ਅਮਤੁਸ ਸਲਾਮ ਨੇ ਵਸਾਇਆ ਸੀ ਰਾਜਪੁਰਾ ਟਾਊਨ

ਉਹ ਮੇਢੀ ਮਾਂ ਸੀ, ਮੇਢੇ ਪਿਉ ਦੀ ਮਾਂ ਸੀ, ਸਾਰੇ ਬਹਾਵਲਪੁਰੀਆਂ ਦੀ ਮਾਂ ਸੀ : ਵੇਦ ਪ੍ਰਕਾਸ਼

– ਮਨਜੀਤ ਸਿੰਘ ਰਾਜਪੁਰਾ

ਜਿਹੜਾ ਬੰਦਾ ਪਹਿਲੀ ਵਾਰ ਰਾਜਪੁਰਾ ਟਾਊਨ ਵਿਚ ਆਉਂਦਾ ਹੈ ਤਾਂ ਉਹ ਜਦੋਂ ਅਪਣੇ ਕੰਨਾਂ ਵਿਚ ਅਜਿਹੇ ਬੋਲ ਸੁਣਦਾ ਹੈ ਕਿ ਵੱਲ ਸਾਈਂ ਕਿਆ ਹਾਲ ਏ ……….. ਕਿਆ ਕਰੇਂਦੇ ਖੜੇ ਓ ਸਾਈਂ.. ਡਿੱਤੂ ਮੱਲ ਕਿਥੇ ਵੇਂਦਾ ਪਿਆ ਏ.. ਸਾਈਂ ਮੇਕੂ ਪੰਜਾਹ ਰੁਪਏ ਉਧਾਰੇ ਤਾਂ ਦੇ ਵਲਾ, ਤਾਂ ਉਹ ਬਹੁਤ ਹੈਰਾਨ ਹੁੰਦਾ ਹੈ ਕਿ ਇਹ ਬੰਦੇ ਕਿਹੜੀ ਬੋਲੀ ਬੋਲ ਰਹੇ ਹਨ। ਅਸਲ ਵਿਚ ਇਹ ਮਿੱਠੀ ਬੋਲੀ ਬਹਾਵਲਪੁਰੀ ਹੈ ਜਿਹੜੇ ਕਿ ਬਹਾਵਲਪੁਰ ਰਿਆਸਤ ਵਿਚ ਬੋਲੀ ਜਾਂਦੀ ਹੈ, ਜਿੱਥੋਂ ਕਿ ਸੰਤਾਲੀ ਦੇ ਉਜਾੜੇ ਸਮੇਂ ਬਹਾਵਲਪੁਰੀ ਭਰਾ ਆਏ ਸਨ। ਇਹ ਪੰਜਾਬੀ ਦੀ ਹੀ ਇਕ ਇਲਾਕਾਈ ਬੋਲੀ ਹੈ।

ਰਾਜਪੁਰੇ ਦੀ ਸਰਾਏ ਦੇ ਪਿਛਲੇ ਪਾਸੇ 90 ਸਾਲਾ ਵੇਦ ਪ੍ਰਕਾਸ਼ ਰਹਿੰਦਾ, ਜਿਹੜਾ ਕਿ ਉਜਾੜੇ ਸਮੇਂ 20 ਸਾਲ ਦਾ ਸੀ। ਆਉ ਉਸ ਦੀ ਬੈਠਕ ਵਿਚ ਚਲਦੇ ਹਾਂ ਤੇ ਸੁਣਦੇ ਹਾਂ ਕਿ ਬੀਬੀ ਅਮਤੁਸ ਸਲਾਮ ਨੇ ਕਿਵੇਂ ਬਾਹਵਲਪੁਰੀਆਂ ਨੂੰ ਰੋਜ਼ਗਾਰ, ਰੋਟੀ ਤੇ ਘਰ ਦੇ ਕੇ ਜ਼ਿੰਦਗੀ ਜਿਊਣ ਜੋਗੇ ਕੀਤਾ।

ਬਾਬੇ ਦੀ ਉਮਰ ਭਾਵੇਂ 90 ਸਾਲ ਦੀ ਹੋ ਗਈ ਹੈ ਪਰ ਬੋਲ ਅਜੇ ਵੀ ਇਸ ਤਰ੍ਹਾਂ ਖੜਕਦਾ ਜਿਸ ਤਰ੍ਹਾਂ ਖੂਹ ਵਿਚ ਛੱਡੀ ਪਾਣੀ ਦੀ ਖਾਲੀ ਬਾਲਟੀ ਖੜਕਦੀ ਹੁੰਦੀ ਹੈ। ਆਰ ਐਸ ਐਸ ਦਾ ਸਰਗਰਮ ਕਾਰਕੁਨ ਰਿਹਾ ਵੇਦ ਪ੍ਰਕਾਸ਼ ਮੁਹੱਬਤਾਂ ਨੂੰ ਸਭ ਤੋਂ ਵੱਡਾ ਧਰਮ ਮੰਨਦਾ। ਉਹ ਕਹਿੰਦਾ ,” ਮੇਰੀ ਮਾਂ ਮੁਸਲਮਾਨ ਸੀ। ਮੈਂ ਹਿੰਦੂ ਹਾਂ ਤੇ ਮੇਰਾ ਮੁੰਡਾ ਸਿੱਖ ਹੈ।” ਬਾਬੇ ਦੀ ਜ਼ਮੀਨ ਰਾਜਪੁਰੇ ਨੇੜੇ ਪਿੰਡ ਉੜਦਣ ਵਿਚ ਹੈ। ਜਿਹੜੀ ਉਸ ਨੇ ਇਕ ਸਿੱਖ ਨੂੰ ਦਿੱਤੀ ਹੋਈ ਹੈ, ਜਿਸ ਨੂੰ ਉਹ ਆਪਣਾ ਪੁੱਤਰ ਮੰਨਦਾ ਹੈ ਤੇ ਹੁਣ ਬਾਬਾ ਆਪਣੇ ਉਸ ਸਿੱਖ ਪੁੱਤਰ ਦੇ ਘਰ ਵਿਚ ਹੀ ਰਹਿੰਦਾ ਹੈ। ਇਹ ਸਾਰਾ ਕੁੱਝ ਉਸ ਦੇ ਮੂਹੋਂ ਸੁਣ ਕੇ ਬੰਦਾ ਬਹੁਤ ਹੈਰਾਨ ਹੁੰਦਾ ਕਿ ਆਰ ਐਸ ਐਸ ਨੂੰ ਪ੍ਰਣਾਇਆ ਹੋਇਆ ਬਾਬਾ ਇਹ ਕਿਹੋ ਜਿਹੀਆਂ ਆਲੋਕਾਰੀ ਗੱਲਾਂ ਕਰ ਰਿਹਾ।

