ਬਾਲੀਵੁੱਡ ਦੀ ਪਹਿਲੀ ਪੌੜੀ ਚੜ੍ਹਿਆ : ਹਰਵਿੰਦਰ ਔਜਲਾ

0
142

ਰੰਗਮੰਚ ਨੇ ਪੰਜਾਬੀ ਅਤੇ ਹਿੰਦੀ ਸਿਨੇਮੇ ਨੂੰ ਕਈ ਨਾਮਵਰ ਸਿਤਾਰੇ ਦਿੱਤੇ ਹਨ। ਰੰਗਮੰਚ ਤੋਂ ਬਾਲੀਵੁੱਡ ਦੀ ਪਹਿਲੀ ਪੌੜੀ ਚੜ੍ਹਿਆ ਹਰਵਿੰਦਰ ਔਜਲਾ ਕਲਾ ਨੂੰ ਦਿਲੋਂ ਮੁਹੱਬਤ ਕਰਨ ਵਾਲਾ ਅਦਾਕਾਰਾ ਹੈ। ਚੇਤਨਾ ਕਲਾ ਮੰਚ ਸ੍ਰੀ ਚਮਕੌਰ ਸਾਹਿਬ ਅਤੇ ਚੰਡੀਗੜ੍ਹ ਸਕੂਲ ਆਫ ਡਰਾਮਾ ਦੀਆਂ ਸਟੇਜਾਂ ਰਾਹੀਂ ਸਮਾਜਿਕ ਬੁਰਾਈਆਂ ਪ੍ਰਤੀ ਚਿੰਤਤ ਹਰਵਿੰਦਰ ਔਜਲਾ ਪਿਛਲੇ ਕਾਫੀ ਸਮੇਂ ਤੋਂ ਹੋਕਾ ਦਿੰਦਾ ਆ ਰਿਹਾ ਹੈ। ਆਪਣੀ ਬਾ-ਕਮਾਲ ਅਦਾਕਾਰੀ ਨਾਲ ਮੁਹੱਬਤ ਦੀਆਂ ਤੰਦਾਂ ਨੂੰ ਗੂੜ੍ਹਿਆਂ ਕਰਦੇ ਹੋਏ ਨਿਰਦੇਸ਼ਕ ਅਨੁਰਾਗ ਸਿੰਘ ਦੀ ਸੁਪਰ ਹਿੱਟ ਫ਼ਿਲਮ ‘ਕੇਸਰੀ’ ਵਿਚਲੇ ਸਿੱਖ ਸਿਪਾਹੀ ਦਯਾ ਸਿੰਘ ਦੇ ਨਿਭਾਏ ਕਿਰਦਾਰ ਨੇ ਉਸ ਦੀ ਝੋਲੀ ਪ੍ਰਸੰਸਾਂ ਨਾਲ ਭਰ ਦਿੱਤੀ ਹੈ। ਉਸ ਦਾ ਕਹਿਣਾ ਹੈ ਕਿ ਨਿਰਦੇਸ਼ਕ ਅਨੁਰਾਗ ਸਿੰਘ ਦੀ ਫ਼ਿਲਮ ‘ਕੇਸਰੀ’ ਦੀ ਅਪਾਰ ਸਫ਼ਲਤਾ ਨਾਲ ਉਸ ਨੂੰ ਬਾਲੀਵੁੱਡ ‘ਚ ਵੱਡਾ ਪਲੇਟਫਾਰਮ ਮਿਲਿਆ ਹੈ। ਇਤਿਹਾਸਕ ਫ਼ਿਲਮਾਂ ਰਾਹੀਂ ਅਜੋਕੀ ਨੌਜਵਾਨ ਪੀੜ੍ਹੀ ਨੂੰ ਜਾਣੂ ਕਰਵਾਉਣਾ ਸਮੇਂ ਦੀ ਮੁੜ ਲੋੜ ਹੈ। ‘ਕੇਸਰੀ’ ਤੋਂ ਬਾਅਦ ਉਸ ਦੀ ਕਿਸਮਤ ਦੇ ਪੰਨੇ ਛੇਤੀ ਹੀ ਪਲਟਣ ਲੱਗੇ ਹਨ। ਫ਼ਿਲਮ ਨਗਰੀ ‘ਚ ਹਰਵਿੰਦਰ ਔਜਲਾ ਪੰਜ ਕੁ ਸਾਲ ਤੋਂ ਆਇਆ ਹੈ। ਹਿੰਦੀ ਫ਼ਿਲਮਾਂ ਵਿਚ ਆਉਣ ਤੋਂ ਪਹਿਲਾਂ ਉਸ ਨੇ ਪੰਜਾਬੀ ਫ਼ਿਲਮਾਂ ‘ਰੌਕੀ ਮੈਂਟਲ’, ‘ਪ੍ਰਹੁੰਣਾ’, ‘ਉਡੀਕ’, ‘ਦੁੱਲਾ ਭੱਟੀ’ ਵਿਚ ਕੰਮ ਕੀਤਾ ਹੈ।