕਰ ਦਿੱਤਾ ਗਿਆ ਸੀ ਤੇ ਫੇਰ ਵਿਆਹ ਵੀ ਹੋ ਗਿਆ। ਬਹੁੂ ਘਰ ਆਈ ਤਾਂ ਘਰ ਵਿਚ ਰੌਣਕ ਉਤਰ ਆਈ, ਰੋਟੀ ਤਾਜ਼ੀ ਗਰਮ ਪੱਕਦੀ ਹੋ ਗਈ।

-ਤੇਰੇ ਆਉਣ ਨਾਲ ਏਸ ਘਰ ਨੂੰ ਜਿਮੇਂ ਨਵਾਂ ਜੀਵਨ ਮਿਲ ਗਿਆ ਹੋਵੇ।“ ਦਲਬੀਰ ਆਪਣੀ ਵਹੁਟੀ ਨੂੰ ਗਲ ਨਾਲ ਲਾ ਭਾਵੁਕ ਹੋ ਜਾਂਦਾ।

ਰੁਪਿੰਦਰ ਵੀ ਉਸਨੂੰ ਪੂਰਾ ਖੁਸ਼ ਰੱਖਣ ਦਾ ਯਤਨ ਕਰਦੀ। ਸਾਧੂ ਸਿੰਘ ਦੇ ਨਾਂਹ ਨਾਂਹ ਕਰਦਿਆਂ ਵੀ ਉਸਦੀ ਥਾਲੀ ਵਿਚ ਇਕ ਅੱਧ ਫੁਲਕਾ ਵੱਧ ਹੀ ਸੁੱਟ ਜਾਂਦੀ।

ਥੋੜ੍ਹੀ ਜ਼ਮੀਨ ਵੀ ਉਹਨੂੰ ਹੁਣ ਪਰੇਸ਼ਾਨ ਨਾ ਕਰਦੀ। ਹੱਡ ਭੰਨਵੀਂ ਮਿਹਨਤ ਨਾਲ ਵੀ ਉਹ ਥਕਾਵਟ ਮਹਿਸੂਸ ਨਾ ਕਰਦਾ। ਹਲਕਾ ਫੁੱਲ ਹੋਇਆ ਉਹ ਨਸ਼ੇ ਵਿਚ ਝੂਮਦਾ ਕੰਮਕਾਰ ਵਿਚ ਰੁੱਝਿਆ ਰਹਿੰਦਾ ਤੇ ਆਥਣ ਵੇਲੇ ਰੁਪਿੰਦਰ ਨਾਲ ਵੱਖਰੀ ਬੈਠਕ ਵਿਚ ਸੁਨਹਿਰੇ ਸੰਸਾਰ ਵਿਚ ਗੁਆਚ ਜਾਂਦਾ। ਪ੍ਰੰਤੂ ਇਹ ਸੱਭ ਕਾਸੇ ਦੇ ਬਾਵਜੂਦ ਇਕ ਸੋਚ ਉਸਦਾ ਪਿੱਛਾ ਨਹੀਂ ਸੀ ਛੱਡਦੀ, ਆਰਥਿਕ ਪੱਖੋਂ ਊਣਾ ਹੋਣ ਕਰਕੇ ਇਕ ਦੋ ਵਾਰ ਤਾਂ ਰੁਪਿੰਦਰ ਦਾ ਗਹਿਣਾ ਗੱਟਾ ਵੀ ਗਿਰਵੀ ਰੱਖਣਾ ਪਿਆ ਸੀ। ਖਾਦ, ਬੀਜ ਤੇ ਹੋਰ ਘਰੇਲੂ ਖਰਚਿਆਂ ਨੇ ਉਸ ਦੀਆਂ ਨਾਸਾਂ ਵਿਚ ਧੂੰਆਂ ਕੱਢਕੇ ਰੱਖ ਦਿੱਤਾ ਸੀ। ਆੜਤੀਆ ਵੀ ਨੱਕ ਮੂੰਹ ਵੱਟਦਾ, ”ਤੈਨੂੰ ਪਤਾ ਈ ਐ ਸਿੰਘਾ, ਹੁਣ ਆੜਤ ਊੜਤ ਮਾਂ ਵੀ ਕੁਛ ਨੀਂ ਰੱਖਾ, ਬੱਸ ਉਪਰੋਂ ਉਪਰੋਂ ਟੀਪ ਟਾਪ ਈ ਐ ਅੰਦਰੋਂ ਤਾਂ ਭਾਈ ਅਸੀਂ ਵੀ ਖੋਖਲੇ ਹੋਏ ਪਏ ਆਂ-ਇਵ ਤੈਨੂੰ ਕਿਆ ਦੱਸੀਏ ਸਿੰਘਾ?“ ਆਖਦਿਆਂ ਅੜਤੀਆ ਖਸਿਆਣੀ ਜਿਹੀ ਹਾਸੀ ਹੱਸਿਆ ਸੀ ਤੇ ਦਲਬੀਰ ਦੇ ਹੱਥਾਂ `ਤੇ ਇਕ ਨੋਟਾਂ ਦੀ ਦੱਬੀ ਧਰੀ ਤਾਂ ਸੀ ਪਰ ਡੇਢ ਪ੍ਰਤੀਸ਼ਤ ਵਧਾਕੇ। ਉਹਨੇ ਵੀ ਕੁਝ ਬੋਲਣਾ ਮੁਨਾਸਿਬ ਨਹੀਂ ਸੀ ਸਮਝਿਆ ਤੇ ਬਹੁਤ ਕੁਝ ਸੋਚਦਾ ਹੋਇਆ ਉਹ ਪਿੰਡ ਪਰਤ ਆਇਆ ਸੀ। ਮਿਹਰਦੀਨ ਆੜਤੀਏ ਦੀ ਗਰੀਬੀ ਤੇ ਉਸਦੇ ਅੰਦਰਲੇ ਸ਼ੈਤਾਨ ਬਾਰੇ ਸੋਚਦਾ ਹੋਇਆ। ਉਸਨੂੰ ਯਾਦ ਆਇਆ ਕਿ ਉਸਦੇ ਨਾਭੇ ਦੀ ਸੰਘਣੀ ਆਬਾਦੀ ਵਾਲੇ ਪੁਰਾਣੇ ਘਰ ਉਪਰ ਦੋ ਚੁਬਾਰੇ ਬਹੁਤ ਪਹਿਲਾਂ ਉਸਰ ਗਏ ਸਨ। ਹੁਣ ਪਿੱਛੇ ਜਿਹੇ ਸ਼ਹਿਰ ਤੋਂ ਬਾਹਰ ਹੀਰਾ ਮਹਿਲ ਕਲੋਨੀ ਵਿਚ ਵੀ ਕੋਠੀ ਬਣਾ ਲਈ ਸੀ ਤੇ ਸੜਕ ਦੇ ਬਾਹਰ ਖੁੱਲ੍ਹਦੇ ਗੇਟ ਦੇ ਨਾਲ ਨਾਲ ਦੋ ਦੁਕਾਨਾਂ ਵੀ ਬਣਾ ਲਈਆਂ ਸਨ। ਸਕੂਟਰ ਹੁਣ ਉਹ ਘੱਟ ਹੀ ਵਰਤਦਾ ਸੀ। ਉਸਦਾ ਨਿੱਜੀ ਡਰਾਈਵਰ ਹੁਣ ਉਸਨੂੰ ਕਾਰ `ਤੇ ਘੁਮਾਉਂਦਾ ਫਿਰਾਉਂਦਾ ਸੀ।

