ਜੈਸ਼-ਏ-ਮੁਹੰਮਦ ਖ਼ਿਲਾਫ਼ ਕਾਰਵਾਈ ਨਾ ਕਰਨ ਦਾ ਪਾਕਿਸਤਾਨ ਨੇ ਇਹ ਕਾਰਨ ਦੱਸਿਆ

“ਸਾਡੀ ਕੋਸ਼ਿਸ਼ ਹੈ, ਸਦਭਾਵਨਾ ਦਾ ਸੰਕੇਤ ਸੀ, ਸਾਡੀ ਕੋਈ ਮਜ਼ਬੂਰੀ ਨਹੀਂ ਸੀ ਤੇ ਨਾ ਹੀ ਸਾਡੇ ‘ਤੇ ਕੋਈ ਦਬਾਅ ਸੀ। ਅਸੀਂ ਸਮਝਦੇ ਹਾਂ ਕਿ ਇਸ ਨਾਲ ਅਸੀਂ ਇਹ ਸੰਦੇਸ਼ ਦੇਣਾ ਸੀ ਕਿ ਅਸੀਂ ਤਾਂ ਲੜਾਈ ਚਾਹੁੰਦੇ ਹੀ ਨਹੀਂ ਸੀ।”
“ਅਸੀਂ ਤੁਹਾਡੇ ਦੁੱਖ ਨੂੰ ਵਧਾਉਣਾ ਨਹੀਂ ਚਾਹੁੰਦੇ, ਅਸੀਂ ਤੁਹਾਡੇ ਪਾਇਲਟ ਨਾਲ ਜਾਂ ਸ਼ਹਿਰੀਆਂ ਨਾਲ ਬਦਸਲੂਕੀ ਨਹੀਂ ਚਾਹੁੰਦੇ ਬਲਕਿ ਅਸੀਂ ਤਾਂ ਅਮਨ ਚਾਹੁੰਦੇ ਹਾਂ, ਸਥਿਰਤਾ ਚਾਹੁੰਦੇ ਹਾਂ। ਤੁਸੀਂ ਆਪਣੀ ਸਿਆਸਤ ਖ਼ਾਤਰ ਇਸ ਮੁੱਦੇ ਨੂੰ ਨਾ ਵਰਤੋ।”
ਇਹ ਸ਼ਬਦ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਬੀਬੀਸੀ ਉਰਦੂ ਨੂੰ ਦਿੱਤੇ ਇੱਕ ਇੰਟਰਵਿਊ ਦੌਰਾਨ ਕਹੇ।
ਦਰਅਸਲ ਬੀਤੇ ਦਿਨੀਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਅਭਿਨੰਦਨ ਵਰਤਮਾਨ ਨੂੰ ਰਿਹਾਅ ਕਰਨ ਦਾ ਐਲਾਨ ਕੀਤਾ ਸੀ।
ਪਾਕਿਸਤਾਨੀ ਸੰਸਦ ਵਿੱਚ ਉਨ੍ਹਾਂ ਨੇ ਇਹ ਐਲਾਨ ਕਰਦਿਆਂ ਕਿਹਾ ਸੀ ਕਿ ਅਸੀਂ ਸਦਭਾਵਨਾ ਦੇ ਸੰਕੇਤ ਵਜੋਂ ਅਭਿਨੰਦਨ ਨੂੰ ਰਿਹਾਅ ਕਰ ਰਹੇ ਹਾਂ।
ਭਾਰਤ ਸ਼ਾਸਿਤ ਕਸ਼ਮੀਰ ਵਿੱਚ ਬੁੱਧਵਾਰ ਨੂੰ ਪਾਕਿਸਤਾਨ ਨੇ ਵਿੰਗ ਕਮਾਂਡਰ ਅਭਿਨੰਦਨ ਦਾ ਲੜਾਕੂ ਜਹਾਜ਼ ਕਰੈਸ਼ ਕਰ ਗਿਆ ਸੀ।
