ਕੁੰਭ ਦਾ ਮੇਲਾ, ਵਿਚੇ ਮੁੱਲਾ ਜੀ ਦਾ ਬਿਜਲੀ ਦਾ ਠੇਲ੍ਹਾ

ਇਲਾਹਾਬਾਦ :  ਕੁੰਭ ਮੇਲੇ ਵਿੱਚ ਜੂਨਾ ਅਖਾੜੇ ਦੇ ਗੇਟ ਦੇ ਸੱਜੇ ਪਾਸੇ ‘ਮੁੱਲਾ ਜੀ ਲਾਈਟ ਵਾਲੇ’ ਦਾ ਬੋਰਡ ਦੇਖ ਕੇ ਕਿਸੇ ਨੂੰ ਵੀ ਉਤਸੁਕਤਾ ਉਸ ਮੁੱਲਾ ਜੀ ਨੂੰ ਜਾਣਨ ਦੀ ਹੋ ਸਕਦੀ ਹੈ ਜੋ ‘ਲਾਈਟ ਵਾਲੇ’ ਹਨ। ਮੁੱਲਾ ਜੀ, ਯਾਨੀ ਮੁਹੰਮਦ ਮਹਿਮੂਦ ਸਾਨੂੰ ਉੱਥੇ ਮਿਲ ਗਏ ਜਿਸ ਈ-ਰਿਕਸ਼ਾ ‘ਤੇ ਉਨ੍ਹਾਂ ਦਾ ਛੋਟਾ ਜਿਹਾ ਬੋਰਡ ਲਗਿਆ ਸੀ। ਉਹ ਉਸੇ ਦੇ ਠੀਕ ਨਾਲ ਰੱਖੀ ਮੰਜੀ ‘ਤੇ ਬੈਠੇ ਸਨ। ਸਿਰ ‘ਤੇ ਟੋਪੀ ਅਤੇ ਲੰਬੇ ਦਾੜੇ ਵਾਲੇ ਮੁੱਲਾ ਜੀ ਨੂੰ ਪਛਾਨਣ ਵਿੱਚ ਜ਼ਰਾ ਵੀ ਦਿੱਕਤ ਨਹੀਂ ਹੋਈ। ਨਾਂ ਪੁੱਛਦੇ ਹੀ ਉਹ ਸਾਡਾ ਮਕਸਦ ਵੀ ਜਾਣ ਗਏ ਅਤੇ ਫੌਰਨ ਨਾਲ ਬੈਠੇ ਵਿਅਕਤੀ ਨੂੰ ਉੱਠਣ ਦਾ ਇਸ਼ਾਰਾ ਕੀਤਾ ਅਤੇ ਸਾਨੂੰ ਬੈਠਣ ਲਈ ਕਿਹਾ।

76 ਸਾਲ ਦੇ ਮੁਹੰਮਦ ਮਹਿਮੂਦ ਪਿਛਲੇ ਤਿੰਨ ਦਹਾਕਿਆਂ ਤੋਂ ਕੋਈ ਵੀ ਕੁੰਭ ਜਾਂ ਅਰਧਕੁੰਭ ਨਹੀਂ ਛੱਡਦੇ ਹਨ। ਕੁੰਭ ਦੌਰਾਨ ਇੱਥੇ ਹੀ ਡੇਢ ਮਹੀਨੇ ਰਹਿ ਕੇ ਆਪਣਾ ਕੰਮਕਾਜ ਚਲਾਉਂਦੇ ਹਨ।ਬਿਜਲੀ ਦੀ ਫਿਟਿੰਗ ਤੋਂ ਲੈ ਕੇ ਕਨੈਕਸ਼ਨ ਤੱਕ ਜੋ ਵੀ ਕੰਮ ਹੁੰਦਾ ਹੈ, ਮੁੱਲਾ ਜੀ ਦੀ ਟੀਮ ਹੀ ਕਰਦੀ ਹੈ। ਜੂਨਾ ਅਖਾੜੇ ਦੇ ਸਾਧੂ-ਸੰਤਾਂ ਅਤੇ ਮਹੰਤ ਨਾਲ ਉਨ੍ਹਾਂ ਦੀ ਚੰਗੀ ਬਣਦੀ ਹੈ ਇਸ ਲਈ ਅਖਾੜੇ ਵਿੱਚ ਉਨ੍ਹਾਂ ਦੇ ਰਹਿਣ ਲਈ ਟੈਂਟ ਦੀ ਵਿਵਸਥਾ ਕੀਤੀ ਗਈ ਹੈ।

