ਹੁਣ ਆਸਟ੍ਰੇਲੀਆ ਦੀ ਆਨਲਾਈਨ ਕੰਪਨੀ ਨੇ ਕੀਤੀ ਧਾਰਮਿਕ ਚਿੰਨ੍ਹ ਛਾਪਣ ਦੀ ਕੋਝੀ ਕਰਤੂਤ

0
141

ਮੈਲਬੋਰਨ- ਆਸਟ੍ਰੇਲੀਆ ਦੀ ‘ਰੈੱਡ ਬਬਲ’ ਨਾਂ ਦੀ ਕੰਪਨੀ ਵੱਲੋਂ ਔਰਤਾਂ ਦੀਆਂ ਮਿੰਨੀ ਸਕਰਟਾਂ ‘ਤੇ ਸਿੱਖਾਂ ਅਤੇ ਹਿੰਦੂਆਂ ਦੇ ਧਾਰਮਿਕ ਚਿੰਨ੍ਹ ਛਾਪ ਕੇ ਪੰਜਾਬੀ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰੀ ਗਈ ਹੈ। ਕੰਪਨੀ ਦੀ ਵੈੱਬਸਾਈਟ ‘ਤੇ ਔਰਤਾਂ ਦੀਆਂ ਮਿੰਨੀ ਸਕਰਟਾਂ ਤੇ ਸਿੱਖ ਗੁਰੂਆਂ, ‘ਇੱਕ ਓਅੰਕਾਰ’, ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਸੰਤ ਜਰਨੈਲ ਸਿੰਘ ਭਿੰਡਰਾਂਵਾਲੇ, ਨਿਸ਼ਾਨ ਸ਼ਾਹਿਬ, ਗੁਰਬਾਣੀ ਪੰਕਤਾਂ, ਹਿੰਦੂ ਧਰਮ ਦੇ ‘ਓਮ’ ਸਮੇਤ ਕਈ ਧਾਰਮਿਕ ਚਿੰਨ੍ਹਾਂ ਨੂੰ ਡਿਜ਼ਾਈਨ ਦੇ ਰੂਪ ਵਿੱਚ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ । ਇਸ ਤੋਂ ਇਲਾਵਾ ਪੰਜਾਬੀ ਭਾਸ਼ਾ ਦੇ ਕਈ ਅੱਖਰ ਵੀ ਸਕਰਟਾਂ ਤੇ ਲ਼ਿਖੇ ਹੋਏ ਹਨ।
ਇਸ ਕੰਪਨੀ ਦਾ ਮੁੱਖ ਦਫਤਰ ਮੈਲਬੋਰਨ ਵਿੱਚ ਸਥਿਤ ਹੈ ਤੇ ਇਹ ਕੰਪਨੀ ਇੰਟਰਨੈੱਟ ਤੇ ਲੋਕਾਂ ਨੂੰ ਆਪਣੇ ਡਿਜ਼ਾਈਨ ਵੇਚਣ ਲਈ ਪਲੇਟਫਾਰਮ ਮੁਹੱਈਆ ਕਰਵਾਉਂਦੀ ਹੈ।ਇਸ ਕੰਪਨੀ ਦੀ ਵੈੱਬਸਾਈਟ ‘ਤੇ ਔਰਤਾਂ ਅਤੇ ਮਰਦਾਂ ਦੇ ਕੱਪੜਿਆਂ , ਘਰਾਂ ਦੀ ਸਜਾਵਟ, ਬੱਚਿਆਂ ਅਤੇ ਰੋਜ਼ਾਨਾ ਵਰਤੋਂ ਵਿੱਚ ਆਉਣ ਵਾਲੀਆਂ ਚੀਜ਼ਾਂ ਦੀ ਖਰੀਦਦਾਰੀ ਕੀਤੀ ਜਾਂਦੀ ਹੈ।
ਇਹ ਕਰਤੂਤ ਕਿਸੇ ਸ਼ਰਾਰਤੀ ਅਨਸਰ ਦੀ ਵੀ ਹੋ ਸਕਦੀ ਹੈ, ਜਿਸ ਨੇ ਆਪਣਾ ਡਿਜ਼ਾਈਨ ਵੇਚਣ ਲਈ ਧਾਰਮਿਕ ਚਿੰਨ੍ਹਾਂ ਦੀ ਵਰਤੋਂ ਕੀਤੀ ਹੋਵੇ। ਯਾਦ ਰਹੇ ਕਿ ਇਸ ਤੋਂ ਪਹਿਲਾਂ ਵੀ ਕਈ ਆਨਲਾਈਨ ਕੰਪਨੀਆਂ ਜਿਵੇਂ ਐਮਾਜ਼ੋਨ ਤੇ ਫਲਿੱਪ ਕਾਰਟ ਆਪਣੀ ਮਸ਼ਹੂਰੀ ਲਈ ਸਿੱਖਾਂ ਦੇ ਧਾਰਮਿਕ ਚਿੰਨ੍ਹਾਂ ਦੀ ਦੁਰਵਰਤੋਂ ਕਰ ਚੁੱਕੀਆਂ ਹਨ। ਇਸ ਲਈ ਉਨ੍ਹਾਂ ਨੂੰ ਮਾਫੀ ਵੀ ਮੰਗਣੀ ਪਈ ਸੀ। ਸ਼੍ਰੋਮਣੀ ਕਮੇਟੀ, ਸ੍ਰੀ ਅਕਾਲ ਤਖਤ, ਆਸਟ੍ਰੇਲੀਆ ਭਰ ਦੇ ਗੁਰਦੁਆਰਾ ਸਾਹਿਬਾਨ ਅਤੇ ਸਿੱਖ ਜਥੇਬੰਦੀਆਂ ਨੂੰ ਇਸ ਵੈੱਬਸਾਈਟ ਵਿਰੁੱਧ ਕਾਨੂੰਨੀ ਚਾਰਾਜੋਈ ਕਰਨੀ ਚਾਹੀਦੀ ਹੈ ਤਾਂ ਜੋ ਭਵਿੱਖ ਵਿੱਚ ਅਜਿਹੀਆਂ ਕਰਤੂਤਾਂ ਨੂੰ ਠੱਲ੍ਹ ਪਾਈ ਜਾ ਸਕੇ।