ਵਿੰਗ ਕਮਾਂਡਰ ਅਭਿਨੰਦਨ ਦਾ ਪਾਕਿਸਤਾਨ ਵਿੱਚ ਫੜਿਆ ਜਾਣਾ ਭਾਰਤ ਲਈ ਵੱਡਾ ਧੱਕਾ ਸੀ। ਦੋਹਾਂ ਦੇਸਾਂ ‘ਤੇ ਸ਼ਾਂਤੀ ਕਾਇਮ ਰੱਖਣ ਲਈ ਦਬਾਅ ਹੈ।
ਸੁਆਲ: ਪੁਲਵਾਮਾ ਹਮਲੇ ਤੋਂ ਬਾਅਦ ਜੋ ਹਾਲਾਤ ਸਾਹਮਣੇ ਆਏ, ਜੈਸ਼-ਏ-ਮੁਹੰਮਦ ਵੱਲੋਂ ਜ਼ਿੰਮੇਵਾਰੀ ਲੈਣਾ, ਉਸ ਤੋਂ ਬਾਅਦ ਪਾਕਿਸਤਾਨ ‘ਤੇ ਦਬਾਅ ਪੈਣਾ ਕਿਉਂਕਿ ਜੈਸ਼-ਏ-ਮੁਹੰਮਦ ਦੀ ਲੀਡਰਸ਼ਿਪ ਦਾ ਵਜੂਦ ਇੱਥੇ ਮੌਜੂਦ ਹੈ, ਤੁਸੀਂ ਕੀ ਸਮਝਦੇ ਹੋ ਕਿ ਪਾਕਿਸਤਾਨ ਲਈ ਕਦੋਂ ਇਹ ਮੁਮਕਿਨ ਹੋਵੇਗਾ ਉਹ ਕੋਈ ਵਾਜ਼ਿਬ ਕਾਰਵਾਈ ਕਰੇ.
ਕੁਰੈਸ਼ੀ ਨੇ ਦੱਸਿਆ ਕਿ ਭਾਰਤ ਓਆਈਸੀ ਦਾ ਮੈਂਬਰ ਵੀ ਨਹੀਂ ਹੈ ਤੇ ਨਾ ਹੀ ਓਬਜ਼ਰਵਰ ਹੈ
ਜਵਾਬ- ਹਰੇਕ ਮੁਲਕ ਵਿੱਚ ਕੁਝ ਕੱਟੜਵਾਦੀ ਹੁੰਦੇ ਹਨ, ਭਾਰਤ ‘ਚ ਨਹੀਂ ਹਨ, ਕੀ ਦੁਨੀਆਂ ਉਸ ਤੋਂ ਵਾਕਿਫ਼ ਨਹੀਂ ਹੈ।
ਦੁਨੀਆਂ ਜਾਣਦੀ ਹੈ, ਗੁਜਰਾਤ ਵਿੱਚ ਜੋ ਕੁਝ ਹੋਇਆ ਉਹ ਕਿਸ ਨੇ ਕੀਤਾ, ਉਹ ਕਿਸ ਦੇ ਕਹਿਣ ‘ਤੇ ਹੋਇਆ, ਕੀ ਦੁਨੀਆਂ ਇਹ ਨਹੀਂ ਜਾਣਦੀ।
ਪਰ ਮੈਂ ਅਤੀਤ ਵਿੱਚ ਜਾਣਾ ਨਹੀਂ ਚਾਹੁੰਦਾ, ਜੇਕਰ ਅਤੀਤ ‘ਚ ਜਾਵਾਂਗੇ ਤਾਂ ਪਾਰਲੀਮੈਂਟ ਦਾ ਹਮਲਾ ਕਿਵੇਂ ਹੋਇਆ, ਉੜੀ ਹੈ, ਫਿਰ ਪਠਾਨਕੋਟ ਹੈ, ਇਹ ਇੱਕ ਲੰਬੀ ਦਾਸਤਾਨ ਹੈ।
ਸੁਆਲ- ਇਸ ਤਣਾਅ ਦੇ ਵਧਣ ਦਾ ਕਾਰਨ ਬਣਿਆ ਜੈਸ਼-ਏ-ਮੁਹੰਮਦ, ਤੁਸੀਂ ਕੀ ਸਮਝਦੇ ਹੋ ਕਿ ਪਾਕਿਸਤਾਨ ਦੀ ਹਕੂਮਤ ਜੈਸ਼-ਏ-ਮੁਹੰਮਦ ‘ਤੇ ਕਾਰਵਾਈ ਕੀਤੇ ਬਗ਼ੈਰ ਦੋਵਾਂ ਮੁਲਕਾਂ ਦਰਮਿਆਨ ਸਬੰਧ ਸੁਧਰ ਸਕਦੇ ਹਨ?
