ਸਿਰਫ 1 ਰੁਪਿਆ ਤੇ ਨਾਰੀਅਲ ਲੈ ਕੇ ਕੀਤਾ ਪੁੱਤ ਦਾ ਵਿਆਹ

0
99

ਜਲੰਧਰ — ਅੱਜ ਦੇ ਸਮੇਂ ‘ਚ ਜਿੱਥੇ ਦਾਜ ਲੋਭੀਆਂ ਦੀ ਗਿਣਤੀ ਸਮਾਜ ‘ਚ ਲਗਾਤਾਰ ਵਧਦੀ ਜਾ ਰਹੀ ਹੈ, ਤਾਂ ਦੂਜੇ ਪਾਸੇ ਜਲੰਧਰ ਦੇ ਅਰਬਨ ਅਸਟੇਟ ਵਾਸੀ ਪੰਡਿਤ ਐੱਸ. ਕੇ. ਸ਼ਾਸਤਰੀ (ਭ੍ਰਿਗੂ) ਨੇ ਆਪਣੇ ਪੁੱਤਰ ਦਾ ਵਿਆਹ ਸਿਰਫ 1 ਰੁਪਿਆ ਅਤੇ 1 ਨਾਰੀਅਲ ਲੈ ਕੇ ਕੀਤਾ ਹੈ। ਪੰਡਿਤ ਸ਼ਾਸਤਰੀ ਨੇ ਆਪਣੇ ਪੁੱਤਰ ਯੋਗੇਸ਼ ਸ਼ਾਸਤਰੀ ਦਾ ਵਿਆਹ ਰਾਜਸਥਾਨ ਦੇ ਰਾਜਗੜ੍ਹ ਦੀ ਰਹਿਣ ਵਾਲੀ ਆਯੂਸ਼ਮਤੀ ਏਕਤਾ ਨਾਲ ਬੀਤੇ ਦਿਨੀਂ ਇਕ ਸਾਦਾ ਸਮਾਰੋਹ ਕਰਕੇ ਕੀਤਾ। ਪੰ. ਸ਼ਾਸਤਰੀ ਨੇ ਦੱਸਿਆ ਕਿ ਉਨ੍ਹਾਂ ਨੇ ਵਿਆਹ ਤੋਂ ਪਹਿਲਾਂ ਹੀ ਲੜਕੀ ਵਾਲਿਆਂ ਨੂੰ ਕਹਿ ਦਿੱਤਾ ਸੀ ਕਿ ਉਹ ਦਾਜ ‘ਚ ਕੁਝ ਨਹੀਂ ਲੈਣਗੇ। ਵਿਆਹ ‘ਚ ਸਿਰਫ 1 ਰੁਪਿਆ ਅਤੇ ਨਾਰੀਅਲ ਲੈ ਕੇ ਲੜਕੀ ਘਰ ਲੈ ਜਾਣਗੇ।
ਉਨ੍ਹਾਂ ਦੱਸਿਆ ਕਿ ਵਿਆਹ ਦੌਰਾਨ ਹੋਈ ਮਿਲਣੀ ‘ਚ ਵੀ ਉਨ੍ਹਾਂ ਨੇ ਸਿਰਫ 10 ਰੁਪਏ ਹੀ ਲਏ। ਅਜਿਹਾ ਕਰਕੇ ਉਨ੍ਹਾਂ ਸਮਾਜ ‘ਚ ਦਾਜ ਲੋਭੀਆਂ ਨੂੰ ਇਕ ਸੰਦੇਸ਼ ਦਿੱਤਾ ਹੈ ਕਿ ਉਹ ਦਾਜ ਲਈ ਲੜਕੀ ਅਤੇ ਉਸ ਦੇ ਪਰਿਵਾਰ ਵਾਲਿਆਂ ਨੂੰ ਤੰਗ ਨਾ ਕਰਨ। ਉਨ੍ਹਾਂ ਨੇ ਦਾਜ ਨੂੰ ਸਮਾਜ ਦੀ ਇਕ ਬਹੁਤ ਵੱਡੀ ਬੁਰਾਈ ਦੱਸਿਆ, ਜਿਸ ਨਾਲ ਲੜਨ ਲਈ ਲੋਕਾਂ ਨੂੰ ਵੀ ਅੱਗੇ ਆਉਣ ਦੀ ਲੋੜ ਹੈ। ਉਨ੍ਹਾਂ ਨੇ ਕਿਹਾ ਕਿ ਸਮਾਜ ਦੇ ਬੁੱਧੀਜੀਵੀਆਂ ਦੇ ਸਹਿਯੋਗ ਨਾਲ ਸਮਾਜ ਨੂੰ ਇਕ ਨਵੀਂ ਦਿਸ਼ਾ ਦਿੱਤੀ ਗਈ ਹੈ। ਇਸ ਨਾਲ ਘੱਟੋ-ਘੱਟ ਕੁਝ ਲੋਕਾਂ ‘ਚ ਤਾਂ ਜਾਗਰੂਕਤਾ ਆਵੇਗੀ। ਇਸ ਨਾਲ ਉਨ੍ਹਾਂ ਦੀ ਕੋਸ਼ਿਸ਼ ਕਿਸੇ ਹੱਦ ਤੱਕ ਸਫਲ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਪੁੱਤਰ ਦੇ ਵਿਆਹ ਨੂੰ ਦੇਖਦਿਆਂ ਉਨ੍ਹਾਂ ਨੇ ਅਰਬਨ ਅਸਟੇਟ ‘ਚ ਆਪਣੇ ਘਰ ਲੋਕਾਂ ਨੂੰ ਪਾਰਟੀ ਦਿੱਤੀ ਜਿਸ ‘ਚ ਅਨੇਕਾਂ ਪਤਵੰਤੇ ਸੱਜਣ ਮਿੱਤਰ ਸੱਦੇ ਗਏ। ਪੰਡਿਤ ਸ਼ਾਸਤਰੀ ਨੇ ਕਿਹਾ ਕਿ ਉਹ ਖੁਦ ਬਰਾਤ ਲੈ ਕੇ ਰਾਜਗੜ੍ਹ (ਰਾਜਸਥਾਨ) ਗਏ ਅਤੇ ਉਥੇ ਵੀ ਲੜਕੀ ਵਾਲਿਆਂ ‘ਤੇ ਕੋਈ ਬੋਝ ਨਹੀਂ ਪਾਇਆ ਗਿਆ।