ਬਾਬਾ ਫੇਰ ਬੀਤੇ ਦੀਆਂ ਵਹੀਆਂ ਖੋਲ੍ਹਦਾ ਹੋਇਆ ਦੱਸਦਾ,” ਕਿਆ ਦਿਨ ਸਨ ਉਹ ਵੀ! ਏਦਾਂ ਲਗਦਾ ਸੀ ਜਿਵੇਂ ਮੁਹੱਬਤਾਂ ਦੇ ਘੋੜੇ ‘ਤੇ ਸਵਾਰ ਹੋਈਏ ਤੇ ਚਾਵਾਂ ਦੀ ਹਵਾ ਵਗ ਰਹੀ ਹੋਵੇ। ”
ਬਾਬਾ ਬੀਤੇ ਵਿਚ ਗੋਤੇ ਲਾਉਣ ਤੋਂ ਬਾਅਦ ਫੇਰ ਤੰਦ ਜੋੜਦਾ ,” ਬਹਾਵਲਪੁਰ ਚ ਖੈਰਪੁਰ ਟਾਮੇਵਾਲੀ ਸ਼ਹਿਰ ਸੀ ਜਿਸ ਵਿਚ ਛੇ ਹਜ਼ਾਰ ਦੀ ਅਬਾਦੀ ਵਿਚ ਹਿੰਦੂ, ਮੁਸਲਮਾਨ ਰਲ ਕੇ ਰਹਿੰਦੇ ਸਨ। ਮੁਸਲਮਾਨਾਂ ਦੀ ਅਬਾਦੀ ਜ਼ਿਆਦਾ ਸੀ। ਰਿਆਸਤ ਵਿਚ ਹਿੰਦੂ 18 ਫੀਸਦੀ ਸਨ।”

Amtus Salaam
ਅਮਤੁਸ ਸਲਾਮ

ਬਾਬੇ ਫੇਰ ਮੇਰੀਆਂ ਅੱਖਾਂ ਵਿਚ ਅੱਖਾਂ ਪਾ ਕੇ ਕਹਿਣ ਲੱਗਾ ,” ਤੁਸੀਂ ਤਾਂ ਇਹੀ ਸੁਣਦੇ ਰਹੇ ਹੋ ਕਿ ਮੁਸਲਮਾਨਾਂ ਤੇ ਹਿੰਦੂਆਂ, ਸਿੱਖਾਂ ਨੇ ਇਕ ਦੂਜੇ ਦਾ ਰੱਜ ਕੇ ਕਤਲੇਆਮ ਕੀਤਾ। ਪਰ ਉਥੇ ਮਨੁੱਖਤਾ ਦੇ ਕਿਹੋ ਫਰਿਸ਼ਤੇ ਵਸਦੇ ਸਨ, ਜੇ ਮੈਂ ਤੁਹਾਨੂੰ ਦੱਸਾਂਗਾ ਤਾਂ ਤੁਹਾਨੂੰ ਯਕੀਨ ਹੀ ਨਹੀਂ ਆਣਾ।”

 

ਬਾਬਾ ਫੇਰ ਬੀਤੇ ਦੀ ਘੋੜੀ ਦੀਆਂ ਵਾਗਾਂ ਫੜ ਲੈਂਦਾ ,” ਤਕਸੀਮ ਦੇ ਸਮੇਂ ਇਕ ਮੁਸਲਮਾਨ ਨੂਰ ਮੁਹੰਮਦ ਸਿੰਧੜ ਸੀ ਉਹ ਮੇਰੇ ਪਿਤਾ ਦਾ ਦੁਸ਼ਮਣ ਸੀ ਪਰ ਸਾਡੇ ਵੱਡੇ ਭਰਾ ਦਾ ਰਿਸ਼ਤਾ ਹੋਇਆ ਉਸ ਦੇ ਦੋਸਤ ਦੇ ਘਰ। ਉਹ ਆਪਸ ਵਿਚ ਪੱਗ ਵੱਟ ਭਰਾ ਸਨ। ਉਹ ਸਾਡੇ ਘਰ ਆਇਆ ਤੇ ਕਹਿਣ ਲੱਗਾ, ਅਸੀਂ ਤੁਹਾਡੇ ਨਾਲ ਦੁਸ਼ਮਣੀ ਨਹੀਂ ਕਰ ਸਕਦੇ। ਉਹ ਅਪਣੀ ਬੋਲੀ ਵਿਚ ਕਹਿਣ ਲੱਗਾ, ਜਿੱਥੇ ਵਿਹਾਏ ਵਾਲ ਉਥੇ ਕੀਂਹਦੀ ਮਜਾਲ। ਮਤਲਬ ਜਿੱਥੇ ਰਿਸ਼ਤੇਦਾਰੀ ਹੋ ਗਈ, ਉਥੇ ਉਸ ਬਾਰੇ ਮਾੜਾ ਸੋਚਣ ਦਾ ਮਤਲਬ ਹੀ ਨਹੀਂ। ਜਦੋਂ ਸੰਤਾਲੀ ਦੀ ਵੱਢ ਟੁੱਕ ਸ਼ੁਰੂ ਹੋ ਗਈ ਤਾਂ ਅਸੀਂ ਮੁਸਲਮਾਨਾਂ ਨਾਲ ਲੜਨ ਲਈ ਅੱਠ ਮੋਰਚੇ ਬਣਾਏ ਹੋਏ ਸਨ। ਉਹ ਆ ਕੇ ਕਹਿਣ ਲੱਗਾ, ਇਕ ਮੋਰਚੇ ਵਿਚ ਮੈਂ ਬੈਠਾਂਗਾ। ਇਹ ਮੇਰੀ ਧੀ ਦਾ ਘਰ ਹੈ। ਕੋਈ ਮੁਸਲਮਾਨ ਮੇਰੀ ਲਾਸ਼ ਤੋਂ ਲੰਘ ਕੇ ਹੀ ਏਧਰ ਆਏਗਾ। ‘

ਬਾਬਾ ਵੇਦ ਪ੍ਰਕਾਸ਼ ਜਿਵੇਂ ਨੂਰ ਮੁਹੰਮਦ ਦੀਆਂ ਯਾਦਾਂ ਨਾਲ ਗਲਵੱਕੜੀ ਪਾਈ ਬੈਠਾ ਹੋਵੇ। ਉਹ ਫੇਰ ਕਹਾਣੀ ਦਾ ਸਿਰਾ ਫੜਦਾ ਹੈ ,” ਉਸ ਸਮੇਂ ਮੇਰੇ ਭਰਾ ਦਾ ਵਿਆਹ ਨਹੀਂ ਹੋਇਆ ਸੀ। ਸਾਨੂੰ ਇੱਧਰ ਆਣਾ ਪੈ ਗਿਆ। ਨੂਰ ਮੁਹੰਮਦ ਕਹਿਣ ਲੱਗਾ ਕਿ ਉਹ ਅਪਣੀ ਧੀ ਦੇ ਦਾਜ ਦਾ ਸਮਾਨ ਉਹ ਆਪ ਪਹੁੰਚਾਵੇਗਾ। ਅਸੀਂ ਫੇਰ ਸਭ ਕੁੱਝ ਛੱਡ ਕੇ ਅਬੋਹਰ ਪੁੱਜੇ। ਅਬੋਹਰ ਚ ਮੇਰੇ ਭਰਾ ਦਾ ਵਿਆਹ ਹੋਇਆ ਤੇ ਉਹ ਊਠਾਂ ‘ਤੇ ਲੱਦ ਕੇ ਸਾਡੀ ਭਾਬੀ ਦੇ ਦਾਜ ਦਾ ਸਾਰਾ ਸਮਾਨ ਛੱਡ ਕੇ ਗਿਆ।” ਬਾਬਾ ਕਹਿੰਦਾ ,” ਅੱਜ ਇਸ ਧਰਤੀ ਨੂੰ ਨੂਰ ਮੁਹੰਮਦ ਵਰਗੇ ‘ਦੁਸ਼ਮਣਾਂ’ ਦੀ ਬਹੁਤ ਲੋੜ ਹੈ। ਜਿਹੜੇ ਅਪਣੇ ਰਿਸ਼ਤੇਦਾਰ ਲਈ, ਕਿਸੇ ਵੀ ਜਰਵਾਣੇ ਭਾਵੇਂ ਉਹ ਉਨ੍ਹਾਂ ਦੇ ਹੀ ਫਿਰਕੇ ਦਾ ਹੋਵੇ, ਟੱਕਰ ਲੈਣ ਲਈ ਤਿਆਰ ਹੋਣ। ਨੂਰ ਮੁਹੰਮਦਾ ਅਸ਼ਕੇ ਬਈ ਤੇਰੀ ‘ਦੁਸ਼ਮਣੀ ‘ ਦੇ ! ”

ਬਾਬੇ ਦਾ ਜੀਅ ਕਰਦਾ ਕਿ ਨੂਰ ਮੁਹੰਮਦ ਉਸ ਦੀਆਂ ਅੱਖਾਂ ਤੋਂ ਓਹਲੇ ਨਾ ਹੋਵੇ ਪਰ ਸਮਾਂ ਲਿਹਾਜ ਨੀ ਕਰਦਾ, ਬਾਬਾ ਫੇਰ ਅੱਗੇ ਤੁਰਦਾ ,” ਫੇਰ ਅਸੀਂ ਮਥਰਾ ਚਲੇ ਗਏ। ਸਾਡੇ ਰਿਸ਼ਤੇਦਾਰ ਅਮੀਰ ਆਦਮੀ ਸਨ। ਉਹ ਬਹਾਵਲਪੁਰ ਸਟੇਟ ਦੇ ਰੈਵੀਨਿਊ ਕਮਿਸ਼ਨਰ ਸਨ। ਉਥੇ ਦਿਲ ਨੀ ਲੱÎਗਿਆ। ਉਸ ਸਮੇਂ ਬਾਹਵਲੁਪਰੀਆਂ ਦਾ ਕੈਂਪ ਕੁਰਕਸ਼ੇਤਰ ਵਿਚ ਲਾਇਆ ਗਿਆ । ਮਹਾਸ਼ਾ ਸ਼ਾਂਤੀ ਪ੍ਰਕਾਸ ਉਥੇ ਦੇ ਲੀਡਰ ਸਨ। ਜਦੋਂ ਉੱਥੇ ਕਿਹਾ ਗਿਆ ਕਿ ਪਟਿਆਲੇ ਜਾਉ ਤੁਹਾਨੂੰ ਉਥੇ ਜ਼ਮੀਨ ਦਿੱਤੀ ਜਾਵੇਗਾ ਤਾਂ ਸ਼ਾਂਤੀ ਪ੍ਰਕਾਸ਼ ਨੇ ਕਿਹਾ ਕਿ ਅਸੀਂ ਪਟਿਆਲੇ ਨਹੀਂ ਜਾਵਾਂਗੇ। ਨਹਿਰੂ ਬਹੁਤ ਨਰਾਜ਼ ਹੋਇਆ ਕਿ ਇਨ•ਾਂ ਦਾ ਰਾਸ਼ਣ ਬੰਦ ਕਰ ਦਿਉ। ਅਸੀਂ ਸੋਚਦੇ ਸੀ ਕਿ ਅਸੀਂ ਸਿੱਖਾਂ ਨਾਲ ਨਹੀਂ ਰਹਿ ਸਕਾਂਗੇ। ਪਰ ਸ਼ਾਂਤੀ ਪ੍ਰਕਾਸ਼ ਅੱਗੇ ਨਹਿਰੂ ਨੂੰ ਹਾਰ ਮੰਨਣੀ ਪਈ। ਜਦੋਂ ਨਹਿਰੂ ਨੇ ਵੇਖਿਆ ਕਿ ਗੱਲ ਨੀ ਬਣਦੀ ਤਾਂ ਉਸ ਨੇ ਕਿਹਾ ਕਿ ਮੈਂ ਅਪਣੀ ਭੈਣ ਅਮਤੁਸ ਸਲਾਮ (ਇਸਲਾਮ ਦੀ ਧੀ) ਨੂੰ ਭੇਜਦਾ ਹਾਂ। ਉਹ ਤੁਹਾਡੀ ਰਾਖੀ ਕਰੇਗੀ।