ਹੁਣ ਕਈ ਦਿਨਾਂ ਤੋਂ ਦਲਬੀਰ ਕੁਝ ਵਧੇਰੇ ਹੀ ਪਰੇਸ਼ਾਨ ਰਹਿਣ ਲੱਗਾ ਸੀ। ”ਹੋਰ ਸੁਣਾ ਬਈ ਦਲਬੀਰ ਸਿਆਂ ਕਿਮੇਂ ਉਖੜਿਆ ਉਖੜਿਆ ਜਿਹਾ ਸੈਕਲ ਨੂੰ ਘੜੀਸੀ ਜਾਨੈ?“ ਕਿਸੇ ਨੇ ਉਸਦੀ ਬੇਚੈਨ ਸੋਚ ਨੂੰ ਝੰਜੋੜਿਆ। ਅਪਣੇ ਬਾਪੂ ਦੇ ਕਹੇ ਬੋਲ ਵੀ ਹੁਣ ਉਹ ਅਣਗੌਲੇ ਹੀ ਛੱਡ ਦਿੰਦਾ। ”ਉਏ ਦਲਬੀਰ ਕਿੰਨਾ ਚਿਰ ਹੋ ਗਿਆ ਤੇਰੀਆਂ ਭੈਣਾਂ ਨੀ ਪਿੰਡ ਆਈਆਂ। ਕਦੇ ਗੇੜਾ ਈ ਮਾਰ ਆ। ਦੋਹਾਂ ਦੀ ਕੋਈ ਖਬਰਸਾਰ ਕੋਈ, ਸੁਖਸਾਂਦ ਦੀ ਖਬਰ ਈ ਲੈ ਆਈਂ, ਕਦੇ ਮਿਲਕੇ ਜਾਣ।“

– ਠੀਕੈ ਜੀ! “ ਬੱਸ ਇਸਤੋਂ ਅਗਾਂਹ ਜਿਵੇਂ ਉਸਨੂੰ ਕੋਈ ਸ਼ਬਦ ਹੀ ਨਹੀਂ ਸੀ ਜੁੜਦੇ। ਤੇ ਉਹ ਫੇਰ ਸੋਚਾਂ ਦੇ ਬੇਲਗਾਮ ਘੋੜੇ `ਤੇ ਸੁਆਰ ਹੋ ਕਿੱਧਰੇ ਦੂਰ ਨਿਕਲ ਜਾਂਦਾ।ਬਹੁਤ ਦੂਰ-

”ਦੇਖੋ ਜੀ, ਮੈਨੂੰ ਥੋਡਾ ਚੁੱਪ ਚਾਪ ਰਹਿਣਾ ਬਹੁਤ ਈ ਚੁਭਦੈ, ਧੁਰ ਅੰਦਰ ਤੱਕ ਹੌਲ ਜਿਹਾ ਪੈ ਜਾਂਦੈ। ਦੱਸੋ ਕਿਸ ਚੀਜ਼ ਦਾ ਘਾਟਾ ਹੈ ਆਪਾਂ ਨੂੰ। ਰਹੀ ਅਲਾਦ ਦੀ ਗੱਲ ਉਹ ਵੀ ਆਜੂ ਹਾਲੇ ਚਿਰ ਈ ਕੀ ਹੋਇਆ ਅਪਣੇ ਵਿਆਹ ਨੂੰ? – ਨੰਬਰਦਾਰਾਂ ਦੀ ਨੂੰਹ ਬੰਤ ਕੁਰ ਦੱਸਦੀ ਸੀ-ਪਈ ਜਦ ਉਹ ਪੇਕੇ ਗਈ ਤਾਂ ਇਕ ਦੇਸੀ ਫਾਰਮੂਲਾ ਲੈਕੇ ਆਊ।“

ਬੇਸ਼ੱਕ ਦਲਬੀਰ ਨੇ ਪੂਰਾ ਵਾਕ ਤਾਂ ਨਹੀਂ ਸੀ ਸੁਣਿਆ ਪਰ ਰੁਪਿੰਦਰ ਦੇ ਆਖੇ ਕੁਝ ਅੰਤਲੇ ਸ਼ਬਦਾਂ ਨੇ ਉਸਦੇ ਕੰਨ ਖੜ੍ਹੇ ਕਰ ਦਿੱਤੇ ਤੇ ਉਸਦੇ ਚਿਹਰੇ `ਤੇ ਰੰਗਤ ਉਤਰ ਆਈ।

ਅਜੇ ਇਨ੍ਹਾਂ ਗੱਲਾਂਬਾਤਾਂ ਨੂੰ ਕੁਝ ਦਿਨ ਹੀ ਗੁਜ਼ਰੇ ਹੋਣਗੇ ਕਿ ਇਕ ਸਵੇਰ ਦਲਬੀਰ ਨੇ ਅਪਣਾ ਫੈਸਲਾ ਵੀ ਸੁਣਾ ਦਿੱਤਾ, ”ਮੈਂ ਡੇਢ ਕਿੱਲਿਆਂ ਵਿਚੋਂ ਅੱਧਾ ਕਿੱਲਾ ਵੇਚਣ ਦਾ ਫੈਸਲਾ ਕਰ ਲਿਐ।“

