ਸੁਸਤ ਨਹੀਂ, ਚੁਸਤ ਬਣੋ

ਸੁਸਤ ਅਤੇ ਸੁਸਤੀ ਦੇ ਨਾਲ ਆਲਸ ਅਤੇ ਆਲਸੀ ਦਾ ਗੂੜ੍ਹਾ ਨਾਤਾ ਹੈ। ਹਮੇਸ਼ਾ ਕੰਮ ਅਤੇ ਮਿਹਨਤ ਕਰਨ ਵਾਲੇ ਬਹੁਤ ਘੱਟ ਮਿਲਦੇ ਹਨ। ਜੋ ਕੰਮ ਨੂੰ ਕੱਲ੍ਹ ‘ਤੇ ਪਾਉਂਦਾ ਹੈ, ਉਹੀ ਆਲਸ ਅਤੇ ਆਲਸੀ ਵਿਅਕਤੀ ਦੀ ਪਹਿਲੀ ਪਛਾਣ ਹੈ।
ਆਲਸ ਇਕ ਬਿਮਾਰੀ ਹੈ, ਇਸ ਲਈ ਇਸ ਨੂੰ ਅਪਣਾਉਣ ਵਾਲਾ ਆਲਸੀ ਵਿਅਕਤੀ ਅਨੇਕ ਰੋਗਾਂ ਦਾ ਸ਼ਿਕਾਰ ਹੁੰਦਾ ਹੈ। ਇਕ ਹੀ ਜਗ੍ਹਾ ‘ਤੇ ਪਏ ਰਹਿਣ ਵਾਲੇ ਸਖ਼ਤ ਪੱਥਰ ‘ਤੇ ਵੀ ਉੱਲੀ ਜੰਮ ਜਾਂਦੀ ਹੈ। ਇਹੀ ਆਲਸੀ ਵਿਅਕਤੀ ਨਾਲ ਹੁੰਦਾ ਹੈ। ਆਲਸੀ ਵਿਅਕਤੀ ਨੂੰ ਸਭ ਤੋਂ ਵੱਡਾ ਸੁਖ ਆਲਸ ਕਰਨ ਨਾਲ ਮਿਲਦਾ ਹੈ ਪਰ ਛੇਤੀ ਹੀ ਇਸ ਦਾ ਮਾੜਾ ਨਤੀਜਾ ਉਸ ਦੇ ਸਾਹਮਣੇ ਆਉਣ ਲਗਦਾ ਹੈ। ਉਸ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਘੇਰ ਲੈਂਦੀਆਂ ਹਨ।
ਆਲਸ ਤਾਂ ਵਿਅਕਤੀ ਦੇ ਸੋਚਣ-ਸਮਝਣ ਦੀ ਸ਼ਕਤੀ ਨੂੰ ਘੱਟ ਅਤੇ ਕਮਜ਼ੋਰ ਕਰ ਦਿੰਦਾ ਹੈ। ਉਹ ਜੀਵਤ ਹੋ ਕੇ ਵੀ ਮ੍ਰਿਤਕ ਦੇ ਬਰਾਬਰ ਹੋ ਜਾਂਦਾ ਹੈ। ਉਹ ਕਿਸੇ ਦੀ ਮਦਦ ਕਰਨ ਦੀ ਬਜਾਏ ਖੁਦ ਹੀ ਦੂਜਿਆਂ ਦੇ ਭਰੋਸੇ ਅਤੇ ਉਨ੍ਹਾਂ ਦੀ ਸਹਾਇਤਾ ‘ਤੇ ਰਹਿੰਦਾ ਹੈ।
ਸਾਰੇ ਮੌਸਮਾਂ ਵਿਚੋਂ ਸਰਦੀ ਦਾ ਮੌਸਮ ਅਜਿਹਾ ਹੈ, ਜਦੋਂ ਆਲਸ ਆਪਣੇ ਸਿਖਰ ‘ਤੇ ਹੁੰਦਾ ਹੈ। ਆਲਸੀ ਵਿਅਕਤੀ ਗੁਟਖਾ ਚਬਾ ਸਕਦਾ ਹੈ, ਸਿਗਰਟ ਪੀ ਸਕਦਾ ਹੈ। ਆਲਸੀ ਔਰਤਾਂ ਜ਼ਬਾਨ ਚਲਾ ਸਕਦੀਆਂ ਹਨ, ਉਸ ਨੂੰ ਲੜਾ ਕੇ ਜ਼ਬਾਨੀ ਅਤੇ ਜਮ੍ਹਾਂ ਖਰਚ ਕਰ ਸਕਦੀਆਂ ਹਨ। ਵੱਧ ਤੋਂ ਵੱਧ ਤੰਬਾਕੂ ਜਾਂ ਸੁਪਾਰੀ ਚਬਾ ਸਕਦੀਆਂ ਹਨ ਪਰ ਇਸ ਨਾਲ ਹਾਸਲ ਕੁਝ ਨਹੀਂ ਹੁੰਦਾ।