ਉਹ ਪਟਿਆਲਾ ਰਿਆਸਤ ਦੇ ਦੀਵਾਨ ਧੀ ਸੀ। ਉਹ ਸੰਤਾਲੀ ਵਿਚ ਮਹਾਤਮਾ ਗਾਂਧੀ ਦੇ ਸੇਵਾ ਗਰਾਮ ਆਸ਼ਰਮ ਵਿਚ ਰਹਿੰਦੀ ਸੀ। ਨਹਿਰੂ ਨੇ ਕਿਹਾ ਕਿ ਇਹ ਸਾਡੀ ਜ਼ਾਮਨ ਹੈ। ਬਹਾਵਲਪੁਰੀਆਂ ਦੀ ਰਾਖੀ ਉਹ ਕਰੇਗੀ। ਫੇਰ ਬਾਹਵਲਪੁਰੀ ਇਸ ਭਰੋਸੇ ‘ਤੇ ਰਾਜਪੁਰੇ ਪੁੱਜੇ ਤੇ ਪਹਿਲਾਂ ਉਨ੍ਹਾਂ ਦਾ ਕੈਂਪ ਸ਼ਾਮਦੂ ਵਿਖੇ ਲਾਇਆ ਗਿਆ। ਉਨ੍ਹਾਂ ਨੂੰ ਬਣਵਾੜੀ, ਧਮੌਲੀ, ਨੀਲਪੁਰ ਪਿੰਡਾਂ ਦੀ ਜ਼ਮੀਨ ਅਲਾਟ ਕੀਤੀ ਗਈ। ਉਸ ਸਮੇਂ ਮਹਾਰਾਜਾ ਪਟਿਆਲਾ ਨੇ ਵੀ ਬਹਾਵਲਪੁਰੀਆਂ ਲਈ ਸਦ ਵਰਤ ਲੰਗਰ ਚਲਾਈ ਰੱਖਿਆ। ਅਮਤੁਸ ਸਲਾਮ ਨੇ ਹੀ ਕਸਤੂਰਬਾ ਸੇਵਾ ਆਸ਼ਰਮ ਬਣਵਾਇਆ ਸੀ। ਉਸ ਸਮੇਂ ਪ੍ਰਤਾਪ ਸਿੰਘ ਕੈਰੋਂ ਮੁੱਖ ਮੰਤਰੀ ਸੀ। ਇੱਥੇ ਜਵਾਹਰ ਲਾਲ ਨਹਿਰੂ ਤੇ ਵਿਨੋਬਾ ਭਾਵੇ ਵੀ ਆਏ ਸਨ।
ਨੇਈ ਤਾਲੀਮ ਸੈਂਟਰ, ਜਿਸ ਨੂੰ ਅੱਜ ਕੱਲ ਐਨ ਟੀ ਸੀ ਸਕੂਲ ਕਿਹਾ ਜਾਂਦਾ, ਜਿਸ ਦਾ ਨੀਂਹ ਪੱਥਰ 1951 ਵਿਚ ਰਾਸ਼ਟਰਪਤੀ ਡਾ. ਰਜਿੰਦਰ ਪ੍ਰਸ਼ਾਦ ਨੇ ਰੱਖਿਆ ਸੀ ਜੋ ਕਿ ਗਾਂਧੀ ਦੇ ਅਸੂਲਾਂ ਅਨੁਸਾਰ ਬਣਾਇਆ ਗਿਆ ਸੀ। ਇਸ ਵਿਚ ਲੱਕੜ, ਲੋਹੇ ਤੇ ਹੋਰ ਬਹੁਤ ਸਾਰੇ ਕੰਮਾਂ ਦੀ ਸਿਖਲਾਈ ਦਿੱਤੀ ਜਾਂਦੀ ਸੀ। ”

ਮੈਂ ਪੁੱਛਿਆ ,” ਅਮਤੁਸ ਸਲਾਮ ਨੇ ਮੇਰੇ ਖਿਆਲ ਵਿਚ ਮੁਸਲਮਾਨ ਹੁੰਦੇ ਹੋਏ ਵੀ ਤੁਹਾਡੇ ਲਈ ਬਹੁਤ ਕੁੱਝ ਕੀਤਾ?”
ਅੱਗੋਂ ਬਾਬਾ ਜਿਵੇਂ ਹੈਰਾਨ ਹੋ ਗਿਆ ਹੋਵੇ ,”ਬਹੁਤ ਕੁੱਝ ਕੀ ਮਤਲਬ ! ਉਹ ਤਾਂ ਸਾਡੀ ਮਾਂ ਸੀ। ਉਹ ਮੇਰੀ ਮਾਂ ਸੀ ਤੇ ਮੇਰੇ ਪਿਉ ਦੀ ਵੀ ਮਾਂ ਸੀ। ਅਸੀਂ ਬਹਾਵਲਪੁਰੀ ਅੱਜ ਜਿਹੜੇ ਰੰਗ ਮਾਣ ਰਹੇ ਹਾਂ, ਉਹ ਸਾਡੀ ਮਾਂ ਦੀਆਂ ਦਿੱਤੀਆਂ ਅਸੀਸਾਂ ਹੀ ਨੇ। ਜੇ ਸਾਡੀ ਮਾਂ ਅਮਤੁਸ ਸਲਾਮ ਨਾ ਹੁੰਦੀ ਤਾਂ ਪਤਾ ਨੀ ਸਾਡਾ ਕੀ ਹਾਲ ਹੁੰਦਾ।” ਬੀਬੀ ਅਮਤੁਸ ਸਲਾਮ ਦੀਆਂ ਗੱਲਾਂ ਕਰਦਾ ਹੋਇਆ ਬਾਬਾ ਭਾਵੁਕ ਹੋ ਜਾਂਦਾ ਤੇ ਹੰਝੂ ਆਪ ਮੁਹਾਰੇ ਉਸ ਦੀਆਂ ਅੱਖਾਂ ‘ਚੋਂ ਵਹਿ ਤੁਰਦੇ ਨੇ। ਜਿਵੇਂ ਇਸਲਾਮ ਦੀ ਧੀ ਨੂੰ ਉਸ ਦਾ ਇਕ ਹਿੰਦੂ ਪੁੱਤ, ਉਸ ਦੇ ਇਸ ਦੁਨੀਆਂ ਤੋਂ ਜਾਣ ਤੋਂ ਕਈ ਦਹਾਕਿਆਂ ਬਾਅਦ ਵੀ, ਅਪਣੀਆਂ ਯਾਦਾਂ ਵਿਚ ਗਲ ਨਾਲ ਲਾਈ ਬੈਠਾ ਹੋਵੇ।