ਸਾਧੂ ਸਿੰਘ ਤੇ ਰੁਪਿੰਦਰ ਕੌਰ ਨੂੰ ਦਲਬੀਰ ਵੱਲੋਂ ਲਏ ਗਏ ਫੈਸਲੇ ਨੇ ਇਕਦਮ ਅਚੰਭਿਤ ਕਰ ਦਿੱਤਾ। ਉਹਨਾਂ ਦੇ ਚਿਹਰਿਆਂ `ਤੇ ਯਕਦਮ ਕਈ ਪ੍ਰਸ਼ਨ ਉਭਰੇ ਤੇ ਉਹ ਸਵਾਲੀਆ ਨਿਸ਼ਾਨ ਬਣੇ ਦਲਬੀਰ ਦੇ ਅਗਲੇ ਬੋਲਾਂ ਦੀ ਉਡੀਕ ਕਰਨ ਲੱਗ ਪਏ।

– ਹਾਂਅ ਮੇਰਾ ਫੈਸਲਾ ਅਟੱਲ ਹੈ, ਮੈਂ ਪਹਾੜਪੁਰੀਏ ਬਲਦੇਵ ਨਾਲ ਗੱਲ ਕਰ ਲਈ ਐ, ਸੌਦਾ ਵੀ ਤਕਰਬੀਨ ਤਹਿ ਹੋ ਈ ਗਿਐ। ਬੱਸ ਹੁਣ ਬਾਪੂ ਜੀ ਤੁਹਾਡੇ `ਤੇ ਐ। ਮੈਂ ਕਹਿਨੈ ਕੱਲ੍ਹ ਈ ਲਿਖਤ ਪੜ੍ਹਤ ਕਰ ਲੈਨੇ ਆਂ।“

ਰੁਪਿੰਦਰ ਨੇ ਕੁਝ ਬੋਲਣਾ ਚਾਹਿਆ ਪਰ ਅਪਣੇ ਸਹੁਰੇ ਦੇ ਗੰਭੀਰ ਚਿਹਰੇ `ਤੇ ਉੱਗੇ ਪ੍ਰਸ਼ਨ ਚਿੰਨ੍ਹਾਂ ਵੱਲ ਤੱਕ ਉਸ ਚੁੱਪ ਰਹਿਣਾ ਹੀ ਜਿਵੇਂ ਠੀਕ ਸਮਝਿਆ।

– ਦੇਖ ਦਲਬੀਰ ਜ਼ਮੀਨ ਹੁੰਦੀ ਐ ਜੱਟ ਦੀ ਆਤਮਾ – ਤੇ ਜੇ ਆਤਮਾ ਹੀ ਸਰੀਰ `ਚ ਨਾ ਰਹੇ ਤਾਂ ਫੇਰ ਬੰਦਾ ਭਲਾ ਕਿਸ ਕੰਮ ਦਾ ?“

ਸਾਧੂ ਸਿੰਘ ਦੇ ਸ਼ਬਦਾਂ ਨੇ ਸਿਆਣਪ ਦੀ ਜ਼ਮੀਨ `ਤੇ ਸਿਆੜ ਕੱਟਿਆ। ਪ੍ਰੰਤੂ ਜਦੋਂ ਦਲਬੀਰ ਅੱਧਾ ਕਿੱਲਾ ਜ਼ਮੀਨ ਵੇਚਣ `ਤੇ ਹੀ ਬਜ਼ਿੱਦ ਸੀ ਤਾਂ ਫੇਰ ਭਲਾ ਉਹ ਕੀ ਕਰ ਸਕਦਾ ਸੀ।

– ਠੀਕੈ ਭਾਈ ਜਿਮੇਂ ਤੇਰੀ ਮਰਜ਼ੀ।“

ਜ਼ਮੀਨ ਦੇ ਕਾਗਜ਼ ਪੱਤਰ ਤਿਆਰ ਕਰਵਾ ਲਏ ਗਏ। ਦਲਬੀਰ ਨੇ ਸੋਚੀ ਸਮਝੀ ਸਕੀਮ ਦੀ ਰੌਸ਼ਨੀ ਵਿਚ ਵੱਟੇ ਪੈਸਿਆਂ ਨਾਲ ਸ਼ਹਿਰ ਵਿਚ ਇਕ ਪਲਾਟ ਖਰੀਦ ਲਿਆ ਤੇ ਜ਼ਮੀਨ ਠੇਕੇ `ਤੇ ਚੜ੍ਹਾ ਦਿੱਤੀ। ਆਪ ਉਹ ਇਕ ਜਾਣਕਾਰੀ ਪ੍ਰਾਪਰਟੀ ਡੀਲਰ ਨਾਲ ਜਾ ਰਲਿਆ ਤੇ ਉਸਤੋਂ ਬਾਅਦ ਹੀ ਉਸਨੇ ਨਾਭੇ ਦੇ ਪਟਿਆਲਾ ਗੇਟ ਦੇ ਬਾਹਰ ਇਕ ਦੁਕਾਨ ਕਿਰਾਏ `ਤੇ ਲੈ ਕੇ ਬਾਹਰ ਵੱਡਾ ਫੱਟਾ ਲਟਕਾ ਦਿੱਤਾ, ”ਧਾਲੀਵਾਲ ਪ੍ਰਾਪਰਟੀ ਐਡਵਾਈਜ਼ਰ ਨਾਭਾ“।

