ਦਾਨਾ ਸ਼ਾਹੂਕਾਰ

ਕਿਸੇ ਪਿੰਡ ‘ਚ ਕੋਈ ਵਪਾਰੀ ਸੀ ਜੋ ਵਪਾਰ ਕਰਨ ਲਈ ਪਿੰਡੋਂ ਦੂਰ ਗਿਆ।ਮਗਰੋਂ ਉਹਦੀ ਘਰਵਾਲੀ ਨੂੰ ਯਕਦਮ ਪੈਸਿਆਂ ਦੀ ਲੋੜ ਆਣ ਪਈ।ੳੁਹਨੇ ਪਿੰਡ ਦੇ ਸ਼ਾਹੂਕਾਰ ਤੋਂ ਦੋ ਮੋਹਰਾਂ ਉਧਾਰ ਫੜ੍ਹ ਲਈਆਂ ਇਸ ਵਿਸ਼ਵਾਸ ਨਾਲ ਕਿ ਘਰਵਾਲੇ ਦੇ ਆਉਂਦਿਆਂ ਈ ਤੁਹਾਨੂੰ ਦੋ ਮੋਹਰਾਂ ਵਾਪਸ ਕਰਜਾਂਗੀ।

ਵਪਾਰੀ ਵਪਾਰ ਕਰ ਕੇ ਵਾਪਸ ਆਇਆ ਤਾਂ ਵਪਾਰੀ ਦੀ ਘਰਵਾਲੀ ਦੋ ਮੋਹਰਾਂ ਵਪਾਰੀ ਦੀ ਥੈਲੀ ਚੋਂ ਕੱਢ ਵਾਪਸ ਕਰਨ ਤੁਰ ਪਈ।ਸਾਹਮਣੇ ਸ਼ਾਹੂਕਾਰ ਨਾ ਆਪ ਤੇ ਨਾ ਉਹਦਾ ਕੋਈ ਨੌਕਰ ਚਾਕਰ ਡਿੱਠਾ।ਘਰਵਾਲੀ ਜ਼ਿੰਮੇਵਾਰੀ ਤੋਂ ਸੁਰਖਰੂ ਹੋਣਾ ਚਾਹੁੰਦੀ ਸੀ।ੳੁਹਨੇ ਕੀਤਾ ਕਿ ਸ਼ਾਹੂਕਾਰ ਦੀ ਦਰੀ ਥੱਲੇ ਦੋ ਮੋਹਰਾਂ ਰੱਖ ਵਾਪਸ ਆਉਣ ਦੀ ਕੀਤੀ।ਬਾਅਦ ‘ਚ ਨਾ ਉਹਨੇ ਆਪਣੇ ਘਰਵਾਲੇ ਨੂੰ ਦੋ ਮੋਹਰਾਂ ਕੱਢਣ ਬਾਰੇ ਦੱਸਿਆ ਤੇ ਨਾ ਸ਼ਾਹੂਕਾਰ ਨੂੰ ਦੱਸ ਸਕੀ।ਕੰਮਕਾਰ ‘ਚ ਰੁਝੀ ਉਹ ਗੱਲ ਦੱਸਣੀ ਭੁੱਲ ਗੲੀ।
ਕੁਝ ਦਿਨਾਂ ਬਾਅਦ ਵਪਾਰੀ ਉਹੋ ਥੈਲੀ ( ਜੀਹਦੇ ਚੋਂ ਦੋ ਮੋਹਰਾਂ ਕੱਢ ਸ਼ਾਹੂਕਾਰ ਨੂੰ ਦਿੱਤੀਆਂ ਸਨ ) ਲੈ ਉਸੇ ਸ਼ਾਹੂਕਾਰ ਕੋਲ ਸੌਦਾ ਕਰਨ ਤੁਰ ਪਿਆ। ਕਿਉਂ ਕਿ ਉਹ ਸ਼ਾਹੂਕਾਰ ਬੜਾ ਈਮਾਨਦਾਰ ਅਤੇ ਅਸੂਲੀ ਮੰਨਿਆ ਜਾਂਦਾ ਸੀ। ਗੱਲਬਾਤ ਕਰਦਿਆਂ ਸੋਦਾ ਸਿਰੇ ਨਾ ਚੜ੍ਹਿਆ ਤੇ ਵਪਾਰੀ ਉੱਥੋਂ ਤੁਰਨ ਲੱਗਾ। ਤੁਰਨ ਤੋਂ ਪਹਿਲਾਂ ਉਹਨੇ ਮੋਹਰਾਂ ਗਿਣੀਆਂ ਤੇ ਦੋ ਮੋਹਰਾਂ ਘੱਟ ਨਿਕਲੀਆਂ। ਇਸ ਸਭ ਦੌਰਾਨ ਵਪਾਰੀ ਤੇ ਸ਼ਾਹੂਕਾਰ ਦਾ ਝਗੜਾ ਵੱਧ ਗਿਆ ਤੇ ਲੋਕ ਆਲੇ ਦੁਆਲੇ ਇੱਕਠੇ ਹੋ ਗੲੇ। ਤਲਾਸ਼ੀ ਲਈ ਗਈ ਤਾਂ ਦਰੀ ਥੱਲੋਂ ਦੋ ਮੋਹਰਾਂ ਨਿਕਲੀਆਂ।
ਲੋਕ ਕਹਿਣ ਸ਼ਾਹੂਕਾਰ ਉੱਤੋਂ ਤਾਂ ਬੜਾ ਸਾਧ ਬਣਿਆ ਫਿਰਦਾ ਏ ਪਰ ਵੇਖੋ ਕਿੱਡਾ ਚੋਰ ੲੇ।
ਫੈਲਦੀ ਹੋਈ ਇਹ ਗੱਲ ਵਪਾਰੀ ਦੀ ਘਰਵਾਲੀ ਕੋਲ ਪਹੁੰਚੀ। ਉਹਨੇ ਸ਼ਾਹੂਕਾਰ ਦੀ ਹੱਟੀ ‘ਤੇ ਪਹੁੰਚ ਸਾਰੀ ਗੱਲ ਦੱਸੀ। ਇਸ ਲਈ ਉਹਨੇ ਮਾਫੀ ਵੀ ਮੰਗੀ।
ਲੋਕ ਕਹਿਣ ਲੱਗ ਪਏ ਭਈ ਵਾਕਿਆ ਹੀ ਸ਼ਾਹੂਕਾਰ ਦੇਵਤਾ ੲੇ,ਈਮਾਨਦਾਰ ਬੰਦੈ
ਝਗੜਾ ਸੁਲਝਣ ਤੋਂ ਬਾਅਦ ਜਦੋਂ ਸ਼ਾਹੂਕਾਰ ਉੱਠਕੇ ਘਰ ਅੰਦਰ ਜਾਣ ਲੱਗਾ ਹੱਟੀ ਤੋਂ ਤਾਂ ਉਹਨੇ ਇੱਕ ਮੁੱਠੀ ਚੁੱਕ ਸਵਾਹ ਦੀ ਸੱਜੇ ਪਾਸੇ ਵੱਲ ਸੁੱਟੀ ਤੇ ਇੱਕ ਮੁੱਠੀ ਚੁੱਕ ਸਵਾਹ ਦੀ ਖੱਬੇ ਪਾਸੇ ਵੱਲ ਸੁੱਟੀ…ਇਹ ਸਭ ਵੇਖ ਰਹੀ ਵਪਾਰੀ ਦੀ ਘਰਵਾਲੀ ਨੇ ਪੁੱਛਿਆ ਕਿ ਆਹ ਤੁਸੀ ਕੀ ਕੀਤਾ ?
ਅੱਗੋ ਸ਼ਾਹੂਕਾਰ ਹੱਸਕੇ ਕਹਿਣ ਲੱਗਾ ਕਿ ਇੱਕ ਮੁੱਠੀ ਸਵਾਹ ਮੈਂ ਨਿੰਦਿਆ ਕਰਨ ਵਾਲਿਆਂ ‘ਤੇ ਸੁੱਟੀ ਏ ਤੇ ਦੂਜੀ ਮੁੱਠੀ ਸਵਾਹ ਮੈਂ ਪ੍ਰਸ਼ੰਸਾ ਕਰਨ ਵਾਲਿਆਂ ‘ਤੇ ਸੁੱਟੀ ਏ …ਦੋਵਾਂ ਦਾ ਕੋਈ ਧਰਮ-ੲੀਮਾਨ ਈ ਨਹੀਂ

‘ਬਾਤਾਂ ਮੁੱਢ ਕਦੀਮ ਦੀਆਂ’ ‘ਚੋਂ 

ਵਣਜਾਰਾ ਬੇਦੀ

Leave a Reply

Your email address will not be published. Required fields are marked *