ਮੁਹੰਮਦ ਮਹਿਮੂਦ ਦੱਸਦੇ ਹਨ, ”ਪ੍ਰਯਾਗ ਵਿੱਚ ਸਾਡਾ ਇਹ ਚੌਥਾ ਕੁੰਭ ਹੈ। ਚਾਰ ਹਰਿਦੁਆਰ ਵਿੱਚ ਹੋ ਚੁੱਕੇ ਹਨ ਅਤੇ ਤਿੰਨ ਉੱਜੈਨ ਵਿੱਚ। ਹਰ ਕੁੰਭ ਵਿੱਚ ਮੈਂ ਜੂਨਾ ਅਖਾੜੇ ਦੇ ਨਾਲ ਰਹਿੰਦਾ ਹਾਂ ਅਤੇ ਟੈਂਟਾਂ ਵਿੱਚ ਬਿਜਲੀ ਦਾ ਕੰਮ ਕਰਦਾ ਹਾਂ।” ”ਅਖਾੜੇ ਦੇ ਬਾਹਰ ਵੀ ਕੰਮ ਕਰਦਾ ਹਾਂ, ਕੰਮ ਦੇ ਨਾਲ-ਨਾਲ ਸੰਤਾਂ ਦੀ ਸੰਗਤ ਦਾ ਰਸ ਵੀ ਲੈਂਦਾ ਹਾਂ।”

ਹਰਿਦੁਆਰ ਕੁੰਭ ਤੋਂ ਹੋਈ ਸ਼ੁਰੂਆਤ

ਦਰਅਸਲ ਮੁਹੰਮਦ ਮਹਿਮੂਦ ਮੁਜ਼ੱਫ਼ਰਨਗਰ ਵਿੱਚ ਬਿਜਲੀ ਦਾ ਕੰਮ ਕਰਦੇ ਹਨ। ਸ਼ਾਦੀ-ਵਿਆਹ ਵਿੱਚ ਬਿਜਲੀ ਦੀ ਮੁਰੰਮਤ ਕਰਨ ਦਾ ਠੇਕਾ ਲੈਂਦੇ ਹਨ ਅਤੇ ਆਪਣੇ ਨਾਲ ਕਈ ਹੋਰ ਕਾਰੀਗਰਾਂ ਨੂੰ ਰੱਖਿਆ ਹੈ ਜੋ ਇਸ ਕੰਮ ਵਿੱਚ ਉਨ੍ਹਾਂ ਦੀ ਮਦਦ ਕਰਦੇ ਹਨ।ਕੁੰਭ ਵਿੱਚ ਵੀ ਉਨ੍ਹਾਂ ਦੇ ਇਹ ਸਹਿਯੋਗੀ ਉਨ੍ਹਾਂ ਦੇ ਨਾਲ ਹੀ ਰਹਿੰਦੇ ਹਨ ਅਤੇ ਸੰਗਮ ਦੇ ਕਿਨਾਰੇ ਨਾਲ ਸਾਧੂ-ਸੰਤਾਂ ਅਤੇ ਹੋਰ ਲੋਕਾਂ ਲਈ ਬਣੀ ਨਗਰੀ ਨੂੰ ਰੋਸ਼ਨ ਕਰਦੇ ਹਨ।ਇੱਥੇ ਲੋਕ ਉਨ੍ਹਾਂ ਨੂੰ ‘ਮੁੱਲਾ ਜੀ ਲਾਈਟ ਵਾਲੇ’ ਦੇ ਨਾਂ ਨਾਲ ਜਾਣਦੇ ਹਨ। ਮਹਿਮੂਦ ਦੱਸਦੇ ਹਨ ਕਿ ਅਖਾੜਿਆਂ ਨਾਲ ਜੁੜਨ ਦੀ ਸ਼ੁਰੂਆਤ ਹਰਿਦੁਆਰ ਕੁੰਭ ਤੋਂ ਹੋਈ ਸੀ।

ਮੁਹੰਮਦ ਮਹਿਮੂਦ ਦੀ ਟੀਮ ਵਿੱਚ ਕੇਵਲ ਇੱਕੋ ਮੁਸਲਮਾਨ ਹੈ ਬਾਕੀ ਸਾਰੇ ਹਿੰਦੂ ਹਨ
ਮੁਹੰਮਦ ਮਹਿਮੂਦ ਦੀ ਟੀਮ ਵਿੱਚ ਕੇਵਲ ਇੱਕੋ ਮੁਸਲਮਾਨ ਹੈ ਬਾਕੀ ਸਾਰੇ ਹਿੰਦੂ ਹਨ