ਪਿੰਡ ਵਾਲੇ ਤੇ ਹੋਰ ਕਈ ਸਾਕ ਸਬੰਧੀ ਉਸਦੀ ਇਸ ਹਰਕਤ `ਤੇ ਹੈਰਾਨ ਹੋਏ। ਕਈ ਜਣੇ ਤਾਂ ਮਖੌਲਾਂ ਵੀ ਕਰਦੇ ਤੇ ਜ਼ਾਤ ਬਦਲੀ ਦਾ ਮੇਅਣਾ ਦੇਣ ਤੱਕ ਚਲੇ ਜਾਂਦੇ ਪ੍ਰੰਤੂ ਉਹ ਸਿਰਫ਼ ਮੁਸਕਰਾਉਂਦਾ ਜਾਂ ਫਿਰ ਇਕ ਅੱਧ ਸ਼ਬਦ ਬੋਲਕੇ ਚੁੱਪ ਹੀ ਕਰ ਰਹਿੰਦਾ। ਬੇਸ਼ੱਕ ਉਸਨੂੰ ਲੋਕਾਂ ਦੀਆਂ ਅਜਿਹੀਆਂ ਹਰਕਤਾਂ `ਤੇ ਹਰਖ ਵੀ ਬਹੁਤ ਆਉਂਦਾ ਪਰ ਉਹ ਗੁੱਸਾ ਅੰਦਰ ਹੀ ਅੰਦਰ ਪੀ ਛੱਡਦਾ। ਪਰ ਹੁਣ ਤਾਂ ਫਿਰ ਉਸਦਾ ਕੰਮਕਾਰ ਵੀ ਥੋੜ੍ਹਾ ਚੱਲ ਨਿਕਲਿਆ ਸੀ। ਉਹ ਜਿਹੜਾ ਥੋੜ੍ਹਾ ਬਹੁਤ ਤਣਾਅ ਵਿਚ ਰਹਿੰਦਾ ਸੀ, ਹੁਣ ਕੁਝ ਰਾਹਤ ਮਹਿਸੂਸ ਕਰਦਾ। ਸਵੇਰੇ ਸਾਢੇ ਅੱਠ ਵਜੇ ਉਹ ਸ਼ਹਿਰ ਨੂੰ ਨਿਕਲਦਾ ਤੇ ਗਈ ਰਾਤ ਤੱਕ ਘਰ ਪਰਤਦਾ।

ਓਧਰ ਸਾਧੂ ਸਿੰਘ ਬੇਸ਼ੱਕ ਦਲਬੀਰ ਦੇ ਇਸ ਨਵੇਂ ਕੰਮ ਤੋਂ ਬਹੁਤਾ ਖੁਸ਼ ਨਹੀਂ ਸੀ ਪਰ ਸਹਿਜੇ ਸਹਿਜੇ ਉਹ ਵੀ ਪ੍ਰਸੰਨ ਰਹਿਣ ਦੀ ਆਦਤ ਪਾਉਣ ਲੱਗਾ ਸੀ। ਦਰਅਸਲ ਘਰ ਆਉਂਦੇ ਨੋਟਾਂ ਨੇ  ਉਸ ਦੇ ਮੂੰਹ `ਤੇ ਜਿਵੇਂ ਤਾਲਾ ਲਗਾ ਦਿੱਤਾ ਸੀ। ਉਂਝ ਵੀ ਦਿਨ ਵੇਲਾ ਉਹ ਲਗਭਗ ਘਰੋਂ ਬਾਹਰ ਹੀ ਰਹਿੰਦਾ ਸੀ ਤੇ ਜਦੋਂ ਦਲਬੀਰ ਘਰ ਆਉਂਦਾ ਤਾਂ ਉਹ ਵੀ ਘਰ ਆ ਬਹੁੜਦਾ। ਦੋਹੇਂ ਨਿੱਕੀਆਂ ਨਿੱਕੀਆਂ ਗੱਲਾਂ ਕਰਦੇ ਤੇ ਫਿਰ ਆਪੋ ਅਪਣੇ ਕਮਰਿਆਂ ਦਾ ਰੁਖ ਕਰ ਲੈਂਦੇ।

ਘਰ ਵਿਚ ਚਾਰ ਪੈਸੇ ਆਉਣ ਨਾਲ ਪਰਿਵਾਰ ਖੁਸ਼ੀ ਦੇ ਗੀਤ ਗਾਉਂਦਾ। ਪਿੰਡ ਦੇ ਲੋਕ ਤੇ ਹੋਰ ਰਿਸ਼ਤੇਦਾਰਾਂ ਵਿਚ ਦਲਬੀਰ ਦੀ ਹੁਣ ਚੰਗੀ ਖਾਸੀ ਭੱਲ ਬਣ ਗਈ ਸੀ। ਹੁਣ ਉਸਨੂੰ ਕੋਈ ਕੇਵਲ ਦਲਬੀਰ ਜਾਂ ਦਲਬੀਰਾ ਨਹੀਂ ਆਖਦਾ ਬਲਕਿ ਸਰਦਾਰ ਸਾਹਿਬ ਜਾਂ ਧਾਲੀਵਾਲ ਸਾਹਿਬ ਕਹਿਕੇ ਹੀ ਇੱਜ਼ਤ ਬਖਸ਼ਦੇ ਸਨ। ਉਹਨੇ ਪਿੰਡ ਵਿਚ ਕੁਝ ਹੋਰ ਜ਼ਮੀਨ ਵੀ ਖਰੀਦ ਲਈ ਸੀ ਤੇ ਨਿੱਕੇ ਜਿੰਨੇ ਮਕਾਨ ਨੂੰ ਚੰਗੀ ਖਾਸੀ ਕੋਠੀ ਵਿਚ ਤਬਦੀਲ ਕਰ ਲਿਆ ਸੀ। ਪਿੰਡ ਦੇ ਲੋਕ ਹੁਣ ਉਸ ਕੋਲ ਸਲਾਹ ਮਸ਼ਵਰੇ ਲੈਕੇ ਆਉਂਦੇ। ਨਿੱਕੇ ਮੋਟੇ ਲੜਾਈ ਝਗੜੇ ਨਿਪਟਾਉਣ ਲਈ ਵੀ ਉਸਦੀ ਕੋਠੀ ਦਾ ਦਰਵਾਜ਼ਾ ਖੜਕਾਇਆ ਜਾਂਦਾ।

