ਅੱਤਵਾਦੀ ਸੰਗਠਨਾਂ ਨੇ ਭਾਰਤ ਵਿਚ ਖੇਡੀ ਖੂਨ ਦੀ ਹੋਲੀ

ਜਲੰਧਰ-ਇਕ ਵਾਰ ਫਿਰ ਪਾਕਿ ਵਿਚ ਸਰਗਰਮ ਅੱਤਵਾਦੀ ਸੰਗਠਨਾਂ ਨੇ ਭਾਰਤ ਵਿਚ ਖੂਨ ਦੀ ਹੋਲੀ ਖੇਡੀ ਹੈ। 14 ਫਰਵਰੀ ਨੂੰ ਕਸ਼ਮੀਰ ਦੇ ਪੁਲਵਾਮਾ ‘ਚ ਸੀ.ਆਰ.ਪੀ.ਐਫ. ਦੇ ਕਾਫਲੇ ‘ਤੇ ਇਕ ਅੱਤਵਾਦੀ ਆਦਿਲ ਅਹਿਮਦ ਨੇ ਬਾਰੂਦ ਨਾਲ ਭਰੀ ਗੱਡੀ ਸੀ.ਆਰ.ਪੀ.ਐਫ. ਦੀ ਬੱਸ ਵਿਚ ਮਾਰ ਕੇ ਜੋ ਹਮਲਾ ਕੀਤਾ ਹੈ, ਉਸ ਨਾਲ 40 ਦੇ ਕਰੀਬ ਜਵਾਨ ਸ਼ਹੀਦ ਹੋ ਗਏ ਹਨ। ਇਸ ਦੇ ਕੁਝ ਸਮੇਂ ਬਾਅਦ ਹੀ ਪਾਕਿਸਤਾਨ ਦੀ ਧਰਤੀ ਤੋਂ ਭਾਰਤ ਵਿਰੁੱਧ ਲਗਾਤਾਰ ਹਥਿਆਰਬੰਦ ਲੜਾਈ ਲੜ ਰਹੇ ਸੰਗਠਨ ਜੈਸ਼-ਏ-ਮੁਹੰਮਦ ਵਲੋਂ ਇਸ ਦੀ ਜ਼ਿੰਮੇਵਾਰੀ ਲਈ ਗਈ ਹੈ। ਇਸ ਜਥੇਬੰਦੀ ਦਾ ਆਗੂ ਮਸੂਦ ਅਜ਼ਹਰ ਪਾਕਿਸਤਾਨੀ ਫ਼ੌਜ ਦੀ ਸ਼ਹਿ ‘ਤੇ ਲਗਾਤਾਰ ਭਾਰਤ ਨੂੰ ਲਹੂ-ਲੁਹਾਨ ਕਰਦਾ ਆ ਰਿਹਾ ਹੈ। ਇਸ ਜ਼ਾਲਮਾਨਾ ਕਾਰੇ ਦੀ ਜਿੰਨੀ ਵੀ ਨਿੰਦਾ ਕੀਤੀ ਜਾਏ ਥੋੜ੍ਹੀ ਹੈ। ਪਾਕਿਸਤਾਨ ‘ਚ ਨਵੀਂ ਸਰਕਾਰ ਬਣਨ ਅਤੇ ਇਮਰਾਨ ਖਾਨ ਦੇ ਪ੍ਰਧਾਨ ਮੰਤਰੀ ਚੁਣੇ ਜਾਣ ਤੋਂ ਬਾਅਦ ਇਹ ਉਮੀਦ ਕੀਤੀ ਜਾਣ ਲੱਗੀ ਸੀ ਕਿ ਇਹ ਗੁਆਂਢੀ ਦੇਸ਼ ਭਾਰਤ ਪ੍ਰਤੀ ਆਪਣੀਆਂ ਨੀਤੀਆਂ ‘ਚ ਤਬਦੀਲੀ ਲਿਆਏਗਾ। ਸ਼ੁਰੂ ‘ਚ ਅਜਿਹੇ ਹੀ ਬਿਆਨ ਇਮਰਾਨ ਖਾਨ ਨੇ ਦਿੱਤੇ ਸਨ। ਨਵਾਂ ਪਾਕਿਸਤਾਨ ਬਣਾਉਣ ਦਾ ਇਰਾਦਾ ਵੀ ਪ੍ਰਗਟ ਕੀਤਾ ਸੀ। ਉਸ ਨੇ ਭਾਰਤ ਸਮੇਤ ਸਾਰੇ ਗੁਆਂਢੀ ਦੇਸ਼ਾਂ ਨਾਲ ਸੁਖਾਵੇਂ ਸਬੰਧ ਬਣਾਉਣ ਦੀ ਗੱਲ ਕੀਤੀ ਸੀ। ਅਜਿਹਾ ਉਸ ਨੇ ਕਿਸ ਭਾਵਨਾ ਨਾਲ ਕਿਹਾ ਸੀ ਜਾਂ ਕੀ ਉਹ ਵਾਕਈ ਦੱਖਣੀ ਏਸ਼ੀਆ ਦੇ ਇਸ ਖਿੱਤੇ ‘ਚ ਸ਼ਾਂਤੀ ਚਾਹੁੰਦਾ ਵੀ ਸੀ? ਇਸ ਬਾਰੇ ਭਾਰਤ ਦੇ ਲੋਕਾਂ ਵਲੋਂ ਵਿਸ਼ਵਾਸ ਕਰਨਾ ਪਹਿਲਾਂ ਵੀ ਔਖਾ ਸੀ ਅਤੇ ਅੱਜ ਵੀ ਔਖਾ ਹੈ, ਕਿਉਂਕਿ ਅਮਲੀ ਰੂਪ ਵਿਚ ਪਾਕਿਸਤਾਨ ਦੀ ਕਰਨੀ ਉਸ ਦੀ ਕਥਨੀ ਤੋਂ ਹਮੇਸ਼ਾ ਵੱਖਰੀ ਹੀ ਰਹੀ ਹੈ। ਪਿਛਲੇ ਕਈ ਦਹਾਕਿਆਂ ਤੋਂ ਪਾਕਿਸਤਾਨ ਦੀਆਂ ਸਰਕਾਰਾਂ ਨੇ ਭਾਰਤ ਵਿਰੁੱਧ ਅਣਐਲਾਨੀ ਜੰਗ ਛੇੜੀ ਹੋਈ ਹੈ। ਇਸ ਲਈ ਉਸ ਨੇ ਵੱਖ-ਵੱਖ ਤਰ੍ਹਾਂ ਦੇ ਅੱਤਵਾਦੀਆਂ ਦੀ ਆਪਣੀ ਧਰਤੀ ‘ਤੇ ਪਾਲਣਾ ਪੋਸ਼ਣਾ ਕੀਤੀ ਹੈ। ਉਨ੍ਹਾਂ ਨੂੰ ਹਰ ਤਰ੍ਹਾਂ ਦੀ ਮਦਦ ਮੁਹੱਈਆ ਕਰਵਾਈ ਹੈ। ਉਨ੍ਹਾਂ ਲਈ ਸਿਖਲਾਈ ਕੈਂਪ ਬਣਾਏ ਹੋਏ ਹਨ। ਇਥੇ ਹੀ ਬਸ ਨਹੀਂ, ਸਗੋਂ ਇਨ੍ਹਾਂ ਸੰਗਠਨਾਂ ਨੂੰ ਆਪਣੇ ਦੇਸ਼ ‘ਚ ਭਾਰਤ ਵਿਰੁੱਧ ਹਰ ਤਰ੍ਹਾਂ ਦਾ ਜ਼ਹਿਰੀਲਾ ਪ੍ਰਚਾਰ ਕਰਨ ਦੀ ਖੁੱਲ੍ਹ ਵੀ ਦਿੱਤੀ ਹੋਈ ਹੈ, ਜੋ ਪਾਕਿਸਤਾਨੀ ਸਮਾਜ ਨੂੰ ਨਿੱਤ ਦਿਨ ਭਾਰਤ ਵਿਰੁੱਧ ਭੜਕਾਉਂਦੇ ਹਨ। ਉਥੋਂ ਦੇ ਗ਼ਰੀਬ ਨੌਜਵਾਨਾਂ ਨੂੰ ਇਹ ਅੱਤਵਾਦੀ ਸੰਗਠਨ ਜੇਹਾਦ ਛੇੜਨ ਲਈ ਭਰਤੀ ਕਰਦੇ ਹਨ। ਉਨ੍ਹਾਂ ਨੂੰ ਆਪਣੀ ਸਿਧਾਂਤਕ ਪਾਣ ਚਾੜ੍ਹਦੇ ਹਨ। ਅਜਿਹੇ ਭਰਤੀ ਹੋਣ ਵਾਲੇ ਨੌਜਵਾਨਾਂ ਦੀ ਉਥੇ ਕੋਈ ਘਾਟ ਨਹੀਂ ਹੈ, ਕਿਉਂਕਿ ਪਾਕਿਸਤਾਨ ‘ਚ ਫ਼ੌਜ ਦੇ ਨਾਲ-ਨਾਲ ਗ਼ੁਰਬਤ ਵੀ ਰਾਜ ਕਰਦੀ ਹੈ। ਵੱਡੀ ਪੱਧਰ ‘ਤੇ ਉਥੇ ਅਨਪੜ੍ਹਤਾ ਦਾ ਪਸਾਰਾ ਹੈ। ਨੌਜਵਾਨ ਬੇਰੁਜ਼ਗਾਰ ਫਿਰ ਰਹੇ ਹਨ। ਬਿਨਾਂ ਸ਼ੱਕ ਉਥੋਂ ਦੀਆਂ ਪਿਛਲੀਆਂ ਸਰਕਾਰਾਂ ਨਾਲ ਸਬੰਧਿਤ ਕਈ ਸਿਆਸੀ ਆਗੂ ਭਾਰਤ ਨਾਲ ਚੰਗੇ ਸਬੰਧ ਬਣਾਉਣ ਦੇ ਇੱਛੁਕ ਸਨ। ਉਹ ਦੋਵਾਂ ਦੇਸ਼ਾਂ ‘ਚ ਮਿਲਵਰਤਣ ਚਾਹੁੰਦੇ ਸਨ ਪਰ ਉਨ੍ਹਾਂ ‘ਚ ਖੁੱਲ੍ਹ ਕੇ ਸਾਹਮਣੇ ਆਉਣ ਦੀ ਹਿੰਮਤ ਨਹੀਂ ਸੀ। ਜੇ ਕੁਝ ਇਕ ਨੇ ਅਜਿਹੀ ਹਿੰਮਤ ਕੀਤੀ ਵੀ ਤਾਂ ਉਨ੍ਹਾਂ ਨੂੰ ਪਾਕਿਸਤਾਨ ਦੀ ਫ਼ੌਜੀ ਸਥਾਪਤੀ ਨੇ ਇਸ ਲਈ ਹਾਸ਼ੀਏ ‘ਤੇ ਧਕੇਲ ਦਿੱਤਾ, ਕਿਉਂਕਿ ਫ਼ੌਜੀ ਜਨਰਲਾਂ ਦੀਆਂ ਆਪਣੀਆਂ ਹੀ ਗਿਣਤੀਆਂ-ਮਿਣਤੀਆਂ ਹਨ। ਉਹ ਆਪਣੇ ਸਵਾਰਥਾਂ ਲਈ ਕਿਸੇ ਵੀ ਤਰ੍ਹਾਂ ਭਾਰਤ ਨਾਲ ਚੰਗੇ ਸਬੰਧ ਨਹੀਂ ਬਣਨ ਦੇਣਾ ਚਾਹੁੰਦੇ। ਉਨ੍ਹਾਂ ਨੂੰ ਭਾਰਤ ਨਾਲ ਤਣਾਅ ਬਣਾਈ ਰੱਖਣ ਦੀ ਨੀਤੀ ਹੀ ਵਧੇਰੇ ਰਾਸ ਆਉਂਦੀ ਰਹੀ ਹੈ। ਫ਼ੌਜ ਨੇ ਹੀ ਲੰਮੇ ਸਮੇਂ ਤੱਕ ਇਸ ਦੇਸ਼ ‘ਤੇ ਰਾਜ ਕੀਤਾ ਹੈ। ਉਸ ਦੇ ਜਰਨੈਲ ਹੀ ਉਥੇ ਆਪਣੀ ਤਾਨਾਸ਼ਾਹੀ ਚਲਾਉਂਦੇ ਰਹੇ ਹਨ। ਇਨ੍ਹਾਂ ਦੀਆਂ ਨੀਤੀਆਂ ਕਰਕੇ ਭਾਰਤ ਹੀ ਨਹੀਂ, ਉਸ ਦੇ ਗੁਆਂਢੀ ਅਫ਼ਗਾਨਿਸਤਾਨ ਤੇ ਈਰਾਨ ਆਦਿ ਦੇਸ਼ ਵੀ ਬੇਹੱਦ ਪ੍ਰੇਸ਼ਾਨ ਨਜ਼ਰ ਆਉਂਦੇ ਹਨ ਤੇ ਭਾਰਤ ਨਾਲ ਆਪਣੀ ਦੋਸਤੀ ਦੀ ਹਾਮੀ ਵੀ ਭਰਦੇ ਹਨ। ਅੱਜ ਵੀ ਪਾਕਿਸਤਾਨ ਪ੍ਰਤੀ ਉਨ੍ਹਾਂ ਦਾ ਅਜਿਹਾ ਹੀ ਨਜ਼ਰੀਆ ਬਣਿਆ ਹੋਇਆ ਹੈ। ਅੱਜ ਸਿਰਫ਼ ਚੀਨ ਹੀ ਪਾਕਿਸਤਾਨ ਨਾਲ ਖੜ੍ਹਾ ਦਿਖਾਈ ਦਿੰਦਾ ਹੈ। ਦੁਨੀਆ ਦੇ ਹੋਰ ਵੱਡੇ ਦੇਸ਼ ਪਾਕਿਸਤਾਨ ਦੇ ਖਿਲਾਫ਼ ਖੜ੍ਹੇ ਦਿਖਾਈ ਦਿੰਦੇ ਹਨ। ਅਮਰੀਕਾ ਵਰਗਾ ਦੇਸ਼ ਜਿਸ ਨੇ ਕਦੀ ਪਾਕਿਸਤਾਨ ਦੀ ਭਰਪੂਰ ਮਦਦ ਕੀਤੀ ਸੀ, ਉਸ ਨੇ ਵੀ ਆਪਣੇ-ਆਪ ਨੂੰ ਉਸ ਤੋਂ ਵੱਖਰਾ ਕਰ ਲਿਆ ਹੈ। ਉਸ ਨੇ ਪਾਕਿਸਤਾਨ ਨੂੰ ਦਿੱਤੀ ਜਾਂਦੀ ਅਰਬਾਂ-ਖਰਬਾਂ ਦੀ ਮਦਦ ਵੀ ਰੋਕ ਦਿੱਤੀ ਹੈ। ਨਵਾਂ ਪ੍ਰਧਾਨ ਮੰਤਰੀ ਇਮਰਾਨ ਖਾਨ ਆਪਣੇ ਦੇਸ਼ ਦੀ ਤਬਾਹ ਹੋ ਰਹੀ ਆਰਥਿਕਤਾ ਨੂੰ ਲੈ ਕੇ ਬੇਹੱਦ ਪ੍ਰੇਸ਼ਾਨ ਹੈ। ਇਸ ਲਈ ਉਹ ਚੀਨ, ਸਾਊਦੀ ਅਰਬ ਅਤੇ ਹੋਰ ਦੇਸ਼ਾਂ ਤੋਂ ਮਦਦ ਦੀ ਗੁਹਾਰ ਲਾ ਰਿਹਾ ਹੈ। ਪਾਕਿਸਤਾਨ ਦੇ ਵੀ ਬਹੁਤੇ ਲੋਕ ਅੱਜ ਆਪਣੇ-ਆਪ ਨੂੰ ਅੱਤਵਾਦੀਆਂ ਦੇ ਸ਼ਿਕੰਜੇ ‘ਚ ਫਸੇ ਮਹਿਸੂਸ ਕਰਦੇ ਹਨ। ਭਾਰਤ ਨੂੰ ਹੀ ਨਹੀਂ, ਇਨ੍ਹਾਂ ਅੱਤਵਾਦੀ ਸੰਗਠਨਾਂ ਨੇ ਪਾਕਿਸਤਾਨ ਦੇ ਪਿੰਡੇ ਨੂੰ ਵੀ ਲਹੂ-ਲੁਹਾਨ ਕਰੀ ਰੱਖਿਆ ਹੈ। ਪਾਕਿਸਤਾਨ ਦੇ ਅੱਤਵਾਦੀਆਂ ਨੇ ਹੁਣ ਤੱਕ ਭਾਰਤੀ ਕਸ਼ਮੀਰ, ਪੰਜਾਬ ਅਤੇ ਉਥੋਂ ਦੇ ਹੋਰ ਇਲਾਕਿਆਂ ‘ਚ ਵੱਡੇ ਹਮਲੇ ਕੀਤੇ ਹਨ। ਹਮੇਸ਼ਾ ਉਨ੍ਹਾਂ ਨੇ ਭਾਰਤ ਦੀ ਪ੍ਰਭੂਸੱਤਾ ਨੂੰ ਵੰਗਾਰਿਆ ਹੈ। ਇਨ੍ਹਾਂ ‘ਚ ਉੜੀ ਦਾ ਹਮਲਾ ਵੀ ਸ਼ਾਮਿਲ ਹੈ। ਗੁਰਦਾਸਪੁਰ ਤੇ ਪਠਾਨਕੋਟ ਦਾ ਹਮਲਾ ਵੀ ਸ਼ਾਮਿਲ ਹੈ। ਅਨੰਤਨਾਗ ਦਾ ਹਮਲਾ ਵੀ ਸ਼ਾਮਿਲ ਹੈ ਤੇ ਪੁਣਛ ਦਾ ਹਮਲਾ ਵੀ ਸ਼ਾਮਿਲ ਹੈ। ਉੜੀ ‘ਚ ਸਤੰਬਰ 2016 ‘ਚ ਹਮਲਾ ਕਰਕੇ 19 ਜਵਾਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਭਾਰਤ ਨੇ ਸਰਹੱਦ ਪਾਰ ਸਰਜੀਕਲ ਸਟਰਾਈਕ ਕੀਤੀ ਸੀ ਪਰ ਉਸ ਤੋਂ ਪਿੱਛੋਂ ਵੀ ਹਾਲਾਤ ਠੀਕ ਨਹੀਂ ਸਨ ਹੋਏ। ਹੁਣ ਇਕ ਵਾਰ ਫਿਰ ਪਾਕਿਸਤਾਨੀ ਫ਼ੌਜ ਨਾਲ ਪੂਰੀ ਤਰ੍ਹਾਂ ਰਲੇ ਹੋਏ ਮਸੂਦ ਅਜ਼ਹਰ ਦੀ ਅਗਵਾਈ ਵਾਲੇ ਜੈਸ਼-ਏ-ਮੁਹੰਮਦ ਨੇ 40 ਜਵਾਨਾਂ ਨੂੰ ਸ਼ਹੀਦ ਕਰਕੇ ਇਕ ਅਜਿਹੀ ਚੁਣੌਤੀ ਦਿੱਤੀ ਹੈ, ਜਿਸ ਨੂੰ ਸਹਿ ਸਕਣਾ ਭਾਰਤ ਲਈ ਬੇਹੱਦ ਮੁਸ਼ਕਿਲ ਹੈ। ਇਸ ਨਾਲ ਦੇਸ਼ ਭਰ ‘ਚ ਵੱਡਾ ਰੋਸ ਪੈਦਾ ਹੋਇਆ ਹੈ। ਅਜਿਹੀ ਉੱਠੀ ਰੋਸ ਦੀ ਭਾਵਨਾ ਨੂੰ ਸਮਝਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਕਿਸਤਾਨ ਨੂੰ ਸਖ਼ਤ ਚਿਤਾਵਨੀ ਦਿੱਤੀ ਹੈ ਅਤੇ ਹਰ ਪੱਧਰ ‘ਤੇ ਉਸ ਨਾਲ ਸਿੱਝਣ ਦੀ ਗੱਲ ਕਹੀ ਹੈ। ਕੇਂਦਰੀ ਸਰਕਾਰ ਨੇ ਪਾਕਿਸਤਾਨ ਨੂੰ ਵਪਾਰ ਲਈ ਸਭ ਤੋਂ ਤਰਜੀਹੀ ਦੇਸ਼ ਦਾ ਦਿੱਤਾ ਹੋਇਆ ਦਰਜਾ ਵੀ ਵਾਪਸ ਲੈ ਲਿਆ ਹੈ। ਇਸ ਘਟਨਾ ਨਾਲ ਦੋਵਾਂ ਦੇਸ਼ਾਂ ‘ਚ ਬਣਿਆ ਤਣਾਅ ਹੋਰ ਵੀ ਸਿਖ਼ਰ ਦੀ ਹੱਦ ‘ਤੇ ਪੁੱਜ ਗਿਆ ਹੈ, ਜਿਸ ਨਾਲ ਸਥਿਤੀ ਦੇ ਹੋਰ ਵੀ ਗੰਭੀਰ ਹੋਣ ਦੀ ਸੰਭਾਵਨਾ ਬਣ ਗਈ ਹੈ। ਇਸ ਦੇ ਨਾਲ ਹੀ ਇਹ ਵੀ ਦੇਖਿਆ ਜਾਣਾ ਚਾਹੀਦਾ ਹੈ ਕਿ 2500 ਦੇ ਲਗਪਗ ਸੀ.ਆਰ.ਪੀ.ਐਫ. ਦੇ ਜਵਾਨਾਂ ਨੂੰ ਲੈ ਕੇ ਜਾ ਰਹੇ ਵਾਹਨਾਂ ਦੀ ਸੁਰੱਖਿਆ ਲਈ ਕੀਤੇ ਗਏ ਪ੍ਰਬੰਧਾਂ ਵਿਚ ਕੁਤਾਹੀ ਕਿੱਥੇ ਹੋਈ ਹੈ। ਗੰਭੀਰਤਾ ਨਾਲ ਜਾਂਚ ਕਰਕੇ ਇਸ ਸਬੰਧੀ ਵੀ ਜ਼ਿੰਮੇਵਾਰੀ ਤੈਅ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਭਵਿੱਖ ‘ਚ ਅਜਿਹੀਆਂ ਦੁਖਦਾਈ ਘਟਨਾਵਾਂ ਨੂੰ ਰੋਕਿਆ ਜਾ ਸਕੇ ਤੇ ਅੱਤਵਾਦੀਆਂ ਨੂੰ ਢੁਕਵਾਂ ਜਵਾਬ ਵੀ ਦਿੱਤਾ ਜਾ ਸਕੇ।

Leave a Reply

Your email address will not be published. Required fields are marked *