ਲਾਸ਼ ਨੂੰ ਸਸਕਾਰ ਲਈ ਲਿਜਾ ਰਿਹਾ ਵਾਹਨ ਖੱਡ ‘ਚ ਡਿੱਗਾ-8 ਮੌਤਾਂ

0
102

ਦੇਹਰਾਦੂਨ-ਉੱਤਰਾਖੰਡ ਦੇ ਚੰਪਾਵਤ ਜ਼ਿਲ੍ਹੇ ਦੇ ਲੋਹਾਘਾਟ ਇਲਾਕੇ ‘ਚ ਇਕ ਵਾਹਨ ਦੇ ਡੂੰਘੀ ਖੱਡ ‘ਚ ਡਿੱਗ ਜਾਣ ਕਾਰਨ 8 ਲੋਕ ਮਾਰੇ ਗਏ ਤੇ 10 ਹੋਰ ਜ਼ਖ਼ਮੀ ਹੋ ਗਏ | ਚੰਪਾਵਤ ਦੇ ਪੁਲਿਸ ਸੁਪਰਡੈਂਟ ਨੇ ਦੱਸਿਆ ਕਿ ਇਹ ਵਾਹਨ ਉਸ ਸਮੇਂ 300 ਮੀਟਰ ਡੂੰਘੀ ਖੱਡ ‘ਚ ਜਾ ਡਿੱਗਾ ਜਦੋਂ ਇਸ ‘ਤੇ ਸਵਾਰ ਲੋਕ ਇਕ ਮਿ੍ਤਕ ਔਰਤ ਦੀ ਲਾਸ਼ ਨੂੰ ਅੰਤਿਮ ਸੰਸਕਾਰ ਲਈ ਬਾਰਾਕੋਟ ਤੋਂ ਸ਼ਮਸ਼ਾਨ ਘਾਟ ਲਿਜਾ ਰਹੇ ਸਨ | ਇਸ ਹਾਦਸੇ ‘ਚ 6 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ 2 ਹੋਰ ਜ਼ਖ਼ਮਾਂ ਦੀ ਤਾਬ ਨਾ ਸਹਾਰਦਿਆਂ ਹਸਪਤਾਲ ‘ਚ ਦਮ ਤੋੜ ਗਏ | ਉਨ੍ਹਾਂ ਦੱਸਿਆ ਕਿ ਜ਼ਖ਼ਮੀਆਂ ‘ਚ 70 ਸਾਲਾਂ ਮਿ੍ਤਕ ਔਰਤ ਦਾ ਪੁੱਤਰ ਵੀ ਸ਼ਾਮਿਲ ਹੈ ਤੇ ਸਭ ਜ਼ਖ਼ਮੀਆਂ ਨੂੰ ਨੇੜੇ ਦੇ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ | ਪੁਲਿਸ ਅਧਿਕਾਰੀ ਨੇ ਹਾਦਸੇ ਦੀ ਵਜ੍ਹਾ ਭਾਰੀ ਮੀਂਹ ਨੂੰ ਦੱਸਿਆ ਹੈ |