ਸਰਕਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਯਾਦ ”ਚ ਹਰ ਪਿੰਡ ”ਚ ਲਾਏਗੀ 550 ਰੁੱਖ : ਸੋਨੀ

0
130

ਜਲੰਧਰ : ਪੰਜਾਬ ਦੇ ਸਿੱਖਿਆ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਕਿਹਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਨੂੰ ਧਿਆਨ ‘ਚ ਰੱਖਦੇ ਹੋਏ ਪੰਜਾਬ ਸਰਕਾਰ ਨੇ ਸੂਬੇ ‘ਚ ਰੁੱਖ ਲਾਉਣੇ ਸ਼ੁਰੂ ਕਰ ਦਿੱਤੇ ਹਨ। ਇਸ ਦੀ ਸ਼ੁਰੂਆਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਹੀ ਕਰ ਚੁੱਕੇ ਹਨ। ਸੋਨੀ ਨੇ ਗੋ ਗ੍ਰੀਨ ਪ੍ਰਾਜੈਕਟ ਦੀ ਸ਼ੁਰੂਆਤ ਕਰਦੇ ਹੋਏ ਕਿਹਾ ਕਿ ਵਾਤਵਾਰਣ ਨੂੰ ਸਾਫ-ਸੁਥਰਾ ਰੱਖਣਾ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਾਨੂੰ ਸਾਫ-ਸੁਥਰਾ ਵਾਤਾਵਰਣ ਨਹੀਂ ਮਿਲੇਗਾ, ਪੀਣ ਨੂੰ ਸਾਫ ਪਾਣੀ ਨਹੀਂ ਮਿਲੇਗਾ ਤੇ ਨਾਲ ਹੀ ਖਾਣੇ ਲਈ ਸ਼ੁੱਧ ਖੁਰਾਕ ਨਹੀਂ ਮਿਲੇਗੀ ਤਾਂ ਉਸ ਹਾਲਤ ‘ਚ ਅਸੀਂ ਆਪਣੀ ਪੀੜ੍ਹੀ ਦਾ ਭਵਿੱਖ ਕਿਸ ਤਰ੍ਹਾਂ ਸੁਰੱਖਿਅਤ ਬਣਾ ਸਕਦੇ ਹਾਂ।
ਸੋਨੀ ਨੇ ਕਿਹਾ ਕਿ ਪੰਜਾਬ ਜਿਥੇ ਕਦੇ 8 ਤੋਂ 10 ਫੁੱਟ ਹੇਠਾਂ ਹੀ ਪੀਣ ਵਾਲਾ ਸਾਫ ਮਿਲ ਜਾਂਦਾ ਸੀ, ਉਹ ਹੁਣ ਭੂਮੀਗਤ ਪਾਣੀ ਦਾ ਪੱਧਰ 100 ਫੁੱਟ ਤੋਂ ਹੀ ਹੇਠਾਂ ਚਲਾ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਦਿਨ ਵੀ ਦੂਰ ਨਹੀਂ ਜਦੋਂ ਘਰਾਂ ‘ਚ ਲੱਗੇ ਹੋਏ ਟਿਊਬਵੈੱਲ ਵੀ ਜਵਾਬ ਦੇ ਜਾਣਗੇ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਯਾਦ ‘ਚ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਹਰ ਪਿੰਡ ‘ਚ 550 ਦਰੱਖਤ ਲਾਉਣ ਦੇ ਨਿਰਦੇਸ਼ ਦਿੱਤੇ ਹਨ ਜਿਸ ‘ਤੇ ਤੇਜ਼ੀ ਨਾਲ ਅਮਲ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਦਰੱਖਤ ਲਾਉਂਦੇ ਹੋਏ ਇਹ ਜ਼ਿੰਮੇਵਾਰੀ ਵੀ ਤੈਅ ਕੀਤੀ ਜਾ ਰਹੀ ਹੈ ਕਿ ਸਬੰਧਤ ਸੰਸਥਾਵਾਂ ਇਸ ਦੀ ਦੇਖਭਾਲ ਕਰਨਗੀਆਂ। ਉਨ੍ਹਾਂ ਨੇ ਵਾਤਾਵਰਣ ‘ਚ ਸੁਧਾਰ ਲਿਆਉਣ ਲਈ ਕੰਮ ਕਰ ਰਹੀ ਫਿੱਕੀ ਦੀ ਰਾਸ਼ਟਰੀ ਪ੍ਰਧਾਨ ਹਰਜਿੰਦਰ ਕੌਰ ਤਲਵਾੜ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਵੀ ਵੱਧ ਤੋਂ ਵੱਧ ਦਰੱਖਤ ਲਾਉਣ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਦਰੱਖਤਾਂ ਦੀ ਮਾਤਰਾ ਵਧਣ ਨਾਲ ਵਾਤਾਵਰਣ ‘ਚ ਪ੍ਰਦੂਸ਼ਣ ਵੀ ਘੱਟ ਹੋਵੇਗਾ।