ਉਨ੍ਹਾਂ ਦੱਸਿਆ, ”ਇਹ ਤੀਹ ਸਾਲ ਤੋਂ ਵੀ ਵੱਧ ਪੁਰਾਣੀ ਗੱਲ ਹੈ। ਉਸੇ ਕੁੰਭ ਵਿੱਚ ਬਿਜਲੀ ਦਾ ਕੰਮ ਕਰਨ ਗਿਆ ਸੀ ਅਤੇ ਉੱਥੇ ਹੀ ਜੂਨਾ ਅਖਾੜੇ ਦੇ ਸਾਧੂਆਂ ਨਾਲ ਜਾਣ-ਪਛਾਣ ਹੋਈ। ਫਿਰ ਉਨ੍ਹਾਂ ਦੇ ਮਹੰਤਾਂ ਨਾਲ ਗੱਲਬਾਤ ਹੁੰਦੀ ਰਹੀ ਅਤੇ ਇਹ ਸਿਲਸਿਲਾ ਚੱਲ ਪਿਆ। ਉਨ੍ਹਾਂ ਨੂੰ ਸਾਡਾ ਵਤੀਰਾ ਪਸੰਦ ਆਇਆ ਅਤੇ ਸਾਨੂੰ ਉਨ੍ਹਾਂ ਦਾ।”ਜੂਨਾ ਅਖਾੜਾ ਭਾਰਤ ਵਿੱਚ ਸਾਧੂਆਂ ਦੇ ਸਭ ਤੋਂ ਵੱਡੇ ਅਤੇ ਸਭ ਤੋਂ ਪੁਰਾਣੇ ਅਖਾੜਿਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।

ਜੂਨਾ ਅਖਾੜੇ ਤੋਂ ਇਲਾਵਾ ਵੀ ਤਮਾਮ ਲੋਕਾਂ ਦੇ ਕੈਂਪਾਂ ਵਿੱਚ ਬਿਜਲੀ ਦੀ ਕੋਈ ਸਮੱਸਿਆ ਹੁੰਦੀ ਹੈ ਤਾਂ ਮੁੱਲਾ ਜੀ ਅਤੇ ਉਨ੍ਹਾਂ ਦੀ ਟੀਮ ਸੰਕਟ ਮੋਚਕ ਬਣ ਕੇ ਖੜ੍ਹੀ ਰਹਿੰਦੀ ਹੈ। ਜੂਨਾ-ਅਖਾੜੇ ਦੇ ਇੱਕ ਸਾਧੂ ਸੰਤੋਸ਼ ਗਿਰੀ ਦੱਸਦੇ ਹਨ, ”ਅਸੀਂ ਤਾਂ ਇਨ੍ਹਾਂ ਨੂੰ ਸਾਧੂ ਹੀ ਸਮਝਦੇ ਹਾਂ। ਨਾਲ ਉੱਠਣਾ-ਬੈਠਣਾ, ਰਹਿਣਾ, ਹਾਸਾ ਮਜ਼ਾਕ ਕਰਨਾ ਅਤੇ ਜ਼ਿੰਦਗੀ ਵਿੱਚ ਹੈ ਕੀ? ਬਸ ਇਹ ਸਾਡੇ ਵਾਂਗ ਧੂਨੀ ਨਹੀਂ ਬਾਲਦੇ ਕੇਵਲ ਬਿਜਲੀ ਜਲਾਉਂਦੇ ਹਨ।” ਉੱਥੇ ਹੀ ਮੌਜੂਦ ਇੱਕ ਹੋਰ ਨੌਜਵਾਨ ਸਾਧੂ ਨੇ ਦੱਸਿਆ ਕਿ ਮੁੱਲਾ ਜੀ ਦੀ ਟੀਮ ਵਿੱਚ ਕੇਵਲ ਇੱਕ ਹੀ ਮੁਸਲਮਾਨ ਹੈ, ਬਾਕੀ ਸਾਰੇ ਹਿੰਦੂ ਹਨ। ਸਾਧੂ ਨੇ ਕਿਹਾ, ”ਅਸੀਂ ਕਿਸੇ ਤੋਂ ਪੁੱਛਿਆ ਨਹੀਂ ਪਰ ਹੌਲੀ-ਹੌਲੀ ਇਹ ਪਤਾ ਲੱਗ ਗਿਆ। ਕੈਂਪ ਵਿੱਚ ਕੇਵਲ ਮੁੱਲਾ ਜੀ ਹੀ ਨਮਾਜ਼ ਪੜ੍ਹਦੇ ਹਨ,ਬਾਕੀ ਲੋਕ ਨਹੀਂ।”