ਜਵਾਬ – ਪਾਕਿਸਤਾਨ ਦੀ ਹਕੂਮਤ ਲੜਾਕਿਆਂ ਜਾਂ ਕਿਸੇ ਅੱਤਵਾਦੀ ਸੰਗਠਨ ਨੂੰ ਹਥਿਆਰਾਂ ਦਾ ਇਸਤੇਮਾਲ ਤੇ ਉਨ੍ਹਾਂ ਰਾਹੀਂ ਦਹਿਸ਼ਤਗਰਦੀ ਦਾ ਫੈਲਾਅ, ਦੀ ਇਜ਼ਾਜਤ ਨਹੀਂ ਦੇਵੇਗੀ।
ਜੇਕਰ ਕੋਈ ਕਰਦਾ ਹੈ ਤਾਂ ਅਸੀਂ ਕਾਰਵਾਈ ਕਰਨ ਦਾ ਇਰਾਦਾ ਰੱਖਦੇ ਹਾਂ। ਅਸੀਂ ਨਿਸ਼ਚਿਤ ਕਰ ਲਿਆ ਹੈ, ਅਸੀਂ ਬਿਲਕੁੱਲ ਇਹ ਕਿਹਾ ਹੈ ਕਿ ਇਹ ਹਿੰਸਾ ਅਤੇ ਗ਼ੈਰ ਸਰਕਾਰੀ ਬੰਦਿਆਂ ਨੂੰ ਆਪਣੇ ਖਿੱਤੇ ਅਤੇ ਮੁਲਕ ਨੂੰ ਇਸ ਮੁਕਾਮ ‘ਤੇ ਖੜ੍ਹਾ ਕਰਨ ਦੀ ਅਸੀਂ ਇਜ਼ਾਜਤ ਨਹੀਂ ਦੇ ਸਕਦੇ। ਸਾਡੀ ਇਹ ਪਾਲਿਸੀ ਹੈ।
ਸੁਆਲ -ਭਾਰਤ ਦੇ ਓਆਈਸੀ ‘ਚ ਜਾਣ ਬਾਰੇ ਤੁਸੀਂ ਕੀ ਸਮਝਦੇ ਹੋ ਅਤੇ ਤੁਸੀਂ ਪਾਕਿਸਤਾਨ ਵੱਲੋਂ ਇਸ ਦਾ ਬਾਈਕਾਟ ਕਰ ਰਹੇ ਹੋ, ਤੁਹਾਨੂੰ ਕੀ ਲਗਦਾ ਹੈ ਕਿ ਓਆਈਸੀ ‘ਚ ਤੁਹਾਡੀ ਕਿਉਂ ਸੁਣਵਾਈ ਨਹੀਂ ਹੋ ਰਹੀ?
