ਔਰਤਾਂ ਦੀ ਸੁਰੱਖਿਆ ਪੱਖੋਂ ਆਸਟਰੇਲੀਆ ਦੁਨੀਆ ਦਾ ਸਰਵਉੱਤਮ ਦੇਸ਼

ਬ੍ਰਿਸਬੇਨ-ਨਿਊ ਵਰਲਡ ਵੈੱਲਥ ਗਰੁੱਪ (ਜੌਹਨਬਰਗ, ਸਾਊਥ ਅਫ਼ਰੀਕਾ) ਦੇ ਤਾਜ਼ਾ ਸਰਵੇਖਣ ਮੁਤਾਬਕ ਮਾਲਟਾ, ਆਈਸਲੈਂਡ, ਨਿਊਜ਼ੀਲੈਂਡ ਅਤੇ ਕੈਨੇਡਾ ਵਰਗੇ ਦੇਸ਼ਾਂ ਨੂੰ ਪਛਾੜਦੇ ਹੋਏ ਆਸਟਰੇਲੀਆ ਨੇ ਵਿਸ਼ਵ ਭਰ ’ਚ ਔਰਤਾਂ ਲਈ ਸੁਰੱਖਿਅਤ ਦੇਸ਼ ਹੋਣ ਦਾ ਮਾਣ ਪ੍ਰਾਪਤ ਕੀਤਾ ਹੈ। ਇਸ ਗੱਲ ਦੀ ਪੁਸ਼ਟੀ ਗਲੋਬਲ ਵੈੱਲਥ ਮਾਈਗ੍ਰੇਸ਼ਨ 2019 ਦੀ ਰਿਪੋਰਟ ’ਚ ਹੋਈ ਹੈ। ਦੱਸਣਯੋਗ ਹੈ ਕਿ ਇਹ ਰਿਪੋਰਟ ਸਬੰਧਿਤ ਦੇਸ਼ ਦੇ ਆਰਥਕ ਵਿਕਾਸ, ਪ੍ਰੈੱਸ ਦੀ ਅਾਜ਼ਾਦੀ ਅਤੇ ਔਰਤਾਂ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖ ਕੇ ਬਣਾਈ ਜਾਂਦੀ ਹੈ। ਸਰਵੇਖਣ ਦਾ ਕਹਿਣਾ ਹੈ ਕਿ ਮੌਜੂਦਾ ਸਮੇਂ ’ਚ ਕਿਸੇ ਵੀ ਦੇਸ਼ ਦਾ ਸਰਬ-ਪੱਖੀ ਵਿਕਾਸ ਉਸ ਦੇਸ਼ ਦੀਆਂ ਔਰਤਾਂ ਦੀ ਆਜ਼ਾਦੀ ਅਤੇ ਸੁਰੱਖਿਆ ‘ਤੇ ਨਿਰਭਰ ਕਰਦਾ ਹੈ।
ਮਸਲਨ ਕਿਸੇ ਵੀ ਦੇਸ਼ ਦਾ ਆਰਥਕ ਵਿਕਾਸ ਉੱਥੇ ਰਹਿ ਰਹੀਆਂ ਔਰਤਾਂ ਦੇ ਸੁਰੱਖਿਅਤ ਨਿਵਾਸ ਨਾਲ ਸਬੰਧਿਤ ਹੈ। ਤੱਥਾਂ ’ਤੇ ਆਧਾਰਿਤ ਉਸ ਰਿਪੋਰਟ ’ਚ ਕਿਹਾ ਗਿਆ ਹੈ ਕਿ ਜਿਸ ਦੇਸ਼ ’ਚ ਆਏ ਦਿਨ ਬਲਾਤਕਾਰ, ਗੁਲਾਮੀ, ਮਨੁੱਖੀ ਸਮੱਗਲਿੰਗ ਅਤੇ ਔਰਤਾਂ ’ਤੇ ਹਮਲੇ ਦੀਆਂ ਮੰਦਭਾਗੀਆਂ ਘਟਨਾਵਾਂ ਹੁੰਦੀਆਂ ਹਨ ਉਹ ਮੁਲਕ ਲੰਬੇ ਸਮੇਂ ਦੇ ਸਰਬਪੱਖੀ ਵਿਕਾਸ ’ਚ ਪਛੜ ਜਾਂਦਾ ਹੈ। ਰਿਪੋਰਟ ਦੱਸਦੀ ਹੈ ਕਿ ਉਪਰੋਕਤ ਮੁਲਕਾਂ ਦਾ ਪਿਛਲੇ 20 ਸਾਲ ਦੇ ਵਿਕਾਸ ’ਚ ਔਰਤਾਂ ਦੀ ਭੂਮਿਕਾ ਅਹਿਮ ਰਹੀ ਹੈ। ਪਿਛਲੇ ਪੰਜਾਂ ਸਾਲਾਂ ਤੋਂ ਯੂਰਪ ਦੇ ਕਈ ਸ਼ਹਿਰਾਂ (ਲੰਡਨ, ਪੈਰਿਸ ਆਦਿ) ’ਚ ਔਰਤਾਂ ਦੀ ਸੁਰੱਖਿਆ ਬੇਯਕੀਨੀ ਬਣਨ ਨਾਲ ਇਨ੍ਹਾਂ ਮੁਲਕਾਂ ਦੇ ਵਿੱਤੀ ਵਿਕਾਸ ’ਚ ਅੜਚਨਾਂ ਸਾਫ਼ ਦਿਖਾਈ ਦੇ ਰਹੀਆਂ ਹਨ। ਸਰਵੇਖਣ ਮੁਕਾਬਕ ਭਾਵੇਂ ਇਨ੍ਹਾਂ ਸ਼ਹਿਰਾਂ ’ਚ ਔਰਤਾਂ ਦੀ ਆਜ਼ਾਦੀ ਅਤੇ ਸੁਰੱਖਿਆ ਦਾ ਮਸਲਾ ਬਹੁਤਾ ਗੰਭੀਰ ਨਹੀਂ ਪਰ ਮੌਜੂਦਾ ਸਮੇਂ ’ਚ ਏਸ਼ੀਆ ਅਤੇ ਅਫ਼ਰੀਕੀ ਮਹਾਦੀਪਾਂ ’ਚ ਸਥਿਤੀ ਚਿੰਤਾ ਦਾ ਵਿਸ਼ਾ ਬਣ ਚੁੱਕੀ ਹੈ। ਇਨ੍ਹਾਂ ਮੁਲਕਾਂ ਦਾ ਸੁਰੱਖਿਆ ਤੰਤਰ ਅਤੇ ਸਰਕਾਰਾਂ ਪ੍ਰਸਥਿੱਤੀਆਂ ਅਤੇ ਮਾਫ਼ੀਆ ਅੱਗੇ ਬੇਬੱਸ ਨਜ਼ਰ ਆ ਰਹੀਆਂ ਹਨ।

Leave a Reply

Your email address will not be published. Required fields are marked *