ਬਾਬਾ ਫੇਰ ਅਮਤੁਸ ਸਲਾਮ ਬਾਬੇ ਗੱਲ ਕਰਦਾ ਹੋਇਆ ਰੰਜ ਕਰਦਾ ,” ਮਾਵਾਂ ਤਾਂ ਦੋ ਚਾਰ ਬੱਚੇ ਪਾਲਦੀਆਂ ਹਨ। ਪਰ ਅਮਤੁਸ ਸਲਾਮ ਨੇ ਸਾਡੇ ਵਰਗੇ ਹਜ਼ਾਰਾਂ ਬੱਚੇ ਪਾਲੇ। ਸਾਨੂੰ ਘਰ ਦਿੱਤੇ, ਇੱਜ਼ਤ ਦਿੱਤੀ। ਜੇ ਕਦੇ ਸਾਨੂੰ ਤਕਲੀਫ ਹੋਈ ਤਾਂ ਉਹ ਦੌੜਦੀ ਹੋਈ ਨਹਿਰੂ ਕੋਲ ਜਾਂਦੀ ਤੇ ਤੁਰਤ ਸਾਡੇ ਮਸਲੇ ਦਾ ਹੱਲ ਹੋ ਜਾਂਦਾ। ਪਰ ਅਸੀਂ ਉਸ ਨੂੰ ਕੀ ਦਿੱਤਾ। ਉਸ ਦੀ ਕੋਈ ਯਾਦਗਾਰ ਤਾਂ ਕੀ ਬਣਾਉਣੀ ਸੀ, ਉਸ ਨੂੰ ਕਦੇ ਯਾਦ ਵੀ ਨੀ ਕੀਤਾ। ਕਈਆਂ ਨੂੰ ਸ਼ਾਇਦ ਲਗਦਾ ਹੋਵੇਗਾ ਕਿ ਉਹ ਮੁਸਲਮਾਨ ਸੀ। ਪਰ ਮਾਂ ਦਾ ਵੀ ਕੋਈ ਧਰਮ ਹੁੰਦਾ, ਮਾਂ ਤਾਂ ਮਾਂ ਹੁੰਦੀ ਹੈ। ਉਹ ਤਾਂ ਰੱਬ ਦੀ ਧੀ ਸੀ ਜਿਹੜੀ, ਇਸ ਦੁਨੀਆਂ ਵਿਚ ਆਈ ਹੀ ਸਾਨੂੰ ਅਪਣੀਆਂ ਮੇਹਰਾਂ ਨਾਲ ਨਿਵਾਜਣ ਲਈ ਸੀ। ਉਸ ਵਰਗੀਆਂ ਮਾਵਾਂ ਕਰਕੇ ਹੀ ਸ਼ਾਇਦ ਰੱਬ ਪਰਲੋ ਦੇ ਦਿਨ ਨੂੰ ਪਿੱਛੇ ਪਾਈ ਜਾਂਦਾ।” ਇਹ ਬੋਲ ਬੋਲਦਿਆਂ ਬਾਬਾ ਉਸ ਪੁੱਤ ਵਾਂਗ ਲੱਗ ਰਿਹਾ ਸੀ ਜਿਹੜਾ ਚਾਹੁੰਦਾ ਹੋਇਆ ਵੀ ਅਪਣੀ ਮਾਂ ਲਈ ਕੁੱਝ ਨਾ ਕਰ ਸਕਿਆ ਹੋਵੇ।

ਮਨੁੱਖਤਾ ਦੀ ਸ਼ਹਿਜ਼ਾਦੀ ਸੀ ਅਮਤੁਸ ਸਲਾਮ : ਅਗਰਵਾਲ

ਪੁਰਾਣੇ ਰਾਜਪੁਰੇ ਦੇ ਬੈਣੀ ਪ੍ਰਸ਼ਾਦ ਕਾਲਜ ਦੇ ਡਾਇਰੈਕਟਰ ਅਗਰਵਾਲ ਕੋਲ ਵੀ ਬੀਬੀ ਅਮਤੁਸ ਸਲਾਮ ਦੀਆਂ ਯਾਦਾਂ ਦੀ ਪੋਟਲੀ ਸਾਂਭੀ ਪਈ ਹੈ। ਬੀਬੀ ਦਾ ਜ਼ਿਕਰ ਆਉਂਦਿਆਂ ਹੀ ਉਨ੍ਹਾਂ ਦੇ ਚਿਹਰੇ ‘ਤੇ ਇਕ ਲਿਸ਼ਕੋਰ ਆ ਜਾਂਦੀ ਹੈ। ਉਹ ਦੱਸਦੇ ਨੇ ,” ਬੀਬੀ ਵਰਗਾ ਹੋਣਾ ਹਾਰੀ ਸਾਰੀ ਦੇ ਵਸ ਦਾ ਰੋਗ ਨਹੀਂ। ਕਦੇ ਕਦੇ ਮੈਨੂੰ ਲਗਦਾ ਕਿ ਬੀਬੀ ਕਿਸੇ ਹੋਰ ਧਰਤੀ ਦੀ ਰਹਿਣ ਵਾਲੀ ਸੀ। ਜਿਸ ਨੇ ਇਸ ਧਰਤੀ ‘ਤੇ ਆ ਕੇ ਮਨੁੱਖਤਾ ਦੇ ਬੂਟੇ ਨੂੰ ਅਪਣੀਆਂ ਸੱਧਰਾਂ ਨਾਲ ਪਾਲਿਆ। ਬੀਬੀ ਅਮਤੁਸ ਸਲਾਮ ਪਿੰਡ ਨਾਈਵਾਲਾ ਦੀ ਰਹਿਣ ਵਾਲੀ ਸੀ ਤੇ ਉਸ ਦਾ ਪਿਤਾ ਪਟਿਆਲਾ ਰਿਆਸਤ ਦਾ ਦੀਵਾਨ ਸੀ। ਸਾਰਾ ਪਰਿਵਾਰ ਇਨਕਲਾਬੀ ਵਿਚਾਰਾਂ ਦਾ ਸੀ।