ਪ੍ਰੰਤੂ ਦੂਸਰੇ ਪਾਸੇ ਸਾਧੂ ਸਿੰਘ ਘਰ ਵਿਚ ਕੋਈ ਨਵਾਂ ਜੀਅ ਨਾ ਆਉਣ ਕਰਕੇ ਉਦਾਸ ਹੋ ਜਾਂਦਾ। ਸ਼ਾਇਦ ਇਸੇ ਕਰਕੇ ਉਸਨੇ ਕੁਝ ਜਿ਼ਆਦਾ ਹੀ ਪੀਣੀ ਸ਼ੁਰੂ ਕਰ ਦਿੱਤੀ ਸੀ ਤੇ ਨਾਗਣੀ ਦਾ ਸਾਈਜ਼ ਵੀ ਕੁਝ ਵਧਾ ਦਿੱਤਾ ਸੀ। ਪਰ ਦੂਸਰੀ ਤਰਫ਼ ਪੈਸੇ ਦੀ ਹੁੰਦੀ ਬਰਸਾਤ ਉਸਨੂੰ ਕੁਝ ਸਕੂਨ ਵੀ ਬਖ਼ਸ਼ਦੀ।

ਰੁਪਿੰਦਰ ਨੂੰ ਵੀ ਹੁਣ ਕੇਵਲ ਰੂਪੀ ਜਾਂ ਰੁਪਿੰਦਰ ਨਹੀਂ ਸੀ ਕਿਹਾ ਜਾਂਦਾ, ਬੀਬੀ ਰੁਪਿੰਦਰ ਕੌਰ ਜਾਂ ਸਰਦਾਰਨੀ ਨਾਲ ਹੀ ਸੰਬੋਧਨ ਹੋਇਆ ਜਾਂਦਾ। ਨਵੇਂ ਕੱਪੜਿਆਂ, ਜੁੱਤੀਆਂ ਤੇ ਗਹਿਣਿਆਂ ਦਾ ਕੋਈ ਅੰਤ ਸੀ ਕਿਤੇ। ਜਦੋਂ ਵੀ ਕਦੇ ਉਸਦੀਆਂ ਨਣਦਾਂ ਅਪਣੇ ਪੇਕੇ ਆਉਂਦੀਆਂ, ਉਹ ਆਪ ਕਦੇ ਦਲਬੀਰ ਨਾਲ ਉਨ੍ਹਾਂ ਦੇ ਸਹੁਰੀਂ ਜਾਂਦੀ ਤਾਂ ਹੋਰ ਨਿੱਕ ਸੁੱਕ ਦੇ ਨਾਲ ਨਾਲ ਨਕਦੀ ਨਾਲ ਵੀ ਉਨ੍ਹਾਂ ਦਾ ਘਰ ਭਰਨ ਤੱਕ ਜਾਂਦੀ। ਪ੍ਰੰਤੂ ਜਦੋਂ ਕਦੇ ਉਹ ਇਕਾਂਤ ਵਿਚ ਇਕੱਲਿਆਂ ਬੈਠਕੇ ਸੋਚਦੀ ਤਾਂ ਉਹਨੂੰ ਅਪਣੀ ਸੱਖਣੀ ਝੋਲੀ ਦਾ ਅਹਿਸਾਸ ਹੁੰਦਾ। ਕਈ ਛੋਟੇ ਵੱਡੇ ਡਾਕਟਰਾਂ ਨੂੰ ਦਿਖਾਉਣ `ਤੇ ਵੀ ਕੁਝ ਪੱਲੇ ਨਹੀਂ ਸੀ ਪਿਆ ਤੇ ਨੰਬਰਦਾਰਾਂ ਦੀ ਨੂੰਹ ਦਾ ਦੇਸੀ ਫਾਰਮੂਲਾ ਵੀ ਕਿਸੇ ਕੰਮ ਨਹੀਂ ਸੀ ਆਇਆ। ਸਾਰਾ ਕੁਝ ਠੁੱਸ ਹੋ ਕੇ ਰਹਿ ਗਿਆ ਸੀ। ਹੁਣ ਤਾਂ ਉਸ ਨੂੰ ਕਦੇ ਕਦੇ ਅਪਣੇ ਪਤੀ `ਤੇ ਵੀ ਗੁੱਸਾ ਆਉਣ ਲੱਗਦਾ ਸੀ, ਜਦ ਉਹ ਦੇਰ ਰਾਤ ਨੂੰ ਘਰ ਵੜਦਾ ਜਾਂ ਫੇਰ ਕਦੇ ਟੈਲੀਫੋਨ `ਤੇ ਹੀ ਰਾਤੀਂ ਨਾ ਆਉਣ ਦਾ ਹੁਕਮ ਸੁਣਾ ਛੱਡਦਾ।

ਅੱਜ ਸ਼ਾਇਦ ਨਾ ਹੀ ਆਵੇ। ਬੈੱਡ `ਤੇ ਪਾਸਾ ਪਰਤਦਿਆਂ ਰੁਪਿੰਦਰ ਸੋਚਣ ਲੱਗੀ ਸੀ। ਪਹਿਲਾਂ ਉਹ ਜਿਸ ਦਿਲਚਸਪੀ ਨਾਲ ਫਿਲਮ ਦੇਖ ਰਹੀ ਸੀ ਓਨਾ ਹੀ ਹੁਣ ਤਨਾਣ ਮਹਿਸੂਸ ਕਰ ਰਹੀ ਸੀ। ਥੋੜ੍ਹਾ ਜਿੰਨਾ ਖੜਾਕ ਵੀ ਉਸਦੇ ਕੰਨ ਖੜ੍ਹੇ ਕਰ ਦਿੰਦਾ। ਦੋ ਤਿੰਨ ਬਾਰ ਉਹ ਉਠਕੇ ਵਿੰਡੋ ਥਾਣੀਂ ਦੇਖ ਵੀ ਆਈ ਸੀ। ਪੱਖਾ ਟਿੱਕ ਕਰਕੇ ਰਤਾ ਹੌਲੀ ਹੋ ਗਿਆ ਸੀ।