ਸੁਖ-ਸਹੂਲਤ ਦੇ ਆਧੁਨਿਕ ਵਿਗਿਆਨਕ ਸਾਧਨ ਹਰੇਕ ਨੂੰ ਆਲਸੀ ਬਣਾਉਣ ‘ਤੇ ਤੁਲੇ ਹੋਏ ਹਨ। ਤੰਦਰੁਸਤ ਵਿਅਕਤੀ ਇਨ੍ਹਾਂ ਸਾਧਨਾਂ ਦੇ ਚਲਦੇ ਆਲਸੀ ਹੁੰਦੇ ਜਾ ਰਹੇ ਹਨ। ਰਿਮੋਟ ਨਾਮੀ ਛੋਟਾ ਜਿਹਾ ਯੰਤਰ ਵਿਅਕਤੀ ਨੂੰ ਨਿਕੰਮਾ ਅਤੇ ਆਲਸੀ ਬਣਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ। ਅੱਜ ਅਸੀਂ ਸਾਧਨ ਸੰਪੰਨ ਹੋ ਗਏ ਹਾਂ। ਸੰਪੂਰਨ ਕੰਮ ਮਸ਼ੀਨਾਂ ਰਾਹੀਂ ਹੋ ਰਿਹਾ ਹੈ। ਅਜਿਹੇ ਵਿਚ ਮਨੁੱਖ ਨੂੰ ਸਰੀਰਕ ਮਿਹਨਤ ਕਰਨ ਦੀ ਲੋੜ ਨਹੀਂ ਪੈ ਰਹੀ।
ਭੌਤਿਕ ਸਾਧਨ ਅਤੇ ਸਹੂਲਤਾਂ ਮਨੁੱਖ ਨੂੰ ਲਗਾਤਾਰ ਆਲਸੀ ਬਣਾ ਰਹੀਆਂ ਹਨ। ਇਹ ਆਲਸ ਹੀ ਅਨੇਕ ਬਿਮਾਰੀਆਂ ਦੀ ਜੜ੍ਹ ਹੈ। ਗੱਡੀਆਂ ਪੈਰਾਂ ਨੂੰ ਨਕਾਰਾ ਬਣਾ ਰਹੀਆਂ ਹਨ। ਟੀ. ਵੀ. ਸਾਨੂੰ ਅਸਮਾਜਿਕ ਬਣਾ ਕੇ ਘਰਾਂ ਵਿਚ ਕੈਦ ਕਰ ਰਿਹਾ ਹੈ। ਮੋਬਾਈਲ ਗਾਲੜੀ ਅਤੇ ਝੂਠਾ ਬਣਾ ਰਿਹਾ ਹੈ। ਕੰਪਿਊਟਰ ਦਿਮਾਗ ਦੀ ਬੱਤੀ ਬੁਝਾ ਰਿਹਾ ਹੈ। ਜਿਥੇ ਸੰਪੰਨਤਾ ਹੈ, ਉਥੇ ਵਿਅਕਤੀ ਆਲਸੀ ਬਣਨ ਦਾ ਹਰ ਸੰਭਵ ਯਤਨ ਕਰ ਰਿਹਾ ਹੈ।
ਆਲਸੀ ਵਿਅਕਤੀ ਨੂੰ ਸਭ ਤੋਂ ਪਹਿਲਾਂ ਮੋਟਾਪਾ ਘੇਰਦਾ ਹੈ। ਜੋੜਾਂ ਵਿਚ ਦਰਦ ਹੁੰਦਾ ਹੈ। ਉਹ ਥੱਕਿਆ-ਥੱਕਿਆ ਜਿਹਾ ਰਹਿੰਦਾ ਹੈ। ਪਾਚਣ ਵਿਗੜਦਾ ਹੈ। ਬਦਹਜ਼ਮੀ, ਕਬਜ਼, ਗੈਸ, ਐਸਿਡ ਬਣਦਾ ਹੈ, ਬਵਾਸੀਰ ਹੁੰਦੀ ਹੈ, ਖੂਨ ਚਰਬੀ ਵਧਦੀ ਹੈ, ਕੋਲੈਸਟ੍ਰੋਲ ਵਧ ਜਾਂਦਾ ਹੈ। ਇਹ ਖੂਨ ਦਾ ਦਬਾਅ ਵਧਾਉਂਦਾ ਹੈ। ਦਿਲ ਦੇ ਰੋਗ, ਸ਼ੂਗਰ, ਸਭ ਇਕ-ਇਕ ਕਰਕੇ ਹੁੰਦੇ ਜਾਂਦੇ ਹਨ। ਅਜਿਹੇ ਵਿਚ ਇਲਾਜ ਲਈ ਪੈਸਾ ਪਾਣੀ ਵਾਂਗ ਵਹਾਇਆ ਜਾਂਦਾ ਹੈ ਪਰ ਇਨ੍ਹਾਂ ਬਿਮਾਰੀਆਂ ਦੀ ਜੜ੍ਹ ਤੱਕ ਕੋਈ ਨਹੀਂ ਜਾਂਦਾ। ਹਾਲਾਤ ਇਹ ਹਨ ਕਿ ਅੱਜ 20 ਵਿਚੋਂ ਸਿਰਫ ਇਕ ਵਿਅਕਤੀ ਮਿਹਨਤ ਕਰਦਾ ਹੈ।
ਆਲਸ ਦੀ ਕੋਈ ਦਵਾਈ ਨਹੀਂ ਹੈ। ਇਸ ਦੀ ਦਵਾਈ ਤਾਂ ਪਹਿਲਾਂ ਤੋਂ ਹੀ ਆਪਣੇ ਕੋਲ ਹੈ ਜੋ ਨਿਸ਼ੁਲਕ ਹੈ। ਇਸ ਵਾਸਤੇ ਨਾ ਤਾਂ ਖੇਤ ਵਾਹੁਣਾ ਹੈ, ਨਾ ਸੜਕ ਬਣਾਉਣੀ ਹੈ। ਆਪਣੀ ਜਗ੍ਹਾ ਤੋਂ ਉੱਠੋ, ਖੜ੍ਹੇ ਹੋ ਜਾਓ। ਅੱਗੇ ਵਧੋ, ਪੈਦਲ ਚੱਲੋ, ਸਾਈਕਲ ਚਲਾਓ, ਦੌੜੋ, ਕਸਰਤ ਕਰੋ, ਕੁਝ ਆਪਣਾ ਕੰਮ ਕਰੋ। ਤੁਹਾਡੇ ਕੰਮ ਕਰਨ ਨਾਲ ਭਾਗ ਜਾਗ ਜਾਣਗੇ ਅਤੇ ਤੁਹਾਨੂੰ ਸਫਲਤਾ ਦਾ ਫਲ ਮਿਲਦਾ ਜਾਵੇਗਾ। ਆਲਸ ਦੂਰ ਹੋਵੇਗਾ ਤਾਂ ਸਾਰੀਆਂ ਬਿਮਾਰੀਆਂ ਆਪਣੇ-ਆਪ ਦੂਰ ਹੋ ਜਾਣਗੀਆਂ।
ਤੁਹਾਨੂੰ ਕਿਸੇ ਦਾ ਪਿੱਛਲੱਗੂ ਨਾ ਬਣੋ ਅਤੇ ਨਾ ਹੀ ਦਾਸ ਬਣੋ, ਤੁਸੀਂ ਕਰਮਠ ਬਣੋ। ਸੁਸਤ ਨਹੀਂ, ਚੁਸਤ ਬਣੋ। ਤੁਹਾਡੇ ਕੰਮ ਕਰਨ ਨਾਲ ਸਰੀਰ ਵਿਚ ਪ੍ਰਾਣ ਹਵਾ ਆਕਸੀਜਨ ਦੀ ਮਾਤਰਾ ਵਧੇਗੀ ਤਾਂ ਸਭ ਕੁਝ ਆਪਣੇ-ਆਪ ਠੀਕ ਹੋ ਜਾਵੇਗਾ। ਚਿਹਰੇ ‘ਤੇ ਚਮਕ ਆ ਜਾਵੇਗੀ, ਬੁਢਾਪਾ ਦੂਰ ਹੋ ਜਾਵੇਗਾ। ਚੁਸਤੀ ਆਵੇਗੀ। ਦਿਮਾਗ ਦਰੁਸਤ ਰਹੇਗਾ।
ਪਾਣੀ ਇਕ ਥਾਂ ਖੜ੍ਹਾ ਰਹਿ ਕੇ ਖਰਾਬ ਹੋ ਜਾਂਦਾ ਹੈ। ਵਗਦਾ ਪਾਣੀ ਸਾਫ਼ ਰਹਿੰਦਾ ਹੈ। ਪਏ-ਪਏ ਲੋਹੇ ਨੂੰ ਵੀ ਜੰਗ ਲੱਗ ਜਾਂਦੀ ਹੈ। ਫਿਰ ਤੁਸੀਂ ਕਿਉਂ ਆਲਸ ਵਿਚ ਪੈ ਕੇ ਆਪਣੇ ਸਰੀਰ ਨੂੰ ਬਰਬਾਦ ਕਰਨਾ ਚਾਹੁੰਦੇ ਹੋ? ਭਾਗ ਤੁਹਾਡੀ ਮੁੱਠੀ ਵਿਚ ਹਨ। ਕੰਮ ਕਰੋ ਅਤੇ ਮਨ ਭਾਉਂਦਾ ਫਲ ਪਾਓ, ਪਰ ਕਦੇ ਵੀ ਸੁਸਤ ਅਤੇ ਆਲਸੀ ਨਾ ਬਣੋ।

Leave a Reply

Your email address will not be published. Required fields are marked *