Kasturba Sewa Mandir Rajpura
      ਅਮਤੁਸ ਸਲਾਮ ਦੀ ਕਰਮ ਧਰਤੀ ਕਸਤੂਰਬਾ ਸੇਵਾ ਮੰਦਿਰ

ਬੀਬੀ ਨੇ ਬਹਾਵਲਪੁਰੀਆਂ ਨੂੰ ਪੈਰਾਂ ‘ਤੇ ਖੜੇ ਕਰਨ ਲਈ ਦਿਨ ਰਾਤ ਇਕ ਕਰ ਦਿੱਤਾ। ਸੰਤਾਲੀ ਤੋਂ ਬਾਅਦ ਵੀ ਬਹੁਤ ਸਾਰੇ ਬਹਾਵਲਪੁਰੀ ਹਾਲੇ ਬਹਾਵਲਪੁਰ ਰਿਆਸਤ ਵਿਚ ਹੀ ਰਹਿ ਗਏ ਸਨ। ਜਦੋਂ 1ਉਨ੍ਹਾਂ ਦਾ ਉਥੇ ਰਹਿਣਾ ਮੁਸ਼ਕਲ ਹੋ ਗਿਆ ਤਾਂ ਬੀਬੀ ਤੇ ਸ਼ੁਸ਼ੀਲ ਕੁਮਾਰ (ਜਿਸ ਨੂੰ ਬੀਬੀ ਨੇ ਅਪਣਾ ਪੁੱਤਰ ਬਣਾਇਆ ਹੋਇਆ ਸੀ) ਬਹਾਵਲਪੁਰ ਗਏ ਤੇ ਬਹਾਵਲਪੁਰੀਆਂ ਨੂੰ ਉਥੋਂ ਸੁਰੱਖਿਅਤ ਕੱਢ ਕੇ ਰਾਜਪੁਰੇ ਲੈ ਕੇ ਆਏ। ਬੀਬੀ ਦਾ ਦਿਲ ਕਿੰਨਾ ਵੱਡਾ ਸੀ, ਇਸ ਦਾ ਅੰਦਾਜ਼ਾ ਤੁਸੀਂ ਇਸ ਤੋਂ ਹੀ ਲਾ ਸਕਦੇ ਹੋ ਕਿ ਬੀਬੀ ਦੇ ਪਿਤਾ ਪਟਿਆਲਾ ਸਟੇਟ ਦੇ ਦੀਵਾਨ ਹੋਣ ਕਾਰਨ, ਉਨ੍ਹਾਂ ਕੋਲ ਬਹੁਤ ਸਾਰੀ ਜ਼ਮੀਨ ਸੀ ਜਿਸ ‘ਤੇ ਮੁਜਾਰੇ ਖੇਤੀ ਕਰਦੇ ਸਨ। ਜਦੋਂ ਉਨ੍ਹਾਂ ਦਾ ਚਲਾਣਾ ਹੋ ਗਿਆ ਤਾਂ ਬੀਬੀ ਨੇ ਉਹ ਸਾਰੀ ਜ਼ਮੀਨ, ਉਥੇ ਖੇਤੀ ਕਰਨ ਵਾਲੇ ਮੁਜਾਰਿਆਂ ਦੇ ਨਾਂ ‘ਤੇ ਹੀ ਰਜਿਸਟਰੀ ਕਰਵਾ ਦਿੱਤੀ।

ਪਿੰਡ ਨਾਈਵਾਲਾ ‘ਚ ਇਕ ਖੂਹ ਸੀ ਜਿਸ ਤੋਂ ਦਲਿਤਾਂ ਨੂੰ ਪਾਣੀ ਭਰਨ ਦੀ ਇਜਾਜ਼ਤ ਨਹੀਂ ਸੀ। ਬੀਬੀ ਨੇ ਦਲਿਤਾਂ ਨੂੰ ਕਿਹਾ ਕਿ ਉਹ ਸਾਰੇ ਉਨ੍ਹਾਂ ਦੇ ਖੂਹ ਤੋਂ ਪਾਣੀ ਭਰਨ।
ਕਸਤੂਰਬਾ ਸੇਵਾ ਆਸ਼ਰਮ ਬੀਬੀ ਜੀ ਦੇ ਸੁਪਨਿਆਂ ਦਾ ਘਰ ਸੀ। ਜਿੱਥੇ ਹਰ ਤਰ੍ਹਾਂ ਦਾ ਹੱਥ ਦਾ ਕੰਮ ਕਰਨ ਦੀ ਟਰੇਨਿੰਗ ਦਿੱਤੀ ਜਾਂਦੀ ਸੀ। ਇੱਥੇ ਹੀ ਬੀ ਡੀ ਓ ਤਿਆਰ ਕੀਤੇ ਜਾਂਦੇ ਸਨ। 1959 ਵਿਚ ਹੀ ਇੱਥੇ ਕਸਤੂਰਬਾ ਇੰਸਟੀਚਿਊਟ ਆਫ ਹਾਈਰ ਐਜ਼ੂਕੇਸ਼ਨ ਕਾਇਮ ਕੀਤਾ ਗਿਆ।

ਸ੍ਰੀ ਅਗਰਵਾਲ ਦੱਸਦੇ ਨੇ ,” ਅੱਜ ਜਿਹੜੇ ਤੁਸੀਂ ਰਾਜਪੁਰੇ ‘ਚ ਬਣੇ ਹੋਏ ਐਨ ਟੀ ਸੀ ਸਕੂਲ ਵੇਖਦੇ ਹੋ। ਇਨ•ਾਂ ਵਿਚ ਕਿਸੇ ਸਮੇਂ ਅੱਜ ਵਾਂਗ ਨਹੀਂ ਪੜ•ਾਇਆ ਜਾਂਦਾ ਸੀ। ਸੱਗੋਂ ਹਰ ਚੀਜ਼ ਕੰਮ ਨਾਲ ਜੋੜ ਕੇ ਸਮਝਾਈ ਜਾਂਦੀ ਸੀ। ਜਿਵੇਂ ਹੱਥ ਨਾਲ ਬਣਾ ਕੇ ਕੋਈ ਚੀਜ਼ ਕਹਿਣਾ ਕਿ ਇਕ ਬਣ ਗਈ ਤੇ ਫੇਰ ਉਸ ਤਰ੍ਹਾਂ ਦੀ ਹੋਰ ਬਣਾkj ਕੇ ਬੱਚਿਆਂ ਨੂੰ ਦੱਸਣਾ ਕਿ ਦੋ ਬਣ ਗਏ। ਇਸ ਤਰ੍ਹਾਂ ਬੱਚੇ ਨਾਲੇ ਕੰਮ ਸਿੱਖਦੇ ਸਨ ਤੇ ਨਾਲੇ ਗਿਣਤੀ।