ਦਲਬੀਰ ਦਾ ਕੋਈ ਟੈਲੀਫੋਨ ਵੀ ਤਾਂ ਨਹੀਂ ਸੀ ਆਇਆ। ਉਸਦਾ ਸਿਰ ਦਰਦ ਹੋਣ ਲੱਗਾ। ਉਸਨੇ ਸਿਰ `ਤੇ ਕਸਕੇ ਚੁੰਨੀ ਬੰਨ ਲਈ। ਪ੍ਰੰਤੂ ਦਰਦ ਘੱਟ ਨਾ ਹੋਇਆ। ਉਸ ਟੇਬਲ ਦੀ ਦਰਾਜ ਵਿਚੋਂ ਬੇਧਿਆਨਿਆਂ ਵਾਂਗ ਇਕ ਸ਼ੀਸ਼ੀ ਵਿਚੋਂ ਦੋ ਤਿੰਨ ਗੋਲੀਆਂ ਉਲਟਾਕੇ ਹਥੇਲੀ ਉੱਤੇ ਟਿਕਾਈਆਂ ਤੇ ਫੱਕਾ ਮਾਰਕੇ ਪਾਣੀ ਦੀਆਂ ਦੋ ਘੁੱਟਾਂ ਭਰ ਲਈਆਂ।

ਉਹ ਫੇਰ ਦੂਰਦਰਸ਼ਨ `ਤੇ ਫਿਲਮ ਦੇਖਣ ਲੱਗ ਪਈ। ਹੌਲੀ ਹੌਲੀ ਪਤਾ ਨਹੀਂ ਕਿਹੜੇ ਵੇਲੇ ਉਸਦੀ ਅੱਖ ਲੱਗ ਗਈ। ਫਿਰ ਇੰਜ ਜਾਪਣ ਲੱਗਾ ਜਿਵੇਂ ਉਹ ਗੂਹੜੀ ਨੀਂਦ ਸੌਣ ਲੱਗੀ ਹੋਵੇ।

ਦੂਰਦਰਸ਼ਨ `ਤੇ ਹਾਲੇ ਵੀ ਫਿਲਮ ਚੱਲ ਰਹੀ ਸੀ। ਟਿਊਬ ਦੀ ਦੁਧੀਆ ਰੌਸ਼ਨੀ ਵੀ ਉਵੇਂ ਜਿਵੇਂ ਜਗ ਰਹੀ ਸੀ।

ਸਾਧੂ ਸਿੰਘ ਅਪਣੇ ਕਮਰੇ ਵਿਚ ਘੁਰਾੜੇ ਮਾਰ ਰਿਹਾ ਸੀ। ਅੱਧੀ ਰਾਤ ਹੋਣ ਤੋਂ ਪਹਿਲਾਂ ਹੀ ਉਸਦੀ ਜਾਗ ਖੁੱਲ੍ਹ ਗਈ। ਜ਼ਿਆਦਾ ਪੀਤੀ ਹੋਣ ਕਰਕੇ ਉਸਦਾ ਗਲਾ ਖੁਸ਼ਕ ਹੁੰਦਾ ਜਾ ਰਿਹਾ ਸੀ। ਉਸਨੇ ਟਿਊਬ ਜਗਾਉਣ ਦੀ ਕੋਸ਼ਿਸ਼ ਕੀਤੀ ਪਰ ਉਸਦੇ ਹੱਥ ਹੋਰ ਹੀ ਸਵਿਚਾਂ ਨੂੰ ਟੋਹਣ ਲੱਗ ਪਏ। ਬਿਨਾਂ ਲਾਈਟ ਜਲਾਏ ਹੀ ਉਹ ਟੇਬਲ `ਤੇ ਅੰਨ੍ਹਿਆਂ ਵਾਂਗ ਹੱਥ ਮਾਰਨ ਲੱਗਾ ਪਰ ਪਾਣੀ ਦਾ ਜੱਗ ਕਿਧਰੇ ਵੀ ਹੱਥ ਨਾ ਲੱਗਾ। ਪਾਣੀ ਦੀ ਪਿਆਸ ਦਾ ਮਾਰਿਆ ਉਹ ਬਾਥਰੂਮ ਵੱਲ ਵੱਧਣ ਲੱਗਾ। ਪ੍ਰੰਤੂ ਜਦ ਉਸ ਦਲਬੀਰ ਦੇ ਕਮਰੇ ਵੰਨੀਂ ਨਜ਼ਰ ਮਾਰੀ ਤਾਂ ਉਹ ਓਧਰ ਨੂੰ ਹੋ ਤੁਰਿਆ। ਕਮਰੇ ਅੰਦਰ ਦਾਖਲ ਹੁੰਦਿਆਂ ਉਸਨੂੰ ਹੋਰ ਤਾਂ ਕੁਝ ਨਜ਼ਰ ਨਾ ਆਇਆ ਪਰ ਰੁਪਿੰਦਰ ਜ਼ਰੂਰ ਲੇਟੀ ਦਿਖਾਈ ਦਿੱਤੀ। ਪੱਖੇ ਦੀ ਤੇਜ਼ ਹਵਾ ਨਾਲ ਉਸਦਾ ਗਾਊਨ ਉਤਾਂਹ ਸਰਕਿਆ ਹੋਇਆ ਸੀ।

ਉਹ ਬੈੱਡ `ਤੇ ਬੈਠ ਗਿਆ ਤੇ ਰੁਪਿੰਦਰ ਬੁੜਬੁੜਾਕੇ ਸਿੱਧੀ ਹੋ ਗਈ। ਜਦੋਂ ਉਸਨੂੰ ਕਿਸੇ ਦੇ ਸਪਰਸ਼ ਦਾ ਅਹਿਸਾਸ ਹੋਇਆ ਤਾਂ ਉਸਦੀਆਂ ਅੱਖਾਂ ਖੁੱਲ੍ਹ ਗਈਆਂ। ਉਸਨੂੰ ਜਾਪਿਆ ਜਿਵੇਂ ਉਹ ਕੋਈ ਸੁਪਨਾ ਦੇਖ ਰਹੀ ਹੋਵੇ। ਉਸਦਾ ਸਿਰ ਹਾਲੇ ਵੀ ਦਰਦ ਕਰ ਰਿਹਾ ਸੀ। ਉਸਨੇ ਸਾਧੂ ਸਿੰਘ ਨੂੰ ਧੱਫਾ ਦੇਣਾ ਚਾਹਿਆ ਪਰ ਸਰੀਰ ਵਿਚ ਜਿਵੇਂ ਜਾਨ ਨਾ ਰਹੀ ਹੋਵੇ।

