ਵੱਡਾ ਇਨਸਾਨ ਕੌਣ?

0
139

ਅੰਗਰੇਜ਼ੀ ਸਾਹਿਤ ਦੇ ਵਿਸ਼ਵ ਪ੍ਰਸਿੱਧ ਸਾਹਿਤਕਾਰ ਐਚ.ਜੀ. ਵੈਲਜ਼ ਬਹੁਤ ਹੀ ਦਇਆਵਾਨ, ਸੱਚੇ-ਸੁੱਚੇ ਅਤੇ ਸ਼ਾਂਤ ਸੁਭਾਅ ਦੇ ਇਨਸਾਨ ਸਨ। ਜਦੋਂ ਉਨ੍ਹਾਂ ਨੇ ਲੰਡਨ ਵਿਖੇ ਅਪਣਾ ਨਵਾਂ ਆਲੀਸ਼ਾਨ ਬੰਗਲਾ ਬਣਵਾਇਆ ਤਾਂ ਉਸ ਵਿਚਲੇ ਸੁੱਖ ਸਹੂਲਤਾਂ ਭਰਪੂਰ ਵੱਡੇ-ਵੱਡੇ ਕਮਰੇ ਅਪਣੇ ਘਰ ਵਿਚ ਕੰਮ ਕਰਨ ਵਾਲੇ ਨੌਕਰਾਂ ਨੂੰ ਰਹਿਣ ਲਈ ਦੇ ਦਿਤੇ ਅਤੇ ਘਰ ਦੇ ਇਕ ਛੋਟੇ ਅਤੇ ਮਾਮੂਲੀ ਜਹੇ ਕਮਰੇ ਵਿਚ ਆਪ ਰਹਿਣ ਲੱਗੇ।
ਇਕ ਵਾਰ ਆਪ ਦਾ ਇਕ ਮਿੱਤਰ ਜਦੋਂ ਆਪ ਨੂੰ ਮਿਲਣ ਆਇਆ ਤਾਂ ਆਪ ਨੂੰ ਨਿੱਕੇ ਜਹੇ ਕਮਰੇ ਵਿਚ ਬੈਠਾ ਵੇਖ ਕੇ ਹੈਰਾਨ ਹੋ ਗਿਆ ਅਤੇ ਆਪ ਤੋਂ ਪੁੱਛਣ ਲੱਗਾ, ‘‘ਯਾਰ! ਤੈਨੂੰ ਏਨਾ ਵੱਡਾ ਮਹਿਲ ਪਾਉਣ ਦੀ ਕੀ ਲੋੜ ਪਈ ਸੀ ਜੇ ਆਪ ਇਸ ਕੋਠੜੀ ਵਿਚ ਨੌਕਰਾਂ ਵਾਂਗ ਵੜ ਕੇ ਬਹਿਣਾ ਸੀ ਅਤੇ ਨੌਕਰਾਂ ਨੂੰ ਮਾਲਕਾਂ ਵਾਂਗ ਵੱਡੇ ਕਮਰਿਆਂ ਵਿਚ ਹੀ ਰਖਣਾ ਸੀ? ਤੂੰ ਤਾਂ ਬੜੀ ਬੇਵਕੂਫ਼ੀ ਵਾਲੀ ਅਤੇ ਹਾਸੋਹੀਣੀ ਗੱਲ ਕੀਤੀ ਹੈ।’’ ਇਹ ਗੱਲ ਸੁਣ ਕੇ ਵੈਨਜ਼ ਗੰਭੀਰਤਾ ਨਾਲ ਬੋਲੇ, ‘‘ਪਿਆਰੇ ਦੋਸਤ! ਸ਼ਾਇਦ ਤੈਨੂੰ ਪਤਾ ਨਹੀਂ ਕਿ ਮੈਂ ਆਪ ਇਕ ਗ਼ਰੀਬ ਨੌਕਰਾਣੀ ਦਾ ਬੱਚਾ ਸੀ ਜੋ ਇਕ ਅਮੀਰ ਘਰ ਵਿਚ ਦਿਨ-ਰਾਤ ਕੰਮ ਕਰ ਕੇ ਸਾਡੀ ਰੋਜ਼ੀ-ਰੋਟੀ ਦਾ ਪ੍ਰਬੰਧ ਕਰਦੀ ਸੀ ਅਤੇ ਮੈਂ ਉਸ ਨਾਲ ਬਹੁਤ ਹੀ ਤੰਗ ਅਤੇ ਘਟੀਆ ਜਹੇ ਕਮਰੇ ਵਿਚ ਰਹਿ ਕੇ ਜੀਵਨ ਗੁਜ਼ਾਰਦਾ ਸੀ। ਇਹੀ ਕਾਰਨ ਹੈ ਕਿ ਮੈਂ ਅਪਣੇ ਨੌਕਰਾਂ ਨੂੰ ਰਹਿਣ ਲਈ ਸ਼ਾਨਦਾਰ ਕਮਰੇ ਦਿਤੇ ਹੋਏ ਹਨ ਤਾਕਿ ਅਪਣੇ ਬੁਰੇ ਸਮੇਂ ਵਿਚ ਜਿਹੜੇ ਦੁੱਖ-ਦਰਦ ਅਤੇ ਮੁਸ਼ਕਲਾਂ ਮੈਨੂੰ ਝਲਣੀਆਂ ਪਈਆਂ ਸਨ, ਉਹ ਇਨ੍ਹਾਂ ਨੂੰ ਨਾ ਝਲਣੀਆਂ ਪੈਣ।’’
ਵੈਲਜ਼ ਦੀ ਇਹ ਗੱਲ ਸੁਣ ਕੇ ਅਤੇ ਉਨ੍ਹਾਂ ਦੀ ਉਦਾਰਤਾ ਅਤੇ ਪਰ-ਉਪਕਾਰ ਦੀ ਭਾਵਨਾ ਵੇਖ, ਉਸ ਮਿੱਤਰ ਦਾ ਹੈਰਾਨੀ ਨਾਲ ਮੂੰਹ ਅਡਿਆ ਗਿਆ ਅਤੇ ਉਹ ਆਪ ਅੱਗੇ ਹੱਥ ਜੋੜ ਕੇ ਸਤਿਕਾਰ ਨਾਲ ਆਖਣ ਲੱਗਾ, ‘‘ਦੋਸਤ! ਪਹਿਲਾਂ ਮੈਂ ਇਹ ਗੱਲ ਤਾਂ ਜਾਣਦਾ ਸੀ ਕਿ ਤੂੰ ਬਹੁਤ ਵੱਡਾ ਸਾਹਿਤਕਾਰ ਹੈਂ ਪ੍ਰੰਤੂੂ ਅੱਜ ਪਤਾ ਲਗਾ ਹੈ ਕਿ ਤੂੰ ਇਕ ਬਹੁਤ ਵੱਡਾ ਇਨਸਾਨ ਵੀ ਹੈਂ।’’
– ਹਰਗੁਣਪ੍ਰੀਤ ਸਿੰਘ