ਬੀਬੀ ਕਿੰਨੇ ਵੱਡੇ ਜ਼ੇਰੇ ਦੀ ਮਾਲਕ ਸੀ ਇਸ ਦਾ ਅੰਦਾਜ਼ਾ ਇਸ ਗੱਲ ਤੋਂ ਹੀ ਲਾਇਆ ਜਾ ਸਕਦਾ ਕਿ ਉਸ ਨੇ ਇਕ ਵਾਰੀ ਉਸ ਸਮੇਂ ਦੇ ਪੰਜਾਬ ਦੇ ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ ਨੂੰ ਕਸਤੂਰਬਾ ਵਿਚ ਦਾਖਲ ਹੋਣ ਤੋਂ ਰੋਕ ਦਿੱਤਾ ਸੀ। ਉਸ ਸਮੇਂ ਕਸਤੂਰਬਾ ਕਾਲਜ ਦੀ ਕਨਵੋਕੇਸ਼ਨ ਸੀ। ਗਿਆਨੀ ਜੈਲ ਸਿੰਘ ਨੇ ਕੋਈ ਗੱਲ ਕਹੀ ਸੀ ਜਿਸ ਤੋਂ ਬੀਬੀ ਬਹੁਤ ਖਫਾ ਸੀ। ਗਿਆਨੀ ਜ਼ੈਲ ਸਿੰਘ ਨੂੰ ਹਾਲਾਂਕਿ ਕੋਈ ਸੱਦਾ ਨਹੀਂ ਦਿੱਤਾ ਗਿਆ ਸੀ ਪਰ ਬੀਬੀ ਦਾ ਨਾਂ ਬਹੁਤ ਵੱਡਾ ਸੀ, ਇਸ ਕਰਕੇ ਉਸ ਨੇ ਕਿਹਾ ਕਿ ਉਹ ਵੀ ਕਾਨਵੋਕੇਸ਼ਨ ‘ਤੇ ਜਾਣਗੇ। ਜਦੋਂ ਕਸਤੂਰਬਾ ਵਿਚ ਸਭ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਸਾਰੇ ਮੁੱਖ ਮੰਤਰੀ ਨੂੰ ਜੀ ਆਇਆਂ ਨੂੰ ਕਹਿਣ ਦੀ ਤਿਆਰੀ ਕਰਨ ਲੱਗੇ।

ਜਦੋਂਂ ਗਿਆਨੀ ਜ਼ੈਲ ਸਿੰਘ ਕਸਤੂਰਬਾ ਕਾਲਜ ਦੇ ਗੇਟ ‘ਤੇ ਪੁੱਜਿਆ ਤਾਂ ਅੱਗੇ ਬੀਬੀ ਖੜੀ ਸੀ। ਬੀਬੀ ਨੇ ਉਸ ਸਮੇਂ ਗਿਆਨੀ ਜ਼ੈਲ ਸਿੰਘ ਨੂੰ ਕਿਹਾ ਕਿ ਤੂੰ ਸਾਡੇ ਕਾਲਜ ਦੇ ਅੰਦਰ ਨਹੀਂ ਆ ਸਕਦਾ ਤੇ ਮੁੱਖ ਮੰਤਰੀ ਪੰਜਾਬ ਦੀ ਹਿੰਮਤ ਨਹੀਂ ਹੋਈ ਕਿ ਉਹ ਬੀਬੀ ਦੇ ਹੁਕਮ ਦੀ ਅਵੱਗਿਆ ਕਰ ਸਕਦਾ। ਉਹ ਕਾਲਜ ਦੇ ਗੇਟ ਤੋਂ ਹੀ ਵਾਪਸ ਮੁੜ ਗਿਆ। ਅੱਜ ਕੋਈ ਕਲਪਨਾ ਕਰ ਸਕਦਾ ਕਿ ਸਮੇਂ ਦੇ ਮੁੱਖ ਮੰਤਰੀ ਨੂੰ ਕੋਈ ਬੀਬੀ ਇਸ ਤਰ੍ਹਾਂ ਕਿਸੇ ਸੰਸਥਾ ਦੇ ਗੇਟ ਤੋਂ ਵਾਪਸ ਮੋੜ ਸਕਦੀ ਹੈ।

ਆਮ ਲੋਕਾਂ ਨਾਲ ਬੀਬੀ ਦਾ ਕਿੰਨਾ ਮੋਹ ਸੀ ਇਸ ਗੱਲ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਕਿ ਬਾਊ ਲਾਲ ਇਕ ਵਰਕਰ ਹੁੰਦਾ ਸੀ ਤਰਖਾਣੀ ਦਾ ਕੰਮ ਕਰਦਾ ਸੀ। ਉਹ ਬਿਮਾਰ ਹੋ ਗਿਆ। ਉਸ ਨੂੰ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਉਨ੍ਹਾਂ ਦਿਨਾਂ ਵਿਚ ਬੀਬੀ ਕਿਤੇ ਨਜ਼ਰ ਨਾ ਆਈ। ਸਾਰੇ ਬਹੁਤ ਹੈਰਾਨ ਕਿ ਬੀਬੀ ਕਿੱਥੇ ਗਈ। ਫੇਰ ਕਿਸੇ ਨੇ ਆ ਕੇ ਦੱਸਿਆ ਕਿ ਉਹ ਤਾਂ ਬਾਊ ਲਾਲ ਕੋਲ ਬੈਠੇ ਕੇ ਉਸ ਦੀ ਸੇਵਾ ਕਰ ਰਹੇ ਹਨ।

Rajpura Qila
ਰਾਜਪੁਰਾ ਦੀ ਸਰਾਏ

 

ਕਸਤੂਰਬਾ ਸੇਵਾ ਮੰਦਰ ਵਿਚ ਜਦੋਂ ਮਕਾਨਾਂ ਦੀ ਉਸਾਰੀ ਹੋਣ ਲੱਗ ਪਈ ਤਾਂ ਸਾਰੇ ਜਣੇ ਰਾਤ ਨੂੰ ਮਕਾਨਾਂ ਦੀ ਉਸਾਰੀ ‘ਤੇ ਲੱਗ ਗਏ। ਮੱਸਿਆ ਦੀ ਹਨੇਰੀ ਰਾਤ ਸੀ ਕਿਸੇ ਨੇ ਦੂਰ ਤੋਂ ਪ੍ਰਛਾਵਾਂ ਵੇਖਿਆ। ਸਾਰੇ ਜਣੇ ਡਰ ਗਏ। ਕਈਆਂ ਨੂੰ ਲੱਗਿਆ ਜਿਵੇਂ ਭੂਤ ਆ ਗਿਆ ਹੋਵੇ। ਅੱਧੇ ਤਾਂ ਕੰਮ ਛੱਡ ਕੇ ਭੱਜਣ ਲੱਗੇ ਸਨ। ਜਦੋਂ ਪ੍ਰਛਾਵਾਂ ਨੇੜੇ ਆਇਆ ਤਾਂ ਸਾਰੇ ਬੜੇ ਹੈਰਾਨ ਹੋਏ। ਬੀਬੀ ਅਮਤੁਸ ਸਲਾਮ ਅਪਣੇ ਬੱਚਿਆਂ ਲਈ ਚਾਹ ਬਣਾ ਕੇ ਲਿਆ ਰਹੀ ਸੀ।

