ਰੋਟੀ ਮੰਗਣ ਗਏ ਸੀ ਮੌਤ ਦਾ ਪਰਵਾਨਾ ਮਿਲਿਆ

ਖਰਟੂਮ — ਸੂਡਾਨ ਵਿਚ ਵੱਧਦੀਆਂ ਕੀਮਤਾਂ ਅਤੇ ਹੋਰ ਆਰਥਿਕ ਮੁਸੀਬਤਾਂ ਕਾਰਨ ਲੋਕਾਂ ਵਿਚ ਕਾਫੀ ਗੁੱਸਾ ਹੈ। ਹੁਣ ਰੋਟੀ ਦੀ ਕੀਮਤ ਵੱਧ ਜਾਣ ਦੇ ਵਿਰੋਧ ਵਿਚ ਲੋਕ ਸੜਕਾਂ ‘ਤੇ ਉਤਰ ਆਏ ਹਨ। ਪ੍ਰਦਰਸ਼ਨ ਦੇ ਦੂਜੇ ਦਿਨ ਸਥਿਤੀ ਕੰਟਰੋਲ ਤੋਂ ਬਾਹਰ ਹੋਣ ਕਾਰਨ ਦੰਗਾ ਵਿਰੋਧੀ ਪੁਲਸ ਨੂੰ ਸ਼ਕਤੀ ਦੀ ਵਰਤੋਂ ਕਰਨੀ ਪਈ, ਜਿਸ ਨਾਲ 8 ਲੋਕਾਂ ਦੀ ਮੌਤ ਹੋ ਗਈ। ਇਕ ਅਧਿਕਾਰੀ ਨੇ ਦੱਸਿਆ ਕਿ ਰੋਟੀ ਦੀ ਕੀਮਤ ਇਕ ਸੂਡਾਨੀ ਪੌਂਡ ਤੋਂ ਵੱਧਾ ਕੇ 3 ਪੌਂਡ ਕਰ ਦਿੱਤੀ ਗਈ। ਇਸ ਦੇ ਵਿਰੋਧ ਵਿਚ ਬੁੱਧਵਾਰ ਨੂੰ ਦੇਸ਼ ਭਰ ਵਿਚ ਲੋਕਾਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ।
ਵੀਰਵਾਰ ਨੂੰ ਇਹ ਵਿਰੋਧ ਫੈਲਦੇ ਹੋਏ ਸੂਡਾਨ ਦੀ ਰਾਜਧਾਨੀ ਖਾਰਟੂਮ ਤੱਕ ਪਹੁੰਚ ਗਿਆ। ਰਾਸ਼ਟਰਪਤੀ ਪੈਲੇਸ ਦੇ ਬਾਹਰ ਜਮਾਂ ਹੋ ਰਹੀ ਭੀੜ ਨੂੰ ਖਦੇੜਨ ਲਈ ਦੰਗਾ ਵਿਰੋਧੀ ਪੁਲਸ ਨੇ ਹੰਝੂ ਗੈਸ ਦੀ ਵਰਤੋਂ ਕੀਤੀ। ਸਥਾਨਕ ਮੀਡੀਆ ਰਿਪੋਰਟ ਵਿਚ ਦੱਸਿਆ ਗਿਆ ਕਿ ਪੂਰਬੀ ਸ਼ਹਿਰ ਅਲ-ਕਾਦਰਿਫ, ਅਲ-ਤਾਯੇਬ ਅਲ-ਅਮੀਨੀ ਤਾਹ ਵਿਚ 6 ਲੋਕ ਮਾਰੇ ਗਏ ਜਦਕਿ ਦਰਜਨਾਂ ਲੋਕ ਜ਼ਖਮੀ ਹੋਏ ਹਨ। ਮਾਰੇ ਗਏ ਲੋਕਾਂ ਵਿਚ ਯੂਨੀਵਰਸਿਟੀ ਦਾ ਇਕ ਵਿਦਿਆਰਥੀ ਵੀ ਸ਼ਾਮਲ ਹੈ। ਉਹ ਅਲ-ਕਾਦਰਿਫ ਵਿਚ ਹੋ ਰਹੇ ਵਿਰੋਧ ਪ੍ਰਦਰਸ਼ਨ ਵਿਚ ਸ਼ਾਮਲ ਸੀ। ਇਸ ਇਲਾਕੇ ਵਿਚ ਸਥਿਤੀ ਕੰਟਰੋਲ ਤੋਂ ਬਾਹਰ ਹੋ ਗਈ ਹੈ। ਸੰਸਦ ਮੈਂਬਰ ਮੁਬਾਰ ਅਲ-ਨੂਰ ਨੇ ਅਧਿਕਾਰੀਆਂ ਨੂੰ ਕਿਹਾ ਹੈ ਕਿ ਉਹ ਸ਼ਾਂਤੀਪੂਰਨ ਤਰੀਕੇ ਨਾਲ ਆਪਣੇ ਅਧਿਕਾਰਾਂ ਦੀ ਵਰਤੋਂ ਕਰ ਰਹੇ ਪ੍ਰਦਰਸ਼ਨਕਾਰੀਆਂ ‘ਤੇ ਬਲ ਦੀ ਵਰਤੋਂ ਨਾ ਕਰਨ। ਸਰਕਾਰੀ ਬੁਲਾਰੇ ਇਬਰਾਹਿਮ ਮੁਖਤਾਰ ਨੇ ਕਿਹਾ ਕਿ ਖਾਰਟੂਮ ਤੋਂ 400 ਕਿਲੋਮੀਟਰ ਪੂਰਬ ਵਿਚ ਸਥਿਤ ਅਤਬਾਰਾ ਸ਼ਹਿਰ ਵਿਚ ਦੋ ਹੋਰ ਪ੍ਰਦਰਸ਼ਨਕਾਰੀਆਂ ਦੀ ਮੌਤ ਦੀ ਖਬਰ ਹੈ। ਪ੍ਰਦਰਸ਼ਨਾਕਾਰੀਆਂ ਨੇ ਰਾਸ਼ਟਰਪਤੀ ਉਮਰ ਅਲ-ਬਾਸ਼ਿਰ ਦੇ ਨੈਸ਼ਨਲ ਕਾਂਗਰਸ ਪਾਰਟੀ (ਐੱਨ.ਸੀ.ਪੀ.) ਦੇ ਹੈੱਡ ਕੁਆਰਟਰ ਵਿਚ ਅੱਗ ਲਗਾ ਦਿੱਤੀ ਸੀ। ਇਸ ਮਗਰੋਂ ਅਤਬਾਰਾ ਵਿਚ ਕਰਫਿਊ ਲਗਾ ਦਿੱਤਾ ਗਿਆ।

Leave a Reply

Your email address will not be published. Required fields are marked *