ਸੰਦੌੜ ਨੂੰ ਬਰਫ ਨੇ ‘ ਬਰਫ ‘ ਚ ਲਾਇਆ

ਸੰਦੌੜ, 23 ਜਨਵਰੀ – ਬੀਤੀ ਰਾਤ ਜ਼ਿਲ੍ਹਾ ਸੰਗਰੂਰ ‘ਚ ਪੈਂਦੇ ਕਸਬਾ ਸੰਦੌੜ ਅਤੇ ਆਲੇ-ਦੁਆਲੇ ਦੇ ਇਲਾਕਿਆਂ ‘ਚ ਹੋਈ ਭਾਰੀ ਗੜੇਮਾਰੀ ਅਤੇ ਮੀਂਹ ਨੇ ਫ਼ਸਲਾਂ ਤਹਿਸ-ਨਹਿਸ ਕਰ ਦਿੱਤੀਆਂ। ਕਸਬਾ ਸੰਦੌੜ ਅਤੇ ਪਿੰਡ ਮਾਣਕੀ ਵਿਖੇ ਹਾਲਤ ਕਾਫ਼ੀ ਮਾੜੇ ਬਣੇ ਹੋਏ ਹਨ। ਇੱਥੇ ਹਰ ਪਾਸੇ ਬਰਫ਼ ਹੀ ਬਰਫ਼ ਨਜ਼ਰ ਆ ਰਹੀ ਹੈ। ਇਤਿਹਾਸ ‘ਚ ਇੰਨੇ ਵੱਡੇ ਪੱਧਰ ‘ਤੇ ਪਹਿਲੀ ਵਾਰ ਹੋਈ ਗੜੇਮਾਰੀ ਕਾਰਨ ਇਲਾਕਾ ਮਨਾਲੀ ਦਾ ਭੁਲੇਖਾ ਪਾ ਰਿਹਾ ਹੈ। ਸੈਂਕੜੇ ਏਕੜ ਫ਼ਸਲ ਡੁੱਬ ਕੇ ਤਬਾਹ ਹੋ ਗਈ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਬੀਤੀ ਰਾਤ ਅਸਮਾਨ ‘ਚੋਂ ਕਹਿਰ ਬਣ ਕੇ ਵਰ੍ਹੇ ਗੜਿਆਂ ਨੇ ਪਿੰਡ ਦਾ ਨਕਸ਼ਾ ਹੀ ਬਦਲ ਦਿੱਤਾ। ਲੋਕਾਂ ਦੇ ਘਰਾਂ ਦੀਆਂ ਛੱਤਾਂ ‘ਤੇ ਬਰਫ਼ ਦੇ ਢੇਰ ਲੱਗੇ ਹੋਏ ਹਨ। ਪਿੰਡ ਦੀਆਂ ਗਲੀਆਂ ‘ਚੋਂ ਲੋਕ ਟਰੈਕਟਰਾਂ ਦੀ ਮਦਦ ਨਾਲ ਬਰਫ਼ ਹਟਾ ਰਹੇ ਹਨ। ਸੜਕਾਂ ‘ਤੇ ਪਾਣੀ ਵਗ ਰਿਹਾ ਹੈ। ਕਿਸਾਨਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਹਾਲਾਤ ਨੂੰ ਧਿਆਨ ‘ਚ ਰੱਖਦਿਆਂ ਮੌਕਾ ਦੇਖ ਕੇ ਉਨ੍ਹਾਂ ਨੂੰ ਮੁਆਵਜ਼ੇ ਦਿੱਤੇ ਜਾਣ।

Leave a Reply

Your email address will not be published. Required fields are marked *