ਕਰੋਨਾ ਕਾਰਨ 3.7 ਲੱਖ ਕਰੋੜ ਦੇ ਘਰਾਂ ਦਾ ਨਹੀਂ ਹੈ ਖ਼ਰੀਦਦਾਰ

ਨਵੀਂ ਦਿੱਲੀ : ਕਰੋਨਾ ਦਾ ਕਹਿਰ ਸਿਰਫ਼ ਜ਼ਿੰਦਗੀਆਂ ‘ਤੇ ਨਹੀਂ ਪੈ ਰਿਹਾ ਸਗੋਂ ਇਸ ਨਾਲ ਬਾਜ਼ਾਰ ਦਾ ਧੂਰਾ ਮੰਨੇ ਜਾਣ ਵਾਲੇ ਰੀਅਲ ਅਸਟੇਟ ਕਾਰੋਬਾਰ ਨੂੰ ਵੀ ਨੁਕਸਾਨ ਸਹਿਣਾ ਪੈ ਰਿਹਾ ਹੈ।
ਪ੍ਰਾਪਰਟੀ ਦਾ ਕਾਰੋਬਾਰ ਤਾਂ ਪਹਿਲਾਂ ਹੀ ਠੰਢਾ ਚੱਲ ਰਿਹਾ ਹੈ ਉਸ ਤੋਂ ਉਪਰ ਕਰੋਨਾ ਦੀ ਮਾਰ ਕਾਰਨ ਹੁਣ ਬਿਲਕੁਲ ਹੀ ਠੱਪ ਹੋ ਗਿਆ ਹੈ ਜਿਸ ਕਾਰਨ ਪ੍ਰੇਸ਼ਾਨੀਆਂ ਹੋਰ ਵੱਧ ਗਈਆਂ ਹਨ। ਭਵਿੱਖ ਵਿਚ ਪ੍ਰਾਪਰਟੀ ਕਾਰੋਬਾਰ ਦਾ ਕੀ ਹਾਲ ਹੋਵੇਗਾ ਇਸ ਦੀ ਸਾਰ ਲੈਣਾ ਵੀ ਬਹੁਤ ਜ਼ਰੂਰੀ ਹੋ ਗਿਆ ਹੈ। ਪ੍ਰਾਪਤ ਇਕ ਰਿਪੋਰਟ ਅਨੁਸਾਰ ਦੇਸ਼ ਦੇ ਸੱਤ ਵੱਡੇ ਸ਼ਹਿਰਾਂ ਵਿੱਚ ਡਿਵੈਲਪਰਾਂ ‘ਤੇ ਕਰੀਬ 3.7 ਲੱਖ ਕਰੋੜ ਰੁਪਏ ਦੀ ਅਣ ਵਿਕੀ ਜਾਇਦਾਦ ਦਾ ਬੋਝ ਪੈਣ ਵਾਲਾ ਹੈ। ਦਿੱਲੀ ਐਨ.ਸੀ.ਆਰ. ਵਿੱਚ 1.21 ਲੱਖ ਕਰੋੜ ਦੀ ਅਣਵਿਕੀ ਪ੍ਰਾਪਰਟੀ ਹੈ, ਮੁੰਬਈ ਵਿੱਚ 1.24 ਲੱਖ ਕਰੋੜ ਦੀ ਪ੍ਰਾਪਰਟੀ ਹੈ, ਬੰਗਲੌਰ ਵਿੱਚ 89 ਹਜ਼ਾਰ ਕਰੋੜ ਹੈ।
