ਵਿਦੇਸ਼ਾਂ ”ਚ ਵੀ ਵੱਜੇ ਸਰਪੰਚੀ ਵਾਲੇ ਢੋਲ ਤੇ ਵੰਡੇ ਲੱਡੂ

0
70

ਮਿਲਾਨ/ਇਟਲੀ -ਦੇਸ਼ ‘ਚ ਹੋਣ ਵਾਲੀਆਂ ਕਿਸੇ ਵੀ ਤਰ੍ਹਾਂ ਦੀਆਂ ਚੋਣਾਂ ਲਈ ਵਿਦੇਸ਼ਾਂ ‘ਚ ਵੱਸਦੇ ਪੰਜਾਬੀਆਂ ਦਾ ਉਤਸ਼ਾਹ ਹਮੇਸ਼ਾ ਵੇਖਣ ਯੋਗ ਹੁੰਦਾ ਹੈ, ਇਥੋਂ ਤੱਕ ਹਮਾਇਤੀ ਪਾਰਟੀਆਂ ਨੂੰ ਚੋਣ ਫੰਡ ਵਜੋਂ ਖੁੱਲੇ ਗੱਫੇ ਵੀ ਭੇਜੇ ਜਾਂਦੇ ਹਨ ਤਾਂ ਫਿਰ ਐਨ.ਆਰ.ਆਈਜ਼ ਪਿਛਲੇ ਹਫਤੇ ਪੰਜਾਬ ਦੇ ਪਿੰਡਾਂ ‘ਚ ਹੋਈਆਂ ਸਰਪੰਚੀ ਵਾਲੀਆਂ ਚੋਣਾਂ ਤੋਂ ਕਿਵੇਂ ਪਿੱਛੇ ਰਹਿ ਸਕਦੇ ਸਨ। ਜੀ ਹਾਂ ਜਿੱਥੇ ਸਰਪੰਚੀ ਦੀਆਂ ਵੋਟਾਂ ਨੇ ਕਈ ਪਿੰਡਾਂ ਵਿਚ ਲੜਾਈਆਂ ਪਾਈਆਂ ਹਨ, ਉਥੇ ਇੰਨਾਂ ਲੜਾਈਆਂ ‘ਤੇ ਜਿੱਤਾਂ ਦੀਆਂ ਖੁਸ਼ੀਆਂ ਵਾਲਾ ਮਾਹੌਲ ਬਾਹਰਲੇ ਦੇਸ਼ਾਂ ‘ਚ ਵੀ ਵੇਖਣ ਨੂੰ ਮਿਲਿਆ।
ਇਟਲੀ ਦੇ ਵੱਖ-ਵੱਖ ਇਲਾਕਿਆਂ ‘ਚੋ ਪੰਚਾਇਤੀ ਚੋਣਾਂ ਦੀ ਚਰਚਾ ਅਕਸਰ ਸੁਣੀ ਜਾ ਸਕਦੀ ਹੈ, ਚੋਣਾਂ ਦੀ ਜਿੱਤ ਵਾਲਾ ਨਸ਼ਾ ਲੋਕਾਂ ਦੇ ਸਿਰਾਂ ‘ਤੇ ਇਥੋਂ ਤੱਕ ਭਾਰੀ ਹੈ, ਜਿਸਨੂੰ ਵੇਖ ਹਰ ਕੋਈ ਆਖ ਦਿੰਦਾ ਹੈ ਕਿ ਸਦਕੇ ਜਾਈਏ ਪੰਜਾਬੀਓ ਤੁਹਾਡੀ ਠਾਠ ਦੇ ਸ਼ਾਹਕੋਟ ਹਲਕੇ ਦੇ ਪਿੰਡ ਮਹਿਰਾਜ ਵਾਲਾ ਤੋਂ ਕੁਲਵੰਤ ਸਿੰਘ ਦੀ ਜਿੱਤ ਵਾਲੀ ਖਬਰ ਜਿਉਂ ਹੀ ਫੋਨ ਰਾਹੀਂ ਇਟਲੀ ਪੁੱਜੀ ਤਾਂ ਉਨ੍ਹਾਂ ਦੇ ਸਮਰਥਕਾਂ, ਬਲਜੀਤ ਸਿੰਘ ਤੇ ਸਰਬਜੀਤ ਸਿੰਘ ਵਲੋਂ ਢੋਲ ਦੇ ਡਗੇ ‘ਤੇ ਭੰਗੜੇ ਪਾਕੇ ਆਪਣੀ ਜਿੱਤ ਦਾ ਜਸ਼ਨ ਮਨਾਇਆ ਗਿਆ। ਇਹ ਕਹਾਣੀ ਕਿਸੇ ਇਕ ਪਿੰਡ ਜਾਂ ਸ਼ਹਿਰ ਦੀ ਨਹੀਂ ਸਗੋ ਬਾਹਰਲੇ ਦੇਸ਼ਾਂ ‘ਚੋ ਅਜਿਹਾ ਕਈ ਥਾਈਂ ਵੇਖਣ ਨੂੰ ਮਿਲਿਆ। ਇੱਥੋ ਤੱਕ ਕਿ ਕਈਆਂ ਨੇ ਆਪਣੇ ਪਿੰਡਾਂ ਵਾਲਿਆਂ ਨੂੰ ਬੁਲਾਉਣਾ ਤੱਕ ਛੱਡ ਦਿੱਤਾ, ਜਿਨ੍ਹਾਂ ਦੇ ਪਰਿਵਾਰਾਂ ਨੇ ਬਾਹਰਲਿਆਂ ਦੇ ਕਹਿਣ ‘ਤੇ ਵੋਟ ਉਨ੍ਹਾਂ ਦੇ ਕਿਸੇ ਚਾਚੇ, ਤਾਏ ਜਾਂ ਰਿਸ਼ਤੇਦਾਰ ਨੂੰ ਨਹੀਂ ਪਾਈ।