ਪਲਾਂ ਛਿਣਾਂ ਵਿਚ ਹੀ ਉਹ ਕੁਝ ਵਾਪਰ ਗਿਆ ਜਿਸਦਾ ਕਦੇ ਉਸ ਖਾਬ ਖਿ਼ਆਲ ਵਿਚ ਵੀ ਨਹੀਂ ਸੀ ਸੋਚਿਆ।

ਸਾਧੂ ਸਿੰਘ ਧੜਕਦੇ ਦਿਲ ਨਾਲ ਚੋਰਾਂ ਵਾਂਗ ਉਠਿਆ ਤੇ ਅਪਣੇ ਕਮਰੇ ਵਿੱਚ ਦੱਬੇ ਪੈਰੀਂ ਚਲਾ ਗਿਆ।

ਅਗਲੇ ਦਿਨ ਮੂੰਹ ਹਨੇਰੇ ਹੀ ਉਹ ਘਰੋਂ ਨਿੱਕਲ ਗਿਆ। ਰੁਪਿੰਦਰ ਨੂੰ ਰਾਤੀਂ ਨੀਂਦ ਨਹੀਂ ਸੀ ਆਈ। ਸੋਚਾਂ ਦੇ ਜਵਾਲਾਮੁਖੀ ਉਸਨੂੰ ਇਕ ਪਲ ਵੀ ਚੈਨ ਨਾਲ ਨਹੀਂ ਸੀ ਬੈਠਣ ਦੇ ਰਹੇ। ਸਾਰਾ ਸਰੀਰ ਸੱਤਹੀਣ ਹੋ ਗਿਆ ਸੀ, ਬਿਲਕੁਲ ਮੁਰਦਿਆਂ ਨਿਆਈਂ। ਸਵੇਰ ਵੇਲੇ ਬੈੱਡ ਤੋਂ ਉਠ ਸਕਣ ਦੀ ਉਸ ਵਿਚ ਹਿੰਮਤ ਨਹੀਂ ਸੀ। ਦਿਲ ਕਰਦਾ ਕਿ ਉਹ ਹੁਣੇ ਤੇ ਇਸੇ ਵਕਤ ਪਿੰਡ ਦੇ ਬਾਹਰਵਾਰ ਪੈਂਦੀ ਨਹਿਰ ਵਿਚ ਜਾਕੇ ਡੁੱਬ ਮਰੇ ਜਾਂ ਪਿੰਡੋਂ ਦੌੜ ਜਾਵੇ ਤੇ ਸ਼ਹਿਰ ਦੇ ਸਟੇਸ਼ਨ `ਤੇ ਜਾਕੇ ਰੇਲ ਦੀ ਪਟੜੀ `ਤ ਸਿਰ ਰੱਖ ਦੇਵੇ। ਪਰ ਇਤਨਾ ਕੁਝ ਸੋਚਣ ਦੇ ਬਾਵਜੂਦ ਉਹ ਅਜਿਹਾ ਕੁਝ ਵੀ ਨਹੀਂ ਸੀ ਕਰ ਸਕੀ।

ਚਾਣਚਕ ਉਸਦੀਆਂ ਸੋਚਾਂ ਨੂੰ ਕਿਸੇ ਨੇ ਭੰਗ ਕੀਤਾ। ਉਹ ਠਠੰਬਰੀ ਨਹੀਂ ਤੇ ਨਾ ਹੀ ਦਲਬੀਰ ਨੂੰ ਸਾਹਮਣੇ ਦੇਖ ਡਰੀ ਜਾਂ ਘਬਰਾਈ ਹੀ। ਬੈੱਡ ਤੋਂ ਉਠੀ ਵੀ ਨਹੀਂ ਤੇ ਝੂਠੀ ਜਿਹੀ ਮੁਸਕਰਾਹਟ ਨਾਲ ਉਸਦਾ ਸਵਾਗਤ ਕੀਤਾ। ”ਕੱਲ ਬੱਸ ਇਕ ਜ਼ਰੂਰੀ ਕੰਮ ਹੋ ਗਿਆ ਸੀ। ਆ ਨਹੀਂ ਸਕਿਆ ਰੂਪੀ, ਦਰਅਸਲ ਇਕ ਚੰਗੀ ਜੈਦਾਦ ਦਾ ਸੌਦਾ ਤਹਿ ਹੋਇਐ, ਰੱਬ ਕਰੇ ਇਸਤੋਂ ਬਾਅਦ ਆਪਾਂ……. ਤੂੰ ਦੇਖਦੀ ਚੱਲ ਕੇਰਾਂ……।“

ਇਹ ਆਖ ਉਸ ਬੈੱਡ `ਤੇ ਬੈਠਦਿਆਂ ਹੀ ਰੁਪਿੰਦਰ ਨੂੰ ਮੋਢਿਆਂ ਤੋਂ ਫੜ ਚੁੰਮਣ ਦਾ ਯਤਨ ਕੀਤਾ ਸੀ ਪਰ ਰੁਪਿੰਦਰ ਨੇ ਅਪਣਾ ਮੂੰਹ ਦੂਜੇ ਪਾਸੇ ਭੁਆ ਲਿਆ। ਦਲਬੀਰ ਦੇ ਚਿਹਰੇ `ਤੇ ਤਿਊੜੀਆਂ ਉਤਰ ਆਈਆਂ ਤੇ ਉਸ ਰੁਪਿੰਦਰ ਨੂੰ ਪੁੱਛਣਾ ਚਾਹਿਆ, ”ਕੀ ਗੱਲ ਨਾਰਾਜ਼ ਐਂ ਕਿ ਮੈਂ ਕੱਲ ਰਾਤੀਂ ਕਿਉਂ ਨੀਂ ਆਇਆ?“

