ਸੜਕ ”ਤੇ ਤੜਫ ਰਹੇ ਨੌਜਵਾਨਾਂ ਲਈ ਰੱਬ ਬਣ ਬਹੁੜਿਆ ਜੱਜ

0
123

ਨਡਾਲਾ: ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਪ੍ਰਿਤਪਾਲ ਸਿੰਘ ਸਕੱਤਰ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਿਟੀ ਸ੍ਰੀ ਮੁਕਤਸਰ ਸਾਹਿਬ ਨੇ ਲੰਘੀਂ ਰਾਤ ਦੋ ਕੀਮਤੀ ਜਾਨਾਂ ਨੂੰ ਬਚਾਉਣ ਵਿਚ ਅਹਿਮ ਰੋਲ ਅਦਾ ਕੀਤਾ। ਰਾਤ ਕਰੀਬ 9.45 ਵਜੇ ਉਹ ਮੁਕਤਸਰ ਤੋਂ ਕਿਸੇ ਪਰਿਵਾਰਿਕ ਸਮਾਗਮ ਵਿਚ ਭਾਗ ਲੈਣ ਬੇਗੋਵਾਲ ਜਾ ਰਹੇ ਸਨ ਤਾਂ ਉਕਤ ਸਮੇਂ ਨਡਾਲਾ ਬੇਗੋਵਾਲ ਸੜਕ ‘ਤੇ ਟਰੱਕ ਤੇ ਮੋਟਰਸਾਈਕਲ ਦੀ ਹੋਈ ਟੱਕਰ ਕਾਰਨ ਇਕ ਵਿਅਕਤੀ ਦੀ ਮੌਤ ਅਤੇ ਦੋ ਵਿਅਕਤੀ ਟਰੱਕ ਦੇ ਥੱਲੇ ਆ ਕੇ ਗੰਭੀਰ ਜ਼ਖਮੀ ਹੋ ਗਏ ਤੇ ਤੜਪ ਰਹੇ ਸਨ। ਸੀ. ਜੇ. ਐੱਮ. ਨੇ ਆਪਣੀ ਗੱਡੀ ਰੋਕ ਕੇ ਜ਼ਖ਼ਮੀਆਂ ਦੀ ਮਦਦ ਕਰਨੀ ਸ਼ੁਰੂ ਕਰ ਦਿੱਤੀ। ਪੁਲਸ ਵੀ ਮੌਕੇ ‘ਤੇ ਪਹੁੰਚ ਗਈ। ਲੋਕ ਗੱਡੀਆਂ ਵਿਚ ਸਵਾਰ ਹੋ ਕੇ ਜ਼ਖਮੀਆਂ ਦੇ ਕੋਲੋਂ ਤੋਂ ਲੰਘਦੇ ਰਹੇ ਪਰ ਕਿਸੇ ਨੇ ਜ਼ਖਮੀਆਂ ਲਿਜਾਣ ਦੀ ਹਿੰਮਤ ਨਹੀਂ ਕੀਤੀ। ਇਸ ਦੌਰਾਨ ਸੀ. ਜੇ. ਐੱਮ. ਨੇ ਆਪਣੇ ਬੱਚਿਆਂ, ਪਤਨੀ ਭੈਣ ਨੂੰ ਉਤਾਰ ਕੇ ਆਪਣੀ ਗੱਡੀ ਵਿਚ ਜ਼ਖਮੀਆ ਨੂੰ ਹਸਪਤਾਲ ਪਹੁੰਚਾਉਣ ਦਾ ਪ੍ਰਬੰਧ ਕੀਤਾ ਅਤੇ ਆਪਣੀ ਪਛਾਣ ਨਸ਼ਰ ਕਰਦਿਆਂ ਇਕ ਕਾਰ ਸਵਾਰ ਨੂੰ ਪਰਿਵਾਰ ਨੂੰ ਪਿੰਡ ਛੱਡਣ ਦੀ ਬੇਨਤੀ ਕੀਤੀ।