ਜਵਾਬ -ਇਹ ਗੱਲ ਨਹੀਂ ਹੈ, ਪਹਿਲੀ ਗੱਲ ਤਾਂ ਇਹ ਹੈ ਕਿ ਭਾਰਤ ਓਆਈਸੀ ਦਾ ਮੈਂਬਰ ਵੀ ਨਹੀਂ ਹੈ ਤੇ ਨਾ ਹੀ ਓਬਜ਼ਰਵਰ ਹੈ। ਪਾਕਿਸਤਾਨ ਓਆਈਸੀ ਦਾ ਸੰਸਥਾਪਕ ਮੈਂਬਰ ਹੈ।
ਪਾਕਿਸਤਾਨ ਨਾਲ ਮਸ਼ਾਵਰ ਕੀਤੇ ਬਗ਼ੈਰ, ਪ੍ਰਕਿਰਿਆ ਦਾ ਪਾਲਣ ਕੀਤੇ ਬਿਨਾਂ ਅਜਿਹਾ ਹੋਇਆ, ਹਾਲਾਂਕਿ ਇਸ ਦੇ ਜਨਰਲ ਸਕੱਤਰ ਓਆਈਸੀ ਇਸ ਗੱਲ ਤੋਂ ਜਾਣੂ ਸਨ, ਕਿ ਇੱਥੇ ਮਾਹੌਲ ਹੈ ਕਿ ਦੋਹਾਂ ਮੁਲਕਾਂ ਦੀਆਂ ਹਵਾਈ ਸੈਨਾਵਾਂ ਕਿਸੇ ਵੀ ਕਾਰਵਾਈ ਲਈ ਤਿਆਰ ਹਨ।
ਅਜਿਹੇ ‘ਚ ਮੈਂ ਕਿਸ ਤਰ੍ਹਾਂ ਉੱਥੇ ਆਬੂ-ਧਾਬੀ ‘ਚ ਜਾ ਕੇ ਸੁਸ਼ਮਾ ਜੀ ਦੀ ਸੋਹਬਤ ‘ਚ ਬੈਠ ਸਕਦਾ ਸੀ, ਇਹ ਮੁਮਕਿਨ ਨਹੀਂ ਸੀ।
ਸੁਆਲ- ਤੁਸੀਂ ਹਮੇਸ਼ਾ ਕਿਹਾ ਹੈ ਕਿ ਇਹ ਨਵਾਂ ਪਾਕਿਸਤਾਨ ਹੈ, ਇੱਥੇ ਅਤੀਤ ਦੀ ਗੱਲ ਨਾ ਕੀਤੀ ਜਾਵੇ, ਪਰ ਅਸੀਂ ਦੇਖਦੇ ਹਾਂ ਕਿ ਪ੍ਰਧਾਨ ਮੰਤਰੀ ਨੇ ਦੋ ਵਾਰ ਭਾਸ਼ਣ ਦਿੱਤਾ, ਤੁਹਾਡੀ ਵੀ ਪ੍ਰੈਸ ਕਾਨਫਰੰਸ ਦੇਖੀ ਪਰ ਕਿਸੇ ਨੇ ਵੀ ਉਸ ਗਰੁੱਪ ਦੇ ਖ਼ਿਲਾਫ਼ ਵਾਜ਼ਿਬ ਤੌਰ ‘ਤੇ ਕਾਰਵਾਈ ਕਰਨ ਦੀ ਗੱਲ ਨਹੀਂ ਕੀਤੀ।
ਜਵਾਬ -ਕੁਝ ਦਉ ਨਾ, ਕੁਝ ਸਬੂਤ ਦਉ, ਜ਼ਰੂਰ ਕਰਾਂਗੇ।
ਮਸੂਦ ਅਜ਼ਹਰ ਬੇਹੱਦ ਬਿਮਾਰ ਹੈ ਤੇ ਘਰੋਂ ਬਾਹਰ ਨਹੀਂ ਲਿਕਲ ਸਕਦਾ – ਕੁਰੈਸ਼ੀ
ਇਸ ਤੋਂ ਪਹਿਲਾਂ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਸੀਐਨਐਨ ਨੂੰ ਦਿੱਤੇ ਇੰਟਰਵਿਊ ਵਿੱਚ ਕਿਹਾ ਸੀ, “ਮੇਰੀ ਜਾਣਕਾਰੀ ਮੁਤਾਬਕ ਜੈਸ਼-ਏ-ਮੁਹੰਮਦ ਦਾ ਮੁਖੀ ਮਸੂਦ ਅਜ਼ਹਰ ਫਿਲਹਾਲ ਪਾਕਿਸਤਾਨ ਵਿੱਚ ਹੈ। ਉਹ ਬੇਹੱਦ ਬਿਮਾਰ ਹੈ ਅਤੇ ਘਰੋਂ ਬਾਹਰ ਨਹੀਂ ਲਿਕਲ ਸਕਦਾ।”

Leave a Reply

Your email address will not be published. Required fields are marked *