ਹੁਣ ਰੁਪਿੰਦਰ ਉਸਦੇ ਪ੍ਰਸ਼ਨ ਦਾ ਕੀ ਉਤਰ ਦਿੰਦੀ।

”ਤੁਸੀਂ ਨਹਾ ਧੋ ਲਵੋ ਮੈਂ  ਚਾਹ ਲੈ ਕੇ ਆਈ।“

ਤੇਜ਼ੀ ਨਾਲ ਉਠਕੇ ਰੁਪਿੰਦਰ ਰਸੋਈ ਵੱਲ ਚਲੀ ਗਈ ਤੇ ਦਲਬੀਰ ਤੌਲੀਆ ਉਠਾ ਬਾਥਰੂਮ ਵੰਨੀਂ ਚਲਾ ਗਿਆ।

ਸ਼ਾਮ ਨੂੰ  ਦਲਬੀਰ ਸ਼ਹਿਰ ਕੰਮ `ਤੇ ਜਾਕੇ ਜਲਦੀ ਹੀ ਘਰ ਪਰਤ ਆਇਆ।

ਸਾਧੂ ਸਿੰਘ ਹਾਲੇ ਤੱਕ ਵੀ ਘਰ ਨਹੀਂ ਸੀ ਆਇਆ।

”ਬਾਪੂ ਜੀ ਹਾਲੇ ਆਏ ਨੀਂ ਖੇਤੋਂ?“

ਰੋਟੀ ਪਾਣੀ ਤੋਂ ਬਾਅਦ ਦਲਬੀਰ ਨੇ ਰੁਪਿੰਦਰ ਤੋਂ ਪੁੱਛਿਆ।

ਰੁਪਿੰਦਰ ਕੁਝ ਨਹੀਂ ਬੋਲੀ, ਬੱਸ ਘਰ ਦੇ ਨਿੱਕੇ ਮਟੇ ਕੰਮ ਕਰਦੀ ਰਹੀ।

ਬੈੱਡ ਦੀ ਚਾਦਰ ਉਸਨੇ ਕਦੋਂ ਦੀ ਬਦਲ ਦਿੱਤੀ ਸੀ।

”ਮੈਂ ਟਾਰਚ ਲੈਕੇ ਜਾਨੈਂ ਖੇਤ ਨੂੰ। ਮੋਟਰ `ਤੇ ਬੈਠੇ ਹੋਣਗੇ ਮਹਿਫਲ ਸਜਾਕੇ।“

”ਤੁਸੀਂ ਕਿਉਂ ਬਾਹਰ ਜਾਂਦੇ ਹੋ ਆਪੇ ਆ ਜਾਣਗੇ।“ ਰੁਪਿੰਦਰ ਨੇ ਇੰਝ ਆਖਿਆ ਜਿਵੇਂ ਉਹ ਜਾਣੀਜਾਣ ਹੋਵੇ।

ਸੌਣ ਤੋਂ ਪਹਿਲਾਂ ਦਲਬੀਰ ਨੇ ਰੁਪਿੰਦਰ ਨੂੰ ਫਰੋਲਣਾ ਚਾਹਿਆ, ”ਅੱਜ ਸਵੇਰ ਤੋਂ ਹੀ ਮੈਂ ਦੇਖਦੈਂ ਕਿ ਤੇਰੇ `ਚ ਕੁਝ ਚੇਂਜ ਆਈ ਲੱਗਦੀ ਐ, ਤੂੰ ਕੁਝ ਬਦਲੀ ਬਦਲੀ ਜਿਹੀ ਲੱਗਦੀ ਐਂ?“

”ਬਦਲੀ ਬਦਲੀ ਨੀ ਸੰਭਲੀ ਸੰਭਲੀ ਲੱਗਦੀ ਆਂ….. ਇੰਝ ਕਹੋ… ਪਰ ਤੁਹਾਨੂੰ ਕੀ ਤੁਸੀਂ ਤਾਂ ਵੱਡੇ ਬਿਜਨੈਸਮੈਨ…..“

ਅਪਣੀ ਗੱਲ ਅਧੂਰੀ ਛੱਡਦਿਆਂ ਉਸ ਮੁਸਕਰਾਉਣ ਦੀ ਨਿਹਫਲ ਜਿਹੀ ਕੋਸ਼ਿਸ਼ ਕੀਤੀ ਤੇ ਅਪਣੇ ਆਪਨੂੰ ਹਮੇਸ਼ਾਂ ਵਾਂਗ ਦਲਬੀਰ ਅੱਗੇ ਸਮਰੱਪਤ ਕਰ ਦਿੱਤਾ।

ਸਵੇਰ ਹੋਣ `ਤੇ ਜਦੋਂ ਉਹ ਦੋਨੇ ਜਣੇ ਅਜੇ ਬੈੱਡ ਤੋਂ ਉੱਠੇ ਵੀ ਨਹੀਂ ਸਨ ਤਾਂ ਬਾਹਰ ਕਿਸੇ ਨੇ ਬੈੱਲ ਦਿੱਤੀ। ਦੋਵੇਂ ਪਤੀ ਪਤਨੀ ਇਕ ਦੂਸਰੇ ਵੱਲ ਪ੍ਰਸ਼ਨ ਬਣ ਝਾਕੇ।

ਦਲਬੀਰ ਸਿੰਘ ਉਠਿਆ ਤੇ ਦਰਵਾਜ਼ਾ ਖੋਲ੍ਹਣ ਚਲਾ ਗਿਆ।

ਸਾਹਮਣੇ ਸਾਧੂ ਸਿੰਘ ਗਰਦਨ ਸੁੱਟੀ ਖੜ੍ਹਾ ਸੀ। ਉਸਦੇ ਚਿਹਰੇ ਨੂੰ ਦੇਖਣ ਤੋਂ ਇੰਝ ਪ੍ਰਤੀਤ ਹੋ ਰਿਹਾ ਸੀ ਜਿਵੇਂ ਉਹ ਕਹਿ ਰਿਹਾ ਹੋਵੇ, ‘ਮੁਆਫ਼ ਕਰੀਂ ਧੀਏ, ਮੈਥੋਂ ਬਹੁਤ ਵੱਡਾ ਪਾਪ ਹੋ ਗਿਆ।“

ਇਸਤੋਂ ਪਹਿਲਾਂ ਕਿ ਕੋਈ ਬੋਲਦਾ, ਕੋਈ ਸੁਣਦਾ, ਸਾਧੂ ਸਿੰਘ  ਥਾਂਏਂ ਹੀ ਧੜੱਮ ਦੇ ਕੇ ਡਿੱਗ ਪਿਆ। ਉਸਦੇ ਮੂੰਹ ਵਿਚੋਂ ਲਹੂ ਵੱਗ ਰਿਹਾ ਸੀ।

 

Leave a Reply

Your email address will not be published. Required fields are marked *