ਇਸ ਦੌਰਾਨ ਪਛਾਣ ਹੋਣ ਤੋਂ ਬਾਅਦ ਜਿੱਥੇ ਪੁਲਸ ਕਾਰਵਾਈ ਵਿਚ ਤੇਜ਼ੀ ਆਈ, ਉੱਥੇ ਹੀ ਇੱਕ ਟੈਂਪੂ ਡਰਾਈਵਰ ਪ੍ਰਭਾਵਿਤ ਹੁੰਦਿਆਂ ਜ਼ਖਮੀਆਂ ਨੂੰ ਹਸਪਤਾਲ ਲੈ ਕੇ ਜਾਣਾ ਮੰਨ ਗਿਆ। ਉਨ੍ਹਾਂ ਦੇ ਉਪਰਾਲੇ ਸਦਕਾ ਦੋ ਕੀਮਤੀ ਜਾਨਾਂ ਦਾ ਬਚਾਅ ਹੋ ਸਕਿਆ। ਚੌਕੀ ਮੁਖੀ ਨਡਾਲਾ ਹਰਜਿੰਦਰ ਸਿੰਘ ਨੇ ਦੱਸਿਆ ਕਿ ਉਕਤ ਪਰਵਾਸੀ ਮਜ਼ਦੂਰ ਅਸ਼ੋਕ ਪਾਲ ਪੁੱਤਰ ਮੋਹਣ ਲਾਲ ਵਾਸੀ ਸਰੌਲੀ ਅੰਗਦਪੁਰ, ਬਰੇਲੀ ਆਪਣੇ ਪਿੰਡ ਦੇ 2 ਸਾਥੀਆਂ ਸਚਿਨ ਪੁੱਤਰ ਚੂਨੀ ਲਾਲ ਅਤੇ ਗੌਰਵ ਪੁੱਤਰ ਉਪਦੇਸ਼ ਕੁਮਾਰ ਨੂੰ ਆਪਣੇ ਮੋਟਰਸਾਈਕਲ ‘ਤੇ ਇਬਰਾਹੀਮਵਾਲ ਤੋਂ ਲੈ ਕੇ ਨਡਾਲਾ ਆ ਰਿਹਾ ਸੀ। ਇਸ ਦੌਰਾਨ ਨਾਡਾਰ ਰੋਡ ‘ਤੇ ਕੋਲ ਸੜਕ ‘ਤੇ ਖਰਾਬ ਹੋਏ ਖੜ੍ਹੇ ਟਰੱਕ ਨਾਲ ਉਨ੍ਹਾਂ ਦੀ ਪਿਛੋਂ ਟੱਕਰ ਹੋ ਗਈ।
ਇਸ ਦੌਰਾਨ ਇਕ ਦੀ ਮੌਤ ਹੋ ਗਈ ਜਦਕਿ ਦੋ ਜ਼ਖਮੀ ਹੋ ਗਏ। ਪੁਲਸ ਨੇ ਸਬੰਧਤ ਟਰੱਕ ਚਾਲਕ ‘ਤੇ ਮਾਮਲਾ ਦਰਜ ਕਰ ਲਿਆ ਹੈ। ਵਰਣਨਯੋਗ ਹੈ ਕਿ ਕੁਝ ਦਿਨ ਪਹਿਲਾਂ ਵੀ ਸ੍ਰੀ ਮੁਕਤਸਰ ਸਾਹਿਬ ਵਿਖੇ ਐਕਸੀਡੈਂਟ ਦਾ ਸ਼ਿਕਾਰ ਹੋਏ ਛੇ ਜ਼ਖ਼ਮੀਆਂ ਨੂੰ ਮੌਕੇ ‘ਤੇ ਇਸੇ ਜੱਜ ਵੱਲੋਂ ਮਦਦ ਕਰਕੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਜਿਸ ਕਾਰਨ ਛੇ ਕੀਮਤੀ ਜਾਨਾਂ ਦਾ ਬਚਾਅ ਹੋ ਗਿਆ ਸੀ। ਉਨ੍ਹਾਂ ਕਿਹਾ ਕਿ ਜਦੋਂ ਵੀ ਕੋਈ ਹਾਦਸਾ ਹੁੰਦਾ ਹੈ ਤਾਂ ਸਾਡਾ ਮੁੱਢਲਾ ਫਰਜ਼ ਬਣਦਾ ਹੈ ਕਿ ਜ਼ਖਮੀਆਂ ਦੀ ਮਦਦ ਕਰੀਏ ਇਸ ਨਾਲ ਕਿਸੇ ਤਰ੍ਹਾਂ ਦੀ ਕਾਨੂੰਨੀ ਮੁਸ਼ਕਿਲ ਨਹੀਂ ਆਉਂਦੀ।