ਬਿਨਾਂ ਸੁਰੱਖਿਆ ਉਪਕਰਣ ਦੇ ਨੌਜਵਾਨ 3200 ਫੁੱਟ ਉੱਚੇ ਪਹਾੜ ”ਤੇ ਚੜ੍ਹਿਆ

ਵਾਸ਼ਿੰਗਟਨ-ਅਮਰੀਕਾ ਵਿਚ ਕੈਲੀਫੋਰਨੀਆ ਦੇ ਰਹਿਣ ਵਾਲੇ 33 ਸਾਲ ਦੇ ਐਲੇਕਸ ਹੋਨੋਲਡ ਨੇ ਵਿਲੱਖਣ ਕੰਮ ਕੀਤਾ। ਉਸ ਨੇ ਬਿਨਾਂ ਸੁਰੱਖਿਆ ਉਪਕਰਣ ਦੇ 3200 ਫੁੱਟ ਦੀ ਉੱਚਾਈ ‘ਤੇ ਚੜ੍ਹਾਈ ਕੀਤੀ। ਉਸ ਨੇ ਇਹ ਕਾਰਨਾਮਾ ਦੋ ਸਾਲ ਪਹਿਲਾਂ ਕੀਤਾ ਸੀ। ਹੁਣ ਉਸ ਦਾ ਨਾਮ ਦੁਨੀਆ ਦੇ ਮਹਾਨ ਕਲਾਈਂਬਰਸ (ਪਹਾੜ ‘ਤੇ ਚੜ੍ਹਨ ਵਾਲੇ) ਵਿਚ ਸ਼ਾਮਲ ਹੈ। ਐਲੇਕਸ ਦੀ ਇਸ ‘ਸੋਲੋ ਰੌਕ ਕਲਾਈਬਿੰਗ’ ‘ਤੇ ਨੈਸ਼ਨਲ ਜੀਓਗਰਾਫਿਕ ਨੇ ਦਸਤਾਵੇਜ਼ੀ ਫਿਲਮ ਬਣਾਈ ਹੈ। ਇਸ ‘ਫ੍ਰੀ ਸੋਲੋ’ ਦਸਤਾਵੇਜ਼ੀ ਫਿਲਮ ਨੂੰ ਆਸਕਰ ਐਵਾਰਡ ਮਿਲਿਆ ਹੈ।
ਮਿਲਿਆ ਬਾਫਟਾ ਐਵਾਰਡ
ਖਾਸ ਗੱਲ ਇਹ ਹੈ ਕਿ ਐਲੇਕਸ ਨੇ ਦੁਨੀਆ ਦੀ ਸਭ ਤੋਂ ਖਤਰਨਾਕ ਮੰਨੀ ਜਾਣ ਵਾਲੀ ਯੋਸੇਮਾਈਟ ਨੈਸ਼ਨਲ ਪਾਰਕ ਦੀ ਗਰਗਲੁਆਨ ਚੱਟਾਨ ‘ਤੇ ਇਹ ਚੜ੍ਹਾਈ ਸਿਰਫ 3 ਘੰਟੇ 56 ਮਿੰਟ ਵਿਚ ਪੂਰੀ ਕੀਤੀ ਸੀ। ਦੁਨੀਆ ਦੀ ਸਭ ਤੋਂ ਉੱਚੀ ਇਮਾਰਤ ਬੁਰਜ ਖਲੀਫਾ ਤੋਂ ਵੀ ਕਰੀਬ 500 ਫੁੱਟ ਉੱਚੀ ਖੜ੍ਹੀ ਚੜ੍ਹਾਈ ਬਿਨਾਂ ਰੱਸੀ ਦੇ ਪੂਰੀ ਕਰਨ ‘ਤੇ ਐਲੇਕਸ ਦੀ ਹਰ ਪਾਸੇ ਤਾਰੀਫ ਹੋ ਰਹੀ ਹੈ। ਨੈਸ਼ਨਲ ਜੀਓਗਰਾਫਿਕ ਨੇ ਉਨ੍ਹਾਂ ਦੀ ਚੱਟਾਨ ‘ਤੇ ਚੜ੍ਹਨ ਦੀ ਦਸਤਾਵੇਜ਼ੀ ਫਿਲਮ ਸ਼ੂਟ ਕੀਤੀ ਸੀ। ਰਿਲੀਜ਼ ਦੇ ਨਾਲ ਹੀ ‘ਫ੍ਰੀ ਸੋਲੋ’ ਇੰਨੀ ਪਸੰਦ ਕੀਤੀ ਗਈ ਕਿ ਇਸ ਨੂੰ ਬ੍ਰਿਟੇਨ ਦਾ ਬਾਫਟਾ ਐਵਾਰਡ ਪਹਿਲਾਂ ਹੀ ਮਿਲ ਚੁੱਕਾ ਹੈ।
ਇਕ ਛੋਟੀ ਜਿਹੀ ਗਲਤੀ ਲੈ ਸਕਦੀ ਸੀ ਜਾਨ