2019 ਤੋਂ ਪਹਿਲਾਂ ਤਿੰਨ ਮਹੀਨੇ ਦੇ ਮੁਕਾਬਲੇ 2020 ਦੇ ਪਹਿਲੇ ਤਿੰਨ ਮਹੀਨਆਂ ਵਿੱਚ ਰਿਹਾਇਸ਼ੀ ਖੇਤਰ ਦੀ ਵਿਕਰੀ ਵਿੱਚ ਕਰੀਬ 29 ਫ਼ੀ ਸਦੀ ਦੀ ਗਿਰਾਵਟ ਦਰਜ ਕੀਤੀ ਗਈ ਸੀ ਜਦਕਿ ਪਿਛਲੇ ਸਾਲ ਦੀ ਪਹਿਲੀ ਤਿਮਾਹੀ ਦੇ ਮੁਕਾਬਲੇ ਇਸ ਤਿਮਾਹੀ ਵਿੱਚ ਨਵੇਂ ਯੂਨਿਟ ਲਾਂਚ ਵਿੱਚ 3 ਫ਼ੀ ਸਦੀ ਦੀ ਤੇਜ਼ੀ ਵੇਚੀ ਗਈ ਹੈ। 2020 ਦੀ ਪਹਿਲੀ ਤਿਮਾਹੀ ਵਿੱਚ 40574 ਨਵੇਂ ਪ੍ਰਾਜੈਕਟ ਲਾਂਚ ਕੀਤੇ ਗਏ ਹਨ।
ਨਵੇਂ ਪ੍ਰਾਜੈਕਟਾਂ ਦਾ 60 ਫ਼ੀ ਸਦੀ ਕੇਵਲ ਮੁੰਬਈ ਅਤੇ ਬੰਗਲੌਰ ਵਿੱਚ ਹੀ ਲਾਂਚ ਕੀਤਾ ਗਿਆ ਹੈ। ਦਿੱਲੀ, ਮੁੰਬਈ ਅਤੇ ਬੰਗਲੌਰ ਦੀ ਤੁਲਨਾ ਕੀਤੀ ਜਾਵੇ ਤਾਂ 2019 ਦੀ ਪਹਿਲੀ ਤਿਮਾਹੀ ਦੇ ਮੁਕਾਬਲੇ ਦਿੱਲੀ ਵਿੱਚ ਨਵੇਂ ਪ੍ਰਾਜੈਕਟ ਲਾਂਚ ਵਿੱਚ 3 ਫ਼ੀ ਸਦੀ ਦੀ ਗਿਰਾਵਟ, ਬੰਗਲੌਰ ਵਿੱਚ 3 ਫ਼ੀ ਸਦੀ ਦੀ ਤੇਜ਼ੀ ਅਤੇ ਮੁੰਬਈ ਵਿੱਚ 18 ਫ਼ੀ ਸਦੀ ਗਿਰਾਵਟ ਆਈ ਹੈ।
ਪ੍ਰਾਪਰਟੀ ਕਾਰੋਬਾਰੀਆਂ ਦਾ ਕਹਿਣਾ ਹੈ ਕਿ ਬਾਜ਼ਾਰ ‘ਤੇ ਕਿੰਨਾ ਪ੍ਰਭਾਵ ਪਵੇਗਾ ਇਸ ਗੱਲ ਦਾ ਅੰਦਾਜ਼ਾ ਕਰੋਨਾ ਦਾ ਅਸਰ ਕਿੰਨੇ ਦਿਨ ਤਕ ਰਹਿੰਦਾ ਹੈ ਤੋਂ ਹੀ ਲਗਾਇਆ ਜਾ ਸਕਦਾ ਹੈ। ਰਿਜ਼ਰਵ ਬੈਂਕ ਸਣੇ ਸਰਕਾਰ ਵਲੋਂ ਕਿੰਨਾ ਜਲਦੀ ਫ਼ੈਸਲਾ ਲਿਆ ਜਾਂਦਾ ਹੈ। ਫ਼ਿਲਹਾਲ ਵਾਇਰਸ ਨੇ ਖ਼ਰੀਦਦਾਰੀ ਬਿਲਕੁਲ ਰੋਕ ਦਿੱਤੀ ਹੈ।

Leave a Reply

Your email address will not be published. Required fields are marked *