ਛੜਿਆਂ ਦੀ ਕਹਾਣੀ ਹੈ ‘ਭੱਜੋ ਵੀਰੋ ਵੇ

ਛੜਾ ਸਾਡੇ ਸਮਾਜ ਦਾ ਇਕ ਅਹਿਮ ਪਾਤਰ ਰਿਹਾ ਹੈ। ਜਿਸ ਬਾਰੇ ਬਹੁਤ ਸਾਰੇ ਗਾਇਕਾਂ ਨੇ ਗੀਤ ਵੀ ਗਾਏ ਹਨ। ‘ਰੰਨਾਂ ਵਾਲਿਆਂ ਦੇ ਪੱਕਣ ਪਰੌਠੇ ਛੜਿਆਂ ਦੀ ਅੱਗ ਨਾ ਬਲੇ’ ਕਹਾਵਤ ਅਸੀ ਗੀਤਾਂ ਅਤੇ ਲੋਕ ਬੋਲੀਆਂ ‘ਚ ਚਿਰਾਂ ਤੋਂ ਸੁਣਦੇ ਆਏ ਹਾਂ ਪਰ ਲੇਖਕ ਤੇ ਨਿਰਦੇਸਕ ਅੰਬਰਦੀਪ ਸਿੰਘ ਦੀ ਨਵੀਂ ਫ਼ਿਲਮ ‘ਭੱਜੋ ਵੀਰੋ ਵੇ’ ‘ਚ ਛੜਿਆਂ ਦਾ ਹਾਲ ਤੁਸੀਂ ਅੱਖੀਂ ਵੇਖ ਸਕੋਗੇ। ਛੜਿਆਂ ਦੇ ਦੌਰ ਦੀ ਗੱਲ ਕਰਦੀ ਇਹ ਫ਼ਿਲਮ ਇਕ ਕਾਮੇਡੀ ਅਤੇ ਪਰਿਵਾਰਕ ਫ਼ਿਲਮ ਹੈ, ਇਸ ਵਿਚ ਅੰਬਰਦੀਪ, ਅਦਾਕਾਰਾ ਸਿੰਮੀ ਚਾਹਲ ਨਾਲ ਬਤੌਰ ਨਾਇਕ ਨਜ਼ਰ ਆਵੇਗਾ।
ਰਿੱਦਮ ਬੁਆਏਜ਼,ਹੇਅਰ ਓਮ ਜੀ ਸਟੂਡੀਓ ਦੀ ਪੇਸ਼ਕਸ ਇਸ ਫ਼ਿਲਮ ਦੀ ਕਹਾਣੀ 1960 ਦੇ ਸਮਿਆਂ ਦੀ ਹੈ, ਜੋ ਪੁਰਾਤਨ ਪੰਜਾਬ ਦੇ ਉਸ ਦੌਰ ਦੀ ਗੱਲ ਕਰੇਗੀ ਜਦੋਂ ਬਹੁਤੇ ਸਾਂਝੇ ਪਰਿਵਾਰਾਂ ਵਿਚ ਇਕ ਬੰਦੇ ਦਾ ਹੀ ਵਿਆਹ ਹੁੰਦਾ ਸੀ ਤੇ ਬਾਕੀ ਛੜੇ ਹੁੰਦੇ ਸੀ। ਛੜੇ ਬੰਦੇ ਦੀ ਜ਼ਿੰਦਗੀ ‘ਚ ਤੀਂਵੀ ਦੀ ਕੀ ਅਹਿਮੀਅਤ ਹੁੰਦੀ ਸੀ, ਇਹੋ ਫ਼ਿਲਮ ਦਾ ਮੁੱਖ ਵਿਸ਼ਾ ਹੈ ਜਿਸ ਨੂੰ ਕਾਮੇਡੀ ਦਾ ਤੜਕਾ ਲਗਾ ਕੇ ਮਨੋਰੰਜਨ ਭਰਪੂਰ ਬਣਾਇਆ ਗਿਆ ਹੈ। ਫ਼ਿਲਮ ਦੇ ਨਿਰਮਾਤਾ ਕਾਰਜ ਗਿੱਲ, ਤਲਵਿੰਦਰ ਹੇਅਰ ਤੇ ਸਹਿ ਨਿਰਮਾਤਾ ਮੁਨੀਸ਼ ਸਾਹਨੀ ਹਨ। ਫ਼ਿਲਮ ਵਿਚ ਅੰਬਰਦੀਪ, ਸਿੰਮੀ ਚਾਹਲ, ਗੁੱਗੂ ਗਿੱਲ, ਨਿਰਮਲ ਰਿਸ਼ੀ, ਹੌਬੀ ਧਾਲੀਵਾਲ, ਹਰਦੀਪ ਗਿੱਲ, ਯਾਦ ਗਰੇਵਾਲ ਤੇ ਸੁਖਵਿੰਦਰ ਰਾਜ ਨੇ ਅਹਿਮ ਕਿਰਦਾਰ ਨਿਭਾਏ ਹਨ। ਫ਼ਿਲਮ ਦਾ ਸੰਗੀਤ ਜਤਿੰਦਰ ਸ਼ਾਹ ਵਲੋਂ ਤਿਆਰ ਕੀਤਾ ਗਿਆ ਹੈ। ਅਮਰਿੰਦਰ ਗਿੱਲ, ਸੁਰਿੰਦਰ ਛਿੰਦਾ, ਗੁਰਸ਼ਬਦ, ਬੀਰ ਸਿੰਘ ਤੇ ਗੁਰਪ੍ਰੀਤ ਮਾਨ ਨੇ ਪਲੇਅ ਬੈਕ ਗਾਇਆ ਹੈ। 14 ਦਸੰਬਰ ਨੂੰ ਇਹ ਫ਼ਿਲਮ ਓਮ ਜੀ ਗਰੁੱਪ ਵਲੋਂ ਰਿਲੀਜ਼ ਕੀਤੀ ਜਾਵੇਗੀ।

Leave a Reply

Your email address will not be published. Required fields are marked *