ਗਾਂਧੀ ਪਰਵਾਰ ਨਾਲ ਬੀਬੀ ਦੀ ਬਹੁਤ ਨੇੜਤਾ ਸੀ। ਇੰਦਰਾ ਗਾਂਧੀ ਬੀਬੀ ਨੂੰ ਭੂਆ ਕਹਿੰਦੀ ਹੁੰਦੀ ਸੀ। ਜਦੋਂ ਸੰਜੇ ਗਾਂਧੀ ਦਾ ਵਿਆਹ ਹੋਇਆ ਤਾਂ ਬੀਬੀ ਅਮਤੁਸ ਸਲਾਮ ਤੋਂ ਬਿਨਾਂ ਹੋਰ ਕਿਸੇ ਨੂੰ ਵੀ ਨਹੀਂ ਬੁਲਾਇਆ ਗਿਆ ਸੀ। ਉਸ ਨੂੰ ਇੰਦਰਾ ਗਾਂਧੀ ਕੋਲ ਜਾਣ ਸਮੇਂ ਕੋਈ ਇਜਾਜ਼ਤ ਨਹੀਂ ਲੈਣੀ ਪੈਂਦੀ ਸੀ। ਉਹ ਬਿਨਾਂ ਕਿਸੇ ਮਨਜ਼ੂਰੀ ਤੋਂ ਸਿੱਧੀ ਇੰਦਰਾ ਗਾਂਧੀ ਦੇ ਘਰ ਜਾਂਦੀ ਸੀ।

ਬੀਬੀ ਭਾਵੇਂ ਮੁਸਲਮਾਨ ਸੀ ਪਰ ਉਹ ਧਰਮ ਬਾਰੇ ਕਿਸ ਤਰ੍ਹਾਂ ਦੀ ਸੋਚ ਰੱਖਦੀ ਸੀ, ਇਸ ਬਾਰੇ ਇਕ ਬਹੁਤ ਹੀ ਦਿਲਚਸਪ ਗੱਲ ਅਗਰਵਾਲ ਸੁਣਾਉਂਦੇ ਨੇ, ” ਇਕ ਮੁਸਲਮਾਨ ਮੌਲਵੀ ਮੇਰਾ ਦੋਸਤ ਸੀ। ਉਹ ਮੇਰੇ ਕੋਲ ਆ ਕੇ ਕਹਿਣ ਲੱਗਾ ਕਿ ਮੈਨੂੰ ਲਗਦਾ ਤੁਸੀਂ ਚੰਗੇ ਬੰਦੇ ਹੋ । ਮੈਂ ਪਿੰਡ ਖੰਡੌਲੀ ਵਾਲੀ ਮਸਜਿਦ ਦੀ ਹਾਲਤ ਸੁਧਾਰਨਾ ਚਾਹੁੰਦਾ ਹਾਂ, ਤੁਸੀਂ ਮੇਰੀ ਮਦਦ ਕਰੋ। ਉਹ ਕਹਿੰਦਾ ਕਿ ਮੈਨੂੰ ਬੀਬੀ ਕੋਲ ਲੈ ਚਲੋ ਉਹ ਮੱਦਦ ਕਰੇਗੀ। ਮੈਂ ਉਸ ਨੂੰ ਬੀਬੀ ਕੋਲ ਲੈ ਗਿਆ ਤੇ ਦੱਸਿਆ ਕਿ ਇਹ ਮੌਲਵੀ ਮਸਜਿਦ ਲਈ ਮਦਦ ਚਾਹੁੰਦਾ ਹੈ। ਅੱਗੋਂ ਬੀਬੀ ਨੇ ਜਿਹੜਾ ਜਵਾਬ ਦਿੱਤਾ ਉਹ ਬਹੁਤ ਕਮਾਲ ਸੀ। ਬੀਬੀ ਕਹਿੰਦੀ ਕਿ ਕਿਉਂ ਲਿਆਇਆਂ ਇਸ ਨੂੰ ਮੇਰੇ ਕੋਲ। ਹਜ਼ਰਤ ਮੁਹੰਮਦ ਸਾਹਿਬ ਨੇ ਕਦੋਂ ਕਿਹਾ ਕਿ ਮਸਜਿਦਾਂ ਬਣਾ ਕੇ ਨਮਾਜ਼ ਪੜ•ੋ। ਉਹ ਤਾਂ ਕਹਿੰਦੇ ਕਿ ਜਿੱਥੇ ਮਰਜ਼ੀ ਮੁਸੱਲਾ ਵਿਛਾ ਕੇ ਨਮਾਜ਼ ਅਦਾ ਕਰੋ। ਬੀਬੀ ਦੀ ਗੱਲ ਦਾ ਮੌਲਵੀ ਕੋਲ ਕੋਈ ਜਵਾਬ ਨਹੀਂ ਸੀ।

ਬੀਬੀ ਨੇ ਲਗਭਗ 90 ਸਾਲ ਦੀ ਉਮਰ ਭੋਗੀ। ਆਖਰੀ ਸਮੇਂ ਉਸ ਦੇ ਹੱਥ ਪੈਰ ਫੁੱਲ ਗਏ ਸਨ। ਉਸ ਨੂੰ ਇਲਾਜ ਲਈ ਦਿੱਲੀ ਲਿਜਾਇਆ ਗਿਆ ਜਿੱਥੇ ਉਹ ਪੂਰੀ ਹੋ ਗਈ। ਬੀਬੀ ਨੂੰ ਜਾਮੀਆ ਮਿਲੀਆ ਇਸਲਾਮੀਆ ਦੇ ਕਬਰਸਤਾਨ ਵਿਚ ਦਫਨ ਕੀਤਾ ਗਿਆ।

Leave a Reply

Your email address will not be published. Required fields are marked *