ਇਕੱਲੇ ਪਹਾੜ ‘ਤੇ ਚੜ੍ਹਨ ਵਾਲੇ ਇਸ ਕਾਰਨਾਮੇ ਨੂੰ ਸੋਲੋ ਕਲਾਈਬਿੰਗ ਵੀ ਕਹਿੰਦੇ ਹਨ। ਭਾਵੇਂਕਿ ਬਿਨਾਂ ਰੱਸੀ ਦੇ ਫ੍ਰੀ ਸੋਲੋ ਕਲਾਈਬਿੰਗ ਬਹੁਤ ਮੁਸ਼ਕਲ ਹੈ। ਇਸ ਵਿਚ ਇਕ ਗਲਤ ਫੈਸਲਾ, ਇਕ ਹੱਥ ਛੁੱਟਣ ਦੀ ਗਲਤੀ ਵੀ ਮੌਤ ਦਾ ਕਾਰਨ ਬਣ ਸਕਦੀ ਹੈ। ਉੱਧਰ ਐਲੇਕਸ ਦਾ ਕਹਿਣਾ ਹੈ ਕਿ ਅਜਿਹੇ ਮੌਕਿਆਂ ‘ਤੇ ਉਹ ਸਧਾਰਨ ਮਹਿਸੂਸ ਕਰਦੇ ਹਨ। ਐਲੇਕਸ ਮੁਤਾਬਕ ਬਿਨਾਂ ਰੱਸੀ ਦੇ ਚੜ੍ਹਾਈ ਸੋਖੀ ਨਹੀਂ ਹੁੰਦੀ। ਮਹੀਨਾ ਪਹਿਲਾਂ ਦਿਮਾਗ ਵਿਚ ਇਕ-ਇਕ ਕਦਮ ਦੀ ਤਿਆਰੀ ਕਰ ਲਈ ਜਾਂਦੀ ਹੈ। ਇਹ ਸਰੀਰਕ ਤੋਂ ਜ਼ਿਆਦਾ ਮਜ਼ਬੂਤ ਮਾਨਸਿਕ ਸਥਿਤੀ ਦੀ ਖੇਡ ਹੈ। ਜੇਕਰ ਤੁਸੀਂ ਡਰੇ ਤਾਂ ਤੁਸੀਂ ਕਦੇ ਵੀ ਨਹੀਂ ਚੜ੍ਹ ਸਕਦੇ। ਐਲੇਕਸ ਮੰਨਦੇ ਹਨ ਕਿ ਫਿਲਮ ਇਕ ਗਲੋਬਲ ਸਫਲਤਾ ਤੋਂ ਜ਼ਿਆਦਾ ਉਨ੍ਹਾਂ ਦੀ ਖੁਦ ਦੀ ਨਿੱਜੀ ਸਫਲਤਾ ਦਰਸਾਉਂਦੀ ਹੈ।
ਇੰਝ ਤਿਆਰ ਹੋਈ ਦਸਤਾਵੇਜ਼ੀ ਫਿਲਮਨੈਸ਼ਨਲ ਜੀਓਗਰਾਫਿਕ ਲਈ ਇਹ ਦਸਤਾਵੇਜ਼ੀ ਫਿਲਮ ਮਸ਼ਹੂਰ ਫਿਲਮ ਨਿਰਮਾਤਾ ਐਲੀਜ਼ਾਬੇਥ ਚਾਏ ਵੈਸਰੇਲੀ ਅਤੇ ਜਿਮੀ ਚਿਨ ਨੇ ਨਿਰਦੇਸ਼ਿਤ ਕੀਤੀ ਹੈ। ਇਸ ਵਿਚ ਐਲੇਕਸ ਹੋਨੋਲਡ ਦੀ ਤਿਆਰੀ ਤੋਂ ਲੈ ਕੇ ਉਨ੍ਹਾਂ ਦੇ ਪਹਾੜ ਚੜ੍ਹਨ ਦੀ ਯਾਤਰਾ ਦਿਖਾਈ ਗਈ ਹੈ। ਖਾਸ ਗੱਲ ਇਹ ਹੈ ਕਿ ਫਿਲਮ ਬਣਾਉਣ ਲਈ ਖੁਦ ਕੈਮਰਾਮੈਨਜ਼ ਨੂੰ ਕਈ ਵਾਰ ਪਹਾੜ ‘ਤੇ ਰੱਸੀ ਦੇ ਸਹਾਰੇ ਲਟਕਣਾ ਪਿਆ। ਕਈ ਵਾਰ ਤਾਂ ਤੇਜ਼ੀ ਨਾਲ ਚੜ੍ਹਦੇ ਐਲੇਕਸ ਤੋਂ ਬਚਣ ਲਈ ਕੈਮਰਿਆਂ ਨੂੰ ਉਨ੍ਹਾਂ ਤੋਂ ਦੂਰ ਵੀ ਕਰਨਾ ਪਿਆ।

Leave a Reply

Your email address will not be published. Required fields are marked *