ਮੇਲੇ ਦੇ ਬਾਅਦ ਹੀ ਘਰ

ਮੁੱਲਾ ਜੀ ਅਤੇ ਉਨ੍ਹਾਂ ਦੇ ਸਾਥੀਆਂ ਦੀ ਵੀ ਅਖਾੜੇ ਦੇ ਸਾਧੂਆਂ ਨਾਲ ਚੰਗੀ ਦੋਸਤੀ ਹੈ ਜਿਸ ਕਾਰਨ ਇਨ੍ਹਾਂ ਅਖਾੜਿਆਂ ਵਿੱਚ ਵੀ ਆਪਣੇ ਘਰ ਦੀ ਕਮੀ ਮਹਿਸੂਸ ਨਹੀਂ ਹੁੰਦੀ ਹੈ। ਸਾਰੇ ਲੋਕ ਮੇਲਾ ਖ਼ਤਮ ਹੋਣ ਦੇ ਬਾਅਦ ਹੀ ਆਪਣੇ ਘਰ ਜਾਂਦੇ ਹਨ।

ਮੁਹੰਮਦ ਮਹਿਮੂਦ ਦੇ ਨਾਲ ਇਸ ਵੇਲੇ ਪੰਜ ਲੋਕ ਹਨ। ਉਨ੍ਹਾਂ ਵਿੱਚੋਂ ਇੱਕ ਅਨਿਲ ਵੀ ਹਨ ਜੋ ਸਾਰਿਆਂ ਲਈ ਖਾਣਾ ਬਣਾਉਂਦੇ ਹਨ। ਅਨਿਲ ਵੀ ਮੁਜ਼ੱਫਰਨਗਰ ਦੇ ਰਹਿਣ ਵਾਲੇ ਹਨ।ਉਹ ਕਹਿੰਦੇ ਹਨ, ”ਮੈਂ ਪੂਰੇ ਸਟਾਫ ਦਾ ਖਾਣਾ ਬਣਾਉਂਦਾ ਹਾਂ। ਅਸੀਂ ਲੋਕ ਕਿਸੇ ਕਮਾਈ ਦੇ ਮਕਸਦ ਨਾਲ ਨਹੀਂ ਸਗੋਂ ਸਮਾਜਸੇਵਾ ਦੇ ਮਕਸਦ ਨਾਲ ਆਉਂਦੇ ਹਾਂ। ਕਮਾਈ ਤਾਂ ਇੰਨੀ ਹੁੰਦੀ ਵੀ ਨਹੀਂ ਹੈ।” ਕਮਾਈ ਬਾਰੇ ਪੁੱਛਣ ‘ਤੇ ਮੁਹੰਮਦ ਮਹਿਮੂਦ ਹੱਸਣ ਲਗਦੇ ਹਨ, ”ਕਮਾਈ ਤਾਂ ਕੁਝ ਵੀ ਨਹੀਂ ਹੈ। ਰਹਿਣ-ਖਾਣ ਦਾ ਖਰਚ ਨਿਕਲ ਆਏ ਉਹੀ ਬਹੁਤ ਹੈ। ਕਮਾਉਣ ਦੇ ਮਕਸਦ ਨਾਲ ਅਸੀਂ ਨਹੀਂ ਆਉਂਦੇ ਹਾਂ।”

ਕੁੰਭ ਦਾ ਮੇਲਾ

”ਬਸ ਦਾਲ-ਰੋਟੀ ਚੱਲ ਜਾਵੇ, ਸਾਧੂਆਂ ਦੀ ਸੰਗਤ ਆਪਣੇ ਆਪ ਹੀ ਆਨੰਦ ਦੇਣ ਵਾਲੀ ਹੁੰਦੀ ਹੈ, ਹੋਰ ਕੀ ਚਾਹੀਦਾ ਹੈ?” ਮੁਹੰਮਦ ਮਹਿਮੂਦ ਕਹਿੰਦੇ ਹਨ ਕਿ ਮੁਜ਼ੱਫਰਨਗਰ ਵਿੱਚ ਰਹਿੰਦੇ ਹੋਏ ਉਹ ਹੋਰ ਤਿਉਹਾਰ ਜਿਵੇਂ ਜਨਮਾਸ਼ਟਮੀ, ਦਸ਼ਹਿਰਾ ਆਦਿ ‘ਤੇ ਵੀ ਬਿਜਲੀ ਦਾ ਕੰਮ ਕਰਦੇ ਹਨ। ਇਸ ਦੇ ਇਲਾਵਾ ਮੇਰਠ ਵਿੱਚ ਹੋਣ ਵਾਲੇ ਨੌਚੰਦੀ ਦੇ ਮੇਲੇ ਵਿੱਚ ਵੀ ਇਹ ਲੋਕ ਆਪਣੀਆਂ ਸੇਵਾਵਾਂ ਦਿੰਦੇ ਹਨ।

Leave a Reply

Your email address will not be published. Required fields are marked *